ਪ੍ਰਿਥਮ ਭਗੌਤੀ ਸਿਮਰ ਕੈ….।
ਭਾਈ ਕਾਹਨ ਸਿੰਘ ਨਾਭਾ
ਹਿੰਦੂ: ਸਿੱਖਾਂ ਦਾ ਨਿਤ ਅਰਦਾਸ ਵੇਲੇ ਪੜਨਾ ਕਿ:
ਪ੍ਰਿਥਮ ਭਗੌਤੀ ਸਿਮਰ ਕੈ….।
ਸਾਫ ਸਿਧ ਕਰਦਾ ਹੈ ਕਿ ਖਾਲਸਾ ਧਰਮ ਵਿਚ ਦੇਵੀ ੳਪਾਸਨਾ ਹੈ। ਅਸਲ ਵਿਚ ਭਗੌਤੀ ਪਦ ਸੰਸਕ੍ਰਿਤ ‘ਭਗਵਤੀ’ ਹੈ, ਜਿਸ ਦਾ ਅਰਥ ਦੇਵੀ ਹੈ। ਗੁਰੂ ਗੋਬਿੰਦ ਸਿੰਘ ਜੀ ਫਾਰਸੀ ਅੱਖਰਾਂ ਵਿਚ ਆਪਣੀ ਕਵਿਤਾ ਲਿਖਿਆ ਕਰਦੇ ਸੇ, ਸੋ ਭਗਵਤੀ ਔਰ ਭਗੌਤੀ ਇਕੋ ਪੜ੍ਹਿਆ ਜਾਂਦਾ ਹੈ। ਗੁਰਮੁਖੀ ਲਿਖਾਰੀਆਂ ਨੇ ਅਸਲ ਸ਼ੁਧ ਪਾਠ ਸਮਝੇ ਬਿਨਾ ਭਗਵਤੀ ਦੀ ਥਾਂ ਭਗੌਤੀ ਲਿਖ ਦਿਤਾ ਹੈ।
ਸਿੱਖ: ਭਗੌਤੀ ਪਦ ਪਰ ਗੁਰਮਤਿ ਸੁਧਾਰਕ ਵਿਚ ਚਰਚਾ ਕੀਤੀ ਗਈ ਹੈ, ਆਪ ਉਸ ਨੂੰ ਦੇਖ ਕੇ ਸੰਸਾ ਮਿਟਾ ਸਕਦੇ ਹੋ, ਪਰ ਅਸੀਂ ਆਪ ਨੂੰ ਦੋ ਚਾਰ ਪ੍ਰਸ਼ਨ ਕਰਦੇ ਹਾਂ ਜਿਨ੍ਹਾਂ ਤੋਂ ਆਪ ਦੀ ਤਸੱਲੀ ਹੋ ਜਾਏਗੀ।
(ੳ) ਚੰਡੀ ਦੀ ਵਾਰ ਵਿਚ ਪਾਠ ਹੈ:
ਲਈ ਭਗੌਤੀ ਦੁਰਗ ਸ਼ਾਹ ਵਰਜਾਗਨ ਭਾਰੀ॥
ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ॥
ਕੀ ਇਸ ਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ (ਦੇਵੀ) ਫੜ ਕੇ ਰਾਜੇ ਸੁੰਭ ਦੇ ਸਿਰ ਵਿਚ ਮਾਰੀ, ਜਿਸ ਨੇ ਉਸ ਦਾ ਲਹੂ ਚੱਖਿਆ?
(ਅ) ਕੀ ਗੁਰੂ ਅਰਜਨ ਸਾਹਿਬ ਭੀ ਫਾਰਸੀ ਅੱਖਰਾਂ ਵਿਚ ਸ਼ਬਦ ਲਿਖਿਆ ਕਰਦੇ ਸੇ, ਜਿਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ? ਦੇਖੋ! ਸੁਖਮਨੀ ਦਾ ਪਾਠ:
ਭਗਉਤੀ ਭਗਵੰਤ ਭਗਤਿ ਕਾ ਰੰਗ॥
ਸਗਲ ਤਿਆਗੈ ਦੁਸਟ ਕਾ ਸੰਗੁ॥
ਸਾਧਸੰਗਿ ਪਾਪਾ ਮਲੁ ਖੋਵੈ॥
ਤਿਸ ਭਗਉਤੀ ਕੀ ਮਤਿ ਊਤਮ ਹੋਵੈ॥….
ਹਰਿ ਕੇ ਚਰਨ ਹਿਰਦੈ ਬਸਾਵੈ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥
ਕਿਉਂ ਸਾਹਿਬ! ਇਹ ਭਗੌਤੀ ਹੈ ਜਾਂ ਭਗਵਤੀ? ਔਰ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ?
(ੲ) ਭਗੌਤੀ ਸਤੋਤ੍ਰ ਔਰ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਲਿਖਿਆ ਹੈ:
ਨਮੋ ਸ੍ਰੀ ਭਗੌਤੀ ਭਢੈਲੀ ਸਰੋਹੀ॥ (ਭਗਉਤੀ ਸਤੋਤ੍ਰ ਸਤਰ 1)
….ਨਾਉ ਭਗੌਤੀ ਲੋਹ ਘੜਾਯਾ।…॥26॥ (ਭਾਈ ਗੁਰਦਾਸ, ਵਾਰ 25)
ਕੀ ਭਗਵਤੀ (ਦੇਵੀ) ਨੂੰ ਸਾਣ ਪਰ ਬਾਢ ਚੜ੍ਹਾਇਆ ਜਾਂਦਾ ਹੈ? ਔਰ ਕੀ ਉਹ ਲੋਹੇ ਦੀ ਘੜੀ ਹੋਈ ਹੈ? ਮੇਰੇ ਪ੍ਰੇਮੀ ਹਿੰਦੂ ਜੀ! ‘ਦਬਿਸਤਾਨਿ ਮਜ਼ਿਹਬ’ਦੇ ਕਰਤਾ ਨੇ ਇਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿਚ ਦੇਵੀ ਦੇ ਸਨਮਾਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ, ਧਿਆਨ ਦੇ ਕੇ ਸੁਣੀਏ:
‘ਗੁਰੂ ਹਰਿਗੋਬਿੰਦ ਜੀ ਕੀਰਤਪੁਰ ਪਹੁੰਚੇ, ਜੋ ਰਾਜਾ ਤਾਰਾ ਚੰਦ ਦੀ ਰਾਜਧਾਨੀ ਵਿਚ ਸੀ, ਉਥੋਂ ਦੇ ਲੋਕ ਮੂਰਤੀ ਪੂਜਕ ਸਨ। ਪਹਾੜ ਦੇ ਸਿਰ ਪਰ ਇਕ ਨੈਣਾਂ ਦੇਵੀ ਦਾ ਮੰਦਰ ਸੀ, ਜਿਸ ਨੂੰ ਪੂਜਣ ਲਈ ਆਸ ਪਾਸ ਦੇ ਲੋਕ ਆਇਆ ਕਰਦੇ ਸਨ। ਇਕ ਭੈਰੋਂ ਨਾਮੀ ਗੁਰੂ ਦੇ ਸਿਖ ਨੇ ਮੰਦਰ ਵਿਚ ਪਹੁੰਚ ਕੇ ਨੈਣਾ ਦੇਵੀ ਦਾ ਨੱਕ ਤੋੜ ਸੁਟਿਆ। ਇਸ ਗਲ ਦੀ ਚਰਚਾ ਸਾਰੇ ਫੈਲ ਗਈ, ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਪਾਸ ਪਹੁੰਚ ਕੇ ਸਿੱਖ ਦੀ ਸ਼ਿਕਾਇਤ ਕੀਤੀ। ਗੁਰੂ ਸਾਹਿਬ ਨੇ ਭੈਰੋਂ ਸਿੱਖ ਨੂੰ ਰਾਜਿਆਂ ਦੇ ਸਾਹਮਣੇ ਬੁਲਾ ਕੇ ਪੁਛਿਆ, ਤੇ ਉਸ ਨੇ ਆਖਿਆ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਦਾ ਨੱਕ ਕਿਸ ਨੇ ਤੋੜਿਆ ਹੈ? ਇਸ ਪਰ ਰਾਜਿਆਂ ਨੇ ਭੈਰੋਂ ਨੂੰ ਆਖਿਆ ਕਿ ਹੇ ਮੂਰਖ! ਕਦੇ ਦੇਵੀ ਭੀ ਗੱਲਾਂ ਕਰ ਸਕਦੀ ਹੈ? ਭੈਰੋਂ ਨੇ ਹਸ ਕੇ ਜਵਾਬ ਦਿਤਾ ਕਿ ਜੋ ਦੇਵੀ ਬੋਲ ਨਹੀਂ ਸਕਦੀ ਔਰ ਆਪਣੇ ਅੰਗਾਂ ਨੂੰ ਨਹੀਂ ਬਚਾ ਸਕਦੀ, ਤੁਸੀਂ ਉਸ ਤੋਂ ਨੇਕੀ ਦੀ ਕੀ ਉਮੀਦ ਰਖਦੇ ਹੋ? ਇਸ ਗਲ ਨੂੰ ਸੁਣ ਕੇ ਰਾਜੇ ਚੁੱਪ ਹੋ ਗਏ।“
Leave a Reply