ਸਾਹਿਬ-ਏ-ਕਮਾਲ – ਮਨਜੀਤ ਸਿੰਘ ਕਲਕੱਤਾ

ਸਾਹਿਬ-ਏ-ਕਮਾਲ

*ਮਨਜੀਤ ਸਿੰਘ ਕਲਕੱਤਾ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਖੋਜ ਭਰਪੂਰ ਤੇ ਜਲਾਲੀ ਹੈ ਜਿਸ ਦਾ ਚਿੰਨ੍ਹ ਸਰੂਪ ਨੀਲੇ ਘੋੜੇ ਦੇ ਸ਼ਾਹ ਅਸਵਾਰ, ਚਿੱਟੇ ਬਾਜ਼ ਵਾਲਾ, ਕਲਗੀਆਂ ਵਾਲਾ ਕਿਲ੍ਹੇ ਤੇ ਫ਼ੌਜਾਂ ਵਾਲਾ ਸੂਰਮਾ ਸਰੂਪ ਹੈ।  ਇਸੇ ਲਈ ਸੰਗਤਾਂ ਮਿਲ ਕੇ ਪੜ੍ਹਦੀਆਂ ਹਨ- ਆਉ! ਚਲੋ, ਚੱਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ।  ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ਼ ਸੁਹਾਏ ਨੇ।  ਗੁਰੂ ਪਾਤਸ਼ਾਹ ਦੇ ਏਸ ਸ਼ਸਤਰਧਾਰੀ ਸੂਰਬੀਰ ਰਣਤੱਤੇ ਦੇ ਯੋਧੇ ਜਰਨੈਲ ਦੇ ਬਾਹਰੀ ਸਰੂਪ ਤੋਂ ਜਾਦੂ ਨਾਥ ਸਰਕਾਰ, ਇੰਦੂ ਭੂਸ਼ਨ ਬੈਨਰਜੀ, ਗੋਕਲ ਚੰਦ ਨਾਰੰਗ ਆਦਿ ਹਿੰਦੂ ਇਤਿਹਾਸਕਾਰਾਂ ਨੇ ਭੁਲੇਖੇ ਵਿੱਚ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਧਰਮ ਦੀ ਨਿਰਮਲ ਧਾਰਾ ਨੂੰ ਫ਼ੌਜੀ ਛਾਉਣੀ ਦੇ ਮਾਰੂਥਲ ਵਿੱਚ ਤਬਦੀਲ ਕਰ ਦਿੱਤਾ।  ਵੀਹਵੀਂ ਸਦੀ ਵਿੱਚ ਆਧੁਨਿਕ ਹਿੰਦੂ ਲਿਖਾਰੀਆਂ ਤੇ ਲੀਡਰਾਂ ਨੇ ਵੀ ਇਸੇ ਭਰਮ-ਭੁਲੇਖੇ ਅਧੀਨ ਜਾਂ ਸ਼ਾਇਦ ਜਾਣ-ਬੁੱਝ ਕੇ ਸ਼ਰਾਰਤ ਨਾਲ ਕਿਸੇ ਸਾਜਿਸ਼ੀ ਸੋਚ ਅਧੀਨ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਮੁਗ਼ਲ ਸਾਮਰਾਜ ਨਾਲ ਲੜਨ ਵਾਲੇ ਹਿੰਦੂ ਰਾਜਿਆਂ ਤੇ ਜਰਨੈਲਾਂ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨਾਲ ਕਰਦੇ ਹਨ ਜਿਵੇਂ, ਅੱਜ ਦੇ ਵਿਰਾਟ ਹਿੰਦੂਤਵ ਦੇ ਧਾਰਨੀ ਲੀਡਰ ਗੁਰੂ ਨਾਨਕ ਦੇਵ ਜੀ ਨੂੰ ਮੱਧ ਕਾਲੀਨ ਲਹਿਰ ਦਾ ਇੱਕ ਭਗਤ ਸੰਤ ਦਰਸਾ ਕੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪੈਗੰਬਰੀ ਹੈਸੀਅਤ ਅਤੇ ਪਦ-ਪੱਦਵੀ ਨਜ਼ਰ ਅੰਦਾਜ਼ ਕਰਦਿਆਂ ਸਿੱਖ ਧਰਮ ਅਤੇ ਖਾਲਸਾ ਪੰਥ ਨੂੰ ਉਸ ਸਮੇਂ ਦੀ ਤਤਕਾਲੀ ਲੋੜ ਵਾਸਤੇ ਮੁਗ਼ਲਾਂ ਤੋਂ ਰਾਖੀ ਲਈ ਫ਼ੌਜੀ ਲੜਾਕੂ ਦਸਤਾ ਬਿਆਨਦੇ ਹਨ ਜਿਸ ਦਾ ਸਹਿਜੇ ਹੀ ਇਹ ਅਰਥ ਨਿਕਲ ਆਉਂਦਾ ਹੈ ਕਿ ‘ਹੁਣ ਕਿਉਂਕਿ ਹਿੰਦੂ ਅਤੇ ਹਿੰਦੁਸਤਾਨ ਵਿਦੇਸ਼ੀ ਹਮਲਿਆਂ ਤੇ ਗੁਲਾਮੀ ਤੋਂ ਮੁਕਤ ਹੈ ਅਤੇ ਰਾਜਭਾਗ ਪ੍ਰਾਪਤ ਹੈ ਇਸ ਦੇਸ਼ ਦੀ ਐਡੀ ਭਾਰੀ ਸ਼ਕਤੀ ਦੇ ਹੁੰਦਿਆਂ ਅਜੇਹੇ ਲੜਾਕੂ ਫ਼ੌਜੀ ਦਸਤਿਆਂ ਦੀ ਲੋੜ ਨਹੀਂ’

ਗੁਰੂ ਨਾਨਕ ਦੀ ਰਬਾਬ ਵਿਚੋਂ ਨਿਕਲੇ ਅਗੰਮੀ ਸ਼ਬਦ ਦੇ ਤੀਰ ‘ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥  ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ॥’ ਨੇ ਮੋਹ ਮਾਇਆ ਭਰਮ ਭੁਲੇਖੇ ਅਤੇ ਸਮੇਂ ਦੇ ਰਾਜ ਤੋਂ ਭੈਅ-ਭੀਤ ਲੁਕਾਈ ਨੂੰ ਹਲੂਣ ਕੇ ਜਗਾਉਣ ਦਾ ਜੋ ਕਾਰਜ ਆਰੰਭਿਆ, ਉਸੇ ਹੀ ਕਾਰਜ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਅਤੇ ਖੜਗ ਦਾ ਪ੍ਰਯੋਗ ਕੀਤਾ।  ਜੇਕਰ ਗੁਰੂ ਨਾਨਕ ਦੇਵ ਜੀ ਦੀ ਰਬਾਬ ਤੂਹੀ ਤੂਹੀ ਦੀ ਧੁਨੀ ਅਲਾਪਦੀ ਸੀ, ਸਤਿਕਰਤਾਰ ਬੰਦਾ ਨਾਨਕ ਤੇਰਾ ਦੀ ਜੈਕਾਰ ਕਰਦੀ ਸੀ ਤਾਂ ਉਥੇ ਖੜਗਧਾਰੀ ਗੁਰੂ ਦਸਮੇਸ਼ ਜੀ ਇਕੋ ਚੌਂਕੜੇ ਵਿੱਚ 16,000 ਵੇਰ ਤੂੰ ਹੀ ਤੂੰ ਹੀ ਦਾ ਅਲਾਪ ਕੀਤਾ ਅਤੇ ਆਪਣੇ ਆਪ ਨੂੰ ਪਰਮ ਪੁਰਖ ਦਾ ਦਾਸ ‘ਮੈ ਹੋ ਪਰਮ ਪੁਰਖ ਕੋ ਦਾਸਾ’ ਦੱਸ ਇਕੋ ਇੱਕ ਮਨੋਰਥ ‘ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨਿ’।  ਗੁਰੂ ਗੋਬਿੰਦ ਸਿੰਘ ਜੀ ਦੇ ਖੜਗਧਾਰੀ ਅਤੇ ਦੋ-ਧਾਰੇ ਖੰਡੇ ਦੀ ਬਿਜਲਈ ਚਮਕ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨ।  ਇਸੇ ਲਈ ਵਿਦਵਾਨ ਇਤਿਹਾਸਕਾਰਾਂ ਨੂੰ ਉਨ੍ਹਾਂ ਦਾ ਇਹ ਨੂਰਾਨੀ, ਅਗੰਮੀ, ਅਧਿਆਤਮਕ ਸਰੂਪ ਨਹੀਂ ਦਿੱਸ ਆਉਂਦਾ।  ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੇ ਸਿਧਾਂਤਾਂ ਦੀ ਪਰਖ ਉਸੇ ਧਰਮ ਦੇ ਮਾਪਦੰਡ ਨਾਲ ਹੀ ਹੋ ਸਕਦੀ ਹੈ, ਜਿਵੇਂ ਲੋਹੇ ਅਤੇ ਸੋਨੇ ਨੂੰ ਪਰਖਣ ਲਈ, ਖਾਧ ਪਦਾਰਥ ਅਤੇ ਫੁੱਲਾਂ ਦੀ ਖੁਸ਼ਬੋਅ ਨੂੰ ਪਰਖਣ ਲਈ, ਪੈਮਾਨੇ ਇਕਸਾਰ ਨਹੀਂ ਅਲੱਗ-ਅਲੱਗ ਹੁੰਦੇ ਹਨ ਏਸੇ ਤਰ੍ਹਾਂ ਹਰ ਗੁਰੂ, ਅਵਤਾਰ, ਪੈਗੰਬਰ ਅਤੇ ਹਰ ਧਰਮ ਦੇ ਸਿਧਾਂਤਾਂ ਤੇ ਚੱਕਰ ਚਿਹਨ ਨੂੰ ਪਰਖਣ ਲਈ ਮਾਪਦੰਡ ਆਪੋ ਆਪਣੇ ਹਨ ਅਤੇ ਜੇਕਰ ਕੋਈ ਆਪਣੇ ਫਲਸਫ਼ੇ ਤੇ ਮਾਪਦੰਡ ਨਾਲ ਕਿਸੇ ਹੋਰ ਦਾ ਧਰਮ ਪਰਖਣਾ ਚਾਹੇ ਤਾਂ ਉਸ ਦਾ ਨਤੀਜਾ ਓਝੜ ਪੈਣਾ ਅਤੇ ਗੁੰਮਰਾਹਕੁੰਨ ਹੀ ਹੋਵੇਗਾ। ਸਿੱਖ ਧਰਮ ਦੇ ਸਿਧਾਂਤਾਂ ਨੂੰ ਅਪਣੇ ਧਰਮ ਦੇ ਪੈਮਾਨੇ ਨਾਲ ਪਰਖਣ ਕਾਰਨ ਹੀ ਗੁਰੂ ਨਾਨਕ ਦੀ ਰਬਾਬ ਅਤੇ ਗੁਰੂ ਗੋਬਿੰਦ ਸਿੰਘ ਦੇ ਜਲਾਲ ਵਿੱਚ ਫਰਕ ਨਜ਼ਰ ਆਉਂਦਾ ਹੈ।

ਦੁਨੀਆਂ ਸੂਰਮਾ ਜਾਂ ਬਹਾਦਰ ਉਸ ਨੂੰ ਤਸੱਵਰ ਕਰਦੀ ਹੈ ਜਿਸ ਵਿੱਚ ਸਰੀਰਕ, ਰਾਜਸੀ ਅਤੇ ਫ਼ੌਜੀ ਬੱਲ ਹੋਵੇ ਪਰ ਸਿੱਖੀ ਦੀ ਨਿਰਾਲੀ ਚਾਲ ਦੀ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਵਿੱਚ ਹੀ ਵਿਆਖਿਆ ਇੰਝ ਕੀਤੀ ਹੈ, ‘ਭਗਤਾ ਕੀ ਚਾਲ ਨਿਰਾਲੀ॥  ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥  ਏਸੇ ਲਈ ਸਿੱਖੀ ਨੂੰ ‘ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥  ਬਾਬਾ ਫਰੀਦ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਸਮੇਂ ਕਾਲ ਕਰਕੇ ਪਹਿਲੇ ਸ਼ਬਦ ਉਚਾਰਨ ਵਾਲੇ ਹਨ ਜੋ ਗੁਰੂ ਸਾਹਿਬ ਤੋਂ ਵੀ ਪਹਿਲਾਂ ਏਸ ਮਾਰਗ ਸਬੰਧੀ ਇਉਂ ਅੰਕਿਤ ਕਰਦੇ ਹਨ ‘ਵਾਟ ਹਮਾਰੀ ਖਰੀ ਉਡੀਣੀ ॥  ਖੰਨਿਅਹੁ ਤਿਖੀ ਬਹੁਤੁ ਪਿਈਣੀ॥ ਉਸੁ ਊਪਰਿ ਹੈ ਮਾਰਗੁ ਮੇਰਾ॥  ਸੇਖ ਫਰੀਦਾ ਪੰਥੁ ਸਮ੍‍ਾਰਿ ਸਵੇਰਾ॥’ ਗੁਰਬਾਣੀ ਨੇ ਸੂਰਮੇਂ ਦੀ ਵਿਆਖਿਆ ਹੀ ਇਉਂ ਕੀਤੀ ਹੈ ‘ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥’ ਏਸੇ ਲਈ ਗੁਰੂ ਨਾਨਕ ਸਾਹਿਬ ਸਿੱਖੀ ਵਿੱਚ ਪ੍ਰਵੇਸ਼ ਦੀ ਪਹਿਲੀ ਸ਼ਰਤ ਹੀ ਇਹ ਲਗਾਉਂਦੇ ਹਨ, ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥  ਸਿਰੁ ਧਰਿ ਤਲੀ ਗਲੀ ਮੇਰੀ ਆਉ॥  ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਇਹ ‘ਤਨੁ ਮਨੁ ਕਾਟਿ ਕਾਟਿ ਸਭੁ ਅਰਪੀ’ ਦਾ ਮਾਰਗ ਹੈ ਗੁਰੂ ਅਰਜਨ ਦੇਵ ਜੀ ਇਸ ਨੂੰ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ’ ਕਰਕੇ ਬਿਆਨਦੇ ਹਨ।  ਗੁਰੂ ਤੇਗ਼ ਬਹਾਦਰ ਪਾਤਿਸ਼ਾਹ ਡਰ ਭੈਅ ਰਹਿਤ, ਨਿਡਰ ਤੇ ਗਿਆਨਵਾਨ ਨੂੰ ਗਿਆਨੀ ਕਹਿੰਦੇ ਹਨ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥  ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥’ ਇਸ ਦਾ ਅਰਥ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਰੰਭ ਤੋਂ ਹੀ ਸੰਸਾਰ ਤਜ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿੱਚ ਤਪ ਕਰਕੇ ਨਿੱਜੀ ਮੁਕਤੀ ਦੇ ਪ੍ਰਚੱਲਤ ਧਰਮ ਸਿਧਾਂਤ ਨੂੰ ਮੁੱਢੋਂ ਹੀ ਖਾਰਜ ਕਰਦੇ ਹਨ ਉਹ ਅਧਿਆਤਮਿਕਤਾ ਦਾ ਧਰਮ ਸਵੀਕਾਰ ਨਹੀਂ ਕਰਦੇ ਬਲਕਿ ਉਹ ਐਸੇ ਗੁਰਮੁਖਾਂ ਨੂੰ ਖੋਜ ਕੇ ਉਨ੍ਹਾਂ ਦੀਆਂ ਸੰਗਤਾਂ ਕਾਇਮ ਕਰਦੇ ਹਨ ਜਿਹੜੇ ਮਜ਼੍ਹਬਾਂ, ਅਡੰਬਰਾਂ ਅਤੇ ਸਖ਼ਸ਼ੀ ਮਨੋਰਥਾਂ ਤੋਂ ਉਚੇਰੇ ਹੀ ਨਹੀਂ ਰਹਿੰਦੇ ਬਲਕਿ ਉਨ੍ਹਾਂ ਦੇ ਦੁੱਖ ਅਤੇ ਪੀੜਾ ਨੂੰ ਦੂਰ ਕਰਨ ਲਈ ਆਪਣੇ ਪ੍ਰਾਣਾਂ ਦੀ ਬਾਜੀ ਵੀ ਲਾ ਸਕਦੇ ਹਨ।  ਗੁਰੂ ਗੋਬਿੰਦ ਸਿੰਘ ਜੀ ਐਸੇ ਹੀ ਸੰਤ-ਸਿਪਾਹੀ ਹਨ ਜੋ ਪ੍ਰਮਾਤਮਾ ਨੂੰ ਬਣਾਂ ਵਿੱਚ ਖੋਜਣ ਨਹੀਂ ਜਾਂਦੇ ‘ਕਾਹੇ ਰੇ ਬਨ ਖੋਜਨ ਜਾਈ’ ਬਲਕਿ ‘ਗਿਆਨਹਿ ਕੀ ਬਢਨੀ (ਬਹੁਕਰ,ਹਥਿਆਰ) ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ’ ਕਾਇਰਤਾ ਨੂੰ ਕੁਤਰਾ-ਕੁਤਰਾ ਕਰਕੇ ਧਰਮ ਦੇ ਬੰਧਨ ਵਿੱਚ ਦੁਨਿਆਵੀ ਤਾਕਤਾਂ ਤੋਂ ਨਿਡਰ ਸੰਤ-ਸਿਪਾਹੀ ਬਣਾ ਦੇਂਦੇ ਹਨ।  ਇਹ ਆਦਰਸ਼ਕ ਮਨੁੱਖ ਜਾਗਤ-ਜੋਤਿ ਦੇ ਜਾਪ ਨਾਲ ਪ੍ਰਕਾਸ਼ਮਾਨ ਹੁੰਦਾ ਹੈ ਅਤੇ‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ’ ਦੇ ਰੱਬੀ-ਕਾਰਜ ਲਈ ਤੱਤਪਰ ਰਹਿੰਦਾ ਹੈ ਐਸੇ ਪੁਰਖ ਨੂੰ ਹੀ ਧੰਨਤਾ ਦੇ ਯੋਗ ਮੰਨਿਆ ਹੈ, ‘ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ’ ਗੁਰੂ ਦਸ਼ਮੇਸ਼ ਨੇ ਸ਼ਸਤਰ ਧਾਰਨ ਕਰਕੇ ਸ਼ਸਤਰਾਂ ਦੀ ਵਰਤੋਂ ਹੀ ਨਹੀਂ ਕੀਤੀ ਬਲਕਿ ਸ਼ਸਤਰਾਂ ਨੂੰ ਮਾਣਿਆਂ ਹੈ ‘ਨਮੋ ਸ਼ਸਤ੍ਰ ਪਾਣੇ’ ਪਰ ਇਹ ਦੁਨਿਆਵੀ ਜੰਗਾਂ ਨਾਲੋਂ ਵਖਰੇ ਹਨ।

ਦੁਨੀਆਂ ਵਿੱਚ ਜੰਗਾਂ ਤੇ ਯੁੱਧ ਜ਼ਰ, ਜ਼ੋਰੂ ਅਤੇ ਜ਼ਮੀਨ ਅਰਥਾਤ ਧਨ, ਜਾਇਦਾਦ, ਇਸਤਰੀ ਅਤੇ ਧਰਤੀ ਤੇ ਰਾਜ ਕਾਇਮ ਕਰਨ ਲਈ ਕਬਜ਼ਾ ਕਰਨ ਕਰਕੇ ਹੀ ਹੋਈਆਂ ਹਨ ਪਰ ਮਰਦ ਅਗੰਮੜੇ ਨੇ ਚੌਦਾਂ ਜੰਗਾਂ ਲੜੀਆਂ ਕਿਸੇ ਤੇ ਹਮਲਾ ਨਹੀਂ ਕੀਤਾ ਬਲਕਿ ਆਪਣੇ ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ ਚੌਦਾਂ ਜੰਗਾਂ ਲੜਨ ਉਪ੍ਰੰਤ ਵੀ ਇੱਕ ਇੰਚ ਭਰ ਵੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ।  ਉਨ੍ਹਾਂ ਦੀ ਪ੍ਰਭੂ ਦੇ ਚਰਨਾਂ ਵਿੱਚ ਐਸੀ ਪ੍ਰੀਤ, ਲਿਵ ਜੁੜੀ ਕਿ ਉਹ ਯੁੱਧ ਗਰੀਬ (ਦੀਨ) ਮਜ਼ਲੂਮਾਂ ਦੀ ਰੱਖਿਆ ਲਈ ਅਤੇ ਜ਼ਾਲਮ ਜਰਵਾਣੇ ਦੀ ਭੱਛਿਆ ਲਈ ਕਰਦੇ ਹਨ ਪਰ ਮੰਤਵ ਇਹੀ ਹੈ ਕਿ ਜਾਲਮ-ਜ਼ੁਲਮ ਦਾ ਰਾਹ ਛੱਡ ਦੇਵੇ ਅਤੇ ਰਾਜ ਨੂੰ ਲੋਕਾਂ ਦੇ ਹਿੱਤ ਵਿੱਚ ਚਲਾਵੇ।  ਏਸੇ ਲਈ ਉਹ ਐਸੇ ਯੁੱਧਾਂ ਨੂੰ ‘ਨਮੋ ਜੁੱਧ ਜੁੱਧੇ’ ਉਚਾਰ ਕੇ ਸਿੱਜਦਾ ਕਰਦੇ ਹਨ।  ਦੁਨਿਆਵੀ ਜੰਗਾਂ ਬਾਰੇ ਮਨੌਤ ਹੈ ਕਿ ਮੁਹੱਬਤ ਤੇ ਜੰਗ ਵਿੱਚ ਸਭ ਜਾਇਜ਼ ਹੈ (ਓਵੲਰੇ ਠਹਨਿਗ ਸਿ ਢੳਰਿ ਨਿ ਲ਼ੋਵੲ ਫ਼ ਾਂੳਰ) ਪਰ ਗੁਰੂ ਗੋਬਿੰਦ ਸਿੰਘ ਜੀ ਉਸ ਅਕਾਲ ਪੁਰਖ ਦੇ ਉਪਜੇ ਮਨੁੱਖ ਦੇ ਪਿਆਰ ਅਤੇ ਧਰਮ ਤੇ ਇਖ਼ਲਾਕ ਦੀਆਂ ਉਂਚ ਕਦਰਾਂ-ਕੀਮਤਾਂ ਬਰਕਰਾਰ ਰੱਖਦੇ ਹੋਏ ਯੁੱਧ ਕਰਦੇ ਹਨ।  ਜੰਗਾਂ ਜਿੱਤਣ ਉਪ੍ਰੰਤ ਉਹ ਦੁਸ਼ਮਣ ਦੀ ਨਾਰੀ, ਇਸਤਰੀ ਨਾਲ ਵੀ ਇਖ਼ਲਾਕ ਦੀ ਸੀਮਾਂ ਟੱਪਣ ਦੀ ਆਗਿਆ ਨਹੀਂ ਦੇਂਦੇ।  ਹੁਸ਼ਿਆਰਪੁਰ ਦੇ ਰੰਘੜਾਂ ਵਲੋਂ ਸਿੱਖ ਜਥੇ ਨੂੰ ਲੁੱਟਣ ਦਾ ਅਪ੍ਰਾਧ ਕਰਨ ਤੇ ਦੰਡਿਤ ਕਰਕੇ ਜਿਥੇ ਆਪਣੀਆਂ ਸਿੰਘਣੀਆਂ ਤੇ ਮਾਲ ਅਸਬਾਬ ਵਾਪਿਸ ਲਿਆਂਦਾ ਉਥੇ ਰੰਘੜਾਂ ਦੀਆਂ ਬੇਗਮਾਂ ਅਤੇ ਮਾਲ ਅਸਬਾਬ ਵੀ ਲੈ ਆਉਣ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਨੇ ਉਸੇ ਵੇਲੇ ਸਿੰਘਾਂ ਨੂੰ ਤਾੜਨਾ ਕਰਦਿਆਂ ਹੁਕਮ ਕੀਤਾ ਕਿ ਹੁਣੇ ਇਨ੍ਹਾਂ ਨੂੰ ਬਾ-ਇੱਜ਼ਤ ਇਨ੍ਹਾਂ ਦੇ ਘਰੀਂ ਪਹੁੰਚਾ ਕੇ ਆਉ, ਇਸ ਸਬੰਧੀ ਬੜਾ ਰੌਚਕ ਸੰਬਾਦ ਹੈ ‘ਪੁਨਿ ਸਿੰਘਨ ਬੂਝੇ ਗੁਨ ਖਾਨੀ’ ਅਰਥਾਤ ਗੁਣਾਂ ਦੀ ਖਾਨ ਸਤਿਗੁਰੂ ਨੂੰ ਸਿੱਖ ਸਮੂਹ ਰੂਪ ਵਿੱਚ ਪੁੱਛਦੇ ਹਨ ‘ਸਗਲ ਤੁਰਕ ਭੁਗਵੈ ਹਿੰਦੁਵਾਨੀ’ ਕਹਿ ਕੇ ਤਤਕਾਲੀ ਹੋ ਰਹੀ ਸ਼ਰਮ ਧਰਮ ਦੀ ਦੁਰਦਸ਼ਾ ਬਿਆਨ ਕਰਦੇ ਹੋਏ ਕਹਿੰਦੇ ਹਨ। ਕਿ ਉਹ ਮਜਲੂਮ ਹਿੰਦੂਆਂ ਦੀਆਂ ਇਸਤਰੀਆਂ ਨੂੰ ਜਬਰੀ ਚੁੱਕ ਕੇ ਆਪਣੇ ਘਰਾਂ ਵਿੱਚ ਰੱਖ ਲੈਦੇ ਹਨ ਪਰ ਜਦ ‘ਸਿੱਖ ਬਦਲਾ ਲੇ ਭਲਾ ਜਨਾਵੈਂ। ਗੁਰ ਸਾਸ਼ਤ੍ਰ ਕ੍ਯੋਂ ਵਰਜ ਹਟਾਵੈਂ’ ਸਿੱਖ ਐਸੇ ਜ਼ਾਲਮ ਹੁਕਮਰਾਨਾਂ ਤੋ ਬਦਲਾ ਲੈਣਾ ਚਾਹੁੰਦੇ ਹਨ ਤਾਂ ਗੁਰੂ ਪਾਤਸ਼ਾਹ ਧਰਮ ਤੇ ਇਖ਼ਲਾਕ ਦੀ ਗੱਲ ਕਹਿ ਕੇ ਸਾਨੂੰ ਕਿਉਂ ਵਰਜਦੇ ਹਨ? ਗੁਰੂ ਸਾਹਿਬ ਨੇ ਜੋ ਉਂਤਰ ਦਿੱਤਾ, ਉਸ ਦਾ ਅੱਜ ਤੱਕ ਹੋਰ ਕਿਸੇ ਤੋਂ ਵੀ ਪਾਲਨ ਨਹੀਂ ਕੀਤਾ ਗਿਆ‘ਸੁਨਿ ਸਤਿਗੁਰ ਬੋਲੇ ਤਿਸ ਬੇਰੇ।  ਹਮ ਲੇ ਜਾਨੋ ਪੰਥ ਉਚੇਰੇ…’।

ਦਸਮ ਪਾਤਸ਼ਾਹ ਨੇ ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉਂਚੀਆਂ-ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕੀਤੀਆਂ।  ਗੁਰੂ ਗੋਬਿੰਦ ਸਿੰਘ ਜੀ ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਦੁਸ਼ਟ ਜਾਲਮਾਂ ਨੂੰ ਤਾੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉਂਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ।  ਏਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ।  ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਹਨ।  ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉਂਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹੱਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹੱਮ ਪੱਟੀ ਵੀ ਕਰਨੀ ਹੈ। ਰੈਂਡ-ਕਰਾਸ ਤਾਂ ਬਾਅਦ ਵਿੱਚ ਬਣਿਆ ਪਰ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕਿਆ ਕਿ ਲੜਨ ਵਾਲੀ ਇਕ ਧਿਰ ਵਿਚੋਂ ਹੁੰਦਾ ਹੋਇਆ ਉਹ ਜੰਗ ਦੇ ਮੈਦਾਨ ਵਿੱਚ ਆਪਣਿਆਂ ਤੇ ਦੁਸ਼ਮਣਾਂ ਨੂੰ ਸਮ ਕਰਕੇ ਜਾਣੇ।  ਦੁਨੀਆਂ ਦੇ ਸਾਰੇ ਯੁੱਧ ਜਿੱਤ ਹਾਸਲ ਕਰਨ ਲਈ ਹੁੰਦੇ ਹਨ ਅਤੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ’ਤੇ ਬੱਝਦਾ ਹੈ ਪਰ ਗੁਰੂ ਪਾਤਸ਼ਾਹ ਪਾਉਂਟਾ ਸਹਿਬ ਦੀ ਜੰਗ ਜਿੱਤਣ ਉਪਰੰਤ ਇਸ ਜਿੱਤ ਨੂੰ ‘ਵਾਹਿਗੁਰੂ ਜੀ ਕੀ ਫ਼ਤਹ’ਦਸਦੇ ਹਨ। ‘ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ’ ਉਪਰੰਤ ਜਦੋਂ ਖ਼ਾਲਸੇ ਦੀ ਸਿਰਜਣਾ ਕਰ ਦਿੱਤੀ ਤਾਂ ਫਿਰ ਹਰ ਜਿੱਤ ਦਾ ਸਿਹਰਾ ਆਪਣੇ ਖ਼ਾਲਸੇ ਨੂੰ ਦਿੱਤਾ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’।

ਦੁਨੀਆਂ ਦੀਆਂ ਹੁਣ ਤੀਕ ਹੋਈਆਂ ਜੰਗਾਂ ਵਿੱਚ ਜਦੋਂ ਇਕ ਧਿਰ ਦੂਜੀ ਧਿਰ ਨੂੰ ਆਪਣੇ ’ਤੇ ਭਾਰੂ ਤੇ ਸ਼ਕਤੀਸ਼ਾਲੀ ਦਿੱਸਦੀ ਹੈ ਤਾਂ ਹਥਿਆਰ ਸੁੱਟ ਕੇ ਅਧੀਨਗੀ ਕਬੂਲ ਕਰ ਲੈਂਦੀ ਹੈ ।  ਅਜੇ ਪਿੱਛੇ ਜਿਹੇ ਹੋਏ 1971 ਭਾਰਤ-ਪਾਕਿ ਜੰਗ ਵਿੱਚ ਭਾਰਤੀ ਫ਼ੌਜ ਜਦੋਂ ਜਗਜੀਤ ਸਿੰਘ ਦੀ ਅਗਵਾਈ ਵਿੱਚ ਢਾਕੇ ਪੁੱਜ ਗਈ ਤਾਂ 93000 ਫ਼ੌਜਾਂ ਸਮੇਤ ਉਹਨਾਂ ਦੇ ਜਰਨੈਲ ਨਿਆਜ਼ੀ ਨੇ ਆਪਣੇ ਹਥਿਆਰ ਸੁੱਟ ਸਰੰਡਰ ਕੀਤਾ ਅਤੇ ਭਾਰਤੀ ਫ਼ੌਜ ਦੀ ਕੈਦ ਵਿੱਚ ਚਲੇ ਗਏ।  ਦੁਨੀਆਂ ਸਭ ਤੋਂ ਵੱਡਾ ਜੰਗਜੂ ਵਿਜੇਤਾ ਨੈਪੋਲੀਅਨ ਨੂੰ ਮੰਨਦੀ ਹੈ ਜੋ ਹਰ ਜੰਗ ਜਿੱਤਣ ਉਪਰੰਤ ਕਹਿਣ ਲੱਗ ਪਿਆ ਸੀ ‘ਮੈਂ ਆਇਆ, ਮੈਂ ਦੇਖਿਆ ਤੇ ਜੰਗ ਜਿੱਤ ਲਈ (everything is fair in love & war) ਪਰ ਜਦੋਂ ਉਸ ਵਿਜੇਤਾ ਅਖਵਾਉਣ ਵਾਲੇ ਨੇ ਆਖਰੀ ਲੜਾਈ ਵਿੱਚ ਹਾਰ ਮੰਨੀ ਤਾਂ ਉਸ ਕੋਲ ਬੜੀ ਵੱਡੀ ਤਾਦਾਦ ਵਿੱਚ ਹਥਿਆਰ ਬੰਦ ਫ਼ੌਜ ਵੀ ਸੀ ਅਤੇ ਉਹ ਜੰਗ ਵੀ ਪੱਕੇ ਕਿਲ੍ਹੇ ਵਿੱਚ ਲੜ ਰਿਹਾ ਸੀ ਪਰ ਅਸ਼ਕੇ ਜਾਈਏ ਮਰਦ ਅਗੰਮੜੇ ਦੇ ਜੋ ਚਮਕੌਰ ਦੀ ਗੜ੍ਹੀ ਵਿੱਚ ਚਾਲੀ ਭੁੱਖੇ ਤਿਹਾਏ ਸਿੱਖਾਂ ਨਾਲ ਕੱਚੀ ਗੜ੍ਹੀ ਵਿੱਚ ਹਜ਼ਾਰਾਂ-ਲੱਖਾਂ ਦੀ ਫ਼ੌਜ ਵਿੱਚ ਘਿਰਿਆ ਵੀ ਰਣਤਤੇ ਵਿੱਚ ਜੂਝਿਆ ਅਤੇ ਸਿੰਘਾਂ ਨਾਲ ਇੱਕ-ਇੱਕ ਕਰਕੇ ਆਪਣੇ ਦੋ ਪੁਤਰਾਂ ਨੂੰ ਜੰਗ ਲੜਦਿਆਂ, ਸ਼ਹੀਦ ਹੁੰਦਿਆਂ ਤੱਕਿਆ ਪਰ ਹਾਰ ਨਹੀਂ ਮੰਨੀ ਉਲਟਾ ਬੇਸਰੋ ਸਮਾਨੀ ਦੇ ਹਾਲਾਤ ਵਿੱਚ ਕੰਡਿਆਂ ਭਰੇ ਪੈਂਡੇ ਵਿੱਚ ਲਹੂ-ਲੁਹਾਨ ਪੈਰਾਂ ਅਤੇ ਲੀਰੋ-ਲੀਰ ਜਾਮੇਂ ਨਾਲ ਨੀਲੇ ਅਸਮਾਨ ਥੱਲੇ ਉਜਾੜ ਜੰਗਲ ਵਿੱਚ ਵੀ ਉਸ ਦੇ ਭਾਣੇ ਨੂੰ ਭਲਾ ਕਰ ਮੰਨਿਆਂ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।  ਜਦੋਂ ਮਾਹੀ ਨੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਨ ਦੀ ਦਾਸਤਾਂ ਸੁਣਾਈ ਤਾਂ ਵੀ ਇਸ ਇਲਾਹੀ ਮਾਹੀ ਨੇ ਕਿਹਾ ‘ਸ਼ੁਕਰ ਹੈ ਆਜ ਅਮਾਨਤ ਅਦਾ ਹੁਈ’ ਜਿਸ ਕੀ ਬਸਤੁ ਤਿਸੁ ਆਗੈ ਰਾਖੈ॥  ਪ੍ਰਭ ਕੀ ਆਗਿਆ ਮਾਨੈ ਮਾਥੈ॥ ਦੇ ਸਾਕਾਰ ਪੂਰਨੇ ਪਾਏ।  ਉਸ ਅਕਾਲ ਪੁਰਖ ਨੂੰ ਆਪਣਾ ਮਿੱਤਰ-ਪਿਆਰਾ ਮੁਖਾਤਬ ਕਰਕੇ ਆਪਣੇ ਪਿੰਡੇ ’ਤੇ ਹੰਢਾਏ ਸਾਰੇ ਜਖ਼ਮਾਂ ਦੀ ਪੀੜਾ ਸਹਿਨ ਕਰਦਿਆਂ ਹੋਇਆਂ ਆਪਣੀ ਪ੍ਰੀਤ ਪੁਗਾਉਣ ਦੀ ਗੱਲ ਕਹੀ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’ ਫਿਰ ਮਹਿਲ ਮਾੜੀਆਂ ਨਾਲੋ ‘ਯਾਰੜੇ ਦਾ ਸਾਨੂੰ ਸੱਥਰ ਚੰਗਾ’ ਕਹਿ ਕੇ ਹੁਕਮ ਰਜਾਈ ਚੱਲਣ ਦੇ ਗੁਰੂ ਨਾਨਕ ਸਾਹਿਬ ਵਲੋਂ ਜਪੁ ਜੀ ਸਾਹਿਬ ਦੇ ਆਰੰਭ ਵਿੱਚ ਨਿਸ਼ਚਤ ਕੀਤੇ ਮਾਰਗ ’ਤੇ ਚਲ ਕੇ ਹੁਕਮ ਦੀ ਰਜ਼ਾ ਵਿੱਚ ਚੱਲਣ ਦੇ ਮਾਰਗ ਨੂੰ ਆਉਂਦੀਆਂ ਪੀੜ੍ਹੀਆਂ ਲਈ ਪ੍ਰਕਾਸ਼ਮਾਨ ਕੀਤਾ।

ਨੀਲੇ ਦੇ ਸ਼ਾਹ ਅਸਵਾਰ ਨੇ ਜਦੋਂ ਪੈਦਲ ਹੀ ਕੰਡਿਆਲੇ ਰਾਹ ਅਖਤਿਆਰ ਕੀਤੇ ਤਾਂ ਜੇ ਕਿਸੇ ਕਿਹਾ, ‘ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਕੱਲਾ’ ਤਾਂ ਚੜ੍ਹਦੀ ਕਲਾ ਦਾ ਉਂਤਰ ਬਖ਼ਸ਼ਿਆ ‘ਗੁਰੂ ਗੋਬਿੰਦ ਸਿੰਘ ਨਾਲ ਅਲਾਹ’ ਪ੍ਰਭੁ ਭਗਤੀ ਦੇ ਐਸੇ ਦ੍ਰਿੜ੍ਹ ਵਿਸ਼ਵਾਸ ਦਾ ਕੋਈ ਦ੍ਰਿਸ਼ਟੀਮਾਨ ਨਹੀਂ ਹੋਇਆ।  ਜਦੋਂ ਸਰਕਾਰ ਦੇ ਭੇਜੇ ਕਈ ਦੂਤਾਂ ਤੇ ਚੇਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫ਼ੌਜਾਂ ਕਿਲ੍ਹਿਆਂ ਤੇ ਪਰਿਵਾਰ ਤੋਂ ਬਿਨਾਂ ਦੇਖਿਆ ਤਾਂ ਉਨ੍ਹਾਂ ਹਕੂਮਤ ਦੀ ਈਨ ਮੰਨ ਕੇ ਸਮਝੌਤਾ ਕਰਨ ਦੀ ਗੱਲ ਕਹੀ ਤਾਂ ਉਸ ਇਲਾਹੀ ਪ੍ਰੀਤਮ ਨੇ ਹਰ ਐਸੀ ਪੇਸ਼ਕਸ਼ ਨੂੰ ਠੁਕਰਾਇਆ ਹੀ ਨਹੀਂ ਉਲਟਾ ਜਿੱਤ ਦਾ ਖ਼ਤ ਅਰਥਾਤ ‘ਜ਼ਫ਼ਰਨਾਮਾ’ ਲਿਖ ਭਾਈ ਦਇਆ ਸਿੰਘ ਰਾਹੀਂ ਔਰੰਗਜ਼ੇਬ ਪਾਸ ਭੇਜਿਆ ਜਦ ਉਹ ਦੱਖਣ ਵਿੱਚ ਬਗ਼ਾਵਤ ਦਬਾਉਣ ਗਿਆ ਸੀ।  ਔਰੰਗਜ਼ੇਬ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਤਸਵੀਰ ਦਿਖਾਈ ਅਤੇ ਉਸ ਨੂੰ ਦਿੱਲੀ ਤਖ਼ਤ ਦੇ ਅਯੋਗ ਕਰਾਰ ਦੇ ਕੇ ਚਣੌਤੀ ਵੀ ਦਿੱਤੀ ਕਿ ‘ਕੀ ਹੋਇਆ, ਜੇ ਤੂੰ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਅਜੇ ਤਾਂ ਫਨੀਅਰ ਨਾਗ ਦੇ ਰੂਪ ਵਿੱਚ ਤੇਰੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਮੈਂ ਮੋਜ਼ੂਦ ਹਾਂ’ ਚੈਲੈਂਜ ਕੀਤਾ ਕਿ ‘ਤੂੰ ਪੰਜਾਬ ਆ ਤੇਰੇ ਘੋੜਿਆਂ ਦੇ ਪੈਰਾਂ ਥੱਲੇ ਬਗਾਵਤ ਦੀ ਐਸੀ ਅੱਗ ਬਾਲ ਦਿਆਂਗਾ ਕਿ ਸਾਰੇ ਪੰਜਾਬ ਵਿੱਚ ਤੇਰੇ ਘੋੜਿਆਂ ਤੇ ਘੋੜ ਸਵਾਰਾਂ ਨੂੰ ਭੱਜਦਿਆਂ ਪਾਣੀ ਨਹੀਂ ਮਿਲੇਗਾ’।  ਹਰ ਸੰਕਟ ਤੇ ਮੁਸ਼ਕਿਲ ਵਿੱਚ ਗੁਰੂ ਜੀ ਆਪ ਹੀ ਅਡਿੱਗ ਅਤੇ ਅਡੋਲ ਨਹੀਂ ਰਹੇ  ‘ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ’ ਬਲਕਿ ਉਨ੍ਹਾਂ ਨੇ ਜਿਸ ਖ਼ਾਲਸੇ ਦੀ ਸਿਰਜਣਾ ਕੀਤੀ ਉਸ ਨੂੰ ਵੀ ਅਜਿੱਤ ਬਣਾ ਦਿੱਤਾ।  ‘ਨ ਡਰੋਂ ਅਰਿ ਸੋਂ ਜਬ ਜਾਇ ਲਰੋਂ॥  ਅਤ ਹੀ ਰਨ ਮੈ ਤਬ ਜੂਝ ਮਰੋਂ’ ਦੀ ਐਸੀ ਪ੍ਰੇਰਣਾ ਭਰੇ ਮਾਰਗ ਤੇ ਆਪ ਚਲੇ ਅਤੇ ਚੱਲਣ ਦੀ ਪ੍ਰੇਰਣਾ ਦਿੱਤੀ‘ਨਿਸਚੈ ਕਰ ਆਪਨੀ ਜੀਤ ਕਰੋਂ’ ਇਤਿਹਾਸ ਵਿਚ ਮੁੜ ਕਿਸੇ ਖ਼ਾਲਸਈ ਫ਼ੌਜ ਜਾਂ ਜਥੇ ਨੇ ਅਧੀਨਗੀ ਕਬੂਲ ਨਹੀਂ ਕੀਤੀ ਅਤੇ ‘ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ’ ਨੂੰ ਪ੍ਰਤੱਖ ਮੂਰਤੀਮਾਨ ਕਰ ਦਿਖਾਇਆ ਭਾਵੇਂ ਮੀਰ ਮੰਨੂੰ, ਜ਼ਕਰੀਆ ਖਾਂ, ਨਾਦਰਸ਼ਾਹ, ਅਬਦਾਲੀ ਸੀ ਜਾਂ ਬ੍ਰਿਟਿਸ਼ ਸਮਰਾਜ ਸੀ।

ਮਾਤਾ ਗੁਜਰੀ ਜੀ ਅਤੇ ਪਿਤਾ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਭੂ ਅਰਾਧਨਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ

ਤਾਤ ਮਾਤ ਮੁਰ ਅਲਖ ਅਰਾਧਾ॥  ਬਹੁ ਬਿਧਿ ਜੋਗ ਸਾਧਨਾ ਸਾਧਾ॥

ਤਿਨ ਜੋ ਕਰੀ ਅਲਖ ਕੀ ਸੇਵਾ॥  ਤਾ ਤੇ ਭਏ ਪ੍ਰਸੰਨ ਗੁਰਦੇਵਾ॥

ਤਿਨ ਪ੍ਰਭ ਜਬ ਆਇਸ ਮੁਹਿ ਦੀਯਾ॥  ਤਬ ਹਮ ਜਨਮ ਕਲੂ ਮਹਿ ਲੀਯਾ॥

ਜਬ ਹੀ ਜਾਤ ਤ੍ਰਿਬੇਣੀ ਭਏ॥  ਪੁੰਨ ਦਾਨ ਤਿਨ ਕਰਤ ਬਿਤਏ॥

ਤਹੀ ਪ੍ਰਕਾਸ ਹਮਾਰਾ ਭਯੋ॥  ਪਟਨਾ ਸਹਰ ਬਿਖੈ ਭਵ ਲਯੋ॥

ਆਪਣੀ ਸਵੈ-ਜੀਵਨੀ ਬਚਿਤ੍ਰ ਨਾਟਕ ਵਿਚ ਗੁਰੂ ਜੀ ਇਹ ਵੀ ਬਿਆਨ ਕਰਦੇ ਹਨ ਕਿ ਮੈਂ ਪ੍ਰਭੂ ਚਰਨਾਂ ਵਿਚ ਐਸਾ ਜੁੜਿਆ ਹੋਇਆ ਸੀ ਕਿ ਮੇਰਾ ਇਸ ਦੁਨੀਆ ’ਤੇ ਆਉਣ ਦਾ ਮੰਨ ਨਹੀ ਸੀ ‘ਚਿਤ ਨ ਭਯੋ ਹਮਰੋ ਆਵਨ ਕਹ॥  ਚੁਭੀ ਰਹੀ ਸ੍ਰੁਤਿ ਪ੍ਰਭ ਚਰਨਨ ਮਹਿ’ ਪਰ ਮੈਨੂੰ ਅਕਾਲ ਪੁਰਖ ਨੇ ਸਮਝਾਇਆ ਤੇ ਆਦੇਸ਼ ਦਿੱਤਾ ‘ਮੈ ਅਪੁਨਾ ਸੁਤ ਤੋਹਿ ਨਿਵਾਜਾ॥  ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮ ਚਲਾਇ॥  ਕਬੁਧਿ ਕਰਨ ਤੇ ਲੋਕ ਹਟਾਇ’ ਗੁਰੂ ਦਸਮੇਸ਼ ਨੇ 42 ਸਾਲ ਦੀ ਇਸ ਹਯਾਤੀ ਦਾ ਇੱਕ-ਇੱਕ ਛਿਨ ‘ਧਰਮ ਚਲਾਵਨ ਸੰਤ ਉਬਾਰਨ॥  ਦੁਸਟ ਸਭਨ ਕੋ ਮੂਲ ਉਪਾਰਨਿ॥’ ਦੇ ਰੱਬੀ-ਆਦੇਸ਼ ਦੀ ਪੂਰਤੀ ਵਿੱਚ ਹੀ ਸਫਲਾ ਕੀਤਾ। ਜਿਸ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੇ ਰੂਪ ਵਿੱਚ ਸੰਪੂਰਨ ਕੀਤਾ।  ‘ਸੰਗਤਿ ਕੀਨੀ ਖਾਲਸਾ’ ਸਿੱਖ ਧਰਮ ਵਿੱਚ ਪ੍ਰਵੇਸ਼ ਲਈ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੀ ਜੋ ਸ਼ਰਤ ਗੁਰੂ ਨਾਨਕ ਸਾਹਿਬ ਨੇ ਨਿਸ਼ਚਿਤ ਕੀਤੀ ਸੀ ਦਸਵੀਂ ਜੋਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦਰਬਾਰ ਵਿੱਚ ਸੀਸ ਦੀ ਮੰਗ ਕੀਤੀ ਤਾਂ ਪੰਜ ਸਿੱਖ ਗੁਰੂ ਨੂੰ ਸੀਸ ਅਰਪਤ ਕਰਨ ਲਈ ਨਿਤਰੇ ਉਹਨਾਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਫਿਰ ਹਜ਼ਾਰਾਂ ਸੰਗਤਾਂ ਇਸ ਸੀਸ ਭੇਟ ਮਾਰਗ ’ਤੇ ਤੁਰ ਪਈਆਂ ਅਤੇ ਖਾਲਸਾ-ਪੰਥ ਨੂੰ ਪ੍ਰਕਾਸ਼ਮਾਨ ਕੀਤਾ ਜਿਸ ਨੇ ਜਾਲਮਾਂ ਦੀਆਂ ਤਲਵਾਰਾਂ ਖੁੰਢੀਆਂ ਕਰ ਦਿੱਤੀਆਂ’ ਹਮਲਾਵਰਾਂ ਦੇ ਮੂੰਹ ਮੋੜ ਦਿੱਤੇ, ਲੋਕ-ਸ਼ਕਤੀ ਨੂੰ ਉਜਾਗਰ ਕੀਤਾ ਅਤੇ ਮਨੁੱਖੀ-ਸਮਾਜ ਨੂੰ ਡਰ-ਭੈ ਅਤੇ ਗ਼ੁਲਾਮੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਇਆ।

ਖ਼ਾਲਸਾ ਕੇਵਲ ਇਕ ਮਨੁੱਖ ਲਈ ਵਰਤੀ ਗਈ ਸੰਗਿਆਂ ਨਹੀਂ ਬਲਕਿ ਇਕ ਰੱਬੀ-ਲਹਿਰ ਹੈ ਜੋ ਅਮਰ ਹੈ, ਅਜਿੱਤ ਹੈ, ਸਦੀਵੀ ਹੈ ਅਤੇ ਹਰ ਔਖ-ਸੌਖ ਵਿੱਚ ਚੜ੍ਹਦੀ ਕਲਾ ਦੀ ਜੈਕਾਰ ਕਰਦੀ ਹੈ ‘ਨਾਨਕ ਨਾਮ ਚੜ੍ਹਦੀ ਕਲਾ॥  ਤੇਰੇ ਭਾਣੇ ਸਰਬਤ ਦਾ ਭਲਾ’ ਗੁਰੂ ਪਾਤਸ਼ਾਹ ਨੇ ਖੰਡੇ-ਬਾਟੇ ਦਾ ਅੰਮ੍ਰਿਤ ਬਖਸ਼ ਉਨਾਂ ਨੂੰ ਸੰਤ-ਸਿਪਾਹੀ ਬਣਾ ਖ਼ਾਲਸਾ-ਪੰਥ ਸਾਜਿਆ ਗੁਰੂ ਤੇ ਸਿੱਖ ਇਕ ਦੂਜੇ ਵਿੱਚ ਅਭੇਦ ਹੋ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ

‘ਖਾਲਸਾ ਮੇਰੋ ਰੂਪ ਹੈ ਖਾਸ।  ਖਾਲਸਹਿ ਮਹਿ ਹੌਂ ਕਰੋਂ ਨਿਵਾਸ।…..

……ਜਾ ਮਹਿ ਰੰਚ ਨ ਮਿਥਿਆ ਭਾਖੀ।  ਪਰਾਬ੍ਰਹਮ ਗੁਰੂ ਨਾਨਕ ਸਾਖ਼ੀ।’

ਗੁਰੂ ਗੋਬਿੰਦ ਸਿੰਘ ਜੀ ਪਰਮ ਪੁਰਖ ਦੇ ਅਜੇਹੇ ਦਾਸ ਹਨ ਜੋ ਮਨੁੱਖੀ ਇਤਿਹਾਸ ਵਿੱਚ ਇਕੱਲੇ ਹਨ ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕਰਕੇ ਵੀ ਜਗਤ ਦਾ ਤਮਾਸ਼ਾ ਦੇਖਿਆ ਅਤੇ ਮਾਨਿਆ ਹੈ। ਹਰ ਕਲਮ, ਹਰ ਬੋਲ ਉਹਨਾਂ ਦਾ ਅਲੌਕਿਕ ਹੈ ਤੇ ਸਭ ਕੁਝ ਕੁਰਬਾਨ ਕਰਨ ਦਾ ਜੀਵਨ ਇਤਿਹਾਸ ਵੇਖ ਜੀਭ ਦੰਦਾਂ ਵਿੱਚ ਲੈ ਲਈਦੀ ਹੈ ਕਿ ਐਸੀ ਅਗੰਮ-ਜੋਤਿ ਵੀ ਕਦੀ ਮਨੁੱਖੀ ਸਰੀਰ ਵਿੱਚ ਆਈ ਹੋਵੇਗੀ? ਇਹ ਮੰਨਣਾ ਸੰਭਵ ਨਹੀਂ ਪਰ ਕਿਉਂਕਿ ਗੁਰੂ ਪਾਤਸ਼ਾਹ ਆਪ ਹੀ ਹੁਕਮਨ ਵਰਜ ਗਏ ਕਿ ‘ਜੋ ਹਮ ਕੋ ਪਰਮੇਸਰ ਉਚਰਿਹੈ॥  ਤੇ ਸਭ ਨਰਕਿ ਕੁੰਡ ਮਹਿ ਪਰਿਹੈ॥’।  ਮੈ ਤਾਂ ਕੇਵਲ ਉਸ ਦਾ ਦਾਸ ਹਾਂ ‘ਮੋਕੋ ਦਾਸ ਤਵਨ ਕਾ ਜਾਨੋ॥  ਯਾ ਮੈ ਭੇਦੁ ਨ ਰੰਚ ਪਛਾਨੋ॥’ ਜੇ ਉਹ ਖ਼ਾਲਸਾ ਸਾਜਦੇ ਹਨ ਤਾਂ ਉਸ ਨੂੰ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਅਕਾਲ ਪੁਰਖ ਦੇ ਲੜ੍ਹ ਲਾਉਂਦੇ ਹਨ ‘ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ।  ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ।  ਜੇ ਉਹ ਬਾਣੀ ਉਚਾਰਦੇ ਹਨ ਤਾਂ ‘ਗੁਰ ਪ੍ਰਸਾਦਿ, ਤ੍ਵ ਪ੍ਰਸਾਦਿ, ਕਬਿਯੋ ਬਾਚ ਬੇਨਤੀ ਚੌਪਈ’ ਹੀ ਕਹਿੰਦੇ ਹਨ।  ਆਪਣਾ ਆਪ ਵੀ ਸ਼ਬਦ ਵਿੱਚ ਅਭੇਦ ਕਰ ਗ੍ਰੰਥ ਜੀ ਨੂੰ ਗੁਰੂ-ਗ੍ਰੰਥ ਦੀ ਪਦਵੀ ਬਖਸ਼ ਸਦੀਵੀ ਸਤਿਗੁਰੂ ਥਾਪ ਦਿੰਦੇ ਹਨ।

ਕੌਮ ਦੀ ਅਗਵਾਈ ਉਹ ਕਰ ਸਕਦਾ ਹੈ ਜੋ ਨਿੱਜ-ਪ੍ਰਸਤ ਨਹੀਂ ਮੌਕਾ ਪ੍ਰਸਤ ਤੇ ਪਰਿਵਾਰ-ਪ੍ਰਸਤ ਨਹੀਂ ਬਲਕਿ ਸਿੱਖ ਸੇਵਕਾਂ ਤੋਂ ਪੁੱਤਰ ਤੇ ਸਭ ਕੁਝ ਵਾਰ ਸਕਦਾ ਹੈ।  ‘ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।  ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ’ ਕਿਸੇ ਦੇ ਸਰੀਰ ਨੂੰ ਉਂਚਾ-ਨੀਵਾਂ ਜਾਂ ਪਿਆਰਾ ਨਹੀਂ ਕਿਹਾ ਬਲਕਿ ਉਸ ਦੇ ਖ਼ਾਲਸਈ ਜੀਵਨ ਨੂੰ ਉਂਚਾ-ਸੁੱਚਾ ਕਿਹਾ ਹੈ। ‘ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ।  ਰਹਣੀ ਰਹੈ ਸੋਈ ਸਿੱਖ ਮੇਰਾ।  ਉਹ ਸਾਹਿਬ ਮੈਂ ਉਸਕਾ ਚੇਰਾ।’ ਅੱਜ ਗੁਰੂ ਪਾਤਸ਼ਾਹ ਦੀਆਂ ਇੰਨੀਆਂ ਮਹਾਨ ਬਖਸ਼ਿਸ਼ਾਂ ਵੱਲ ਪਿੱਠ ਕਰਕੇ ਖੜੇ ਹਾਂ ਅਸੀਂ ਰਹਿਤ-ਬਹਿਤ ਤੋਂ ਊਣੇ ਸਿਰ-ਮੂੰਹ ਘੋਨ-ਮੋਨ ਕਰਵਾ ਕੇ ਆਪਣੇ ਆਪ ਨੂੰ ਪੰਥ-ਪ੍ਰਤੀਨਿਧੀ ਸੰਸਥਾਵਾਂ ਦਾ ਆਗੂ ਦਰਸਾਉਂਦੇ ਹਾਂ।  ਸਿੱਖ ਦੇ ਗੁਰੂ-ਪ੍ਰੇਮ ਦੀ ਇਕੋ ਨਿਸ਼ਾਨੀ ਅਤੇ ਸ਼ਰਤ ਅੰਤਿਮ ਸਵਾਸਾਂ ਤੱਕ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣਾ ਹੀ ਹੈ, ਜੋ ਅਸੀਂ ਹਰ ਰੋਜ਼ ਆਪਣੇ ਸ਼ਹੀਦਾਂ ਨੂੰ ਅਰਦਾਸ ਦੁਆਰਾ ਸਿੱਜਦਾ ਕਰਦਿਆਂ ਹੋਇਆਂ ਦੁਹਰਾਉਂਦੇ ਹਾਂ ‘ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਸਿੱਖੀ ਨਿਭਣ ਦੀ ਇਕੋ ਨਿਸ਼ਾਨੀ ਕੇਸ ਹੈ।  ਕੋਈ ਗੁਰੂ ਦੇ ਪਿਆਰ ਦਾ ਬੱਧਾ ਹੀ ਦੇਸ਼-ਪ੍ਰਦੇਸ਼ ਵਿੱਚ ਬੈਠਾ ਪਦਾਰਥਾਂ ਦੇ ਇਸ ਮਾਇਆ-ਜਾਲ, ਫੈਸ਼ਨ-ਪ੍ਰਸਤੀ ਦੇ ਜ਼ਮਾਨੇ ਵਿੱਚ ਆਪਣੀ ਸਾਬਤ-ਸੂਰਤ ਕਾਇਮ ਰੱਖ ਸਕਦਾ ਹੈ।  ਜਿਸ ਦਾ ਆਪਣੇ ਗੁਰੂ ਦਸਮੇਸ਼ ਨਾਲ ਪਿਆਰ ਹੈ, ਉਹੀ ਗੁਰੂ ਦਸਮੇਸ਼ ਦਾ ਪਿਆਰਾ ਹੋਣ ਦਾ ਹੱਕਦਾਰ ਹੈ।  ਅੱਜ ਸਾਡੇ ਤੋਂ ਸਭ ਕੁਝ ਕੁਰਬਾਨ ਕਰ ਜਾਣ ਵਾਲੇ ਗੁਰੂ ਦੀ ਬਖਸ਼ੀ ਰਹਿਤ ਦੇ ਆਪ ਧਾਰਨੀ ਹੋਈਏ ਤੇ ਹੋਰਨਾਂ ਨੂੰ ਪ੍ਰੇਰਨਾਂ ਦੇਈਏ ਤਾਂ ਹੀ ਸਾਡਾ ਇਸ ਦੁਨੀਆਂ ਤੇ ਆਇਆ ਸਫ਼ਲਾ ਹੋਵੇਗਾ।

ਵਾਹਗੁਰੂ ਜੀ ਕਾ ਖਾਲਸਾ।  ਵਾਹਿਗੁਰੂ ਜੀ ਕੀ ਫ਼ਤਹ॥

ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ॥  ਸਦਾ ਅੰਗ ਸੰਗੇ ਅਭੰਗੰ ਬਿਭੂਤੇ॥

ਚੇਅਰਮੈਨ,ਸਿੱਖ ਮਿਸ਼ਨ ਇੰਟਰਨੈਸ਼ਨਲ,

ਮੈਂਬਰ ਤੇ ਸਾਬਕਾ ਚੀਫ ਸੈਕਟਰੀ,ਸ਼੍ਰੋ:ਗੁ:ਪ੍ਰ:ਕਮੇਟੀ,

ਸਾਬਕਾ ਮੰਤਰੀ ਪੰਜਾਬ ਸਰਕਾਰ।

ਮੋਬਾਈਲ ਨੰ: 09814050679, 09876921214.  

Leave a Reply