ਹੁਕਮ – ਹੁਕਮਨਾਮਾ – ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ! ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਹੁਕਮ – ਹੁਕਮਨਾਮਾ – ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ!

ਸ੍ਰ. ਗੁਰਚਰਨਜੀਤ ਸਿੰਘ ਲਾਂਬਾ, ਐਡੀਟਰ ਸੰਤ ਸਿਪਾਹੀ

5 ਦਿਸੰਬਰ, 2009 – ਹੁਕਮ – ਹੁਕਮਨਾਮਾ – ਤਖ਼ਤ ਦੇ ਸਿਧਾਂਤ ਨੂੰ ਦ੍ਰਿੜ ਕਰਨ ਦਾ ਇਤਿਹਾਸਕ ਦਿਨ ਹੈ। ਇਸ ਦਿਨ ਸ੍ਰੀ ਅਕਾਲ ਦੇ ਰਹਿ ਚੁਕੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ-ਨਿੰਦਾ ਦੇ ਘੋਰ ਅਪਰਾਧ ਦੇ ਦੋਸ਼ੀ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਹੈ।

ਹੁਕਮ ਅਤੇ ਹੁਕਮਨਾਮੇ ਦੇ ਸਿਧਾਂਤ ਗੁਰੂ ਪੰਥ ਦੇ ਵਿਲ¤ਖਣ ਸਿਧਾਂਤ ਹਨ। ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਪੀਢੀ ਗੰਢ ਹਨ। ਹੁਕਮ ਨੂੰ ਕਲਮ-ਬੱਧ ਕਰ ਕੇ ਲਿਖਤੀ ਰੂਪ ਵਿਚ ਲਿਆਣ ਨਾਲ ਇਹ ਹੁਕਮ ਹੁਣ ਹੁਕਮਨਾਮਾ ਹੋ ਜਾਂਦਾ ਹੈ।  ਹੁਕਮ ਅਤੇ ਹੁਕਮਨਾਮੇ ਜਾਰੀ ਕਰਣ ਦੀ ਜਿਹੜੀ ਮਰਯਾਦਾ ਗੁਰੂ ਨਾਨਕ ਸਾਹਿਬ ਨੇ ਪ੍ਰਾਰੰਭ ਕੀਤੀ ਉਸ ਦਾ ਪਵਿੱਤਰ ਅਤੇ  ਸੱਚਾ-ਸੁੱਚਾ ਵਹਾਅ ਦਸਾਂ ਪਾਤਸਾਹੀਆਂ ਚੋਂ ਹੁੰਦਾ ਹੋਇਆ ਅੱਜ ਵੀ ਉਸੇ ਪਵਿੱਤਰਤਾ  ਅਤੇ  ਨਿਰਮਲਤਾ ਨਾਲ ਪੰਥ ਦੀ ਰਗਾਂ ਵਿਚ ਵੱਗ ਰਿਹਾ ਹੈ। ਗੁਰੂ ਸਾਹਿਬ ਦੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੁੰਦਿਆ ਹੋਇਆਂ ਗੁਰੂ ਅੰਸ ਹੋਣ ਦੇ ਬਾਵਜੂਦ ਬਾਬਾ ਪ੍ਰਿਥੀ ਚੰਦ, ਧੀਰ ਮਲ, ਰਾਮ ਰਾਏ ਆਦਿ ਪ੍ਰਤੀ ਹੁਕਮ ਅਤੇ  ਹੁਕਮ ਨਾਮਿਆਂ ਨੇ ਸਪਸ਼ਟ ਕਰ ਦਿੱਤਾ ਕਿ ਗੁਰੂ ਅਤੇ ਸਿੱਖ  ਦਾ ਰਿਸ਼ਤੇ ਦਾ ਅਧਾਰ  ਕੇਵਲ ਗੁਰੂ ਦੇ ਹੁਕਮ ਨੂੰ ਮੰਨਣ ਵਿਚ ਹੀ ਹੈ।  ‘‘ਧੀਰ ਮਲੀਏ, ਰਾਮ ਰਾਈਏ ਕੀ ਸੰਗਤ ਵਿਚ ਨਾ ਬੈਸਣ’’ ਦਾ ਗੁਰੂ ਸਾਹਿਬ ਦਾ ਆਦੇਸ਼ ਗੁਰੂ ਕੇ ਸਿੱਖਾਂ ਨੂੰ ਬੇਮੁਖਾਂ ਅਤੇ ਮਨਮੁਖਾਂ ਦੀ  ਸੰਗਤ ਤੋ ਨਿਰਲੇਪ ਰਖਣਾ ਅਤੇ ਨਿਰਮਲ ਪੰਥ ਦੀ ਨਿਰਮਲਤਾ ਬਰਕਰਾਰ ਰਖਣਾ ਸੀ। ਸਮੇਂ ਸਮੇਂ ਦੇ ਰਾਜੇ ਸ਼ਾਹ ਅਮੀਰੜੇ ਪੰਥ ਦੀ ਇਸ ਸ਼ਕਤੀ ਦੇ ਅਧੀਨ ਰਹੇ। ਇਸ ਦੀ ਪ੍ਰਚੰਡਤਾ ਅਤੇ ਆਜ਼ਾਬ ਨੂੰ ਕੋਈ ਵੀ ਚੁਣੋਤੀ ਨਾ ਦੇ ਸਕਿਆ। ਇਹ ਹੁਕਮਨਾਮੇ ਦਾ ਸਿਧਾਂਤ, ਸ਼ਕਤੀ ਅਤੇ  ਮਰਯਾਦਾ, ਜਾਂ ਪਰੰਪਰਾਂ ਹੋਰ ਕਿਸੇ ਵੀ ਧਰਮ, ਮਜ਼ਹਬ ਜਾਂ ਫ਼ਿਰਕੇ ਪਾਸ ਨਹੀਂ ਹੈ।  ਗੁਰੂ ਪੰਥ ਦੀ ਇਸ ਇਲਾਹੀ ਤਾਕਤ ਨੂੰ ਨਾ ਕੋਈ ਚੁਣੋਤੀ ਦੇ ਸਕਿਆ ਹੈ ਅਤੇ ਨਾ ਹੀ ਦੇ ਸਕੇਗਾ।

ਇਨਸਾਨ ਹੁਕਮੀ ਬੰਦਾ ਹੈ। ਹੁਕਮ ਨੂੰ ਮੰਨਣਾ, ਹੁਕਮ ਰਜਾਈ ਵਿਚ ਚਲਣਾ ਹੀ ਇਨਸਾਨੀਅਤ ਹੈ। ਨਿਰੰਕਾਰ ਦੇ ਨਿਜ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ  ਮਾਣਸ ਤੋਂ ਦੇਵਤੇ ਕਰਣ ਲਈ  ਇਨਸਾਨ ਨੂੰ ਰੱਬੀ ਗੁਣਾਂ ਨਾਲ ਸਰਾਬੋਰ ਕਰਕੇ ਬੰਦੇ ਨੂੰ ਹੁਕਮੀ ਬੰਦਾ ਬਣਾ ਦਿੱਤਾ। ਗੁਰੂ ਦੇ ਹੁਕਮਾਂ ਨੂੰ ਸਿਰ ਨਿਵਾਉਣ ਵਾਲੇ ਅਤੇ ਗੁਰ ਪਰਮੇਸ਼ਰ ਦੀ ਭੈ ਭਾਵਨੀ ਵਿਚ ਵਿਚਰਣ ਵਾਲੇ ਪੁਰਖਾਂ ਨੂੰ ਹੀ ਸਿੱਖ ਨਾਮ ਦਾ ਪਿਆਰਾ ਸਿਰੋਪਾਉ ਪ੍ਰਾਪਤ ਹੋਇਆ। ਇਹ ਸਿਲਸਿਲਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਜਾਮੇ ਕਲਗੀਧਰ ਪਿਤਾ ਤਕ ਇਸੇ ਰੂਪ ਵਿਚ ਚਲਿਆ।  ਗੁਰੂ ਦੇ ਹੁਕਮ ਤੇ ਸਿ¤ਖ ਤੁਰੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਜੋਤਿ ਅਤੇ ਜੁਗਤਿ ਗੁਰੂ ਸਾਹਿਬ ਪਾਸ ਹੀ ਸੀ। ਇਹ ਨਿਰੰਕਾਰੀ ਜੋਤਿ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਸੀ ਉਹ ਗੁਰੂ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਵਿਚ ਸਥਾਪਤ ਕਰ ਦਿੱਤੀ।  ਹੁਣ ਜੋਤਿ ਅਤੇ ਜੁਗਤਿ ਗੁਰੂ ਅੰਗਦ ਦੇਵ ਜੀ ਕੋਲ ਸੀ ਜੋ ਇਸੇ ਢੰਗ ਨਾਲ ਆਪਣਾ ਸਫ਼ਰ ਤੈ ਕਰਦੀ ਹੋਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪ੍ਰਾਪਤ ਹੋਈ। ਜੋਤਿ ਉਹਾ ਜੁਗਤਿ ਸਾਈ ਦੇ ਸਿਧਾਂਤ ਮੁਤਾਬਿਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਿਆਈ ਦੀ ਜੋਤਿ ਚੰਵਰ ਛੱਤਰ ਦੇ ਵਾਹਿਦ  ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਸਥਾਪਤ ਕਰ ਦਿੱਤੀ  ਅਤੇ ਜੁਗਤਿ ਖਾਲਸੇ ਵਿਚ। ਖਾਲਸਾ ਹੁਣ ਗੁਰੂ ਖਾਲਸਾ ਹੋ ਗਿਆ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਰਾਮ ਕਾਰ ਨੇ ਹੁਣ ਗੁਰੂ ਸਾਹਿਬ ਦੀ ਜੋਤਿ ਅਤੇ ਜੁਗਤਿ ਨੂੰ ਜੁਗੋ ਜੁਗ ਅੱਟਲਤਾ ਅਤੇ ਸਦੀਵਤਾ  ਪ੍ਰਦਾਨ ਕਰ ਦਿੱਤੀ।  ਹੁਣ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਧੀਨ ਗੁਰੂ ਪੰਥ ਹੁਕਮ ਅਤੇ ਹੁਕਮਨਾਮੇ ਜਾਰੀ ਕਰਣ ਦਾ ਅਧਿਕਾਰੀ ਹੋ ਗਿਆ। ਗੁਰੂ ਪੰਥ ਵਲੋਂ ਜਾਰੀ ਇਹਨਾਂ ਹੁਕਮਾਂ ਅਤੇ ਹੁਕਮਨਾਮਿਆਂ ਦੀ ਸ਼ਕਤੀ, ਪ੍ਰਾਰੂਪ ਅਤੇ ਅਧਿਕਾਰ ਇਸ ਤਰਾਂ ਹੋ ਗਿਆ ਜਿਵੇਂ ਇਹ ਹੁਕਮ ਗੁਰੂ ਸਾਹਿਬ ਨੇ ਖੁਦ ਜਾਰੀ ਕੀਤੇ ਹੋਣ।  ਵੱਖ ਵੱਖਧਰਮਾਂ ਅਤੇ ਮਜ਼ਹਬਾਂ ਜਿਵੇਂ ਹਿੰਦੂ, ਇਸਲਾਮ, ਜੈਨ, ਬੋਧੀ, ਈਸਾਅਤ ਆਦਿ ਵਿਚ ਕਿਸੇ ਕੋਲ ਇਹ ਸ਼ਕਤੀ ਨਹੀਂ ਕਿ ਇਹਨਾਂ ਕੌਮਾਂ ਨੂੰ ਮੰਨਣ ਵਾਲੇ, ਇਹਨਾਂ ਦੇ ਪੈਰੋਕਾਰ ਕੋਈ ਐਸਾ ਹੁਕਮ, ਆਦੇਸ਼ ਜਾਂ ਫ਼ਤਵਾ ਜਾਰੀ ਕਰ ਸਕਣ ਜੋ ਇਹਨਾਂ ਦੇ ਭਗਵਾਨ, ਦੇਵਤਿਆਂ, ਅਵਤਾਰਾਂ, ਪੈਗੰਬਰਾਂ ਜਾਂ ਰਹਿਬਰਾਂ ਦਾ ਹੁਕਮ ਕਰ ਕੇ ਜਾਣਿਆ ਜਾ ਸਕੇ। ਪਰ ਇਹ ਵਿਲੱਖਣਤਾ ਕੇਵਲ ਗੁਰੂ ਕੇ  ਖਾਲਸੇ ਨੂੰ ਹੀ ਪ੍ਰਾਪਤ ਹੋਈ।  ਗੁਰੂ ਕਲਗੀਧਰ ਪਿਤਾ ਨੇ ਖੁਦ ਖਾਲਸੇ ਦੇ ਅੱਗੇ ਗੋਡੇ ਟੇਕ ਇਸ ਪ੍ਰੰਪਰਾ ਨੂੰ ਸਦੀਵਤਾ ਅਤੇ ਪ੍ਰਪ¤ਕਤਾ ਬਖਸ਼ਣ ਦਾ ਕੌਤਕ ਕੀਤਾ। ਕੋਈ ਵੀ ਸਿੱਖ, ਕਿਸੇ ਵੀ ਰੁਤਬੇ ਜਾਂ  ਅਹੁਦੇ ਦੇ ਬਾਵਜੂਦ ਪੰਥ ਦੀ ਇਸ ਸ਼ਕਤੀ ਅਤੇ ਸਿਧਾਂਤ ਤੌਂ ਉੱਤੇ ਨਹੀਂ ਹੈ।

ਹੁਕਮ ਅਤੇ ਹੁਕਮਨਾਮੇ ਦਾ ਇਹ ਸਿਧਾਂਤ ਮੀਰੀ ਪੀਰੀ ਦੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਚ ਸਮੋਇਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕਰ ਦੇਣ ਦੇ ਬਾਵਜੂਦ ਵੀ ਇਸ ਸਿਧਾਂਤ ਦੀ ਤਾਕਤ ਅਤੇ ਅਜ਼ਮਤ ਬਰਕਰਾਰ ਰਹੀ। ਪਰ ਹੁਣ ਪੰਥ ਦੀ ਇਸ ਸਾਹ-ਰਗ ਨੂੰ ਇਕ ਨਵੇਂ ਕਿਸਮ ਦੇ ਹਮਲੇ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਗਰੂ ਗ੍ਰੰਥ ਅਤੇ ਗੁਰੂ ਪੰਥ ਦੇ ਅਧਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੁਕਮਨਾਮੇ ਨੂੰ ਚੁਣੌਤੀ ਹੁਣ ਬਾਹਰੋਂ ਨਹੀਂ ਬਲਕਿ ਨਾਸਤਿਕਤਾ ਅਤੇ ਗੁਰੂ ਨਿੰਦਾ ਨਾਲ ਸਰਾਬੋਰ ਸਿੱਖ ਸਰੂਪ ਵਿਚ ਵਿਚਰ ਰਹੀਆਂ ਪੰਧ ਵਿਰੋਧੀ ਸ਼ਕਤੀਆਂ ਕੋਲੋਂ ਹੈ। ਇਹਨਾਂ ਦਾ ਪ੍ਰਤਖ ਐਜੰਡਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨਹੀਂ ਬਲਕਿ ਉਸਦੇ ਸਿਧਾਂਤ, ਸ਼ਕਤੀ, ਪ੍ਰੰਪਰਾ ਅਤੇ ਮੀਰੀ-ਪੀਰੀ ਦੇ ਖਾਲਸਈ ਸਿਧਾਂਤ ਨੂੰ ਹਰ ਹਾਲਤ ਅਤੇ ਹਰ ਹੜਬੇ ਨੇਸਤੋ-ਨਾਬੂਦ ਕਰਨਾ ਅਤੇ ਬਰਬਾਦ ਕਰਨਾ ਹੈ। ਇਹ ਤਾਕਤਾਂ ਸਿੱਖੀ ਦੇ ਮੁੱਢਲੇ ਸਿਧਾਤਾਂ ਨਿਤਨੇਮ, ਅੰਮ੍ਰਿਤ, ਅਰਦਾਸ, ਰਹਿਤ ਮਰਯਾਦਾ, ਗੁਰ-ਇਤਿਹਾਸ, ਸਿੱਖ ਇਤਿਹਾਸ, ਪ੍ਰੰਪਰਾਵਾਂ, ਅਕਾਲ ਤਖਤ ਸਾਹਿਬ, ਹੁਕਮਨਾਮੇ ਆਦਿ ਹਰ ਉਹ ਵਿਸ਼ਾ ਜੋ ਪੰਥ ਨੂੰ ਪੰਥ ਬਣਾਂਦਾ ਹੈ  ਉਸ ਉਤੇ ਹਮਲਾਵਰ ਹਨ। ਇਹਨਾਂ ਦੇ ਹਮਲੇ ਦੀ ਮਾਰ ਇਥੇ ਹੀ ਨਾ ਰੁਕ ਕੇ ਗੁਰੂ ਸਾਹਿਬ ਦੇ ਪਾਵਨ ਜੀਵਨ ਤੇ ਵੀ ਪਹੁੰਚ ਚੁਕੀ ਹੈ।  ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰੂ ਪੰਥ ਨੂੰ ਪ੍ਰਾਪਤ ਇਲਾਹੀ ਅਧਿਕਾਰ ਦੀ ਵਰਤੋਂ ਕਰਦਿਆਂ ਇਹਨਾਂ ਕੁਝ ਪੰਥ ਦੋਖੀਆਂ ਨੂੰ ਤਨਖਾਹੀਏ ਕਰਾਰ ਦੇ ਕੇ ਪੰਥ-ਬਦਰ ਕਰ ਦਿੱਤਾ। ਇਹਨਾਂ ਦੀ ਕਮਾਨ ਪਹਿਲਾਂ ਕਾਲਾ ਅਫ਼ਗਾਨਾ ਦੇ ਹੱਥ ਸੀ। ਪਰ ਉਸਦੇ ਨਿਰਸਤ ਹੋ ਜਾਣ ਦੇ ਬਾਅਦ ਕਾਲੇ ਅਫਗਾਨੇ ਦੀ ਉਸ ਪੰਥ ਵਿਰੋਧੀ ਅਤੇ ਗੁਰ-ਨਿੰਦਕ ਵਿਚਾਰ ਧਾਰਾ ਦੀ ਕਮਾਨ ਸੰਭਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁਕੇ ਜਥੇਦਾਰ, ਪ੍ਰੋ. ਦਰਸ਼ਨ ਸਿੰਘ ਨੇ।

ਪ੍ਰੋ. ਦਰਸ਼ਨ ਸਿੰਘ ਨੇ ਸਿੱਖ ਪ੍ਰੰਪਰਾਵਾਂ ਦਾ ਉਹ ਘਾਣ ਕੀਤਾ ਹੈ ਜੋ ਅੱਜ ਤਕ ਵੱਡੇ ਤੋਂ ਵੱਡਾ ਪੰਥ ਦੋਖੀ ਵੀ ਨਹੀਂ ਕਰ ਸਕਿਆ।  ਰਾਗੀ ਦਰਸ਼ਨ ਸਿੰਘ ਦੀਆਂ ਪੰਥ ਵਿਰੋਧੀ ਕਾਰਵਾਈਆਂ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋ ਦੋ ਹੁਕਮਨਾਮੇ ਇਹਨਾਂ ਦੇ ਵਿਰੁੱਧ ਜਾਰੀ ਹੋਏ। ਪਰ ਇਹਨਾਂ ਨੂੰ ਜਿੱਚ ਜਾਣਦਿਆਂ ਹੋਇਆਂ ਇਸ ਸ਼ਖਸ ਨੇ ਇਥੋਂ ਤਕ ਕਹਿ ਦਿੱਤਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅੰਮ੍ਰਿਤ ਸੰਚਾਰ ਸਮੇਂ ਪੜੀਆਂ ਜਾਣ ਵਾਲੀਆਂ ਇਹ ਬਾਣੀਆਂ ਅਤੇ ਨਿਤਨੇਮ ਦੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਸਮੇਂ ਵੀ ਇਹੀ ਸਨ।  ਹੁਣ ਦਰਸ਼ਨ ਸਿੰਘ ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਦੇ ਸਹੀ ਹੋਣ ਦੀ ਜਾਂਚ ਦਾ ਇਕ ਪੈਨਲ ਬਣਾਣ ਦੀ ਅਹਿਮਕਾਨਾ ਰਾਇ ਦੇ ਰਹੇ ਹਨ।  ਕੀ ਕਿਸੇ ਸਿਖ ਦੇ ਮੁਹੋਂ ਇਹ ਲਫ਼ਜ਼ ਨਿਕਲ ਸਕਦੇ ਹਨ? ਕੀ ਇਹ  ਬਿਆਨ ਤਿੰਨ ਸੌ ਸਾਲ ਤੋਂ ਚਲੀ ਆ ਰਹੀ ਪਰੰਪਰਾ ਦਾ ਘਾਣ ਨਹੀਂ? ਹੋਰ ਤਾਂ ਹੋਰ ਦਰਸ਼ਨ ਸਿੰਘ ਨੇ ਇਥੋਂ ਤਕ ਕਹਿਣ ਵਿਚ ਵੀ ਸੰਕੋਚ ਨਹੀਂ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਬਾਣੀਆਂ ਗੁਰਮਤਿ ਦੇ ਅਨਕੂਲ ਹੋਣ ਉਹ ਰਖ ਲਈਆਂ ਜਾਣ। ਕੀ ਗੁਰੂ ਸਾਹਿਬ ਗੁਰਮਤਿ ਦੇ ਵਿਪਰੀਤ ਵੀ ਲਿਖਦੇ ਸਨ?  ਸਿਦਕ, ਭਰੋਸਾ, ਵਿਸ਼ਵਾਸ ਸਿੱਖ ਨੂੰ ਗੁਰੂ ਨਾਲ ਜੋੜੀ ਰਖਣ ਦਾ ਆਧਾਰ ਹੈ, ਥੰਮ ਹੈ। ਪਰ ਅਫ਼ਸੋਸ ਹੈ ਕਿ ਰਾਗੀ  ਦਰਸ਼ਨ ਸਿੰਘ ਇਸ ਵਿਸ਼ਵਾਸ, ਸਿਦਕ ਭਰੇਸੇ ਦੀਆਂ ਬੁਨਿਆਦਾਂ ਤੇ ਹੀ ਸੱਟ ਮਾਰ ਰਹੇ ਹਨ। ਫ਼ਿਨਲੈਂਡ ਦੇ ਅਣਜਾਣ ਜਹੇ ਬੰਦਿਆਂ ਵਲੋਂ ਅਰਦਾਸ ਬਦਲਣ ਦੀ ਕੋਝੀ ਚਾਲ ਨੂੰ ਥਾਪੜਾ ਦਿੱਤਾ ਦਰਸ਼ਨ ਸਿੰਘ ਨੇ। ਆਪਣੇ ਐਜੰਡੇ ਨੂੰ ਜਾਰੀ ਰਖਦਿਆਂ ਰਾਗੀ ਜੀ  ਨੇ ਤਾਂ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਇਕ ਦੁਕਾਨ ਕਹਿ ਕੇ ਇਥੇ ਨਾ ਜਾਣ ਦੀ ਸਲਾਹ ਦਿੰਦਿਆਂ ਇਹ ਕਹਿਣ ਵਿਚ ਵੀ ਰੰਚਕ ਮਾਤਰ ਗੁਰੂ ਦੀ ਭੈ ਭਾਵਨੀ ਨਾ ਰਖੀ ਕਿ ਸ੍ਰੀ ਹਜ਼ੂਰ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਸਵਾ ਸੌ ਸਾਲ ਬਾਅਦ ਵਿਚ ਹੋਂਦ ਵਿਚ ਆਇਆ।  ਜਿਹੜੀ ਬਾਣੀ ਦਾ ਸਾਰੀ ਉਮਰ ਕੀਰਤਨ ਕਰ ਕੇ ਰਾਗੀ ਜੀ ਨੇ ਮਾਇਆ ਇਕਤ੍ਰ ਕੀਤੀ ਉਸ ਪਾਵਨ ਬਾਣੀ ਬਾਰੇ ਹੁਣ ਕਹਿ ਰਹੇ ਹਨ ਕਿ ਤੁਹਾਨੂੰ ਇਸ ਵਿਚੋਂ ਦੁਰਗੰਧ ਨਹੀ ਆਉਂਦੀ?  ਭਾਗ ਸਿੰਘ ਅੰਬਾਲਾ ਨੇ ਵਾਰ ਸ੍ਰੀ ਭਗਉਤੀ ਜੀ ਕੀ ਅਤੇ ਬੇਨਤੀ ਚੌਪਈ ਬਾਰੇ ਸ਼ੰਕਾ ਕੀਤੀ ਤਾਂ ਉਸ ਨੂੰ ਤਨਖਾਹੀਆ ਕਰਾਰ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕਰ ਦਿੱਤਾ ਕਿ ਕੋਈ ਉਸਨੂੰ ਮੁੰਹ ਨਾ ਲਾਏ।  ਭਾਈ ਭਾਗ ਸਿੰਘ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪਸ਼ਚਾਤਾਪ ਕੀਤਾ ਅਤੇ ਆਪਣੀ ਭੁੱਲ ਨੂੰ ਬਖਸ਼ਵਾ ਲਿਆ। ਪਰ ਹੁਣ ਰਾਗੀ ਦਰਸ਼ਨ ਸਿੰਘ ਵਲੋਂ ਗੁਰੂ ਨਿੰਦਾ ਅਤੇ ਗੁਰਬਾਣੀ, ਗੁਰ ਇਤਿਹਾਸ ਬਾਰੇ ਕੀਤੀਆਂ ਅਣਗਣਿਤ ਟਿਪਣੀਆਂ ਦੇ ਮੁਕਾਬਲੇ ਤਾਂ ਇੰਜ ਜਾਪਦਾ ਹੈ ਕਿ  ਭਾਗ ਸਿੰਘ ਨੇ ਤਾਂ ਕੁਝ ਕਿਹਾ ਹੀ ਨਹੀਂ ਹੈ।

ਪ੍ਰੋ. ਦਰਸ਼ਨ ਸਿੰਘ ਨੇ ਰਾਚੈਸਟਰ, ਨਿਊਯਾਰਕ ਦੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਜਿਸ ਢੰਗ ਨਾਲ ਆਪਣੀ ਦਾਹੜੀ ਪਕੜ ਕੇ ਘੁਮਾਦਿਆਂ ਹੋਇਆਂ ਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਸਿੰਘ ਜੀ ਬਾਰੇ ਬਿਲਕੁਲ ਮਨਘੜੰਤ ਅਤੇ ਅਤਿ ਘਟੀਆ ਸ਼ਬਦਾਵਲੀ ਵਰਤਦਿਆਂ ਜੋ ਕੁਝ ਕਿਹਾ ਉਹ ਬਿਆਨ  ਦੀ ਸਮਰੱਥਾ ਤੋਂ ਬਾਹਰ ਹੈ। ਇਹ ਕਹਿੰਦਿਆਂ ਹੋਇਆਂ ਰਾਗੀ ਜੀ ਨੇ ਜ਼ੋਰ ਦੇ ਕੇ ਇਹ ਕਿਹਾ ਕਿ ਇਹ ਦਸਮ ਗ੍ਰੰਥ ਵਿਚ ਲਿਖਿਆ ਹੈ, ਤੁਸੀ ਪੜ ਲਉ।  ਬਾਰ ਬਾਰ ਮੌਕਾ ਮਿਲਣ ਤੇ ਅਤੇ  ‘ਜਸ ਪੰਜਾਬੀ’ ਟੀ.ਵੀ. ਚੈਨਲ ਤੇ ਇਕ ਘੰਟੇ ਤੋਂ ਵੀ ਵੱਧ ਸਮਾਂ ਲਾ ਕੇ ਵੀ ਰਾਗੀ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਉਹਨਾਂ ਵਲੋਂ ਵਰਤੇ ਲਫ਼ਜ਼ ਵਿਖਾਣ ਵਿਚ ਅਸਮਰਥ ਰਹੇ।  ਗੁਰੂ ਸਾਹਿਬ ਦੀ ਸਾਂਗ ਲਾ ਕੇ ਸਿਖ ਹਿਰਦਿਆਂ ਨੂੰ ਵਲੂੰਧਰਣ ਵਾਲੇ ਬਹੁਰੂਪੀਏ ਨੇ ਤਾਂ ਗੁਰੂ ਦੀ ਸਾਂਗ ਹੀ ਲਾਈ ਸੀ ਪਰ ਦਰਸ਼ਨ ਸਿੰਘ ਨੇ ਤੇ ਸਿ¤ਧੇ ਸ਼ਬਦਾਂ ਵਿਚ ਉਹ ਕੁਝ ਮਨਘੜੰਤ ਗੁਰੂ ਸਾਹਿਬ ਬਾਰੇ ਕਹਿ ਦਿੱਤਾ ਜੋ ਨਾ-ਕਾਬਿਲੇ ਬਰਦਾਸ਼ਤ ਹੈ ਅਤੇ ਨਾ ਹਾ ਮਾਫ਼ੀ ਦੇ ਯੋਗ। ਇਹ ਸਹੀ ਕਿਹਾ ਜਾਂਦਾ ਹੈ ਕਿ ਜੇ ਤੱਥ ਤੁਹਾਡੇ ਕੋਲ ਹੋਣ ਤਾਂ ਉਹਨਾਂ ਦਾ ਹਵਾਲਾ ਦੇ ਦਉ ਨਹੀਂ ਤਾਂ  ਭੰਬਲ ਭੂਸਾ ਪਾਉ ਅਤੇ ਹੋਰ ਹੋਰ ਮਸਲੇ ਖੜੇ ਕਰ ਕੇ ਅਸਲੀ ਮੁੱਦੇ ਤੋਂ ਧਿਆਨ ਹਟਾ ਕੇ ਗੁੰਝਲਾਂ ਪੈਦਾ ਕਰੋ। ਹੁਣ ਗਿਣੀ ਮਿੱਥੀ ਸਾਜ਼ਿਸ਼ ਅਧੀਨ ਇਹੀ ਤਰੀਕਾ ਵਰਤ ਕੇ  ਰਾਗੀ ਦਰਸ਼ਨ ਸਿੰਘ ਵਲੋਂ ਕੌਮ ਵਿਚ ਦੁਬਿਧਾ ਪੈਦਾ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਸ੍ਰੀ ਦਸਮ ਗ੍ਰੰਥ ਵਿਚ ਰਾਗੀ ਦਰਸ਼ਨ ਸਿੰਘ ਵਲੋਂ ਬੋਲੇ ਹੋਏ ਉਹ ਗੁਰੂ ਨਿੰਦਾ ਵਾਲੇ ਲਫ਼ਜ਼ ਨਾ ਹਨ ਤੇ ਨਾ ਹੀ ਹੋ ਸਕਦੇ ਹਨ। ਇਮਾਨਦਾਰੀ ਅਤੇ ਦਿਆਨਤਦਾਰੀ ਦਾ ਰਾਹ ਤਾਂ ਇਹੀ ਹੈ ਕਿ ਗੱਲ ਵਿਚ ਪੱਲਾ ਪਾ ਕੇ ਗੁਰੂ ਪੰਥ ਕੋਲੋਂ ਕੀਤੀ ਹੋਈ ਭੁੱਲ ਦੀ ਯਾਚਨਾ ਕਰ ਲੈਣ। ਪਰ ਜਾਪਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਤਾਂ ਹਰ ਹਾਲ ਮੀਰੀ ਪੀਰੀ ਦੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ, ਇਸ ਦੀ ਮਾਣ ਮਰਯਾਦਾ ਅਤੇ ਹੁਕਮਨਾਮੇ ਦੀ ਪਰੰਪਰਾਂ ਨੂੰ ਖੋਰਾ ਲਾਉਣਾ ਹੈ।

Leave a Reply