ਸ਼੍ਰੀ ਦਸਮ ਗ੍ਰੰਥ ਸੰਬੰਧੀ ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ – Dr. Harbhajan Singh

ਸ਼੍ਰੀ ਦਸਮ ਗ੍ਰੰਥ ਸੰਬੰਧੀ

ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ

Dr. Harbhajan Singh

Head/Project Director, Dr. Balbir Singh Sahitya Kendra. Dehradun 

ਸ਼੍ਰੀ ਦਸਮ ਗਰੰਥ ਦੇ ਕਰਤ੍ਰਿਤਵ ਸੰਬੰਧੀ ਤਥਹੀਣ ਅਤੇ ਨਿਰਾਧਾਰ ਅਫਵਾਹਾਂ ਫੈਲਾ ਕੇ ਸਿਖਾਂ ਨੂੰ ਭਰਮ ਵਿਚ ਪਾਉਣ ਵਾਲੇ ਲੇਖਕਾਂ ਦੇ ਕੈਲੀਫੋਰਨੀਆ ਸਥਿਤ ਆਗੂ ਸ. ਜਸਬੀਰ ਸਿੰਘ ‘ਮਾਨ,’ ਜੋ ਕਿ ਪੇਸ਼ੇ ਵਜੋਂ ਹਡੀਆਂ ਦੇ ਡਾਕਟਰ ਹਨ, ਨੇ ਆਪਣੀਆਂ ਬੇਬੁਨਿਆਦ ਧਾਰਨਾਵਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਵਾਹਿਤ ਕਰਨ ਵਾਸਤੇ ਪੰਜਾਹ ਕੁ ਪੰਨਿਆਂ ਦੀ ਇਕ ਲੇਖਣੀ ਰੂਪ ਮਿਸਾਈਲ ਫਿਰ ਦਾਗ਼ੀ ਹੈ, ਜਿਸ ਨੂੰ ਉਨ੍ਹਾਂ ਨੇ Guru Granth Sahib; as the only Sikh canon (Presently Published Sri Dasam Granth and British Connection) REJOINDER TO “Sri Dasam Granth Sahib; the Second Canon of the Sikhs”  ਦਾ ਨਾਮ ਦਿਤਾ ਹੈ। ਡਾ. ਮਾਨ ਦੇ ਇਸ ਲੇਖ ਵਿਚ ਕੁਝ ਵੀ ਨਵਾਂ ਨਹੀਂ। ਇਸ ਬਾਰੇ ਇਹ ਕਹਾਵਤ ਵੀ ਅਨੁਚਿਤ ਹੈ ਕਿ ਇਹ ਨਵੀਆਂ ਬੋਤਲਾਂ ਵਿਚ ਪੁਰਾਣੀ ਸ਼ਰਾਬ ਹੈ। ਹਕੀਕਤਨ ਇਹ ਪੁਰਾਣੀਆਂ ਬੋਤਲਾਂ ਵਿਚ ਅਸਲੋਂ ਪੁਰਾਣੀ ਸ਼ਰਾਬ ਹੈ। ਇਸ ਦਾ ਕੇਵਲ ਆਧਾਰ ਹੈ “ਸੌ ਵਾਰ ਝੂਠ ਨੂੰ ਸਚ ਕਹੋ, ਤਾਂ ਉਹ ਸਚ ਜਾਪਣ ਲਗ ਪੈਂਦਾ ਹੈ।” ਡਾ. ਮਾਨ ਸ਼ਾਇਦ ਨਵੀਆਂ-ਨਵੀਆਂ ਅਫਵਾਹਾਂ ਘੜਨ ਦੇ ਅਸਮਰਥ  ਹਨ, ਇਸ ਲਈ ਇਕੋ ਅਸਤ ਨੂੰ ਵਾਰ-ਵਾਰ ਕਹਿ ਕੇ ਉਸ ਨੂੰ ਆਧਾਰ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਨ। ਹਾਲਾਕਿ ਉਹ ਨਿਰਪਖ ਹੋ ਕੇ ਲਿਖਣ ਦਾ ਵਾਰ-ਵਾਰ ਭ੍ਰਮ ਪੈਦਾ ਕਰਦੇ ਹਨ, ਪਰ ਕਿਹਾ ਇਹ ਜਾਂਦਾ ਹੈ ਕਿ ਉਹ ਸ਼੍ਰੀ ਦਸਮ ਗ੍ਰੰਥ ਵਿਰੁਧ ਲਿਖਣ ਵਾਸਤੇ ਲੋਕਾਂ ਨੂੰ ਪੈਸੇ ਦਾ ਲਾਲਚ ਵੀ ਦੇ ਰਹੇ ਹਨ। ਡਾ. ਮਾਨ ਆਪਣੇ ਅਸਲ ਚੇਹਰੇ ਨੂੰ ਨਕਾਬ ਹੇਠ ਛੁਪਾਉਣ ਵਾਸਤੇ ਲਿਖਦੇ ਹਨ “Two viewpoints have been circulating in Panthic and Sikh studies circles about Dasam Granth. One view gives total Acceptance and agrees that Guru Gobind Singh Ji wrote all compositions present in the Published Granth. 2nd view point is of total rejection of this Granth. Present author disagrees with both view points.. (ਭਾਵ ਪੰਥਕ ਅਤੇ ਸਿਖ ਅਧਿਐਨ ਦੇ ਖੇਤਰ ਵਿਚ ਦਸਮ ਗ੍ਰੰਥ ਬਾਰੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਹਨ। ਇਕ ਧਾਰਨਾ ਅਨੁਸਾਰ ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਦੂਜੀ ਧਾਰਨਾ ਦੇ ਲੋਕ ਇਸ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਇਸ ਲੇਖ ਦਾ ਕਰਤਾ ਦੋਹਾਂ ਨਾਲ ਅਸਹਿਮਤ ਹੈ)। ਡਾ. ਮਾਨ ਸਮੁਚੇ ਗ੍ਰੰਥ ਦੀ ਰਚਨਾ ਅੰਗ਼ਰੇਜ਼ਾਂ ਦੁਆਰਾ ਕੀਤੀ ਗਈ ਮੰਨਦੇ ਹਨ। ਉਹ ਕਿਤੇ ਵੀ ਇਹ ਸਿਧ ਨਹੀਂ ਕਰਦੇ ਕਿ ਸ਼੍ਰੀ ਦਸਮ ਗ੍ਰੰਥ ਵਿਚ ਇਹ-ਇਹ ਰਚਨਾਵਾਂ ਅੰਗ਼ਰੇਜ਼ਾਂ ਨੇ ਜੋੜੀਆਂ ਹਨ, ਬਲਕਿ ਇਕੋ ਹੀ ਰਟ ਲਗਾਈ ਜਾ ਰਹੇ ਹਨ ਕਿ ਅਠਾਰਵੀਂ ਸਦੀ ਵਿਚ ‘ਸ੍ਰੀ ਦਸਮ ਗ੍ਰੰਥ’ ਨਾਮ ਵਾਲਾ ਕੋਈ ਗ੍ਰੰਥ ਨਹੀਂ ਸੀ, ਉਨੀਵੀਂ ਸਦੀ ਦੇ ਆਰੰਭ ਵਿਚ ਇਹ ਅੰਗ਼ਰੇਜ਼ਾਂ ਨੇ ਤਿਆਰ ਕਰਵਾਇਆ ਸੀ। ਉਹ ਕਿਤੇ ਵੀ ਇਹ ਨਹੀਂ ਲਿਖਦੇ ਕਿ ਅਮਕੀਆਂ ਬਾਣੀਆਂ ਅੰਗ਼ਰੇਜ਼ਾਂ ਦੁਆਰਾ ਵਧਾਈਆਂ ਗਈਆਂ ਹਨ ਅਤੇ ਇਹ ਜਾਅਲੀ ਰਚਨਾਵਾਂ ਸਿਰਜਿਤ ਕਰਨ ਨਾਲ ਅੰਗ਼ਰੇਜ਼ਾਂ ਦੀ ਰਾਜਨੀਤਿਕ ਸੱਤਾ ਜਾਂ ਈਸਾਈ ਧਰਮ ਨੂੰ ਇਸ ਤਰ੍ਹਾਂ ਦਾ ਲਾਭ ਹੋ ਸਕਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਡਾ. ਮਾਨ ਦੀਆਂ ਜਿਨ੍ਹਾਂ ਧਾਰਨਾਵਾਂ ਨੂੰ ਮੈਂ ਆਪਣੀ ਪ੍ਰਕਾਸ਼ਿਤ ਪੁਸਤਕ ਵਿਚ ਪਹਿਲਾਂ ਹੀ ਨਕਾਰ ਚੁਕਾ ਹਾਂ, ਉਨ੍ਹਾਂ ਮੇਰੀ ਕਿਸੇ ਵੀ ਗਲ ਦਾ ਜਵਾਬ ਨਾ ਦੇ ਕੇ ਆਪਣੀਆਂ ਨਿਰਾਧਾਰ ਸਥਾਪਨਾਵਾਂ ਨੂੰ ਫਿਰ ਸਚ ਦਾ ਜਾਮਾ ਪਹਿਨਾਉਣ ਦਾ ਯਤਨ ਕੀਤਾ ਹੈ। ਅਗਲੇ ਪੰਨਿਆਂ ‘ਤੇ ਮੈਂ ਡਾ. ਮਾਨ ਦੇ ਇਸ ਢੀਠ ਅਸਤਵਾਦ ਨੂੰ ਬੇਪਰਦ ਕਰਨ ਦਾ ਯਤਨ ਕਰਾਂਗਾ।

ਸ਼੍ਰੀ ਦਸਮ ਗ੍ਰੰਥ ਦੇ ਸਾਰੇ ਹੀ ਵਿਰੋਧੀ ਸਿਖ ਸੰਗਤ ਨੂੰ ਗੁਮਰਾਹ ਕਰਨ ਵਾਸਤੇ ਵਾਰ-ਵਾਰ ਇਹ ਹਊਆ ਖੜਾ ਕਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਨੂੰ ਸ਼੍ਰੀ ਦਸਮ ਗ੍ਰੰਥ ਤੋਂ ਖ਼ਤਰਾ ਹੈ। ਸਿਖਾਂ ਦੇ ਮਨਾਂ ਵਿਚ ਡਰ ਪੈਦਾ ਕਰਨ ਦੀ ਇਸੇ ਕੁਚੇਸ਼ਟਾ ਅਧੀਨ ਹੀ ਡਾ. ਮਾਨ ਨੇ ਆਪਣੇ ਤਥਹੀਣ ਲੇਖ ਨੂੰ ‘Guru Granth Sahib; as the only Sikh canon’ ਸਿਰਲੇਖ ਦਿਤਾ ਹੈ। ਮੈਨੂੰ ਕੋਈ ਵੀ ਸ਼੍ਰੀ ਦਸਮ ਗ੍ਰੰਥ ਦਾ ਅਜਿਹਾ ਹਿਮਾੲਤੀ ਨਹੀਂ ਮਿਲਿਆ, ਜਿਸ ਨੇ ਸ਼੍ਰੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵਡਾ ਅਤੇ ਮਹਤਵਪੂਰਨ ਮੰਨਿਆ ਹੋਵੇ। ਭਾਈ ਕੇਸਰ ਸਿੰਘ ਛਿਬਰ ਤੋਂ ਅਜ ਤਕ ਹਰ ਸਿਖ ਇਸ ਨੂੰ ਛੋਟਾ ਗ੍ਰੰਥ ਮੰਨ ਕੇ ਹੀ ਸਤਿਕਾਰ ਦੇਂਦਾ ਹੈ। ਪਰ ਮੈਂ ਨਿਸ਼ਚੈ ਨਾਲ ਕਹਿੰਦਾ ਹਾਂ ਕਿ ਮੈਨੂੰ ਕੋਈ ਵੀ ਅਜਿਹਾ ਸ਼੍ਰੀ ਦਸਮ ਗ੍ਰੰਥ ਦਾ ਵਿਰੋਧੀ ਵੀ ਨਹੀਂ ਮਿਲਿਆ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਰਨਤਾ ਉਤੇ ਵਿਸ਼ਵਾਸ ਹੋਵੇ। ਉਸ ਨੂੰ ਰਾਗਮਾਲਾ ‘ਤੇ ਸੰਦੇਹ ਹੈ, ਭਟਾਂ ਦੀ ਬਾਣੀ ‘ਤੇ ਸੰਦੇਹ ਹੈ, ਭਗਤ-ਬਾਣੀ ਉਤੇ ਸ਼ੰਕਾ ਹੈ, ਭਾਈ ਗੁਰਦਾਸ ਦੀਆਂ ਰਚਨਾਵਾਂ ਉਤੇ ਕਿੰਤੂ ਹਨ। ਉਹ ਗੁਰੂ-ਪਰਿਵਾਰ ਦੇ ਲੋਕਾਂ ਅਤੇ ਭਾਈ ਨੰਦ ਲਾਲ ਜੀ ਜੈਸੀਆਂ ਹੋਰ ਹਸਤੀਆਂ ਦੇ ਨਾਂਵਾਂ ਨੂੰ ਵਿਗਾੜਨ ਦੀ ਕੁਚੇਸ਼ਟਾ ਤੋਂ ਗ੍ਰਸਤ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਨੂੰ ਨਿਸ਼ਚਿਤ ਤੌਰ ਤੇ ਡਾ. ਮਾਨ ਦੇ ਸੰਦੇਹਵਾਦੀ ਧੜੇ ਤੋਂ ਖ਼ਤਰਾ ਹੈ, ਸ਼੍ਰੀ ਦਸਮ ਗ੍ਰੰਥ ਵਿਚ ਨਿਸ਼ਚਾ ਰਖਣ ਵਾਲੇ, ਇਥੋਂ ਤਕ ਕਿ ਇਸ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ, ਕਿਸੇ ਇਕ ਵਿਅਕਤੀ ਦਾ ਮਾਨ ਸਾਹਿਬ ਨਾਮ ਦਸ ਦੇਣ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਗੁਰੂ ਹੋਣ ਉਤੇ ਸੰਦੇਹ ਕੀਤਾ ਹੋਵੇ। ਹਾਂ ਇਸ ਲਈ ‘canon’ਸ਼ਬਦ ਵਰਤਣ ਉਤੇ ਮੈਨੂੰ ਸਖ਼ਤ ਇਤਰਾਜ਼ ਹੈ, ਕਿਉਂਕਿ ਇਸ ਪਦ ਦਾ ਅਰਥ ‘ਗੁਰੂ ਗ੍ਰੰਥ’ ਨਹੀਂ ਬਣਦਾ। ਮੈਂ ਆਪਣੀ ਪੁਸਤਕ ਵਿਚ ਇਸ ਸ਼ਬਦ ਦੇ ਕੋਸ਼ਗਤ ਅਰਥ ਅਤੇ ਇਸ ਪਿਛੇ ਵਿਦਮਾਨ ਸਿਧਾਂਤ ਦਾ ਸੰਖੇਪ ਵਿਸ਼ਲੇਸ਼ਣ ਕੀਤਾ ਸੀ, ਡਾ. ਮਾਨ ਨੇ ਕੋਈ ਉਤਰ ਤਾਂ ਨਹੀਂ ਦਿਤਾ। ਪਰ ਸਿਖ ਧਰਮ ਨੂੰ ਭ੍ਰਸ਼ਟ ਕਰਨ ਵਾਸਤੇ ਅੰਗ਼ਰੇਜ਼ੀ ਕਲਚਰ ਦੇ ੳਸੇ ਸ਼ਬਦ ਨੂੰ ਵਾਰ-ਵਾਰ ਦੁਹਰਾ ਕੇ ਸਿਖਾਂ ਦੇ ਮਨ-ਮਸਤਿਕ ਨੂੰ ਪਲੀਦ ਕਰਨ ਦਾ ਕੰਮ ਜ਼ਰੂਰ ਕੀਤਾ ਹੈ। ਡਾ. ਮਾਨ ਨੇ ਆਪਣੇ ਲੇਖ ਵਿਚ ਬਹੁਤ ਸਾਰੀਆਂ ਉਰਲੀਆਂ-ਪਰਲੀਆਂ ਗਲਾਂ ਲਿਖੀਆਂ ਹਨ, ਪਰ ਮੈਂ ਪਹਿਲਾਂ  ਆਪਣੇ-ਆਪ ਨੂੰ ਉਨ੍ਹਾਂ ਦੁਆਰਾ ਖੜੇ ਕੀਤੇ ਪ੍ਰਸ਼ਨਾਂ ਉਤੇ ਹੀ ਕੇਂਦ੍ਰਿਤ ਕਰਦਾ ਹਾਂ। ਉਹ ਕਹਿੰਦੇ ਹਨ ਕਿ ਇਸ ਗ੍ਰੰਥ ਦੇ ਕਰਤ੍ਰਿਤਵ ਸੰਬੰਧੀ ਦੋ ਬੁਨਿਆਦੀ ਪ੍ਰਸ਼ਨਾਂ ਦਾ ਸਮਾਧਾਨ ਜ਼ਰੂਰੀ ਹੈ-

1.         ਪਹਿਲਾ ਪ੍ਰਸ਼ਨ- ਅਕਾਦਮਿਕ ਮਾਪਡੰਡਾਂ ਉਤੇ ਆਧਾਰਿਤ- ੳ. ਇਹ ਗ੍ਰੰਥ ਕਦੋਂ ਲਿਖਿਆ ਗਿਆ। ਅ. ਇਸ ਗ੍ਰੰਥ ਦਾ ਇਤਿਹਾਸ। ੲ. ਲਿਖਣ ਵਾਲਾ ਕੌਣ ਸੀ ? ਸ. ਗ੍ਰੰਥ ਦੀ ਅੰਦਰੂਨੀ ਨਿਰੰਤਰਤਾ (consistency)?

2.         ਦੂਜਾ ਪ੍ਰਸ਼ਨ- ਜਿਹੋ-ਜਿਹਾ ਗ੍ਰੰਥ 1810 ਈ.ਵਿਚ ਮੈਲਕਮ ਨੇ ਦਸਿਆ ਅਤੇ ਮਗਰੋਂ 1897 ਈ. ਵਿਚ ਉਸ ਨੂੰ ‘ਸੋਧਕ ਕਮੇਟੀ’ ਨੇ ਸੋਧਿਆ ਅਤੇ ਸੰਪਾਦਿਤ ਕੀਤਾ, ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ‘ਦਸਮੀ ਪਾਤਸ਼ਾਹੀ ਕਾ ਗ੍ਰੰਥ’ ਨਾਮੀ ਕੋਈ ਅਜਿਹਾ ਗ੍ਰੰਥ ਸਾਰੀਆਂ ਰਚਨਾਵਾਂ ਸਹਿਤ ਅਠਾਰਵੀਂ ਸਦੀ ਵਿਚ ਮੌਜੂਦ ਸੀ, ਜਿਸ ਦਾ ਪੰਜਾਬ ਅਤੇ ਦਿਲੀ ਦੇ ਗੁਰਦੁਆਰਿਆਂ ਵਿਚ ਪ੍ਰਕਾਸ਼ ਹੁੰਦਾ ਹੋਵੇ ? ਇਸ ਗ੍ਰੰਥ ਦੀ ਤਿਆਰੀ, ਤਰਤੀਬ ਅਤੇ ਪ੍ਰਚਲਨ ਵਿਚ ਬਰਤਾਨਵੀ ਲੋਕਾਂ ਦੀ ਸ਼ਮੂਲੀਅਤ ਸੰਬੰਧੀ ਅਕਾਦਮਿਕ ਪ੍ਰਮਾਣਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ, ਸੋ ਪ੍ਰਮਾਣਿਕਤਾ ਦੀ ਜਾਂਚ ਸੰਬੰਧੀ ਕੋਈ ਵੀ ਕਮੇਟੀ ਇਸ ਨੂੰ ਧਿਆਨ ਵਿਚ ਰਖੇ।

ਉਕਤ ਸੰਦੇਹਾਂ ਦਾ ਵਿਸਤਾਰ ਕਰ ਕੇ ਡਾ. ਮਾਨ ਨੇ ਇਹ ‘Table of Knowledge’ ਪ੍ਰਸਤੁਤ ਕੀਤਾ ਹੈ-

1.         ਕੀ ਕੋਈ ਸਾਹਿਤਿਕ ਸੋਮਾ ਸੂਚਿਤ ਕਰਦਾ ਹੈ ਕਿ 18ਵੀਂ ਸਦੀ ਵਿਚ ਸ੍ਰੀ ਦਸਮ ਗ੍ਰੰਥ ਸੰਬੰਧੀ ਕੋਈ ਵਿਵਾਦ ਸੀ ?

2.         ਭਾਈ ਮਨੀ ਸਿੰਘ ਵਾਲੀ ਬੀੜ, ਪਟਨਾ ਵਾਲੀ ਬੀੜ ਅਤੇ ਆਨੰਦਪੁਰੀ ਬੀੜ ਨਾਲ ਸੰਬੰਧਿਤ ਅਕਾਦਮਿਕ ਮੁਦੇ ?

3.         ਕੀ ਇਹ ਸੱਚ ਹੈ ਕਿ ਦਸਮ ਗ੍ਰੰਥ 19ਵੀਂ ਸਦੀ ਵਿਚ ਪ੍ਰਗਟ ਹੋਇਆ ? ਕੀ ਪੰਜਾਬ ਅਤੇ ਦਿਲੀ ਦੇ ਇਲਾਕਿਆਂ ਵਿਚ 18ਵੀਂ ਸਦੀ ਵਿਚ ਦਸਮ ਗ੍ਰੰਥ ਮੌਜੂਦ ਸੀ ?

4.         ਕੀ ਇਹ ਠੀਕ ਹੈ ਕਿ ਛਪਿਆ ਹੋਇਆ ਮੌਜੂਦਾ ਦਸਮ ਗ੍ਰੰਥ 1810 ਈ.  ਵਿਚ ਰਚਿਤ ਮੈਲਕਮ ਦੀ ਪੁਸਤਕ ‘ਸ਼ਕੲਟਚਹ ੋਡ ਟਹੲ ਸ਼ਕਿਹਸ’ ਵਿਚ ਪਹਿਲੀ ਵਾਰ ਚਰਚਿਤ ਹੋਇਆ ਸੀ ?

5.         ਕੀ ਇਹ ਇਤਿਹਾਸਿਕ ਸਚਾਈ ਹੈ ਕਿ ਅੰਗ਼ਰੇਜ਼ਾਂ ਨੇ ਸਿਖਾਂ ਅਤੇ ਸਿਖ ਰਾਜ ਨੂੰ ਕਮਜ਼ੋਰ ਕਰਨ ਵਾਸਤੇ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਬੁਰੇ ਮਨਸੂਬਿਆਂ ਕਾਰਨ ਪ੍ਰਚਾਰਿਆ ਅਤੇ ਪਸਾਰਿਆ ਸੀ ?

6.         ਦਸਮ ਗ੍ਰੰਥ ਦੀਆਂ ਅੰਦਰੂਨੀ ਮਿਤੀਆਂ ?

7.         ਕੀ ਮੌਜੂਦਾ ਪ੍ਰਕਾਸ਼ਿਤ ਬੀੜ ਦਾ ਪਾਠ ਅਤੇ ਕ੍ਰਮ ਅੰਗ਼ਰੇਜ਼ਾਂ ਨੇ ਸਿਖ ਕੌਮ ਦੀ ਸੁਤੰਤਰ ਹੋਂਦ ਨਸ਼ਟ ਕਰਨ ਵਾਸਤੇ ਪ੍ਰਸਿਧ ਕੀਤਾ ਸੀ ?

8.         ਕੀ ਕਲਕੱਤੇ ਦੇ ਆਤਮਾ ਰਾਮ ਨਿਰਮਲੇ ਦਾ ਪਟਨੇ ਦੇ ਨਿਰਮਲੇ ਮਹੰਤਾਂ ਨਾਲ ਕੋਈ ਸੰਬੰਧ ਸੀ ?

9.         ਅਕਾਲ ਉਸਤਤਿ ਦੇ ਤ੍ਰਿਭੰਗੀ ਛੰਦ ਦਾ ਆਤਮਾ ਰਾਮ ਨਾਲ ਸੰਬੰਧ ?

10.       ਅਠਾਰਵੀਂ ਸਦੀ ਦੇ ਅੰਤ ਵਿਚ ਅੰਗ਼ਰੇਜ਼ਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਉਤੇ ‘ਬਚਿਤਰ ਨਾਟਕ’ ਦੀ ਉਤਮਤਾ ਸਥਾਪਿਤ ਕਰਨ ਦੇ ਸਬੂਤ ?

11.       1847 ਵਿਚ ਰਚਿਤ ਦਸਮ ਗ੍ਰੰਥ (ਦੇਵਨਾਗਰੀ) ਪਿਛੇ ਅੰਗ਼ਰੇਜ਼ ਸਕਕਾਰ ਦਾ ਹਥ ਹੋਣ ਦੇ ਸਬੂਤ ?

12.       ‘ਖ਼ਾਸ ਦਸਖ਼ਤੀ ਪੱਤਰਾਂ’ ਨਾਲ ਸੰਬੰਧਿਤ ਅਕਾਦਮਿਕ ਮੁਦਿਆਂ ਦੀ ਪੜਚੋਲ ?

13.       1925 ਈ. ਦੀ ਸਿਖ ਰਹਿਤ ਮਰਯਾਦਾ ਅਤੇ ਦਸਮ ਗ੍ਰੰਥ ?

14.       ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੁਤਾ ਦੇਣਾ ? Guru Granth is the sole Canon of the Sikhs.

15.       ਸੋਧਕ ਕਮੇਟੀ ਅਤੇ ਦਸਮ ਗ੍ਰੰਥ ?

16.       ਅਠਾਰਵੀਂ ਸਦੀ ਵਿਚ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਹੋਇਆ ਵਿਵਾਦ ?

17.       6 ਜੂਨ 2008 ਦਾ ਅਕਾਲ ਤਖ਼ਤ ਦਾ ਗੁਰਮਤਾ ?

 

ਇਨ੍ਹਾਂ ਮੁਦਿਆਂ ਉਤੇ ਡਾ. ਮਾਨ ਦੁਆਰਾ ਪ੍ਰਸਤੁਤ ਯੁਕਤੀਆਂ ਦੀ ਤਾਰਕਿਕ ਸਮੀਖਿਆ-

1.         ਕੀ ਕੋਈ ਸਾਹਿਤਿਕ ਸੋਮਾ ਸੂਚਿਤ ਕਰਦਾ ਹੈ ਕਿ 18ਵੀਂ ਸਦੀ ਵਿਚ ਸ੍ਰੀ ਦਸਮ ਗ੍ਰੰਥ ਸੰਬੰਧੀ ਕੋਈ ਵਿਵਾਦ ਸੀ ? ਡਾ. ਮਾਨ ਇਸ ਪ੍ਰਸ਼ਨ ਦੇ ਸਮਾਧਾਨ ਵਿਚ ਲਿਖਦੇ ਹਨ ਕਿ ਭਾਈ ਕਾਨ੍ਹ ਸਿੰਘ ‘ਨਾਭਾ’ ਅਨੁਸਾਰ 1726 ਈ. ਵਿਚ ਭਾਈ ਮਨੀ ਸਿੰਘ ਦੁਆਰਾ ਦਸਮ ਗ੍ਰੰਥ ਦੀ ਬੀੜ ਤਿਆਰ ਕਰਦਿਆਂ ਹੀ ਅਠਾਰ੍ਹਵੀਂ ਸਦੀ ਵਿਚ ਇਸ ਉਤੇ ਵਿਵਾਦ ਛਿੜ ਗਿਆ ਸੀ। ਪਰ ਭਾਈ ਮਹਿਤਾਬ ਸਿੰਘ ਦੀ ਮੱਸਾ ਰੰਘੜ ਨੂੰ ਮਾਰਨ ਦੀ ਪ੍ਰਤਿਗਿਆ ਪੂਰੀ ਹੋਣ ਕਾਰਨ ਦਸਮ ਗ੍ਰੰਥ ਦੀ ਬੀੜ ਜਿਵੇਂ ਦੀ ਤਿਵੇਂ ਬਚ ਗਈ। ਡਾ. ਮਾਨ ਨੂੰ ਰੰਜ ਹੈ ਕਿ ਇੰਞ ਇਕ ਵਿਅਕਤੀਗਤ ਪ੍ਰਤਿਗਿਆ ਦਸਵੇਂ ਗੁਰੂ ਜੀ ਦੇ ਸਿਧਾਂਤਾਂ ਉਤੇ ਹਾਵੀ ਹੋ ਗਈ। ਚੰਗਾ ਹੁੰਦਾ ਜੇ ਦੀਵਾਨ ਵਿਚ ਇਸ ਸੰਬੰਧੀ ਗੁਰੁਮਤਾ ਕੀਤਾ ਜਾਂਦਾ। ਲੇਖਕ ਕਹਿੰਦਾ ਹੈ ਕਿ ਜਿਵੇਂ ਭਾਈ ਮਨੀ ਸਿੰਘ ਦੁਆਰਾ ਕਰਤਾ ਅਨੁਸਾਰ ਸੰਪਾਦਿਤ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਦ ਕੀਤੀ ਗਈ ਸੀ, ਉਸੇ ਤਰ੍ਹਾਂ ਉਸ ਦੁਆਰਾ ਤਿਆਰ ਕੀਤੇ ਦਸਮ ਗ੍ਰੰਥ ਦੀਆਂ ਚਰਿਤਰੋਪਾਖਿਆਨ ਅਤੇ ਹਿਕਾਇਤਾਂ ਵਰਗੀਆਂ ਬਾਣੀਆਂ ਵੀ ਵਖ ਰਖਣੀਆਂ ਚਾਹੀਦੀਆਂ ਸਨ। ਡਾ. ਮਾਨ ਦਾ ਮੱਤ ਹੈ ਕਿ ਭਾਂਵੇਂ ਅਸੀਂ ਗੁਰੁਭਾਈ ਹੋਣ ਕਾਰਨ ਭਾਈ ਮਨੀ ਸਿੰਘ ਨੂੰ ਪੰਥ ਰਤਨ ਮੰਨਦੇ ਹਾਂ, ਫਿਰ ਵੀ (ਦਸਮ ਗ੍ਰੰਥ ਤਿਆਰ ਕਰ ਕੇ) ਉਸ ਨੇ ਸਿਖ ਪੰਥ ਦਾ ਭਾਰੀ ਨੁਕਸਾਨ ਕਰਨ ਵਾਲਾ ਘੋਰ ਪਾਪ ਕੀਤਾ ਹੈ। ਲੇਖਕ ਦਾ ਮੱਤ ਹੈ ਕਿ ਉਸ ਦੁਆਰਾ ਤਿਆਰ ਕੀਤੀ ਬੀੜ ਉਪਲਬਧ ਹੀ ਨਹੀਂ। ਜੋ ਬੀੜ ਉਸ ਦੇ ਨਾਮ ਤੇ ਹੈ, ਉਹ 1818 ਈ. ਵਿਚ ਸਾਹਮਣੇ ਆਉਂਦੀ ਹੈ ਅਤੇ ਹੁਣ ਦਿਲੀ ਵਿਚ ਹੈ। ਲੇਖਕ ਕਿੰਤੂ ਕਰਦਾ ਹੈ ਕਿ 1740 ਈ. ਦੇ ਅੰਤ ਵਿਚ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨੇ ਛੇਵੇਂ ਅਤੇ ਦਸਵੇਂ ਪਾਤਸ਼ਾਹ ਦੇ ਸਾਰੇ ਸ਼ਸਤਰ ਸਿਖਾਂ ਨੂੰ ਦੇ ਦਿਤੇ ਸਨ, ਜੋ ਹੁਣ ਰਕਾਬਗੰਜ ਵਿਚ ਸ਼ੋਭਿਤ ਹਨ, ਉਨ੍ਹਾਂ ਦਸਮ ਗ੍ਰੰਥ ਦੀ ਬੀੜ, ਖ਼ਾਸ ਪੱਤਰ ਜਾਂ ਕੋਈ ਤਸਵੀਰ ਸਿਖਾਂ ਨੂੰ ਕਿਉਂ ਨਹੀਂ ਦਿਤੀ ? ਡਾ. ਮਾਨ ਹੋਰ ਕਹਿੰਦੇ ਹਨ ਕਿ ਇਤਿਹਾਸਿਕ ਤਥ ਹੈ ਕਿ ਬਾਬਾ ਬੰਦਾ ਸਿੰਘ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਮਿਸਲਦਾਰ ਦਸਵੀਂ ਪਾਤਸ਼ਾਹੀ ਦੇ ਗ੍ਰੰਥ ਨੂੰ ਕੋਈ ਸਨਮਾਨ ਨਹੀਂ ਸਨ ਦੇਂਦੇ।  ਇਸ ਬੀੜ ਸੰਬੰਧੀ ਲੇਖਕ ਦੇ ਸੰਦੇਹ ਹਨ- ੳ. 1706 ਈ. ਵਿਚ ਆਦਿ ਗ੍ਰੰਥ ਦਾ ਪ੍ਰਮਾਣਿਕ ਪਾਠ ਸੰਪਾਦਿਤ ਕਰਨ ਵਾਲਾ ਭਾਈ ਮਨੀ ਸਿੰਘ 20 ਸਾਲਾਂ ਬਾਅਦ ਬੰਨੋ ਵਾਲੀ ਬੀੜ ਦਾ ਪਾਠ ਕਿਵੇਂ ਲਿਖ ਸਕਦਾ ਹੈ, ਜੋ ਰਾਜਾ ਗੁਲਾਬ ਸਿੰਘ ਵਾਲੀ ਬੀੜ ਵਿਚ ਵਿਦਮਾਨ ਹੈ ? ਅ. 1713 ਈ. ਤੋਂ 1818 ਈ. ਤਕ ਇਹ ਬੀੜ ਕਿਥੇ ਸੀ ?  ੲ. ਇਸ ਬੀੜ ਵਿਚ ਸਵਈਏ (33), ਸ਼ਬਦ ਹਜ਼ਾਰੇ, ਖਾਲਸਾ ਮਹਿਮਾ ਅਤੇ ਜ਼ਫ਼ਰਨਾਮਾ ਕੇਵਲ ਫ਼ਾਰਸੀ ਵਿਚ ਹੈ ? ਸ. ਇਸ ਵਿਚ ਪ੍ਰਕਾਸ਼ਿਤ ਬੀੜ ਨਾਲੋਂ ਕੁਝ ਛੰਦ ਵਧ-ਘਟ ਹਨ।

ਡਾ. ਮਾਨ ਦੇ ਇਸ ਪ੍ਰਸ਼ਨ ਕਿ ‘ਕੀ ਕੋਈ ਸਾਹਿਤਿਕ ਸੋਮਾ ਸੂਚਿਤ ਕਰਦਾ ਹੈ ਕਿ 18ਵੀਂ ਸਦੀ ਵਿਚ ਸ਼੍ਰੀ ਦਸਮ ਗ੍ਰੰਥ ਸੰਬੰਧੀ ਕੋਈ ਵਿਵਾਦ ਸੀ’ ਸੰਬੰਧੀ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਡਾ. ਮਾਨ ਕੋਲ ਥੋੜ੍ਹੀ ਜਿਤਨੀ ਵੀ ਈਮਾਨਦਾਰੀ, ਸਿਖ ਧਰਮ ਪ੍ਰਤੀ ਵਫ਼ਾਦਾਰੀ ਅਤੇ ਸਚਾਈ ਹੁੰਦੀ ਤਾਂ ਉਨ੍ਹਾਂ ਦਾ ਪ੍ਰਸ਼ਨ ਇਹੋ ਹੋਣਾ ਚਾਹੀਦਾ ਸੀ ਕਿ ‘ਕੀ ਅਠਾਰਵੀਂ ਸਦੀ ਦਾ ਕੋਈ ਸਾਹਿਤਿਕ ਸੋਮਾ ਸੂਚਿਤ ਕਰਦਾ ਹੈ ਕਿ ਉਸ ਸਦੀ ਵਿਚ ਸ੍ਰੀ ਦਸਮ ਗ੍ਰੰਥ ਸੰਬੰਧੀ ਕੋਈ ਵਿਵਾਦ ਸੀ।’ ਜੇ ਡਾ. ਮਾਨ ਦਸਮ ਗ੍ਰੰਥ ਦੇ ਅਜੋਕੇ ਨਾਮਕਰਣ ਅਤੇ ਸੰਕਲਨ ਵਾਸਤੇ ਸਾਰੇ ਪ੍ਰਮਾਣ ਅਠਾਰਵੀਂ ਸਦੀ ਦੇ ਮੰਗਦਾ ਹੈ, ਤਾਂ ਇਸ ਪ੍ਰਸ਼ਨ ਵਾਸਤੇ ਉਹ 1930 ਈ.ਵਿਚ ਪ੍ਰਕਾਸ਼ਿਤ ਹੋਏ ‘ਮਹਾਨ ਕੋਸ਼’ ਨੂੰ ਕਿਵੇਂ ਪ੍ਰਮਾਣਿਕ ਸੋਮਾ ਮੰਨ ਲੈਂਦਾ ਹੈ, ਜਦੋਂ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਭਾਈ ਕਾਨ੍ਹ ਸਿੰਘ ‘ਨਾਭਾ’ ਨੇ ਕਿਤੇ ਵੀ ਆਪਣੀ ਇਸ ਸਥਾਪਨਾ ਦਾ ਆਧਾਰ ਜ਼ਾਹਿਰ ਨਹੀਂ ਕੀਤਾ ? ਜੇ ਡਾ. ਮਾਨ 1769 ਈ. ਵਿਚ ਭਾਈ ਕੇਸਰ ਸਿੰਘ ‘ਛਿਬਰ’ ਦੁਆਰਾ ਰਚਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਪ੍ਰਮਾਣ ਨੂੰ ਨਹੀਂ ਮੰਨਦਾ, ਤਾਂ ਮੈਂ 1930 ਈ. ਵਿਚ ਰਚਿਤ ਗ੍ਰੰਥ ਦੀ ਸਥਾਪਨਾ ਨੂੰ ਕਿਉਂ ਸਚ ਮੰਨਾਂ ? ਹਾਲਾਕਿ ਜੋ ਪਾਪ ਭਾਈ ਕਾਨ੍ਹ ਸਿੰਘ ਨਾਭਾ ਨੇ ਬਿਲਕੁਲ ਨਹੀਂ ਕੀਤਾ, ਡਾ. ਮਾਨ ਝੂਠੋ-ਝੂਠ ਉਨ੍ਹਾਂ ਦੇ ਸਿਰ ਮੜ੍ਹਨ ਦਾ ਸੰਗੀਨ ਜੁਰਮ ਕਰ ਰਿਹਾ ਹੈ ਅਤੇ ਝੂਠੋ-ਝੂਠ ਇਕ ਅਤਿ ਸਤਿਕਾਰਿਤ ਵਿਅਕਤੀ ਨੂੰ ਪੰਥ ਵਿਚ ਬਦਨਾਮ ਕਰ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਦਾ ਪੂਰਾ ਇੰਦਰਾਜ਼ ਦੇ ਕੇ ਮੈਂ ਆਪਣੀ ਪੁਸਤਕ ‘ਸ਼੍ਰੀ ਦਸਮ ਗ੍ਰੰਥ-ਕਰਤਾ ਸੰਬੰਧੀ ਵਿਵਾਦ ਦੀ ਪੁਨਰ ਸਮੀਖਿਆ’ ਵਿਚ ਇਹ ਸਪਸ਼ਟ ਕੀਤਾ ਹੈ ਕਿ ਭਾਈ ਕਾਨ੍ਹ ਸਿੰਘ ਜੀ ਨੇ ਜੋ ਕਦੇ ਨਹੀਂ ਕਿਹਾ, ਉਹ ਉਨ੍ਹਾਂ ਦੇ ਨਾਮ ਨਾਲ ਝੂਠ ਬੋਲ ਕੇ ਜੋੜਿਆ ਜਾ ਰਿਹਾ ਹੈ। ਇਹੋ ਸਥਿਤੀ ਗਿਆਨੀ ਗਿਆਨ ਸਿੰਘ ਦੀ ਹੈ ਅਤੇ ਇਹੋ ਨਿੰਦਨੀਯ ਵਿਵਹਾਰ ਮੈਲਕਮ ਦੀ ਰਚਨਾ ਸੰਬੰਧੀ ਅਪਨਾਇਆ ਗਿਆ ਹੈ। ਜੇ ਡਾ. ਮਾਨ ਦੀ ਕਥਨੀ ਵਿਚ ਰਤਾ ਵੀ ਸਚਾਈ ਸੀ, ਤਾਂ ‘ਮਹਾਨ ਕੋਸ਼’ ਸੰਬੰਧੀ ਮੇਰੀਆਂ ਟਿਪਣੀਆਂ ਦਾ ਉਤਰ ਦੇਂਦੇ। ਉਨ੍ਹਾਂ ਅਜਿਹਾ ਸਾਹਸ ਕਿਉਂ ਨਹੀਂ ਕੀਤਾ ? ਉਪਰੋਕਤ ਪ੍ਰਸ਼ਨ ਦਾ ਉਤਰ ਮੈਂ ਪੁਰਜ਼ੋਰ ‘ਨਾਂਹ’ ਵਿਚ ਇਸ ਲਈ ਵੀ ਦੇਣ ਲਈ ਮਜ਼ਬੂਰ ਹਾਂ ਕਿ ਜੋ ਵਿਵਾਦ ਉਸ ਸਮੇਂ ਹੋਇਆ, ਅਠਾਰਵੀਂ ਸਦੀ ਦਾ ਲਿਖਾਰੀ ਭਾਈ ਕੇਸਰ ਸਿੰਘ ਸਪਸ਼ਟ ਤੌਰ ਤੇ ਲਿਖਦਾ ਹੈ ਕਿ ਉਸ ਵਿਵਾਦ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਅਤੇ ਭਗਤ-ਬਾਣੀ ਵਖ ਕੀਤੇ ਜਾਣ ਨਾਲ ਸੀ। ਸ੍ਰੀ ਦਸਮ ਗ੍ਰੰਥ ਦੇ ਸੰਕਲਨ ਨਾਲ ਉਸ ਦਾ ਕੋਈ ਦੇਣ-ਲੈਣ ਨਹੀਂ ਸੀ।

ਦਿਆਨਤਦਾਰ ਪਾਠਕ ਮਾਨ ਸਾਹਿਬ ਦੇ ਵਿਵੇਕ ਅਤੇ ਆਚਰਣ ਨੂੰ ਇਥੋਂ ਹੀ ਸਮਝ ਸਕਦਾ ਹੈ ਕਿ ਇਕ ਪਾਸੇ ਡਾ. ਮਾਨ ਕਹਿੰਦੇ ਹਨ ਕਿ 1810 ਈ. ਦੇ ਆਸ-ਪਾਸ ਸ੍ਰੀ ਦਸਮ ਗ੍ਰੰਥ ਮੈਲਕਮ ਨੇ ਆਤਮਾ ਰਾਮ ਨਿਰਮਲੇ ਤੋਂ ਲਿਖਵਾਇਆ ਸੀ ਅਤੇ ਅਠਾਰਵੀਂ ਸਦੀ ਵਿਚ ਇਹ ਗ੍ਰੰਥ ਦਿਲੀ ਦੇ ਆਸ-ਪਾਸ ਅਤੇ ਪੰਜਾਬ ਵਿਚ ਕਿਤੇ ਵੀ ਮੌਜੂਦ ਨਹੀਂ ਸੀ, ਦੂਜੇ ਪਾਸੇ ਉਹ ਜ਼ੋਰ ਦੇ ਕੇ ਕਹਿ ਰਹੇ ਹਨ ਕਿ  ‘1726 ਈ. ਵਿਚ ਭਾਈ ਮਨੀ ਸਿੰਘ ਦੁਆਰਾ ਦਸਮ ਗ੍ਰੰਥ ਦੀ ਬੀੜ ਤਿਆਰ ਕਰਦਿਆਂ ਹੀ, ਇਸ ਉਤੇ ਵਿਵਾਦ ਛਿੜ ਗਿਆ ਸੀ। ਜੇ ਇਹ ਗ੍ਰੰਥ ਅਠਾਰਵੀਂ ਸਦੀ ਦੇ ਅੰਤ ਤਕ ਮੌਜੂਦ ਨਹੀਂ ਸੀ, ਜੇ ਭਾਈ ਮਨੀ ਸਿੰਘ ਨੇ ਕੋਈ ਅਜਿਹੀ ਬੀੜ ਤਿਆਰ ਹੀ ਨਹੀਂ ਕੀਤੀ ਸੀ, ਤਾਂ 1740 ਈ. ਵਿਚ ਇਸ ਸੰਬੰਧੀ ਵਿਵਾਦ ਕਿਥੋਂ ਸਾਹਮਣੇ ਆ ਗਿਆ ? 1740 ਈ. ਵਿਚ ਮਹਿਤਾਬ ਸਿੰਘ ਦੀ ਪ੍ਰਤਿਗਿਆ ਪੂਰੀ ਹੋਣ ਕਾਰਨ ਫਿਰ ਕਿਹੜੀ ਬੀੜ ਜਿਵੇਂ ਦੀ ਤਿਵੇਂ ਬਚ ਗਈ ਸੀ ? ਡਾ. ਮਾਨ ਉਸ ਸਮੇਂ ਦੇ ਪੰਥ ਖ਼ਾਲਸਾ ਅਤੇ ਭਾਈ ਮਨੀ ਸਿੰਘ ਉਤੇ ਮਨਮਤੀਏ ਹੋਣ ਦਾ ਗੰਭੀਰ ਦੋਸ਼ ਲਗਾਉਂਦਾ ਹੈ, ਕਿਉਂਕਿ ਭਾਈ ਮਨੀ ਸਿੰਘ ਨੇ ਇਹ ਬੀੜ ਤਿਆਰ ਕਰ ਕੇ ਪੰਥ ਦਾ ਨੁਕਸਾਨ ਕੀਤਾ ਅਤੇ ਪੰਥ ਨੇ ਇਕ ਵਿਅਕਤੀ ਦੀ ਪ੍ਰਤਿਗਿਆ ਨੂੰ ਆਧਾਰ ਬਣਾ ਕੇ ਜੋ ਫੈਸਲਾ ਕੀਤਾ, ਉਹ ਪੰਥ ਲਈ ਘਾਤਕ ਸੀ। ਡਾ. ਮਾਨ ਦੇ ਇਨ੍ਹਾਂ ਕਥਨਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ- ੳ. ਸ਼੍ਰੀ ਦਸਮ ਗ੍ਰੰਥ ਦੀ ਪਹਿਲੀ ਬੀੜ ਭਾਈ ਮਨੀ ਸਿੰਘ ਨੇ ਹੀ ਲਿਖਵਾਈ ਸੀ। ਅ. 1740 ਈ. ਵਿਚ ਸ੍ਰੀ ਦਸਮ ਗ੍ਰੰਥ ਮੌਜੂਦ ਸੀ। 3. ਉਸ ਸਮੇਂ ਦੇ ਸਮੁਚੇ ਪੰਥ ਖ਼ਾਲਸੇ ਨੂੰ ਗੁਰਮਤਿ ਦੀ ਸੋਝੀ ਨਹੀਂ ਸੀ। ਸ. ਭਾਈ ਮਨੀ ਸਿੰਘ ਨੇ ਪੰਥ ਦਾ ਭਾਰੀ ਨੁਕਸਾਨ ਕੀਤਾ ਸੀ।

ਡਾ ਮਾਨ ਦੇ ਇਨ੍ਹਾਂ ਕਥਨਾਂ ਤੋਂ ਇਹ ਸਿਧ ਹੋ ਜਾਂਦਾ ਹੈ ਕਿ ਸ਼੍ਰੀਮਾਨ ਜੀ ਗੁਰੂ ਸਾਹਿਬ ਦੇ ਸੰਗ ਵਿਚ ਸਿਖਿਅਤ ਸਿਖਾਂ ਨਾਲੋਂ ਹੀ ਨਹੀਂ, ਸਾਰੇ ਪੰਥ ਨਾਲੋਂ ਆਪਣੇ-ਆਪ ਨੂੰ ਉਤਮ ਜਾਣਦੇ ਹਨ। ਡਾ. ਮਾਨ ਇਹ ਵੀ ਸਵੀਕਾਰ ਕਰਦੇ ਹਨ ਕਿ ਪੰਥ ਖ਼ਾਲਸਾ ਨੇ ਭਾਈ ਮਨੀ ਸਿੰਘ ਦੁਆਰਾ ਤਿਆਰ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਦ ਕਰ ਦਿਤੀ ਸੀ, ਪਰ ਉਸ ਦੁਆਰਾ ਤਿਆਰ ਕੀਤਾ ਦਸਮ ਗ੍ਰੰਥ ਰਦ ਨਾ ਕਰ ਕੇ ਕੇ ਗਲਤੀ ਕੀਤੀ ਸੀ। ਲੇਖਕ ਦੇ ਇਸ ਆਪਣੇ ਮੱਤ ਨੇ ਉਸ ਦੀਆਂ ਸਾਰੀਆਂ ਥਿਊਰੀਆਂ ਦਾ ਆਧਾਰ ਸਮੂਲ ਨਸ਼ਟ ਕਰ ਦਿਤਾ ਹੈ। ਉਸ ਨੇ ਆਪ ਸਵੀਕਾਰ ਕਰ ਲਿਆ ਹੈ ਕਿ- 1. ਭਾਈ ਮਨੀ ਸਿੰਘ ਹੀ ਸ੍ਰੀ ਦਸਮ ਗ੍ਰੰਥ ਦੇ ਸੰਕਲਨ-ਕਰਤਾ ਹਨ। 2. ਸਿਖ ਪੰਥ ਵਿਚ ਮਤਭੇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਬਦਲਣ ਨਾਲ ਸੰਬੰਧਿਤ ਸੀ। 3. ਸ਼੍ਰੀ ਦਸਮ ਗ੍ਰੰਥ ਨੂੰ ਉਸੇ ਤਰ੍ਹਾਂ ਰਖ ਲਿਆ ਗਿਆ ਅਰਥਾਤ ਪੰਥ ਨੇ ਇਸ ਨੂੰ ਗੁਰੂ-ਕ੍ਰਿਤ ਪ੍ਰਵਾਣ ਕਰ ਲਿਆ। ਮੈਂ ਬਹੁਤ ਸੁਹਿਰਦਤਾ ਨਾਲ ਮਾਨ ਸਾਹਿਬ ਦੀਆਂ ਇਨ੍ਹਾਂ ਤਿੰਨੇ ਸਥਾਪਿਤੀਆਂ ਨੂੰ ਸਵੀਕਾਰ ਕਰਦਾ ਹਾਂ, ਕਿਉਂਕਿ ਮੇਰੇ ਵਿਚਾਰ ਇੰਨ-ਬਿੰਨ ਇਹੋ ਹਨ। ਇਹ ਤਿੰਨੇ ਗੱਲਾਂ ਮੇਰੇ ਦਸਮ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨਣ ਦੇ ਮੂਲ-ਆਧਾਰ ਹਨ। ਇਸ ਦੀ ਸੰਪਾਦਨਾ ਹਰ-ਹਾਲ ਭਾਈ ਮਨੀ ਸਿੰਘ ਨੇ ਕੀਤੀ ਸੀ। ਪੰਥ ਵਿਚ ਵਿਵਾਦ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਨਾਲ ਸੰਬੰਧਿਤ ਸੀ ਅਤੇ ਮਹਿਤਾਬ ਸਿੰਘ ਦੀ ਪ੍ਰਤਿਗਿਆ ਪੂਰੀ ਹੋਣ ਦੀ ਥਿਊਰੀ ਮੂਲੋਂ ਗ਼ਲਤ ਹੈ, ਕਿਉਂਕਿ ਪੰਥ ਨੇ ਭਾਈ ਸਾਹਿਬ ਦੇ ਕੰਮ ਨੂੰ ਉਸੇ ਤਰ੍ਹਾਂ ਰਖਣਾ ਪ੍ਰਵਾਣ ਨਹੀਂ ਕੀਤਾ, ਬਲਕਿ ਮਾਨ ਸਾਹਿਬ ਦੇ ਕਥਨ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਈ ਮਨੀ ਸਿੰਘ ਵਾਲੀ ਤਰਤੀਬ ਪੰਥ ਨੇ ਬਹੁਤ ਵਿਚਾਰ ਉਪਰੰਤ ਰਦ ਕਰ ਦਿਤੀ ਸੀ। ਸ਼੍ਰੀ ਦਸਮ ਗ੍ਰੰਥ ਨੂੰ ਰਦ ਨਾ ਕਰਨ ਦਾ ਇਕੋ ਕਾਰਨ ਸੀ ਕਿ ਇਸ ਸਾਰੀ ਬਾਣੀ ਨੂੰ ਸਮੁਚਾ ਪੰਥ ਸਰਬ-ਸੰਮਤੀ ਨਾਲ ਗੁਰੂ-ਕ੍ਰਿਤ ਸਵੀਕਾਰ ਕਰਦਾ ਸੀ ਅਤੇ ਕਿਸੇ ਸਿਖ ਦੇ ਮਨ ਵਿਚ ਇਸ ਦੀਆਂ ਬਾਣੀਆਂ ਪ੍ਰਤੀ ਕੋਈ ਸੰਦੇਹ ਨਹੀਂ ਸੀ।

ਡਾ. ਮਾਨ ਵਰਗੇ ਸ੍ਰੀ ਦਸਮ ਗ੍ਰੰਥ ਦੇ ਵਿਰੋਧੀ ਇਕ ਗੱਲ ਵਾਰ-ਵਾਰ ਉਛਾਲ ਰਹੇ ਹਨ ਕਿ ਭਾਈ ਮਨੀ ਸਿੰਘ ਵਾਲੀ ਚਰਚਿਤ ਬੀੜ ਦਾ ਇਤਿਹਾਸ 1818 ਈ. ਤਕ ਖੋਜਿਆ ਜਾ ਸਕਦਾ ਹੈ, ਇਸ ਕਾਰਨ ਇਹ ਭਾਈ ਮਨੀ ਸਿੰਘ ਵਾਲੀ ਬੀੜ ਨਹੀਂ ਮੰਨੀ ਜਾ ਸਕਦੀ ? ਪਰ ਕੀ ਮਾਨ ਸਾਹਿਬ ਕਰਤਾਰਪੁਰੀ ਬੀੜ ਕਿਸ-ਕਿਸ ਸਮੇਂ ਕਿਸ-ਕਿਸ ਵਿਅਕਤੀ ਕੋਲ ਰਹੀ, ਦਸ ਸਕਦੇ ਹਨ ? ਕੀ ਉਹ ਦਸ ਸਕਦੇ ਹਨ ਕਿ ਕਿਸ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦਿਤੀ ਸੀ ? ਕੀ ਉਹ ਦਸ ਸਕਦੇ ਹਨ ਕਿ ਦਮਦਮਾ  ਸਾਹਿਬ ਵਿਖੇ ਗੁਰੂ ਜੀ ਵਲੋਂ ਤਿਆਰ ਕੀਤੀ ਬੀੜ ਕਿਥੇ ਚਲੀ ਗਈ ਹੈ ? ਇੰਞ ਤਾਂ ਕਲ੍ਹ ਨੂੰ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਨੂੰ ਹੀ ਅਪ੍ਰਵਾਣ ਕਰ ਦੇਵੇਗਾ, ਕਿਉਂਕਿ ਉਹ ਬੀੜ ਉਪਲਬਧ ਨਹੀਂ, ਜਿਸ ਨੂੰ ਗੁਰੁਤਾ ਦਿਤੀ ਗਈ। ਵਾਸਤਵਿਕਤਾ ਇਹ ਹੈ ਕਿ ਭਾਈ ਮਨੀ ਸਿੰਘ ਵਾਲੀ ਬੀੜ ਵਡੇ ਘਲੂਘਾਰੇ ਸਮੇਂ ਸਿਖਾਂ ਹਥੋਂ ਨਿਕਲ ਗਈ ਸੀ ਅਤੇ ਮਗਰੋਂ ਇਹ ਫਿਰ ਕਿਸੇ ਮੁਸਲਮਾਨ ਰਾਹੀਂ ਸਿਖ ਪੰਥ ਨੂੰ ਪ੍ਰਾਪਤ ਹੋਈ। ਇਸ ਦੀਆਂ ਸਾਰੀਆਂ ਨਿਸ਼ਾਨੀਆਂ ਭਾਈ ਮਨੀ ਸਿੰਘ ਵਾਲੀ ਬੀੜ ਦੀਆਂ ਹਨ। ਵਡੇ ਘਲੂਘਾਰੇ ਸਮੇਂ ਬੀੜਾਂ ਦੇ ਗਵਾਚ ਜਾਣ ਸੰਬੰਧੀ ਭਾਈ ਮਹਿਤਾਬ ਸਿੰਘ ਮੀਰਾਂਕੋਟੀਏ ਦੇ ਪੋਤਰੇ ਭਾਈ ਰਤਨ ਸਿੰਘ ਭੰਗੂ, ਜਿਸ ਨੂੰ ਸਿਖ ਪੰਥ ਦੇ ਹਾਲ ਘਰ ਦੀ ਵਿਰਾਸਤ ਤੋਂ ਹੀ ਪ੍ਰਾਪਤ ਹੋ ਗਏ ਸਨ, ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਅਹਿਮ ਸੂਚਨਾ ਦਿਤੀ ਗਈ ਹੈ-

ਜ਼ੋਰ ਪਾਇ ਸਿੰਘ ਬਹੀਰ ਨਿਕਾਰੀ। ਘੇਰਯੋ ਬਹੀਰ ਬਹੁ ਤੁੰਮਣ ਭਾਰੀ

ਤਿਨ ਮੈਂ ਗ੍ਰੰਥ ਤੁਰਤ ਥੇ ਦੋਇ। ਇਕ ਅੰਮ੍ਰਿਤਸਰੀਏ ਦਮਦਮੀਏ ਜੋਇ

ਘੇਰ ਲਯੋ ਤਿਨ ਅਗਯੋਂ ਆਇ। ਜੁਦੈ ਜੁਦੈ ਤੇ ਦਏ ਕਰਾਇ

ਧਰ ਗ੍ਰੰਥ ਤਹਿਂ ਲੜੇ ਮਝੈਲ। ਰਖਤ ਹੁਤੇ ਥੇ ਸ਼ਸਤਰ ਗੈਲ

ਘੜੀ ਕੁ ਲੜੇ ਫਿਰ ਲੀਨੇ ਮਾਰ। ਫਿਰ ਦਮਦੀਅਨੁ ਪਰ ਧਰੀ ਤਲਵਾਰ

ਪਾਉ ਘੜੀ ਤਹਿਂ ਤੇਊ ਲੜੇ। ਬਿਨ ਹਥੀਆਰ ਹੁਤ ਕਯਾ ਕਰੇ।  (ਪਦ 111-12)

‘ਭੰਗੂ’ ਦੀਆਂ ਇਨ੍ਹਾਂ ਸਤਰਾਂ ਨੂੰ ਗਹੁ ਪੂਰਵਕ ਸਮਝਣ ਦੀ ਜ਼ਰੂਰਤ ਹੈ। ਉਹ ਕਹਿੰਦਾ ਹੈ ਕਿ ‘ਖ਼ਾਲਸਾ ਦਲ’ ਵਿਚ ਦੋਵੇਂ ਗ੍ਰੰਥ ਤੁਰਦੇ ਸਨ। ਇਕ ਅਮ੍ਰਿਤਸਰੀਏ ਸਨ ਅਤੇ ਦੂਜੇ ਦਮਦਮੀਏ ਸਨ। ਦੋਵੇਂ ਵਖ-ਵਖ ਘਿਰ ਗਏ ਸਨ, ਕਿਉਂਕਿ ਦੁਸ਼ਮਣ ਦੀ ਫ਼ੌਜ ਦੀ ਗਿਣਤੀ ਬਹੁਤ ਵਧੀਕ ਸੀ। ਗ੍ਰੰਥ ਨੂੰ ਜ਼ਮੀਨ ਉਤੇ ਰਖ ਕੇ ਮਝੈਲਾਂ ਦੇ ਸੁਰਖਿਆ-ਦਸਤੇ ਨੇ ਕੁਝ ਸਮੇਂ ਤਕ ਬੀਰਤਾ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ, ਪਰ ਅੰਤ ਸਾਰੇ ਮਾਰੇ ਗਏ। ਫਿਰ ਦਮਦਮੀਆਂ ਉਤੇ ਹਮਲਾ ਹੋ ਗਿਆ। ਉਹ ਹਥਿਆਰਹੀਣ ਥੋੜ੍ਹਾ ਸਮਾਂ ਲੜਾਈ ਕਰ ਕੇ ਜੂਝ ਗਏ। ਇੰਞ ਦੋਵੇਂ ਗ੍ਰੰਥ ਯੁਧ-ਭੂਮੀ ਵਿਚ ਵੈਰੀ ਹਥ ਲਗ ਗਏ। ਇਹ ਦੋਵੇਂ ਗ੍ਰੰਥ ਅਦਿ ਗ੍ਰੰਥ ਦੇ ਦੋ ਸਰੂਪ ਨਹੀਂ ਹੋ ਸਕਦੇ। ਇਨ੍ਹਾਂ ਪਦਾਂ ਵਿਚੋਂ ਵਿਵੇਕ ਨਾਲ ਹੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਕਿ ਦਮਦਮੀਏ ਅਤੇ ਅਮ੍ਰਿਤਸਰੀਏ ਦਾ ਇਥੇ ਕੀ ਭਾਵ ਹੋ ਸਕਦਾ ਹੈ ? ਕੁਝ ਲੋਕ ਇਨ੍ਹਾਂ ਦੋਹਾਂ ਨੂੰ ਗ੍ਰੰਥ ਮੰਨਦੇ ਹਨ, ਪਰ ਮਝੈਲਾਂ ਅਤੇ ਦਮਦਮੀਆਂ ਦੇ ਜੂਝ ਕੇ ਮਰਨ ਤੋਂ ਇਹ ਸਿਖਾਂ ਦੇ ਦੋ ਗਰੁਪ ਨਜ਼ਰ ਆ ਜਾਂਦੇ ਹਨ। ਅਸਲ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮੇ ਪਧਾਰਨ ਮਗਰੋਂ ਇਹ ਸਥਾਨ ਅਜ ਤਕ ਨਿਹੰਗ ਫ਼ੌਜਾਂ ਦੀ ਛਾਉਣੀ ਬਣਿਆ ਆ ਰਿਹਾ ਹੈ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਦਸਮ ਗੁਰੂ ਜੀ ਦੀ ਬਾਣੀ ਵਾਲਾ ਅਸਲ ਦਸਮ ਗ੍ਰੰਥ (ਅਰਥਾਤ ਭਾਈ ਮਨੀ ਸਿੰਘ ਕ੍ਰਿਤ ਦਸਮ ਗ੍ਰੰਥ) ਹਮੇਸ਼ਾ ਬੁਢਾ ਦਲ ਵਿਚ ਰਹਿੰਦਾ ਸੀ ਅਤੇ ਵਡੇ ਘਲੂਘਾਰੇ ਸਮੇਂ ਦੁਰਾਨੀ ਦੇ ਸੈਨਿਕਾਂ ਹਥ ਲਗ ਗਿਆ ਸੀ, ਯਥਾ-

ਅਸਲ ਦਸਮ ਗੁਰ ਵਾਲਾ ਗ੍ਰੰਥ। ਰਹਿਤ ਬ੍ਰਿਧ ਦਲ ਮੈ ਮਧ ਪੰਥ

ਘਲੂਘਾਰਾ ਜਬ ਵਡ ਭਯੋ। ਗ੍ਰੰਥ ਦੁਰਾਨੀ ਸੋ ਲੀਉ

ਇਸ ਗ੍ਰੰਥ ਨੂੰ ਉਕਤੀਆਂ-ਯੁਕਤੀਆਂ ਨਾਲ ਗੁਰੂ ਗ੍ਰੰਥ ਸਾਹਿਬ ਸਿਧ ਕਰਨਾ ਨਿੰਦਨੀਯ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਹਰਿੰਮਦਿਰ ਵਿਚ ਵੀ ਪ੍ਰਕਾਸ਼ ਹੁੰਦਾ ਸੀ ਅਤੇ ਅਨੇਕਾਂ ਉਦਾਸੀ ਆਦਿ ਸੰਤਾਂ ਦੁਆਰਾ ਸੇਵਿਤ ਦੂਰ ਦੇਸ਼ ਤਕ ਵਿਸਤ੍ਰਿਤ ਗੁਰਦੁਆਰਿਆਂ ਵਿਚ ਵੀ ਪ੍ਰਕਾਸ਼ ਹੁੰਦਾ ਸੀ। ਆਦਿ ਗ੍ਰੰਥ ਬਾਰੇ ਇਹ ਕਹਿਣਾ ਕਿ ਇਹ ਹਮੇਸ਼ਾ ਬੁਢਾ ਦਲ ਵਿਚ ਰਹਿੰਦਾ ਸੀ, ਬਿਲਕੁਲ ਸੰਭਵ ਨਹੀਂ, ਕਿਉਂਕਿ ਇਸ ਦਾ ਪ੍ਰਕਾਸ਼ ਦੇਸ਼ ਦੇ ਵਖ-ਵਖ ਸਥਾਨਾਂ ਉਤੇ ਹੁੰਦਾ ਸੀ। ਇਸ ਦੀ ਗੁਰੂ ਅਰਜਨ ਦੇਵ ਵਾਲੀ ਬੀੜ ਧੀਰਮਲੀਆਂ ਕੋਲ ਸੀ ਅਤੇ ਬੰਨੋ ਵਾਲੀ ਬੀੜ ਅਤੇ ਹੋਰ ਉਤਾਰੇ ਅਨੇਕਾਂ ਸਿਖਾਂ ਪਾਸ ਸਨ। ਜਿਸ ਬੀੜ ਦਾ ਇਤਿਹਾਸਿਕ ਪ੍ਰਕਾਸ਼ ਸ਼੍ਰੀ ਹਰਿਮੰਦਿਰ ਜੀ ਅਮ੍ਰਿਤਸਰ ਨਾਲ ਜੁੜਿਆ ਹੋਇਆ ਹੋਵੇ ਅਤੇ ਜਿਸ ਦੇ ੳੇੁਤਾਰੇ ਦੂਰ-ਦੂਰ ਤਕ ਸਾਰੇ ਦੇਸ਼ ਵਿਚ ਵਿਦਮਾਨ ਹੋਣ, ਉਸ ਬਾਰੇ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਹ ਬੀੜ ਹਮੇਸ਼ਾ ਬੁਢਾ ਦਲ ਦੇ ਹੀ ਵਿਚਕਾਰ ਰਹਿੰਦੀ ਸੀ ? ਦੂਜੇ ਪਾਸੇ ਬਾਬਾ ਦੀਪ ਸਿੰਘ ਦੇ ਯਤਨਾਂ ਤੋਂ ਪਹਿਲਾਂ ਕੇਵਲ ਭਾਈ ਮਨੀ ਸਿੰਘ ਕ੍ਰਿਤ ਦਸਮ ਗ੍ਰੰਥ ਹੀ ਸਿਖ ਪੰਥ ਕੋਲ ਉਪਲਬਧ ਸੀ। ਨਿਹੰਗ ਸਿੰਘਾਂ ਦਾ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਪ੍ਰਤੀ ਵਿਸ਼ੇਸ਼ ਸਨੇਹ ਅਤੇ ਸਤਿਕਾਰ ਵੀ ਕਿਸੇ ਤੋਂ ਛੁਪਿਆ ਹੋਇਆ ਨਹੀਂ। ਇਸ ਲਈ ਬੁਢਾ ਦਲ ਵਿਚ ਜਿਸ ਗ੍ਰੰਥ ਦੇ ਵਿਦਮਾਨ ਰਹਿਣ ਦੀ ਗਲ ਗਿਆਨੀ ਗਿਆਨ ਸਿੰਘ ਕਰ ਰਿਹਾ ਹੈ, ਉਹ ਕੇਵਲ ‘ਦਸਮ ਗ੍ਰੰਥ’ ਹੀ ਹੋ ਸਕਦਾ ਹੈ।

ਬੁਢਾ ਦਲ ਦੇ ਦਮਦਮਾ ਸਾਹਿਬ ਨਾਲ ਵਿਸ਼ੇਸ਼ ਸੰਬੰਧਾਂ ਅਤੇ ਸ੍ਰੀ ਦਸਮ ਗ੍ਰੰਥ ਦੇ ਬੁਢਾ ਦਲ ਵਿਚ ਰਹਿਣ ਤੋਂ ਰਤਨ ਸਿੰਘ ਭੰਗੂ ਦੇ ਦਮਦਮੀਆਂ ਅਤੇ ਅਮ੍ਰਿਤਸਰੀਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਦਮਦਮੀਏ ਨਿਹੰਗ ਸਿੰਘਾਂ ਦਾ ਉਹੋ ਵਿਸ਼ੇਸ਼ ਜਥਾ ਹੋ ਸਕਦਾ ਹੈ, ਜੋ ਸ਼੍ਰੀ ਦਸਮ ਗ੍ਰੰਥ ਦੀ ਸੇਵਾ ਸੰਭਾਲ ਵਿਚ ਰਹਿੰਦਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼੍ਰੀ ਅਮ੍ਰਿਤਸਰ ਨਾਲ ਅਟੁਟ ਸੰਬੰਧ ਰਿਹਾ ਹੈ, ਕਿਉਂਕਿ ਇਥੇ ਹੀ ਇਸ ਗ੍ਰੰਥ ਦਾ ਪਹਿਲਾ ਪ੍ਰਕਾਸ਼ ਹੋਇਆ ਸੀ। ਇਥੇ ਹੀ ਸ਼੍ਰੀ ਆਦਿ ਗ੍ਰੰਥ ਦੇ ਪਾਠ ਅਤੇ ਅਰਥਾਂ ਲਈ ਵਿਦਿਤ ਗਿਆਨੀਆਂ ਦੀ ਟਕਸਾਲ ਦੀ ਸਥਾਪਿਤੀ ਭਾਈ ਮਨੀ ਸਿੰਘ ਨੇ ਕੀਤੀ ਸੀ। ਜਾਪਦਾ ਹੈ ਖ਼ਾਲਸਾ ਦਲ ਵਿਚ ਅਮ੍ਰਿਤਸਰੀ ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਰਹਿੰਦੇ ਸਨ, ਇਸ ਦੀ ਬਾਣੀ ਦਾ ਪਾਠ, ਕੀਰਤਨ, ਕਥਾ ਆਦਿ ਖ਼ਾਲਸਾ ਜੀ ਨੂੰ ਸ਼੍ਰਵਣ ਕਰਵਾਉਂਦੇ ਸਨ ਅਤੇ ਇਸ ਗ੍ਰੰਥ ਦੀ ਸੁਰਖਿਆ ਵਾਸਤੇ ਮਝੈਲਾਂ ਦੀ ਟੁਕੜੀ ਤਾਇਨਾਤ ਕੀਤੀ ਸੀ। ਦੂਜਾ ਦਮਦਮੀਆਂ ਜਥਾ ਸ਼੍ਰੀ ਦਸਮ ਗ੍ਰੰਥ ਦੀ ਹਿਫ਼ਾਜ਼ਤ ਵਾਸਤੇ ਤਾਇਨਾਤ ਸੀ। ਇੰਞ ਭੰਗੂ ਦੇ ਕਥਨ ਤੋਂ ਇਹ ਬਹੁਤ ਸਪਸ਼ਟ ਹੋ ਜਾਂਦਾ ਹੈ ਕਿ ਵਡੇ ਘਲੂਘਾਰੇ ਸਮੇਂ ਦੋ ਬੀੜਾਂ ਦੁਰਾਨੀ ਸੈਨਾ ਦੇ ਹਥ ਲਗੀਆਂ। ਇਕ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੀ ਅਤੇ ਦੂਜੀ ਬੀੜ ਭਾਈ ਮਨੀ ਸਿੰਘ ਦੁਆਰਾ ਤਿਆਰ ਕੀਤੀ, ਜਿਸ ਵਿਚ ਦੋਹਾਂ ਗ੍ਰੰਥਾਂ ਦੀ ਬਾਣੀ ਸੰਕਲਿਤ ਸੀ। ਸੋ ਆਪਣੇ ਕਠੋਰ ਮਨ ਦੇ ਹਠ ਦੁਆਰਾ ਇਸ ਬੀੜ ਦੇ ਇਤਿਹਾਸ ਤੋਂ ਇਨਕਾਰੀ ਹੋਣਾ ਨਾ ਯੁਕਤੀ-ਪੂਰਣ ਹੈ, ਨਾ ਇਹ ਵਿਦਵਤਾ ਹੈ, ਨਾ ਦਿਆਨਤਦਾਰੀ।

ਬੇਤੁਕੀਆਂ ਅਤੇ ਵਿਚਿਤ੍ਰ ਗਲਾਂ ਦੇ ਆਦੀ ਹੋ ਚੁਕੇ ‘ਮਾਨ’ ਸਾਹਿਬ ਕਹਿੰਦੇ ਹਨ ਕਿ ‘1740 ਈ. ਦੇ ਅੰਤ ਵਿਚ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨੇ ਛੇਵੇਂ ਅਤੇ ਦਸਵੇਂ ਪਾਤਸ਼ਾਹ ਦੇ ਸਾਰੇ ਸ਼ਸਤਰ ਸਿਖਾਂ ਨੂੰ ਦੇ ਦਿਤੇ ਸਨ, ਜੋ ਹੁਣ ਰਕਾਬਗੰਜ ਵਿਚ ਸ਼ੋਭਿਤ ਹਨ, ਉਨ੍ਹਾਂ ਕੋਈ ਦਸਮ ਗ੍ਰੰਥ, ਖ਼ਾਸ ਪੱਤਰ ਜਾਂ ਕੋਈ ਤਸਵੀਰ ਸਿਖਾਂ ਨੂੰ ਕਿਉਂ ਨਹੀਂ ਦਿਤੀ ?’ ਪਰ ਕੀ ਉਹ ਸਿਧ ਕਰ ਸਕਦੇ ਹਨ ਕਿ ਇਨ੍ਹਾਂ ਗੁਰੂ-ਮਹਿਲਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬੀੜ ਕਿਹੜੇ ਸਿਖਾਂ ਨੂੰ ਦਿਤੀ ਸੀ ? ਜੇ ਮਾਨ ਸਾਹਿਬ ਰਤਾ ਵੀ ਵਿਵੇਕ ਤੋਂ ਕੰਮ ਲੈਂਦੇ ਤਾਂ ਇਹ ਤਥ ਬਹੁਤ ਸਪਸ਼ਟ ਹੈ ਕਿ ਭਾਈ ਮਨੀ ਸਿੰਘ ਦੇ ਯਤਨਾਂ ਨਾਲ ਜੋ ‘ਖ਼ਾਸ ਪਤਰ’ ਮਾਤਾ ਸੁੰਦਰੀ ਜੀ ਤਕ ਪਹੁੰਚੇ ਸਨ, ਉਨ੍ਹਾਂ ਨੂੰ ਬੀੜ ਵਿਚ ਨਿਰਧਾਰਿਤ ਸਥਾਨ ਤੇ ਲਗਾ ਕੇ ਸੰਭਾਲ ਦਿਤਾ ਗਿਆ ਸੀ। ਮਾਤਾ ਜੀ ਕੋਲ ਹੋਰ ਕਿਹੜੇ ‘ਖ਼ਾਸ ਪਤਰ’ ਸਨ, ਜੋ ਸਿਖਾਂ ਰਾਹੀਂ ‘ਮਾਨ’ ਸਾਹਿਬ ਤਕ ਪਹੁੰਚਣੇ ਬਹੁਤ ਜ਼ਰੂਰੀ ਸਨ, ਤਾਂ ਕਿ ਉਹ ਸਾਰੇ ਸਬੂਤ ਦੇਖ ਕੇ ਗੁਰੂ ਮਹਾਰਾਜ ਦੀ ਬਾਣੀ ਉਤੇ ਆਪਣੀ ਮੋਹਰ ਲਗਾ ਕੇ ਇਸ ਨੂੰ ਸਿਖਾਂ ਦੇ ਪੜ੍ਹਨ ਵਾਸਤੇ ਪਾਸ ਕਰਨ ਦਾ ਹੁਕਮ ਦੇ ਸਕਦੇ। ਡਾ. ਮਾਨ ਲਿਖਦੇ ਹਨ ਕਿ  ‘ਇਹ ਇਤਿਹਾਸਿਕ ਤਥ ਹੈ ਕਿ ਬਾਬਾ ਬੰਦਾ ਸਿੰਘ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਮਿਸਲਦਾਰ ਦਸਵੀਂ ਪਾਤਸ਼ਾਹੀ ਦੇ ਗ੍ਰੰਥ ਨੂੰ ਕੋਈ ਸਨਮਾਨ ਨਹੀਂ ਸਨ ਦੇਂਦੇ।’ ਮੈਂ ਮਾਨ ਸਾਹਿਬ ਨੂੰ ਪੁਛਦਾ ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਹਜ਼ੂਰ ਸਾਹਿਬ ਤੋਂ ਚਲਿਆ ਸੀ, ਉਸ ਕੋਲ ਗੁਰੂ ਗ੍ਰੰਥ ਸਾਹਿਬ ਨਹੀਂ ਸੀ, ਸਮਾਣੇ ਤੇ ਹਮਲੇ ਸਮੇਂ, ਸਢੌਰੇ ਤੇ ਹਮਲੇ ਸਮੇਂ, ਸਰਹਿੰਦ ਤੇ ਹਮਲੇ ਸਮੇਂ ਉਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਹੋਣ ਦੇ ਸਾਡੇ ਕੋਲ ਕੋਈ ਸਬੂਤ ਨਹੀਂ। ਕੀ ਇਸ ਤੋਂ ਇਹ ਭਾਵ ਲਿਆ ਜਾਵੇ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਮਹਤਵ ਨਹੀਂ ਸੀ ਦੇਂਦਾ ? ਜੇ ਮਾਨ ਸਾਹਿਬ ਦੀ ਆਪਣੀ ਮਨੌਤ ਅਨੁਸਾਰ 1740 ਈ. ਵਿਚ ਪੰਥ ਨੇ ਗੁਰੂ ਦੀ ਮਤ ਦਾ ਉਲੰਘਣ ਕਰ ਕੇ ਦਸਮ ਗ੍ਰੰਥ ਨੂੰ ਸਵੀਕਾਰ ਕਰ ਲਿਆ, ਤਾਂ ਮਾਨ ਸਾਹਿਬ ਜ਼ਰਾ ਦਸਣ ਕਿ ਕੀ ਉਸ ਸਮੇਂ ਇਹ ਸਿਖ ਦੁਨੀਆ ਵਿਚ ਸਨ ਜਾਂ ਨਹੀਂ। ਕੀ ਸਾਡੇ ਇਹ ਅਰਧ-ਸਿਖਿਅਤ  ਵਿਦਵਾਨ ਇਤਨਾ ਵੀ ਨਹੀਂ ਜਾਣਦੇ ਕਿ ਸ. ਕਪੂਰ ਸਿੰਘ ਸੰਨ 1733 ਈ. ਤੋਂ 1753 ਈ. ਤਕ ਸਿਖ ਪੰਥ ਦੇ ਨਵਾਬ ਸਨ। ਸੰਨ 1740 ਈ. ਵਿਚ ਜੇ ਕਿਸੇ ਪੰਥਕ ਇਕਠ ਵਿਚ ਦਸਮ ਗ੍ਰੰਥ ਉਤੇ ਚਰਚਾ ਹੋਈ ਅਤੇ ਪੰਥ ਨੇ ਉਸ ਨੂੰ ਪ੍ਰਵਾਣ ਕਰ ਲਿਆ, ਤਾਂ ਉਹ ਨਿਸ਼ਚਿਤ ਤੌਰ ਤੇ ਨਵਾਬ ਕਪੂਰ ਸਿੰਘ ਦੀ ਸਦਾਰਤ ਵਿਚ ਹੋਈ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਉਸ ਸਮੇਂ 22 ਕੁ ਸਾਲ ਦੇ ਸਨ ਅਤੇ ਉਨ੍ਹਾਂ ਦੇ ਇਸ ਪੰਥਕ ਇਕਠ ਵਿਚ ਹੋਣ ਦੀ ਪੂਰੀ ਸੰਭਾਵਨਾ ਹੈ। ਸ. ਆਹਲੂਵਾਲੀਆ ਦੀ ਹਾਜ਼ਰੀ ਅਤੇ ਸ. ਕਪੂਰ ਸਿੰਘ ਦੀ ਅਗਵਾਈ ਵਿਚ ਜੇ ਸਾਮੂਹਿਕ ਪੰਥ ਦੀ ਇਕੱਤਰਤਾ ਨੇ ਦਸਮ ਗ੍ਰੰਥ ਉਤੇ ਮੋਹਰ ਲਾ ਦਿਤੀ ਹੋਵੇ, ਤਾਂ ਇਹ ਝੂਠ ਪ੍ਰਚਾਰਨਾ ਕਿ ਇਹ ਹਸਤੀਆਂ ਦਸਮ ਗ੍ਰੰਥ ਦਾ ਸਤਿਕਾਰ ਨਹੀਂ ਕਰਦੀਆਂ ਸੀ ਕਿਤਨਾ ਵਡਾ ਅਪਰਾਧ, ਪਾਪ ਅਤੇ ਦੁਸ਼-ਪ੍ਰਵਿਰਤੀ ਹੈ।

‘ਮਾਨ ਸਾਹਿਬ’ ਨੇ ਮੈਲਕਮ ਨੂੰ ਤਾਂ ਬਹੁਤ ਧਿਆਨ ਨਾਲ ਪੜ੍ਹਿਆ ਹੋਇਆ ਹੈ। ਇਤਨੇ ਧਿਆਨ ਨਾਲ ਕਿ ਜੋ ਉਸ ਦੀ ਪੁਸਤਕ ਦੇ ਕਿਸੇ ਪੰਨੇ ਉਤੇ ਨਹੀਂ ਲਿਖਿਆ, ਉਹ ਕਿਤੋਂ ਉਸ ਦੀ ਆਤਮਾ ਵਿਚੋਂ ਵੀ ਖੋਜ ਲਿਆਏ ਹਨ, ਉਸੇ ਦਾ ਇਹ ਕਥਨ ਪੜ੍ਹਨ ਦਾ ਕਸ਼ਟ ਕਰ “When the chiefs and principal leaders are seated, the Adi Granth and Dasama Padshah ka Grant’h are placed before them. They all bend their heads before these scriptures, and exclaim, Wa ! Guruji ka Khalsa ! Wa ! Guruji ka Fateh ! (ਅਰਥਾਤ ਜਦੋਂ ਮਿਸਲ-ਮੁਖੀ ਅਤੇ ਹੋਰ ਸਿਖ ਆਗੂ ਇਕਤਰ ਹੁੰਦੇ ਤਾਂ ਉਨ੍ਹਾਂ ਸਾਹਮਣੇ ਅਦਿ ਗ੍ਰੰਥ ਅਤੇ ਦਸਵੇਂ ਪਾਦਸ਼ਾਹ ਦੇ ਗ੍ਰੰਥ ਦਾ ਪ੍ਰਕਾਸ਼ ਹੁੰਦਾ। ਉਹ ਸਾਰੇ ਇਨ੍ਹਾਂ ਗ੍ਰੰਥਾਂ ਅਗੇ ਸਿਰ ਝੁਕਾਉਂਦੇ ਅਤੇ ‘ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਹਿ’ ਉਚਾਰਣ ਕਰਦੇ)।

2.         ਭਾਈ ਮਨੀ ਸਿੰਘ ਵਾਲੀ ਬੀੜ ਸੰਬੰਧੀ ਡਾ. ਮਾਨ ਇਹ ਸੰਦੇਹ ਪ੍ਰਗਟ ਕਰਦੇ ਹਨ- ੳ. 1706 ਈ. ਵਿਚ ਆਦਿ ਗ੍ਰੰਥ ਦਾ ਪ੍ਰਮਾਣਿਕ ਪਾਠ ਸੰਪਾਦਿਤ ਕਰਨ ਵਾਲਾ ਭਾਈ ਮਨੀ ਸਿੰਘ 20 ਸਾਲਾਂ ਬਾਅਦ ਬੰਨੋ ਵਾਲੀ ਬੀੜ ਦਾ ਪਾਠ ਕਿਵੇਂ ਲਿਖ ਸਕਦਾ ਹੈ, ਜੋ ਰਾਜਾ ਗੁਲਾਬ ਸਿੰਘ ਵਾਲੀ ਬੀੜ ਵਿਚ ਵਿਦਮਾਨ ਹੈ ? ਅ. 1713 ਤੋਂ 1818 ਤਕ ਇਹ ਬੀੜ ਕਿਥੇ ਸੀ ?  ੲ. ਇਸ ਬੀੜ ਵਿਚ ਸਵਈਏ (33), ਸ਼ਬਦ ਹਜ਼ਾਰੇ, ਖ਼ਾਲਸਾ ਮਹਿਮਾ ਦੇ ਸ਼ਬਦ ਨਹੀਂ ਮਿਲਦੇ ਅਤੇ ਜ਼ਫ਼ਰਨਾਮਾ ਕੇਵਲ ਫ਼ਾਰਸੀ ਵਿਚ ਉਪਲਬਧ ਹੈ ? ਸ. ਇਸ ਵਿਚ ਪ੍ਰਕਾਸ਼ਿਤ ਬੀੜ ਨਾਲੋਂ ਕੁਝ ਛੰਦ ਵਧ-ਘਟ ਹਨ। ਸਾਡਾ ਮਤ ਹੈ- ੳ. ਜੋ ਬੀੜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਲਿਖਵਾਈ ਸੀ, ਉਹ ਜ਼ਰੂਰ ਸ਼੍ਰੀ ਗੁਰੂ ਜੀ ਨਾਲ ਹਜ਼ੂਰ ਸਾਹਿਬ ਪਹੁੰਚੀ ਹੋਵੇਗੀ ਅਤੇ ਉਸੇ ਨੂੰ ਗੁਰੁਗਦੀ ਪ੍ਰਾਪਤ ਹੋਈ ਹੋਵੇਗੀ। ਭਾਈ ਮਨੀ ਸਿੰਘ ਕੋਲ ਉਸ ਦੀ ਕੋਈ ਪ੍ਰਤੀ ਹੋਣ ਦੀ ਸੰਭਾਵਨਾ ਨਹੀਂ ਹੋ ਸਕਦੀ। ਆਦਿ ਗ੍ਰੰਥ ਦੇ ਜੋ ਉਤਾਰੇ ਪੰਥ ਵਿਚ ਆਸਾਨੀ ਨਾਲ ਮਿਲਦੇ ਸਨ, ਉਹ ਭਾਈ ਬੰਨੋ ਵਾਲੀ ਬੀੜ ਦੇ ਸਨ। ਭਾਈ ਮਨੀ ਸਿੰਘ ਕੋਲ ਸ੍ਰੀ ਗੁਰੂ ਜੀ ਵਾਲੀ ਤ੍ਰਿਲੋਕੀ-ਗਿਆਤਾ ਦ੍ਰਿਸ਼ਟੀ ਨਹੀਂ ਸੀ ਕਿ ਉਹ ਇਕ ਵਾਰ ਲਿਖ ਕੇ ਸਾਰੀ ਬੀੜ ਜ਼ੁਬਾਨੀ ਯਾਦ ਕਰ ਲੈਂਦਾ। ਸੋ ਬੰਨੋ ਵਾਲੀ ਬੀੜ ਦਾ ਪਾਠ ਅੰਕਿਤ ਕਰਨਾ ਕੋਈ ਅਜਿਹੀ ਅਣਹੋਣੀ ਗਲ ਨਹੀਂ, ਜਿਸ ਦੀ ਕੋਈ ਸੰਭਾਵਨਾ ਹੋ ਹੀ ਨਹੀਂ ਸੀ ਸਕਦੀ। ਫਿਰ  ਜੇ ਇਸੇ ਭਾਈ ਮਨੀ ਸਿੰਘ ਨੂੰ ਡਾ. ਮਾਨ ਪੰਥ ਦਾ ਵਡਾ ਨੁਕਸਾਨ ਕਰਨ ਵਾਲਾ ਇਕ ਭੁਲੜ ਸਿਖ ਮੰਨ ਰਿਹਾ ਹੈ, ਤਾਂ ਦੂਜੇ ਪਾਸੇ ਉਹ ਉਸ ਤੋਂ ਕਿਵੇਂ ਆਸ ਕਰਦਾ ਹੈ ਕਿ ਉਹ ਮਨੀ ਸਿੰਘ ਗੁਰੂ ਜੀ ਵਾਲੀਆਂ ਅਧਿਆਤਮਕ ਸ਼ਕਤੀਆਂ ਨਾਲ ਸੁਸਜਿਤ ਸੀ, ਜਿਸ ਤੋਂ ਕੋਈ ਉਕਾਈ ਨਹੀਂ ਸੀ ਹੋ ਸਕਦੀ। ਅ. ਇਸ ਦਾ ਉਤਰ ਉਪਰ ਆ ਗਿਆ ਹੈ। ੲ. ਜੇ ਕੁਝ ਬਾਣੀਆਂ ਭਾਈ ਜੀ ਨੂੰ ਉਸ ਸਮੇਂ ਨਹੀਂ ਮਿਲੀਆਂ, ਜਾਂ ਜ਼ਫ਼ਰਨਾਮਾ ਕੇਵਲ ਫ਼ਾਰਸੀ ਵਿਚ ਆਇਆ ਹੈ, ਤਾਂ ਇਹ ਤਥ ਉਸ ਬੀੜ ਦੀ ਪੁਰਾਤਨਤਾ ਹੀ ਸਿਧ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਭ ਤੋਂ ਪੁਰਾਤਨ ਜਨਮ ਸਾਖੀ ਹੋਰ ਜਨਮ ਸਾਖੀਆਂ ਤੋਂ ਸੰਖੇਪ ਹੈ। ਮਗਰੋਂ ਸਾਖੀਆਂ ਦਾ ਲਗਾਤਾਰ ਵਿਸਤਾਰ ਹੁੰਦਾ ਗਿਆ। ਠੀਕ ਉਸੇ ਤਰ੍ਹਾਂ ਦਸਮ ਗ੍ਰੰਥ ਦਾ ਸਭ ਤੋਂ ਮੁਢਲਾ ਅਤੇ ਸੰਖੇਪ ਸਰੂਪ ਭਾਈ ਮਨੀ ਸਿੰਘ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਜੇ ਉਸ ਵਿਚ ਵਧੀਕ ਬਾਣੀਆਂ ਹੁੰਦੀਆਂ ਅਤੇ ਮਗਰਲੇ ਗ੍ਰੰਥਾਂ ਵਿਚ ਘਟ ਬਾਣੀ ਹੁੰਦੀ, ਤਾਂ ਉਸ ਦੀ ਪੁਰਾਤਨਤਾ ਉਤੇ ਸੰਦੇਹ ਹੋਣਾ ਲਾਜ਼ਮੀ ਹੋ ਜਾਂਦਾ। ‘ਜ਼ਫ਼ਰਨਾਮੇ’ ਦਾ ਵੀ ਸਭ ਤੋਂ ਪੁਰਾਣਾ ਰੂਪ ਫ਼ਾਰਸੀ ਵਿਚ ਹੀ ਹੋਣਾ ਚਾਹੀਦਾ ਹੈ, ਕਿਉਂਕਿ ਔਰੰਗ਼ਜ਼ੇਬ ਜਾਂ ਉਸ ਦੇ ਦਰਬਾਰੀ ਗੁਰਮੁਖੀ ਪੜ੍ਹਨਾ ਜਾਣਦੇ ਹੋਣ, ਕਦਾਚਿਤ ਸੰਭਵ ਨਹੀਂ। ਗੁਰਮੁਖੀ ਲਿਪੀ-ਅੰਤਰ ਜ਼ਰੂਰ ਬਾਅਦ ਦਾ ਹੈ, ਜੋ ਫ਼ਾਰਸੀ ਨਾ ਪੜ੍ਹ ਸਕਣ ਵਾਲੇ ਸਿਖਾਂ ਵਾਸਤੇ ਕੀਤਾ ਗਿਆ ਹੈ। ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਦਸਮ ਗ੍ਰੰਥ ਦੇ ਅਲਪ-ਮਤੀਏ ਆਲੋਚਕ ਅਸਲ ਜ਼ਫ਼ਰਨਾਮੇ ਨੂੰ ਮਹਤਵਹੀਣ ਅਤੇ ਉਹਦੇ ਲਿਪੀਅੰਤ੍ਰਿਤ ਰੂਪ ਨੂੰ ਮਹਤਵਪੂਰਨ ਦਸ ਰਹੇ ਹਨ। ਸੋ ਕੁਝ ਬਾਣੀਆਂ ਦਾ ਨਾ ਹੋਣਾ ਅਤੇ ਜ਼ਫ਼ਰਨਾਮੇ ਦਾ ਸਿਰਫ਼ ਫ਼ਾਰਸੀ ਵਿਚ ਹੀ ਹੋਣਾ, ਇਸ ਗ੍ਰੰਥ ਦੀ ਪੁਰਾਤਨਤਾ ਦੇ ਪੁਸ਼ਟ ਸਬੂਤ ਹਨ, ਜਿਨ੍ਹਾਂ ਤੋਂ ਮੁਨਕਰ ਹੋਣਾ ਅਲਪ-ਵਿਵੇਕ ਦੀ ਨਿਸ਼ਾਨੀ ਹੈ। ਸ. ਜੇ ਇਸ ਦੇ ਛੰਦ ਕੁਝ ਵਧ-ਘਟ ਹਨ ਤਾਂ ‘ਮਾਨ’ ਸਾਹਿਬ ਪਾਠ ਪੂਰਾ ਕਰਨ ਵਾਸਤੇ ਆਪਣਾ ਸੁਝਾਅ ਪੰਥ ਸਾਹਮਣੇ ਰਖ ਦੇਣ, ਪਾਠ ਘਟਾਉਣ ਦੇ ਆਹਰ ਵਿਚ ਕਿਉਂ ਲਗੇ ਹਨ ? ਭਾਈ ਕਾਨ੍ਹ ਸਿੰਘ ਨਾਭਾ ਦੇ ਵੀ ਜੋ ਵਿਚਾਰ ਉਨ੍ਹਾਂ ਦਿਤੇ ਹਨ, ਉਨ੍ਹਾਂ ਵਿਚ ਅਕਾਲ-ਉਸਤਤਿ ਦੇ ਹੋਰ ਪਦ ਖੋਜਣ ਲਈ ਕਿਹਾ ਗਿਆ ਹੈ, ਘਟਾਉਣ ਵਾਸਤੇ ਤਾਂ ‘ਨਾਭਾ’ ਜੀ ਨੇ ਕੁਝ ਨਹੀਂ ਕਿਹਾ। ‘ਮਾਨ’ ਸਾਹਿਬ ਵੀ ਪੰਥ ਅਗੇ ਇਹ ਸੁਝਾਅ ਰਖਣ ਕਿ ਪ੍ਰਕਾਸ਼ਿਤ ਬੀੜ ਵਿਚ  ਕੁਝ ਪਦ ਘਟਾਏ ਗਏ ਹਨ, ਉਹ ਪੂਰੇ ਕਰ ਲੈਣੇ ਚਾਹੀਦੇ ਹਨ, ਮੈਂ ਉਨ੍ਹਾਂ ਦਾ ਤਨਦਿਲੀ ਸਹਿਤ ਸਮਰਥਨ ਕਰਾਂਗਾ। ਡਾ. ਮਾਨ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ 1769 ਈ. ਵਿਚ ਕੇਸਰ ਸਿੰਘ ਛਿਬਰ ਨੇ ਆਪਣੇ ‘ਬੰਸਾਵਲੀਨਾਮੇ’ ਵਿਚ ਭਾਈ ਮਨੀ ਸਿੰਘ ਵਾਲੀ ਬੀੜ ਦੀਆਂ ਜੋ ਨਿਸ਼ਾਨੀਆਂ ਵਰਣਨ ਕੀਤੀਆਂ ਸਨ, ਉਹ ਭਾਈ ਮਨੀ ਸਿੰਘ ਦੇ ਨਾਮ ਤੇ ਪ੍ਰਚਲਿਤ ਬੀੜ ਨਾਲ ਹੀ ਮਿਲਦੀਆਂ ਹਨ। ਜੇ ਮਾਨ ਦੇ ਵਿਚਾਰਾਂ ਵਾਲੇ ਲੋਕ ਕਿਸੇ ਹਠਧਰਮੀ ਅਧੀਨ ਇਸ ਨੂੰ ਭਾਈ ਮਨੀ ਸਿੰਘ ਵਾਲੀ ਬੀੜ ਨਾ ਵੀ ਸਵੀਕਾਰ ਕਰਨ, ਤਾਂ ਵੀ ਇਹ ਤਾਂ ਸਿਧ ਹੈ ਕਿ ਇਹ ਬੀੜ ਉਸੇ ਦਾ ਉਤਾਰਾ ਹੋਵੇਗਾ ਅਤੇ ਮੂਲ ਬੀੜ ਦਾ ਸੰਪਾਦਕ ਭਾਈ ਮਨੀ ਸਿੰਘ ਹੀ ਸੀ।

ਪਟਨਾ ਸਾਹਿਬ ਵਾਲੀ ਬੀੜ ਬਾਰੇ ਡਾ. ਮਾਨ ਦਾ ਮੱਤ ਹੈ ਕਿ ੳ. ਇਸ ਦਾ ਕੋਈ ਇਤਿਹਾਸ ਨਹੀਂ। ਲਿਖਾਰੀ ਆਦਿ ਦੀ ਸੂਚਨਾ ਨਹੀਂ ਅਤੇ ਇਸ ਦਾ ਇਤਿਹਾਸ ਸੁਖਾ ਸਿੰਘ ਤੋਂ ਪਿਛੇ ਨਹੀਂ ਜਾਂਦਾ। ਅ. ਜੇ ਇਹ ਅਠਾਰਵੀਂ ਸਦੀ ਦੇ ਅੰਤ ਤਕ ਪਟਨਾ ਵਿਚ ਮੌਜੂਦ ਸੀ, ਤਾਂ ਉਸ ਇਲਾਕੇ ਉਤੇ ਅੰਗ਼ਰੇਜ਼ਾਂ ਦਾ ਰਾਜ ਹੋਣ ਕਰ ਕੇ ਕੋਲਬ੍ਰੁਕ ਨੂੰ ਇਸ ਦੀ ਪ੍ਰਤੀ ਕਿਉਂ ਨਹੀਂ ਸੀ ਮਿਲੀ ? ੲ. ਕਿਉਂਕਿ ਇਸ ਬੀੜ ਵਿਚ ਕੋਲਬ੍ਰੁਕ ਵਾਲੇ ਗ੍ਰੰਥ ਨਾਲੋਂ ਵਧੀਕ ਰਚਨਾਵਾਂ ਹਨ, ਇਸ ਲਈ ਇਹ ਉਸ ਨੂੰ ਪ੍ਰਾਪਤ ਹੋਏ ਦਸਮ ਗ੍ਰੰਥ (1783 ਈ.) ਤੋਂ ਬਾਅਦ ਦੀ ਰਚਨਾ ਹੈ ? ਸ. ਤਤਕਰੇ ਵਿਚ ਇਸ ਦਾ ਰਚਨਾ-ਕਾਲ 1698 ਈ. ਅੰਕਿਤ ਹੈ, ਜਦੋਂ ਕਿ 1706 ਈ. ਦੀ ਰਚਨਾ ‘ਜ਼ਫ਼ਰਨਾਮਾ’ ਮੂਲ-ਲਿਖਾਰੀ ਦੁਆਰਾ ਲਿਖਿਤ ਹੈ। ਹ. ਗਿਆਨੀ ਗਿਆਨ ਸਿੰਘ ਨੇ ਇਸ ਦਾ ਰਚਨ-ਕਾਲ  1775 ਈ. ਮੰਨਿਆ ਹੈ। ਕ. ਇਸ ਵਿਚ ਵਾਧੂ ਬਾਣੀਆਂ ਹਨ।

ਡਾ. ਮਾਨ ਦੀਆਂ ਸ਼ੰਕਾਵਾਂ ਦੇ ਉਤਰ ਅਤੇ ਸਮਾਧਾਨ : ੳ. ਡਾ. ਮਾਨ ਦੀ ਇਸ ਯੁਕਤੀ ਦੇ ਆਧਾਰ ਤੇ ਕਿ ਇਸ ਬੀੜ ਦਾ ਕੋਈ ਇਤਿਹਾਸ ਨਹੀਂ, ਇਸ ਦੇ ਵੁਜੂਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਜਾਂ ਤਾਂ ਮਾਨ ਸਾਹਿਬ ਇਸ ਦਾ ਇਤਹਿਾਸ ਖੋਜ ਲੈਣ, ਨਹੀਂ ਤਾਂ ਪ੍ਰਚਲਿਤ ਰਿਵਾਇਤ ਦਾ ਅਨੁਸਰਣ ਕਰ ਲੈਣ। ਤੀਜਾ ਰਸਤਾ ਇਹ ਵੀ ਹੈ ਕਿ ਇਸ ਦੇ ਕਾਗ਼ਜ਼, ਸਿਆਹੀ ਆਦਿ ਦਾ ਸਾਇੰਟਿਫਿਕ ਪ੍ਰੀਖਣ ਕਰਵਾ ਲੈਣ। ਪੂਰੇ ਵਿਸ਼ਵ ਵਿਚ ਅਜਿਹੀਆਂ ਅਨੇਕਾਂ ਅਨਮੋਲ ਸਾਹਿਤਿਕ ਕ੍ਰਿਤੀਆਂ ਹਨ, ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ। ਫਿਰ ਵੀ ਵਿਦਵਾਨਾਂ ਵਿਚ ਸਨਮਾਨਿਤ ਹਨ। ਇਹ ਕਹਿਣ ਦਾ ਵੀ ਕੋਈ ਉਚਿਤ ਨਹੀਂ ਕਿ ਇਸ ਦਾ ਕੋਈ ਇਤਿਹਾਸ ਨਹੀਂ। ਇਸ ਗੰ੍ਰਥ ਦੀ ਇਕ-ਇਕ ਰਚਨਾ ਅਤੇ ਕਈ ਵਾਰ (ਕ੍ਰਿਸ਼ਨਾਵਤਾਰ ਵਾਂਗ) ਰਚਨਾ ਦੇ ਭਾਗਾਂ ਦਾ ਰਚਨਾ-ਕਾਲ ਲੇਖਕ ਨੇ ਆਪ ਦਿਤਾ ਹੋਇਆ ਹੈ। ਫਿਰ ਇਸ ਦੇ ਇਤਿਹਾਸ ਦੀ ਕੀ ਜ਼ਰੂਰਤ ਹੈ। ਜੇ ਇਹ ਪਤਾ ਹੈ ਕਿ ਮੂਲ ਲੇਖਕ ਨੇ ਇਹ ਸਾਰੀਆਂ ਕ੍ਰਿਤੀਆਂ 1698 ਈ. ਤਕ ਲਿਖ ਲਈਆਂ ਸਨ। ਰਚਨਾਵਾਂ ਦੇ ਜੋ ਸੰਮਤ ਇਸ ਦੇ ਲਿਖਾਰੀ ਨੇ ਅੰਕਿਤ ਕੀਤੇ ਹਨ, ਉਹ ਹੋਰ ਬੀੜਾਂ ਨਾਲ ਮੇਲ ਖਾਂਦੇ ਹਨ। ਇਸ ਦਾ ਲਿਖਾਰੀ ਭਾਈ ਸੁਖਾ ਸਿੰਘ ਹੈ। ਉਹ ਪਟਨਾ ਸਾਹਿਬ ਵਿਖੇ ਗ੍ਰੰਥੀ ਸਿੰਘ ਸੀ। ਇਸ ਦਾ ਸੰਕਲਨ ਪਟਨਾ ਸਾਹਿਬ ਵਿਖੇ ਹੋਇਆ ਹੈ। ਜੇ ਹੋਰ ਭਰੋਸੇਮੰਦ ਗਵਾਹੀ ਨਹੀਂ ਤਾਂ, ਗਿਆਨੀ ਗਿਆਨ ਸਿੰਘ ਵਾਲਾ ਸੰਨ 1775 ਈ.ਮੰਨ ਲੈਣਾ ਚਾਹੀਦਾ ਹੈ। ਜੇ ਉਪਰੋਕਤ ਸਾਰੀਆਂ ਗਲਾਂ ਵਿਦਿਤ ਹਨ, ਤਾਂ ਹੋਰ ਕਿਸ ਇਤਿਹਾਸ ਦੀ ਜ਼ਰੂਰਤ ਹੈ ? ਰਚਨਾਵਾਂ ਦਾ ਸੰਮਤ ਪਤਾ ਹੈ, ਸੰਕਲਨ ਕਰਤਾ ਦਾ ਪਤਾ ਹੈ, ਸੰਕਲਨ-ਸਥਾਨ ਦਾ ਪਤਾ ਹੈ, ਲਿਖਾਰੀ ਦਾ ਪਤਾ ਹੈ, ਰਚਨਾ-ਕਾਲ  ਵੀ ਪਤਾ ਹੈ, ਤਾਂ ਹੋਰ ਕਿਹੜੇ ਸ਼ਸਤਰਾਂ-ਬਸਤਰਾਂ ਦੀ ਜਾਣਕਾਰੀ ਮਾਨ ਸਾਹਿਬ ਨੂੰ ਚਾਹੀਦੀ ਸੀ, ਜਿਸ ਨਾਲ ਉਨ੍ਹਾਂ ਦਾ ਇਤਿਹਾਸ ਪੂਰਾ ਹੋ ਜਾਂਦਾ। ਸੋ ਸਾਡਾ ਮਤ ਹੈ ਕਿ ਡਾ. ਮਾਨ ਦੀ ਇਹ ਹੁਜਤ ਵੀ ਨਾ ਤਥਾਤਮਕ ਹੈ, ਨ ਯੁਕਤੀ-ਸੰਗਤ। ਅ. ਡਾ. ਮਾਨ ਦਾ ਕਹਿਣਾ ਹੈ ਜੇ ਇਹ ਗ੍ਰੰਥ ਅਠਾਰਵੀਂ ਸਦੀ ਵਿਚ ਮੌਜੂਦ ਸੀ ਤਾਂ ਅੰਗ਼ਰੇਜ਼ੀ ਰਾਜ ਵਿਚ ਪੈਂਦੇ ਪਟਨਾ ਸਾਹਿਬ ਤੋਂ ਕੋਲਬ੍ਰੁਕ ਨੂੰ ਇਸ ਦੀ ਪ੍ਰਤੀ ਕਿਉਂ ਨਹੀਂ ਮਿਲੀ ? ਮੇਰੀ ਮਾਨ ਸਾਹਿਬ ਨੂੰ ਇਹ ਚੁਨੌਤੀ ਹੈ ਕਿ ਉਹ ਉਸ ਸਮੇਂ ਦੀ ਅੰਗ਼ਰੇਜ਼ੀ ਸਰਕਾਰ ਦਾ ਕੋਈ ਅਜਿਹਾ ਫਰਮਾਨ ਸਿਖ ਸੰਗਤਾਂ ਸਾਹਮਣੇ ਰਖਣ, ਜਿਸ ਅਨੁਸਾਰ ਕੋਈ ਅੰਗ਼ਰੇਜ਼ ਜਿਸ ਧਰਮ-ਸਥਾਨ ਤੋਂ ਕੋਈ ਪੁਸਤਕ ਲਿਜਾਣਾ ਚਾਹੇ, ਲਿਜਾ ਸਕਦਾ ਸੀ। ਪਹਿਲੀ ਗਲ ਪ੍ਰਸ਼ਨ-ਕਰਤਾ ਨੂੰ ਇਹ ਸਿਧ ਕਰਨਾ ਚਾਹੀਦਾ ਹੈ ਕਿ ਕੋਲਬ੍ਰੁਕ ਇਤਨਾ ਸਮਾਂ ਪਟਨਾ ਸਾਹਿਬ ਵਿਚ ਰੁਕਿਆ ਸੀ ਕਿ ਉਹ ਅਜਿਹੇ ਵਡੇ ਗ੍ਰੰਥ ਦੀ ਨਕਲ ਤਿਆਰ ਕਰਵਾ ਸਕਦਾ। ਹੋ ਸਕਦਾ ਹੈ, ਉਸ ਸਮੇਂ ਤਕ ਹਰਿਮੰਦਿਰ ਜੀ ਪਟਨਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਦੇ ਗ੍ਰੰਥ ਦੀ ਕੋਈ ਹੋਰ ਪ੍ਰਤੀਲਿਪੀ ਨਾ ਹੋਵੇ, ਜਿਸ ਕਾਰਨ ਕਿਸੇ ਵੀ ਕੀਮਤ ‘ਤੇ ਉਥੋਂ ਦੇ ਪੁਜਾਰੀ ਉਸ ਨੂੰ ਘਟੋ-ਘਟ ਮੂਲ-ਗ੍ਰੰਥ ਨਹੀਂ ਸਨ ਦੇ ਸਕਦੇ। ਸੋ ਕੋਲਬ੍ਰੁਕ ਨੂੰ ਇਹ ਗ੍ਰੰਥ ਨਹੀਂ ਦਿਤਾ ਗਿਆ, ਇਸ ਕਾਰਨ ਇਹ ਉਥੇ ਹੋ ਨਹੀਂ ਸਕਦਾ, ਨਿਸ਼ੰਗ ਹੋ ਕੇ ਗਲਤ-ਬਿਆਨੀ ਕਰਨ ਦੀ ਆਦਤ ਵਿਚੋਂ ਨਿਕਲੀ ਊਲ-ਜਲੂਲ ਯੁਕਤੀ ਹੈ। ੲ. ਡਾ. ਮਾਨ ਦਾ ਮੱਤ ਹੈ ਕਿ ਇਸ ਬੀੜ ਵਿਚ ਕੋਲਬ੍ਰੁਕ ਵਾਲੇ ਗ੍ਰੰਥ ਨਾਲੋਂ ਵਧੀਕ ਰਚਨਾਵਾਂ ਹਨ, ਇਸ ਲਈ ਇਹ ਉਸ ਨੂੰ ਪ੍ਰਾਪਤ ਹੋਏ ਦਸਮ ਗ੍ਰੰਥ (1783 ਈ.) ਤੋਂ ਬਾਅਦ ਦੀ ਰਚਨਾ ਹੈ ? ਜੇ ਡਾ. ਮਾਨ ਦੇ ਇਸ ਤਰਕ ਨੂੰ ਮੰਨ ਲਈਏ ਤਾਂ ਅਸੀਂ ਉਪਰ ਵੀ ਕਹਿ ਆਏ ਹਾਂ ਕਿ ਫਿਰ ਭਾਈ ਮਨੀ ਸਿੰਘ ਦੇ ਨਾਮ ਨਾਲ ਜੁੜੀ ਬੀੜ ਸਭ ਤੋਂ ਪੁਰਾਣੀ ਸਿਧ ਹੋ ਜਾਂਦੀ ਹੈ। ਪਟਨਾ ਸਾਹਿਬ ਵਾਲੀ ਬੀੜ ਵਿਚ ਵਾਧੂ ਬਾਣੀਆਂ ਹੋਣ ਦਾ ਕੇਵਲ ਇਹ ਕਾਰਨ ਨਹੀਂ ਕਿ ਉਹ ਬਹੁਤ ਮਗਰੋਂ ਲਿਖੀ ਗਈ ਹੈ। ਵਾਸਤਵ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਰਚਨਾਵਾਂ ਪ੍ਰਚਲਿਤ ਸਨ, ਜੋ ਭਾਈ ਮਨੀ ਸਿੰਘ ਵਾਲੇ ਗ੍ਰੰਥ ਵਿਚ ਨਹੀਂ ਸਨ। ਇਸ ਸੰਬੰਧੀ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ-

ਗ੍ਰੰਥ ਗੁਰੂ ਥੇ ਬਹੁ ਬਨਵਾਏ। ਜਾਨੌ ਜਿਤਿਕ ਨਾਮ ਦਿਹੁੰ ਗਾਏ। 73 ।

ਪਰਬ ਅਠਾਰਾਂ ਭਾਰਥ ਕੇਰੇ। ਭਾਖਾ ਕਰੇ ਗੁਰੂ ਬਿਨੁ ਦੇਰੇ

ਤਿਨ ਮੈਂ ਸੇ ਹੈਂ ਦਸ ਪ੍ਰਸਿਧੈਂ। ਆਠ ਲੋਪ ਹੋਏ ਕਿਸਿ ਬਿਧੈਂ। 74 ।

ਜੋ ਪਟਲੇਸ਼੍ਵਰ ਅਬਿ ਬਨਵਾਏ। ਕਰੇ ਅਠਾਰਾਂ ਪੂਰੇ ਸਾਏ

ਪੁਨ ਗੁਰੁ ਸਰਬ ਲੋਹ ਇਕ ਕਥਾ। ਪ੍ਰੇਮ ਸੁਮਾਰਗ ਔਰੈਂ ਤਥਾ। 75 ।

ਨੀਤੀ ਸਾਗਰ ਥਾ ਪ੍ਰਕਾਸ਼ਾ। ਉਪਨਿਸ਼ਦਾਂ ਕੀਨੀ ਥੀਂ ਭਾਸ਼ਾ

ਗੋਬਿੰਦ ਗੀਤਾ ਔਰ ਪ੍ਰਭਾਖੀ। ਯਹਿ ਸਭਿ ਸੁਨੀ ਵਡਨ ਤੈ ਸਾਖੀ। 76 ।

ਗੁਰੁ ਕੇ ਰਚੇ ਸਿਖ ਬਹੁ ਭਾਨੈਂ। ਸਾਚ ਝੂਠ ਸਭਿ ਗੁਰੁ ਹੀ ਜਾਨੈ

ਇਤ੍ਯਾਦਿਕ ਬਹੁ ਗ੍ਰੰਥ ਰਚਾਏ। ਥੇ ਸਤਿਗੁਰੁ ਹਮ ਸੁਨਯੋ ਮਹਾਂਏ। 77 ।

ਸੋ ਭਾਈ ਸੁਖਾ ਸਿੰਘ ਨੇ ਕਿਸੇ ਬੁਰੀ ਮਨਸ਼ਾ ਨਾਲ ਸ਼੍ਰੀ ਦਸਮ ਗ੍ਰੰਥ ਵਿਚ ਵਾਧੂ ਬਾਣੀਆਂ ਨਹੀਂ ਪਾਈਆਂ, ਬਲਕਿ ਆਮ ਸਿਖਾਂ ਦਾ ਵਿਸ਼ਵਾਸ ਸੀ ਕਿ ਗੁਰੂ ਜੀ ਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹਨ। ਡਾ. ਮਾਨ ਦੇ ਭਰੋਸੇ ਦੇ ਪਾਤਰ ਗਿਆਨੀ ਗਿਆਨ ਸਿੰਘ ਜੀ ਹੀ ਲਿਖ ਰਹੇ ਹਨ ਕਿ ਉਨ੍ਹਾਂ ਨੇ ਬਜ਼ੁਰਗ਼ਾਂ ਤੋਂ ਇਹ ਸੁਣਿਆ ਸੀ ਕਿ ਸ਼੍ਰੀ ਗੁਰੂ ਜੀ ਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਸਨ, ਜੋ ਸ਼੍ਰੀ ਦਸਮ ਗ੍ਰੰਥ ਦੀਆਂ ਪ੍ਰਚਲਿਤ ਬੀੜਾਂ ਵਿਚ ਸੰਕਲਿਤ ਨਹੀਂ ਹਨ। ਸੋਧਕ ਕਮੇਟੀ ਨੇ ਬੀੜਾਂ ਦੀ ਵਿਆਪਕ ਪੜਤਾਲ ਕਰ ਕੇ ਪਾਠ ਦੀ ਸੋਧ, ਬਾਣੀਆਂ ਦਾ ਕ੍ਰਮ ਨਿਰਧਾਰਿਤ ਕਰਨ ਅਤੇ ਬਾਣੀਆਂ ਪ੍ਰਮਾਣਿਤ ਕਰਨ ਦੇ ਕਾਰਜ ਕੀਤੇ। ਸ. ਡਾ. ਮਾਨ ਪਟਨਾ ਸਾਹਿਬ ਵਾਲੀ ਬੀੜ ਉਤੇ ਇਸ ਕਾਰਨ ਵੀ ਸੰਦੇਹ ਕਰਦੇ ਹਨ ਕਿ ਤਤਕਰੇ ਵਿਚ ਇਸ ਦਾ ਰਚਨਾ-ਕਾਲ 1698 ਈ. ਅੰਕਿਤ ਹੈ, ਜਦੋਂ ਕਿ 1706 ਈ, ਦੀ ਰਚਨਾ ‘ਜ਼ਫ਼ਰਨਾਮਾ’ ਮੂਲ ਲਿਖਾਰੀ ਦੁਆਰਾ ਲਿਖਿਤ ਇਸ ਵਿਚ ਅੰਕਿਤ ਹੈ। ਮੇਰੀ ਮਾਨਤਾ ਹੈ ਕਿ ਤਤਕਰੇ ਵਿਚ ਲਿਖਿਆ ਵਿਕ੍ਰਮੀ ਸੰਵਤ 1755 ਇਸ ਬੀੜ ਦਾ ਸੰਕਲਨ-ਕਾਲ ਨਹੀਂ, ਬਲਕਿ ਇਹ ਦਸਮ ਗ੍ਰੰਥ ਦੀ ਪਹਿਲੀ ਸੰਪੂਰਨਤਾ ਦਾ ਸੰਵਤ ਹੈ, ਜੋ 1755 ਸੰਵਤ ਵਿਚ ‘ਰਾਮਾਵਤਾਰ’ ਰਚਨਾ ਦੇ ਮੁਕੰਮਲ ਹੋ ਜਾਣ ਤੋਂ ਸਿਧ ਹੈ। ਬਾਕੀ ਸਾਰੀਆਂ ਬਾਣੀਆਂ ਇਸ ਰਚਨਾ ਤੋਂ ਪਹਿਲਾਂ ਦੀਆਂ ਹਨ। ਡਾ. ਮਾਨ ਵਲੋਂ ਦਿਤੇ ਇਸ  ਬੀੜ ਦੇ ਤਤਕਰੇ ਦੀ ਫੋਟੋ-ਕਾਪੀ ਤੋਂ ਇਕਦਮ ਸਪਸ਼ਟ ਹੈ ਕਿ ਇਹ ਸੰਵਤ ਰਾਮਾਵਤਾਰ ਦੀ ਸੰਪੂਰਨਤਾ ਦਾ ਹੈ। ਬੀੜ ਦੇ ਤਤਕਰੇ ਦੇ ਸ਼ੁਰੂ ਵਿਚ ਲਿਖਿਆ ਹੈ-

“< ਸ੍ਰੀ ਵਾਹਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੂ ਸਹਾਇ। ਤਤਕਰਾ ਸੂਚੇ ਪੱਤ੍ਰ ਸ੍ਰੀ ਗ੍ਰਿੰਥ ਜੂ ਕਾ ਬਾਣੀ ਪਾਤਿਸਾਹ ਦਸਵੇਂ ਜੂ ਕੇ ਗ੍ਰਿੰਥ ਕਾ ਸੰਬਤ 1755 ਮਿਤੀ ਅਸਾੜ ਬਦੀ 1 ਕੋ ਗ੍ਰਿੰਥ ਲਿਖਿਆ।”

ਇਸ ਸੰਵਤ ਨੂੰ ‘ਰਾਮਾਵਤਾਰ’ ਦੀਆਂ ਇਨ੍ਹਾਂ ਪੰਕਤੀਆਂ ਨਾਲ ਮਿਲਾਉਣ ਤੇ ਕੋਈ ਸੰਸਾ ਨਹੀਂ ਰਹਿ ਜਾਂਦਾ-

ਸੰਮਤ ਸਤ੍ਰਹ ਸਹਸ ਪਚਾਵਨ। ਹਾੜ ਵਦੀ ਪ੍ਰਿਥਮਿ ਸੁਖ ਦਾਵਨ

ਤ੍ਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ। ਭੂਲ ਪਰੀ ਲਹੁ ਲੇਹੁ ਸੁਧਾਰਾ। (ਰਾਮਾਵਤਾਰ 860)

ਸੋ ਨਿਸ਼ਚਿਤ ਤੌਰ ਤੇ ਪਟਨਾ ਸਾਹਿਬ ਦੀ ਬੀੜ ਦੇ ਤਤਕਰੇ ਦਾ ਇਹ ਸੰਵਤ ਬੀੜ ਦੇ ਸੰਕਲਨ ਦਾ ਨਹੀਂ, ਜ਼ਫ਼ਰਨਾਮਨੇ ਤੋਂ ਛੁਟ ਸ਼੍ਰੀ ਦਸਮ ਗ੍ਰੰਥ ਦੀਆਂ ਹੋਰ ਬਾਣੀਆਂ ਦੇ ਸੰਪੂਰਨ ਹੋਣ ਦਾ ਹੈ। ਇੰਞ ਹੋਰ ਕਿਸੇ ਪ੍ਰਮਾਣ ਦੀ ਅਣਹੋਂਦ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਬੀੜ ਦਾ ਰਚਨਾ ਕਾਲ ਜੋ ਗਿਆਨੀ ਗਿਆਨ ਸਿੰਘ ਨੇ 1775 ਈ. ਦਿਤਾ ਹੈ, ਉਹ ਠੀਕ ਹੋ ਸਕਦਾ ਹੈ ਅਤੇ ਮਾਨ ਸਾਹਿਬ ਦਾ ਇਹ ਕਹਿਣਾ ਕਿ ਦਸਮ ਗ੍ਰੰਥ 19ਵੀਂ ਸਦੀ ਦੇ ਆਰੰਭ ਵਿਚ ਅੰਗ਼ਰੇਜ਼ਾਂ ਨੇ ਤਿਆਰ ਕਰਵਾਇਆ ਹੈ, ਨਿਰਮੂਲ ਸਿਧ ਹੁੰਦਾ ਹੈ। ਇਹ ਵੀ ਜ਼ਿਕਰ ਕਰਨ ਯੋਗ ਤਥ ਹੈ ਕਿ ਰਾਮਾਵਤਾਰ ਦਾ ਇਹ ਸੰਵਤ ਸਾਰੇ ਸੰਵਤਾਂ ਵਿਚੋਂ ਅੰਤਿਮ ਹੈ। ਭਾਈ ਕੇਸਰ ਸਿੰਘ ਛਿਬਰ ਨੇ ਵੀ ਦਸਮ ਗ੍ਰੰਥ ਦੀ ਸੰਪੂਰਨਤਾ ਦਾ ਇਹੋ ਸੰਵਤ ਮਿਥਿਆ ਹੈ। ਇਸੇ ਸੰਵਤ ਦੀ ਤਸਦੀਕ ਪਟਨਾ ਸਾਹਿਬ ਵਾਲੀ ਬੀੜ ਦਾ ਤਤਕਰਾ ਕਰਦਾ ਹੈ। ਜੇ ਬੀੜ ਦੇ ਅੰਦਰ ਇਸ ਦੇ ਗੁਰੂ ਜੀ ਦੁਆਰਾ ਸੰਪੰਨ ਹੋਣ ਦੀ ਗਵਾਹੀ ਮੌਜੂਦ ਹੈ ਅਤੇ ਦੋ ਹੋਰ ਪੁਰਾਤਨ ਗਵਾਹੀਆਂ ਇਸ ਦੇ 1755 ਸੰਵਤ ਵਿਚ ਗੁਰੂ ਜੀ ਰਾਹੀਂ ਇਸ ਦੇ ਸੰਪੂਰਨ ਹੋਣ ਨੂੰ ਪ੍ਰਮਾਣਿਤ ਕਰਦੀਆਂ ਹਨ, ਤਾਂ ਅਜਿਹੀਆਂ ਭਰੋਸੇਮੰਦ ਗਵਾਹੀਆਂ ਨੂੰ ਨਕਾਰ ਕੇ ਡਾ. ਮਾਨ ਸਿਰਫ਼ ਹਿਕ ਦੇ ਜ਼ੋਰ ਨਾਲ ਪੰਥ ਦੀ ਝੋਲੀ ਵਿਚ ਗੁਰੂ-ਬਚਨਾਂ ਦੇ ਨਿਰਾਦਰ ਨੂੰ ਕਿਵੇਂ ਪਰੋਸ ਸਕਦੇ ਹਨ ? ‘ਰਾਮਾਵਤਾਰ’ ਬਾਣੀ ਦੇ ਅੰਤਲੇ ਭਾਗ ਵਿਚ ਕੇਵਲ ਇਸ ਬਾਣੀ ਦੀ ਪੂਰਨਤਾ ਦਾ ਉਪਰੋਕਤ ਸੰਵਤ ਹੀ ਨਹੀਂ, ਬਲਕਿ ਲਿਖਾਰੀ ਨੇ ‘ਰਾਮਾਵਤਾਰ’ ਦੇ ਨਾਲ ਹੀ ਇਸ ਪੂਰੇ ਗ੍ਰੰਥ ਦੀ ਪੂਰਨਤਾ ਦਾ ਵੀ ਸਪਸ਼ਟ ਉਲੇਖ ਕੀਤਾ ਹੈ, ਯਥਾ-

ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦ

ਗ੍ਰੰਥ ਸਕਲ ਪੂਰਣ ਕੀਯੋ ਭਗਵਤਿ ਕ੍ਰਿਪਾ ਪ੍ਰਸਾਦਿ। (ਰਾਮਾਵਤਾਰ 861)

ਚਰਚਿਤ ਤਥਾਂ ਦੇ ਆਧਾਰ ਤੇ ਪਟਨੇ ਵਾਲੀ ਬੀੜ ਦੇ ਤਤਕਰੇ ਦੀ ਮੁਢਲੀ ਇਬਾਰਤ ਦਾ ਸੰਬੰਧ 1755 ਸੰਵਤ ਵਿਚ ਗੁਰੂ-ਕਾਲ ਵਿਚ ਸੰਪੂਰਨ ਹੋਈ ਬੀੜ ਨਾਲ ਜਿਵੇਂ ਜੁੜ ਰਿਹਾ ਹੈ, ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਪਟਨਾ ਸਾਹਿਬ ਵਾਲੀ ਬੀੜ ਦੇ ਲਿਖਾਰੀ ਸਾਹਮਣੇ ਦਸਮ ਗੁਰੂ ਜੀ ਦੀ ਬਾਣੀ ਦੀਆਂ ਬਹੁਤ ਹੀ ਮਹਤਵਪੂਰਨ ਅਤੇ ਪੁਰਾਤਨ ਪੋਥੀਆਂ ਰਹੀਆਂ ਹੋਣਗੀਆਂ। ਇਸ ਤਰ੍ਹਾਂ ਇਸ ਬੀੜ ਦਾ ਮਹਤਵ ਹੋਰ ਵੀ ਵਧ ਜਾਂਦਾ ਹੈ।

ਜਿਥੋਂ ਤਕ ਇਸ ਵਿਚ 1706 ਈ. ਵਿਚ ਰਚਿਤ ਗੁਰੂ ਜੀ ਦਾ ਜ਼ਫ਼ਰਨਾਮਾ ਚੜ੍ਹੇ ਹੋਣ ਦੀ ਗੱਲ ਹੈ, ਤਾਂ ਉਪਰੋਕਤ ਚਰਚਾ ਨੂੰ ਧਿਆਨ ਵਿਚ ਰਖਦਿਆਂ ਇਸ ਪ੍ਰਸ਼ਨ ਦੀ ਕੋਈ ਉਚਿਤਤਾ ਹੀ ਨਹੀਂ ਰਹਿ ਜਾਂਦੀ। ਇਹ ਕਹਿਣਾ ਕਿ 1706 ਈ. ਵਿਚ ਰਚਿਤ ਜ਼ਫ਼ਰਨਾਮਾ ਚੜ੍ਹੇ ਹੋਣ ਕਾਰਨ ਇਸ ਦੀ 1755  ਸੰਵਤ (1698 ਈ.) ਸੰਪੂਰਨਤਾ ਕਿਵੇਂ ਮੰਨੀ ਜਾ ਸਕਦੀ ਹੈ ? ਇਹ ਵੀ ਫ਼ਜ਼ੂਲ ਚਰਚਾਵਾਂ ਵਿਚ ਉਲਝਾਉਣ ਵਾਲੀ ਪ੍ਰਵਿਰਤੀ ਵਿਚੋਂ ਨਿਕਲਿਆ ਕਿੰਤੂ ਹੈ। ਆਦਿ ਗ੍ਰੰਥ ਦੀ ਪਹਿਲੀ ਸੰਪੂਰਨਤਾ 1604 ਈ. ਵਿਚ ਹੋ ਗਈ। ਮਗਰੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਚੜ੍ਹਾ ਦਿਤੀ ਗਈ। ਆਦਿ ਗ੍ਰੰਥ 1604 ਈ. ਵਿਚ ਵੀ ਪੂਰਨ ਹੋਇਆ ਅਤੇ 1706 ਈ. ਵਿਚ ਵੀ। ਆਖ਼ਿਰ ਹਰਿਮੰਦਿਰ ਵਿਚ 1604 ਈ. ਵਿਚ ਪ੍ਰਕਾਸ਼ ਕਰਨ ਸਮੇਂ ਇਸ ਨੂੰ ਅਧੂਰਾ ਗ੍ਰੰਥ ਤਾਂ ਨਹੀਂ ਸੀ ਮੰਨਿਆ ਜਾਂਦਾ। ਪਹਿਲੇ ਪ੍ਰਕਾਸ਼ ਵੇਲੇ ਵੀ ਸਿਖਾਂ ਨੇ ਇਸ ਨੂੰ ਪਰਿਪੂਰਨ ਗ੍ਰੰਥ ਦਾ ਹੀ ਮਾਨ ਦੇਂਦਿਆਂ ਸ਼ਰਧਾ ਸਹਿਤ ਗਾਇਆ ਸੀ-

ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ 

3.         ਡਾ. ਮਾਨ ਦਾ ਤੀਜਾ ਪ੍ਰਸ਼ਨ ਹੈ ਕਿ ਕੀ ਦਸਮ ਗ੍ਰੰਥ 19ਵੀਂ ਸਦੀ ਵਿਚ ਪ੍ਰਗਟ ਹੋਇਆ ਅਤੇ ਕੀ ਪੰਜਾਬ ਅਤੇ ਦਿਲੀ ਦੇ ਇਲਾਕਿਆਂ ਵਿਚ 18ਵੀਂ ਸਦੀ ਵਿਚ ਮੌਜੂਦ ਸੀ ? ਇਸ ਸੰਬੰਧੀ ਮੇਰਾ ਉਤਰ ਹੈ ਕਿ ਮਾਨ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਗ੍ਰੰਥ 19ਵੀਂ ਸਦੀ ਵਿਚ ਪ੍ਰਗਟ ਨਹੀਂ ਹੋਇਆ। ਉਨ੍ਹਾਂ ਦੇ ਆਪਣੇ ਕਥਨ ਅਨੁਸਾਰ 1783 ਈ. ਵਿਚ ਇਸ ਦੀ ਇਕ ਬੀੜ ਕੋਲਬ੍ਰੁਕ ਨੇ ਪ੍ਰਾਪਤ ਕਰ ਲਈ ਸੀ। ਕੋਲਬ੍ਰੁਕ, ਮੈਲਕਮ ਜਾਂ ਕਿਸੇ ਹੋਰ ਵਿਦਵਾਨ ਲੇਖਕ ਨੇ ਵੀ ਇਹ ਕਿਥੇ ਲਿਖਿਆ ਹੈ ਕਿ ਕੋਲਬ੍ਰੁਕ ਵਾਲਾ ਗ੍ਰੰਥ 1783 ਈ. ਵਿਚ ਹੀ ਲਿਖਿਆ ਗਿਆ ਸੀ ? ਇਸ ਸੰਨ ਦੌਰਾਨ ਤਾਂ ਇਹ ਗ੍ਰੰਥ ਉਸ ਨੂੰ ਪ੍ਰਾਪਤ ਹੋਇਆ ਸੀ। ਇਹ ਵੀ ਸਿਧ ਹੈ ਕਿ ਜੇ ਕੋਲਬ੍ਰੁਕ ਨੇ 1783 ਈ. ਵਿਚ ਇਸ ਗ੍ਰੰਥ ਦੀ ਬੀੜ ਪ੍ਰਾਪਤ ਕਰ ਲਈ ਸੀ, ਤਾਂ ਕਿਸੇ ਵੀ ਸੂਰਤ ਵਿਚ ਇਸ ਨੂੰ ਆਤਮਾ ਰਾਮ ਜਾਂ ਕਿਸੇ ਹੋਰ ਨਿਰਮਲੇ ਨੇ 1810 ਈ. ਵਿਚ ਮੈਲਕਮ ਦੀ ਜਾਅਲਸਾਜ਼ੀ ਅਧੀਨ ਨਹੀਂ ਲਿਖਿਆ ਹੋਵੇਗਾ। ਜੇ ਧਰਮ-ਸ਼ਾਸਤਰ ਦੇ ਵਿਦਵਾਨ ਬਣਨ ਦਾ ਬਹੁਤ ਚਾਅ ਹੈ, ਤਾਂ ਡਾ. ਮਾਨ ਮਰੀਜ਼ਾਂ ਦੀਆਂ ਹਡੀਆਂ ਦੀ ਜਾਂਚ ਦੀ ਜ਼ਿਮੇਵਾਰੀ ਕਿਸੇ ਹੋਰ ਵਿਸ਼ੇਸ਼ਗ ਨੂੰ ਸੌਂਪ ਕੇ ਕੋਲਬ੍ਰੁਕ ਵਾਲਾ ਗ੍ਰੰਥ ਲਭਣ। ਫਿਰ ਇਸ ਦੇ ਕਾਗ਼ਜ਼, ਸਿਆਹੀ, ਲਿਖਿਤ ਦੀ ਜਾਂਚ ਕਰਵਾਉਣ ਕਿ ਇਹ ਕਦੋਂ ਦਾ ਲਿਖਿਆ ਹੈ ? ਫਿਰ ਪੂਰੇ ਤਥ ਇਕਤਰ ਕਰ ਕੇ ਕਹਿਣ ਕਿ ਅਸਲ ਵਿਚ ਇਹ 1783 ਈ. ਦਾ ਵੀ ਨਹੀਂ, ਬਲਕਿ ਇਹ 19ਵੀਂ ਸਦੀ ਦੀ ਉਪਜ ਹੈ। ਜੇ ਇਹ ਗ੍ਰੰਥ ਨਾ ਪੰਜਾਬ ਵਿਚ ਸੀ, ਨਾ ਦਿਲੀ ਵਿਚ ਤਾਂ ਮੈਲਕਮ ਨੇ ਇਹ ਕਿਵੇਂ ਲਿਖਿਆ ਕਿ ਕੋਲਬ੍ਰੁਕ ਮੇਰੇ ਤੋਂ ਭਾਗਸ਼ਾਲੀ ਸੀ, ਜਿਸ ਨੇ ਦੋਵੇਂ ਗ੍ਰੰਥਾਂ ਦੀਆਂ ਬੀੜਾਂ ਪ੍ਰਾਪਤ ਕਰ ਲਈਆਂ ਸਨ, ਜਦੋਂ ਕਿ ਮੈਂ ਕੇਵਲ ਆਦਿ ਗ੍ਰੰਥ ਹੀ ਪ੍ਰਾਪਤ ਕਰ ਸਕਿਆ ਸੀ। ਡਾ. ਮਾਨ ਨੂੰ ਇਹ ਤਾਂ ਹਰ ਹਾਲ ਪਤਾ ਹੈ ਕਿ ਜਿਸ ਦਸਮ ਗ੍ਰੰਥ ਨੂੰ ਲਿਖਵਾਉਣ ਵਾਸਤੇ ਉਹ ਭਾਈ ਮਨੀ ਸਿੰਘ ਨੂੰ ਕੋਸਦਾ ਹੈ, ਉਹ ਦਿਲੀ ਵਿਚ ਹੀ ਲਿਖਿਆ ਗਿਆ ਸੀ। ਜੇ ਉਸ ਦੇ ਸੰਕਲਨ ਦਾ ਇਤਿਹਾਸ ਹੀ ਦਿਲੀ ਨਾਲ ਜੁੜਿਆ ਹੋਇਆ ਹੈ, ਤਾਂ ਫਿਰ ਡਾ. ਮਾਨ ਦੇ ਇਸ ਪ੍ਰਸ਼ਨ ਦੀ ਕੀ ਪ੍ਰਾਸੰਗਿਕਤਾ ਹੈ ?

4.         ਡਾ. ਮਾਨ ਦਾ ਅਗਲਾ ਪ੍ਰਸ਼ਨ ਹੈ- ਕੀ ਇਹ ਠੀਕ ਹੈ ਕਿ ਛਪਿਆ ਹੋਇਆ ਮੌਜੂਦਾ ਦਸਮ ਗ੍ਰੰਥ 1810 ਈ.  ਵਿਚ ਰਚਿਤ ਮੈਲਕਮ ਦੀ ਪੁਸਤਕ ‘Sketch of the Sikhs’ ਵਿਚ ਪਹਿਲੀ ਵਾਰ ਚਰਚਿਤ ਹੋਇਆ ਸੀ ? ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਸ਼ਨ-ਕਰਤਾ ਹਰ ਗੱਲ ਚਤੁਰਾਈ ਦੁਆਰਾ ਟੇਢੇ ਢੰਗ ਨਾਲ ਕਰ ਕੇ ਸਾਧਾਰਨ ਪਾਠਕ ਨੂੰ ਗੁਮਰਾਹ ਕਰਨ ਦਾ ਯਤਨ ਕਰਦਾ ਹੈ, ਹਾਲਾਕਿ ਅਸਲੀਅਤ ਵਿਚ ਉਹ ਇਤਨਾ ਚਤੁਰ ਨਹੀਂ ਕਿ ਬੁਧੀਮਾਨਾਂ ਨੂੰ ਕਿਸੇ ਭਰਮ ਵਿਚ ਪਾ ਸਕੇ। ਜਦੋਂ ਚਰਚਾ ਕੇਵਲ ਗ੍ਰੰਥ ਦੀਆਂ ਬਾਣੀਆਂ ਦੇ ਗੁਰੂ-ਕ੍ਰਿਤ ਹੋਣ ਜਾਂ ਨਾ ਹੋਣ ਉਤੇ ਕੇਂਦ੍ਰਿਤ ਹੈ, ਤਾਂ ਪ੍ਰਕਾਸ਼ਿਤ ਜਾਂ ਅਪ੍ਰਕਾਸ਼ਿਤ ਬੀੜਾਂ ਦਾ ਮੁਦਾ ਖੜ੍ਹਾ ਕਰਨ ਦੀ ਕੀ ਜ਼ਰੂਰਤ ਹੈ ? ਪਾਠਕ ਕਿਸੇ ਭਰਮ ਵਿਚ ਨਾ ਰਹਿਣ, ਇਸ ਲਈ ਮੈਂ ਡਾ. ਮਾਨ ਦਾ ਇਹ ਪ੍ਰਸ਼ਨ ਹੂ-ਬ-ਹੂ ਦੇ ਰਿਹਾ ਹਾਂ- Is it correct that Presently published Dasam Granth was first introduced in Literature by Malcolm in 1810 AD in his book titled ‘Sketch of the Sikhs ?’ ਪਾਠਕਾਂ ਨੂੰ ਇਹ ਬੇਨਤੀ ਕਰਨੀ ਜ਼ਰੂਰੀ ਹੈ ਕਿ ਇਸ ਵਾਕ ਵਿਚ ਫਰੲਸੲਨਟਲੇ ਅਤੇ ਲ਼ਟਿੲਰੳਟੁਰੲ ਦੇ ਪਹਿਲੇ ਅਖਰ ਵਡੇ ਲਿਖਣ ਦੀ ਗਲਤੀ ਮੇਰੀ ਨਹੀਂ। ਮੈਂ ਪਹਿਲਾਂ ਵੀ ਕਈ ਵਾਰ ਲਿਖ ਚੁਕਿਆ ਹਾਂ, ਕਿ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਲਿਖਣ ਦਾ ਸ਼ੌਕ ਬਹੁਤ ਹੈ, ਪਰ ਬਹੁਤਿਆਂ ਨੂੰ ਲਿਖਣਾ ਆਉਂਦਾ ਨਹੀਂ। ਡਾ. ਮਾਨ ਦੀ ਵਿਚਿਤ੍ਰ ਅੰਗ਼ਰੇਜ਼ੀ ਵੀ ਪੜ੍ਹ ਕੇ ਇਹੋ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੂੰ ਵਡੇ-ਛੋਟੇ ਅਖਰਾਂ ਦੀ ਵਰਤੋਂ ਦਾ ਵੱਲ ਤਾਂ ਨਹੀਂ ਆਇਆ, ਕੇਵਲ ਵਡੇ ਪੁਰੁਖਾਂ ਦੀਆਂ ਮਹਾਨ ਲਿਖਿਤਾਂ ਦੀ ਨਿੰਦਿਆ ਉਨ੍ਹਾਂ ਜ਼ਰੂਰ ਕਿਸੇ ਤੋਂ ਸਿਖ ਲਈ ਹੈ। ਅਸੀਂ ਮੂਲ-ਪ੍ਰਸ਼ਨ ਵਲ ਪਰਤਦਿਆਂ ਪਾਠਕਾਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਇਹ ਮਾਨ ਸਾਹਿਬ ਹੀ ਦਸ ਸਕਦੇ ਹਨ ਕਿ ਦਸਮ ਗ੍ਰੰਥ ਦਾ ਜਿਹੜਾ ਪ੍ਰਕਾਸ਼ਿਤ ਸਰੂਪ ਸੋਧਕ ਕਮੇਟੀ ਨੇ 1897 ਈ. ਵਿਚ ਸੋਧਿਆ ਅਤੇ ਤਰਤੀਬ ਕੀਤਾ ਸੀ, ਉਸ ਦਾ ਜ਼ਿਕਰ 1810 ਈ. ਦੀ ਮੈਲਕਮ ਰਚਿਤ ਪੁਸਤਕ ਤੋਂ ਪਹਿਲਾਂ ਕਿਵੇਂ ਹੋ ਸਕਦਾ ਸੀ ? ਮੈਲਕਮ ਨੇ ਸ਼੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਦੀ ਕੋਈ ਤਰਤੀਬ ਵੀ ਨਹੀਂ ਲਿਖੀ, ਜੋ ‘ਸੋਧਕ ਕਮੇਟੀ’ ਦੁਆਰਾ ਪ੍ਰਵਾਣ ਕੀਤੀ ਤਰਤੀਬ ਨਾਲ ਮਿਲਾਈ ਜਾ ਸਕੇ। ਟੇਢੇ ਸਵਾਲ ਦੇ ਵਲਾਂ ਵਿਚ ਮਾਨ ਸਾਹਿਬ ਆਪ ਹੀ ਫਸ ਗਏ ਜਾਪਦੇ ਹਨ। ਉਨ੍ਹਾਂ ਦਾ ਸਵਾਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਮੈਲਕਮ ਤੋਂ ਪਹਿਲਾਂ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਅਤੇ ਉਸ ਦੇ ਸੰਗ੍ਰਹਿ ਦੀ ਚਰਚਾ ਸਾਹਿਤ ਵਿਚ ਕਿਤੇ ਮਿਲਦੀ ਹੈ ਜਾਂ ਨਹੀਂ ? ਡਾ. ਮਾਨ ਨੂੰ ਪਤਾ ਸੀ ਕਿ ਇਸ ਬਾਣੀ ਦੀ ਚਰਚਾ ਸ੍ਰੀ ਗੁਰੁ ਸੋਭਾ, ਗੁਰ ਬਿਲਾਸ ਪਾਤਸ਼ਾਹੀ ਦਸਵੀਂ (ਦੋਵੇਂ), ਮਹਿਮਾ ਪ੍ਰਕਾਸ਼ ਆਦਿ ਸਾਰੇ ਗ੍ਰੰਥਾਂ ਵਿਚ ਮਿਲਦੀ ਹੈ ਅਤੇ ਭਾਈ ਕੇਸਰ ਸਿੰਘ ਛਿਬਰ ਨੇ ਇਸ ਦੇ ਸੰਕਲਨ ਦਾ ਵਿਸਤਾਰ ਸਹਿਤ ਵਰਣਨ ਕੀਤਾ ਹੈ। ਸੋ ਮਾਨ ਕੋਲ ਇਹ ਕਹਿਣ ਦੀ ਕੋਈ ਗੁੰਜਾਇਸ਼ ਨਹੀਂ ਸੀ ਕਿ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਦੀ ਚਰਚਾ ਮੈਲਕਮ ਤੋਂ ਪਹਿਲਾਂ ਕਿਸੇ ਨੇ ਕੀਤੀ ਹੈ ਜਾਂ ਨਹੀਂ ? ਸੋ ਲੋਕਾਂ ਨੂੰ ਗੁਮਰਾਹ ਕਰਨ ਦਾ ਉਸ ਨੇ ਇਹ ਢੰਗ ਲਭਿਆ ਕਿ ਪ੍ਰਕਾਸ਼ਿਤ ਗ੍ਰੰਥ ਸ਼ਬਦ ਵਰਤ ਕੇ ਭੰਬਲਭੂਸਾ ਪੈਦਾ ਕੀਤਾ ਜਾਵੇ ? ਡਾ. ਮਾਨ ਪਹਿਲਾਂ ਸਪਸ਼ਟ ਕਰਨ ਕਿ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਦਾ ਵਿਰੋਧ ਕਰ ਰਹੇ ਹਨ, ਜਾਂ ‘ਸੋਧਕ ਕਮੇਟੀ’ ਦੇ ਬਾਣੀ-ਕ੍ਰਮ ਦਾ ?

5.      ਡਾ. ਮਾਨ ਦਾ ਇਹ ਵੀ ਪ੍ਰਸ਼ਨ ਵੀ ਉਨ੍ਹਾਂ ਦੀ ਕਪੋਲ-ਕਲਪਨਾ ਹੈ ਕਿ ਕੀ ਇਹ ਇਤਿਹਾਸਿਕ ਸਚਾਈ ਹੈ ਕਿ ਅੰਗ਼ਰੇਜ਼ਾਂ ਨੇ ਸਿਖਾਂ ਅਤੇ ਸਿਖ ਰਾਜ ਨੂੰ ਕਮਜ਼ੋਰ ਕਰਨ ਵਾਸਤੇ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਬੁਰੇ ਮਨਸੂਬਿਆਂ ਕਾਰਨ ਪ੍ਰਚਾਰਿਆ ਅਤੇ ਪਸਾਰਿਆ ਸੀ ? ਬੁਰੇ ਮਨਸੂਬੇ ਵਾਲੇ ਹਾਕਿਮ ਕਿਸੇ ਕੌਮ ਦੇ ਜੁਝਾਰੂਪਨ ਦੇ ਵਿਰੋਧੀ ਹੁੰਦੇ ਹਨ, ਉਸ ਦੀ ਮਾਲਾ ਦੇ ਨਹੀਂ। ਸਿਖਾਂ ਦੇ ਨਾਮ-ਸਿਮਰਨ ਅਤੇ ਕੀਰਤਨ ਤੋਂ ਅੰਗ਼ਰੇਜ਼ਾਂ ਦੀ ਹੁਕੂਮਤ ਨੂੰ ਕੋਈ ਖ਼ਤਰਾ ਨਹੀਂ ਸੀ। ਉਨ੍ਹਾਂ ਦੇ ਸ਼ਸਤ੍ਰ-ਸਨੇਹ ਅਤੇ ਜੁਝਾਰੂ ਸਰੂਪ ਤੋਂ ਉਹ ਜ਼ਰੂਰ ਭੈਅ-ਭੀਤ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ ਸੀ, ਉਹ ਦਸਮ ਗ੍ਰੰਥ ਦੀ ‘ਸ਼ਸਤ੍ਰਨਾਮ ਮਾਲਾ’ ਦੇ ਪਾਠ ਪ੍ਰਤੀ ਸਿਖਾਂ ਦੀ ਵਚਨਬਧਤਾ ਤੋਂ ਜ਼ਰੂਰ ਘਬਰਾਉਂਦੇ ਹੋਣਗੇ। ਛਤ੍ਰੀ ਕੳੋ ਪੂਤ ਹੌਂ ਬਾਮ੍ਹਣ ਕੋ ਨਾਹੀ, ਅਤਿ ਹੀ ਰਣ ਮਹਿ ਤਬ ਜੂਝ ਮਰੌਂ, ਅਸਿ ਕ੍ਰਿਪਾਣਿ ਖੰਡੋ ਖੜਗ ਆਦਿ ਦੇ ਨਿਰੰਤਰ ਜਾਪ ਅਤੇ ਚੰਡੀ ਦੀ ਵਾਰ ਦੇ ਪਾਠ ਉਨ੍ਹਾਂ ਵਾਸਤੇ ਚਿੰਤਾ ਦਾ ਕਾਰਨ ਹੋ ਸਕਦੇ ਸਨ । ‘ਰਾਜ ਕਰੇਗਾ ਖਾਲਸਾ’ ਉਨ੍ਹਾਂ ਦੀ ਸੱਤਾ ਵਾਸਤੇ ਚੁਨੌਤੀ ਬਣ ਸਕਦਾ ਸੀ, ‘ਗੁਰੂ ਮਾਨਿਯੋ ਗ੍ਰੰਥ ਨਹੀਂ’। ਅੰਗ਼ਰੇਜ਼ਾਂ ਵਰਗੀ ਨੀਤੀ-ਪ੍ਰਵੀਨ ਕੌਮ ਕਿਵੇਂ ਆਪਣੇ ਦੁਸ਼ਮਣ ਨੂੰ ‘ਖਗ ਖੰਡ ਬਿਹੰਡੰ ਖਲ ਦਲ ਖੰਡੰ’ ਪੜ੍ਹ ਕੇ ਵੈਰੀ ਦਾ ਨਾਸ਼ ਕਰਨ ਲਈ ਉਤਸਾਹਿਤ ਕਰ ਸਕਦੀ ਸੀ ? ਕਿਵੇਂ ਉਹ ਸਿਖਾਂ ਨੂੰ ਅਸਿਕੇਤੁ, ਅਸਿਪਾਨਿ ਵਰਗੇ ਖੜਗਧਾਰੀ ਸਰਬਲੋਹ ਕਾਲ-ਪੁਰੁਖ ਦਾ ਨਾਮ ਜਪਣ ਵਾਸਤੇ ਪ੍ਰੇਰਿਤ ਕਰ ਸਕਦੇ ਸਨ ? ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਕਿਸੇ ਕੌਮ ਨੂੰ ਧਰਮ ਯੁਧ ਦਾ ਚਾਅ ਪੈਦਾ ਕਰਨ ਵਾਲੀਆਂ ਬਾਣੀਆਂ ਪੜ੍ਹਨ ਦੀ ਪ੍ਰੇਰਨਾ ਵੈਰੀ ਕੌਮ ਕਦੇ ਨਹੀਂ ਦੇ ਸਕਦੀ। ਮੈਲਕਮ ਦੇ ਸਮੇਂ ਤਕ ਅੰਗ਼ਰੇਜ਼ਾਂ ਨੂੰ ਸਿਖ ਧਰਮ ਦੀ ਇਤਨੀ ਤੁਛ ਜਾਣਕਾਰੀ ਹੈ ਕਿ ਉਹ ਇਸ ਵਿਚ ਮਿਲਾਵਟ ਕਰਨ ਦੇ ਸਮਰਥ ਹੀ ਨਹੀਂ ਸਨ। ਮੈਲਕਮ ਨੂੰ ਇਹ ਨਹੀਂ ਪਤਾ ਕਿ ਭਾਈ ਗੁਰਦਾਸ ਪਹਿਲੇ ਅਤੇ ਦੂਜੇ ਵਿਚ ਕੀ ਅੰਤਰ ਹੈ ?  ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਵੀ ਇਹੋ ਦਸਦਾ ਹੈ ਕਿ ਉਸ ਸਮੇਂ ਤਕ ਅੰਗ਼ਰੇਜ਼ ਬੂਟੇ ਸ਼ਾਹ ਵਰਗੇ ਦੂਜੀ ਕੌਮ ਦੇ ਵਿਅਕਤੀਆਂ ਤੋਂ ਸਿਖ ਧਰਮ ਦੀ ਮੁਢਲੀ ਜਾਣਕਾਰੀ ਹਾਸਿਲ ਕਰਨ ਦਾ ਯਤਨ ਕਰ ਰਹੇ ਸਨ। ਉਨ੍ਹਾਂ ਨੂੰ ਸਿਖਾਂ ਬਾਰੇ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਨੂੰ ਸਿਖਾਂ ਅਤੇ ਮੁਸਲਮਾਨਾਂ ਦੇ ਸੰਬੰਧਾਂ ਦੀ ਕੋਈ ਸਮਝ ਨਹੀਂ ਸੀ। ਉਹ ਇਹ ਵੀ ਨਹੀਂ ਸਨ ਜਾਣਦੇ ਕਿ ਮੁਸਲਮਾਨ ਲੇਖਕ ਆਪਣੀ ਲਿਖਿਤ ਵਿਚ ਸਿਖਾਂ ਨਾਲ ਕਿਸ ਕਿਸਮ ਦਾ ਨਿਆਂ ਕਰੇਗਾ ? ਜਿਸ ਕੌਮ ਨੂੰ ਸਿਖਾਂ ਬਾਰੇ ਅਜੇ ਬਹੁਤਾ ਪਤਾ ਹੀ ਨਹੀਂ ਸੀ, ਉਹ ਕਿਵੇਂ ਇਕ ਇਤਨਾ ਵਿਸ਼ਾਲ ਗ੍ਰੰਥ ਰਚ ਕੇ ਸਿਖਾਂ ਵਿਚ ਪ੍ਰਚਲਿਤ ਕਰ ਸਕਦੀ ਸੀ ? ਡਾ. ਮਾਨ ਨੇ ਭਾਈ ਮਨੀ ਸਿੰਘ ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਦਸਮ ਗ੍ਰੰਥ ਦਾ ਸੰਕਲਨ ਕਰ ਕੇ ਇਕ ਬਹੁਤ ਵਡੀ ਭੁਲ ਕੀਤੀ ਹੈ ? ਜੇ ਇਹ ਸਾਰਾ ਯਤਨ ਹੀ ਅੰਗ਼ਰੇਜ਼ਾਂ ਦਾ ਹੈ ਤਾਂ ਫਿਰ ਮੈਲਕਮ ਦੇ ਸਮੇਂ ਤਕ ਪੁਜਣ ਦੀ ਕੀ ਜ਼ਰੂਰਤ ਹੈ, ਭਾਈ ਮਨੀ ਸਿੰਘ ਦੇ ਅੰਗ਼ਰੇਜ਼ਾਂ ਨਾਲ ਸੰਬੰਧ ਦਸਣੇ ਪੈਣਗੇ। ਸੋ ਮਾਨ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਤਿਹਾਸਿਕ ਸਚਾਈ ਕੀ ਹੁੰਦੀ ਹੈ ? ਬਿਨਾ ਕਿਸੇ ਤਥ ਅਤੇ ਯੁਕਤੀ ਦੇ ਆਪਣੀਆਂ ਆਧਾਰਹੀਣ ਮਨੌਤਾਂ ਨੂੰ ਇਤਿਹਾਸਿਕ ਸਚਾਈ ਮੰਨਣਾ ਅਨੁਚਿਤ ਹੈ। ਜੇ ਮੈਲਕਮ ਦੁਆਰਾ ਸ਼੍ਰੀ ਦਸਮ ਗ੍ਰੰਥ ਦੇ ਕੁਝ ਪਦਾਂ ਦੀ ਚਰਚਾ ਕੀਤਿਆਂ ਇਹ ਗ੍ਰੰਥ ਅੰਗ਼ਰੇਜ਼ਾਂ ਦੁਆਰਾ ਲਿਖਵਾਇਆ ਮੰਨ ਲਿਆ ਜਾਵੇ, ਤਾਂ ਫਿਰ ਮੈਲਕਮ ਜਦੋਂ ਦਸਮ ਗ੍ਰੰਥ ਤੋਂ ਵਧੀਕ ਚਰਚਾ ਆਦਿ ਗ੍ਰੰਥ ਦੀ ਕਰਦਾ ਹੈ, ਤਾਂ ਕੀ ਇਹ ਗ੍ਰੰਥ ਵੀ ਅੰਗ਼ਰੇਜ਼ਾਂ ਦੀ ਕੁਟਿਲ ਨੀਤੀ ਵਿਚੋਂ ਉਪਜਿਆ ਮੰਨ ਲਵਾਂਗੇ ? ਡਾ. ਮਾਨ ਦੇ ਕੰਮ ਦੀ ਕਚਿਆਈ ਵੇਖੋ ? ਉਹ 1814 ਈ. ਦੇ ਕਿਸੇ ਮਿਸ਼ਨਰੀ ਵਲੋਂ ਲਿਖੇ ਲੇਖ ਦਾ ਉਲੇਖ ਕਰ ਕੇ ਅੰਗ਼ਰੇਜ਼ਾਂ ਦੀ ਮਿਸ਼ਨਰੀ ਨੀਤੀ ਦਰਸਾਉਂਦੇ ਹਨ। ਇਹ ਲੇਖ ਨਾ ਵਿਲਕਿਨਸ ਨੇ ਲਿਖਿਆ ਹੈ, ਨਾ ਹੀ ਮੈਲਕਮ ਨੇ। ਨਾ ਇਸ ਵਿਚ ਕਿਤੇ ‘ਦਸਮ ਗ੍ਰੰਥ’ ਦਾ ਉਲੇਖ ਹੈ। ਜੋ ਗ੍ਰੰਥ 1783 ਈ. ਵਿਚ ਕੋਲਬ੍ਰੁਕ ਪ੍ਰਾਪਤ ਕਰ ਚੁਕਿਆ ਸੀ, ਉਸ ਦੀ ਪ੍ਰਮਾਣਿਕਤਾ ਨੂੰ ਸੰਦਿਗਧ ਕਰਨ ਵਾਸਤੇ ਉਸ ਤੋਂ ਪਹਿਲਾਂ ਦੀਆਂ ਅੰਗ਼ਰੇਜ਼ੀ ਚਾਲਾਂ ਦੇ ਪ੍ਰਮਾਣ ਦੇਣੇ ਚਾਹੀਦੇ ਹਨ, ਨਾ ਕਿ ਮਗਰੋਂ ਦੇ। ਇਸ ਲੇਖਕ ਦੀਆਂ ਜੋ ਪੰਕਤੀਆਂ ਡਾ. ਮਾਨ ਨੇ ਦਿਤੀਆਂ ਹਨ, ਉਨ੍ਹਾਂ ਵਿਚੋਂ ਉਸ ਮਿਸ਼ਨਰੀ ਦੀ ਜਾਂ ਅੰਗ਼ਰੇਜ਼ਾਂ ਦੀ ਸਿਖ ਕੌਮ ਪ੍ਰਤੀ ਦੁਰਭਾਵਨਾ ਕਿਤੋਂ ਨਹੀਂ ਝਲਕਦੀ। ਡਾ. ਮਾਨ ਦੁਆਰਾ ਉਦਾਹਰਣ ਵਜੋਂ ਦਿਤੀਆਂ ਪੰਕਤੀਆਂ ਕਹਿੰਦੀਆਂ ਹਨ “It is devoutly to be desired, that nothing may be done on the part of Christians to introduce their religion among the nations of India, which shall tend to impress a belief that Christianity is less tolerant, mild and pacific, or in any respect less worthy of reception than the religion of Nanac. Besides, the account we have of the principle doctrines of the Seeks, should excite our gratitude to the common Father of our race, that he has, in one way or another, diffused some correct ideas of himself, more extensively, than has been generally known or supposed by Christians.” ਅਰਥਾਤ “ਇਹ ਬਹੁਤ ਵਚਨਬਧਤਾ ਸਹਿਤ ਚਾਹੀਦਾ ਹੈ ਕਿ ਈਸਾਈ ਆਪਣੇ ਧਰਮ ਨੂੰ ਭਾਰਤ ਦੇਸ਼ ਦੀਆਂ (ਸਿਖਾਂ ਵਰਗੀਆਂ) ਕੌਮਾਂ ਵਿਚ ਆਪਣੇ ਧਰਮ ਦਾ ਪ੍ਰਸਾਰ ਕਰਨ ਵਾਸਤੇ ਕੁਝ ਵੀ ਅਜਿਹਾ ਨਹੀਂ ਕਰਨ, ਜਿਸ ਤੋਂ ਅਜਿਹਾ ਵਿਸ਼ਵਾਸ ਬਣਨ ਦੀ ਸੰਭਾਵਨਾ ਹੋਵੇ ਕਿ ਈਸਾਈ ਧਰਮ (ਸਿਖ ਧਰਮ ਤੋਂ)  ਸਹਿਣਸ਼ੀਲਤਾ, ਵਿਸ਼ਾਲ-ਦਿਲੀ ਅਤੇ ਸਦਭਾਵਨਾ ਵਿਚ ਘਟ ਹੈ, ਜਾਂ ਕਿਸੇ ਵੀ ਤਰੀਕੇ ਨਾਲ (ਗੁਰੂ) ਨਾਨਕ ਦੇ ਧਰਮ ਨਾਲੋਂ ਘਟ ਧਾਰਨ ਕਰਨ ਯੋਗ ਹੈ।  ਨਾਲ ਹੀ, ਸਿਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੀ ਜੋ ਜਾਣਕਾਰੀ ਸਾਡੇ ਪਾਸ ਹੈ,  (ਉਸ ਤੋਂ) ਸਾਡੀ ਕੌਮ ਦੇ ਸਾਂਝੇ ਪਿਤਾ ਪ੍ਰਤੀ ਸਾਡੀ ਸ਼ੁਕਰਗ਼ੁਜ਼ਾਰੀ ਉਤਸਾਹਿਤ ਹੋਣੀ ਚਾਹੀਦੀ ਹੈ ਕਿ ਉਸ ਨੇ ਇਕ ਜਾਂ ਦੂਜੇ ਤਰੀਕੇ ਨਾਲ ਆਪਣੇ-ਆਪ ਦੀ ਠੀਕ ਸਮਝ ਉਸ ਤੋਂ ਹੋਰ ਗੰਭੀਰਤਾ ਨਾਲ ਪ੍ਰਸਾਰੀ ਹੈ, ਜਿਤਨੀ ਕਿ ਈਸਾਈਆਂ ਨੂੰ ਸਮਝ ਹੈ ਜਾਂ ਜਿਤਨੀ ਉਹ ਕਲਪਨਾ ਕਰਦੇ ਹਨ।” ਵਾਸਤਵ ਵਿਚ ਲੇਖਕ ਹਿੰਦੂ ਧਰਮ ਦੇ ਉਨ੍ਹਾਂ ਖਿਤਿਆਂ ਵਿਚ ਈਸਾਈਅਤ ਦਾ ਪ੍ਰਸਾਰ ਚਾਹੁੰਦਾ ਹੈ, ਜਿਥੇ ਕੌਮੀਅਤ ਦੀ ਭਾਵਨਾ ਨਹੀਂ। ਸਿਖਾਂ ਵਰਗੀਆਂ ਕੌਮੀਅਤ ਦੀ ਚੇਤਨਾ ਵਾਲੀਆਂ ਜਮਾਤਾਂ ਵਿਚ ਪ੍ਰਸਾਰ ਤੋਂ ਉਹ ਈਸਾਈਅਤ ਦੇ ਪ੍ਰਚਾਰਕਾਂ ਨੂੰ ਸਾਵਧਾਨ ਕਰਦਾ ਹੈ ਕਿ ਸਿਖ ਸਿਧਾਂਤਾਂ ਸਾਹਮਣੇ ਈਸਾਈਅਤ ਬੌਣੀ ਸਿਧ ਹੋ ਸਕਦੀ ਹੈ। ਉਹ ਇਹ ਵੀ ਸਪਸ਼ਟ ਕਹਿੰਦਾ ਹੈ ਕਿ ਜਿਹੜੇ ਸਿਧਾਂਤਾਂ ਨੂੰ ਈਸਾਈਅਤ ਦੁਆਰਾ ਪ੍ਰਚਾਰਿਤ ਕਰਨ ਦੀ ਸਾਡੀ ਤਾਂਘ ਹੈ, ਉਹ ਸਿਧਾਂਤ ਸਿਖ ਧਰਮ ਵਿਚ ਬਹੁਤ ਪੁਸ਼ਟ ਤਰੀਕੇ ਨਾਲ ਵਿਦਮਾਨ ਹਨ, ਸ਼ਾਇਦ ਈਸਾਈਅਤ ਨਾਲੋਂ ਬਲਵਾਨ ਤਰੀਕੇ ਨਾਲ। ਈਸਾਈਅਤ ਦੀ ਸਰਬ-ਸਾਂਝੀਵਾਲਤਾ ਜੇ ਸਿਖ ਧਰਮ ਕੋਲ ਹੈ, ਤਾਂ ਇਸ ਤੋਂ ਸਾਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ, ਕਿਉਂਕਿ ਜਿਨ੍ਹਾਂ ਸਦਗੁਣਾਂ ਵਾਸਤੇ ਈਸਾਈ ਧਰਮ ਸਮਰਪਿਤ ਹੈ, ਜੇ ਕਿਸੇ ਕੌਮ ਕੋਲ ਉਹ ਪਹਿਲਾਂ ਹੀ ਹਨ, ਤਾਂ ਉਥੇ ਈਸਾਈਅਤ ਦੇ ਪ੍ਰਚਾਰ ਕਾਰਨ ਵਿਰੋਧਤਾ ਉਤਪੰਨ ਕਰਨ ਦਾ ਕੀ ਲਾਭ ? ਸੋ ਇਨ੍ਹਾਂ ਪਦਾਂ ਤੋਂ ਡਾ. ਮਾਨ ਦੀ ਆਪੂੰ-ਸਿਰਜੀ ਥਿਊਰੀ ਦਾ ਝੂਠ ਕਪੜੇ ਪਾੜ ਕੇ ਨਗਨ ਹੋ ਜਾਂਦਾ ਹੈ।

ਡਾ. ਮਾਨ ਨੇ ਵਾਰਨ ਹੇਸਟਿੰਗਜ਼ ਦੀਆਂ ਸਿਖਾਂ  ਦੇ ਸੁਭਾਅ ਬਾਰੇ ਕੁਝ ਟਿਪਣੀਆਂ ਪ੍ਰਸਤੁਤ ਕੀਤੀਆਂ ਹਨ, ਜਿਨ੍ਹਾਂ ਵਿਚ ਕੁਝ ਵੀ ਸਿਖ-ਵਿਰੋਧੀ ਨਹੀਂ। ਉਹ ਲਿਖਦਾ ਹੈ ਕਿ ਸਿਖ ਜੋ ਫ਼ੌਜ ਦੇ ਧੰਦੇ ਲਈ ਬਹੁਤ ਉਪਯੋਗੀ ਹਨ, ਬਹੁਤ ਤਾਕਤਵਰ ਨਹੀਂ ਹੋ ਸਕੇ, ਜਿਸ ਦਾ ਬੁਨਿਆਦੀ ਕਾਰਨ ਉਨ੍ਹਾਂ ਦੀ ਆਜ਼ਾਦ-ਤਬੀਅਤ ਅਤੇ ਆਪਸੀ ਵਿਵਾਦ ਹੈ। ਪਰ ਉਹ ਸਾਂਝੇ ਖ਼ਤਰੇ ਸਮੇਂ ਝਟ-ਪਟ ਇਕਮੁਠ ਹੋ ਜਾਂਦੇ ਹਨ। ਡਾ. ਮਾਨ ਵਾਰਨ ਹੇਸਟਿੰਗਜ਼ ਦੇ ਇਸ ਕਥਨ ਉਤੇ ਕੇਵਲ ਝੂਠ ਦਾ ਲੇਪ ਚਾੜ੍ਹਦਾ ਹੈ, ਜੋ ਵਿਚਾਰਿਆ ਜਾਣਾ ਜ਼ਰੂਰੀ ਹੈ। ਉਹ ਕਹਿੰਦਾ ਹੈ “ਬਰਤਾਨਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿਖ ਹਮੇਸ਼ਾ ਆਪਸ ਵਿਚ ਝਗੜਦੇ ਹਨ, ਪਰ ਆਜ਼ਾਦ ਤਬੀਅਤ ਹੋਣ ਕਾਰਨ ਸਾਂਝੇ ਖ਼ਤਰੇ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਕਾਰਨ ਉਹ ਬਹੁਤ ਜਲਦੀ ਨਾਲ ਇਕਠੇ ਹੋ ਜਾਂਦੇ ਸਨ।” ਵਾਰਨ ਹੇਸਟਿੰਗਜ਼ ਨੇ ਨਾ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਹੈ, ਨਾ ਦਸਮ ਗ੍ਰੰਥ ਦਾ, ਨਾ ਉਸ ਨੇ ਸਿਖਾਂ ਦੀ ਇਕਜੁਟਤਾ ਗੁਰੂ ਗ੍ਰੰਥ ਸਾਹਿਬ ਵਿਚ ਦਸੀ ਹੈ। ਮਾਨ ਸਾਹਿਬ ਦੀਆਂ ਕੂੜ-ਕਹਾਣੀਆਂ ਝੂਠ ਨੂੰ ਹਜ਼ਾਰ ਨਹੀਂ ਲਖ ਵਾਰ ਸਚ ਕਹਿ ਕੇ ਪ੍ਰਚਾਰਨ ਦੀ ਢੀਠਤਾਈ ਦੇ ਮਾਰਗ ਤੇ ਨਿਰਲਜ ਤੁਰਦੀਆਂ ਜਾ ਰਹੀਆਂ ਹਨ। ਮਾਨ ਦੀ ਇਹ ਯੁਕਤੀ ਵੀ ਬਿਲਕੁਲ ਅਸਤ ਹੈ ਕਿ ‘ਦਸਮ ਗ੍ਰੰਥ ਦੀਆਂ ਬਹੁਤੀਆਂ ਬੀੜਾਂ ਪੈਪਸੂ (ਜਿਸ ਦਾ ਵਡਾ ਭਾਗ ਮਾਲਵੇ ਦਾ ਇਲਾਕਾ ਹੈ) ਦੇ ਖੇਤਰ ਵਿਚ ਮਿਲਦੀਆਂ ਹਨ, ਕਿਉਂਕਿ ਇਹ ਇਲਾਕਾ ਸਤਲੁਜ ਤੋਂ ਪਾਰਲੇ ਪੰਜਾਬ ਨਾਲੋਂ ਪਹਿਲਾਂ ਅੰਗ਼ਰੇਜ਼ਾਂ ਦੇ ਸਿਆਸੀ ਪ੍ਰਭਾਵ ਵਿਚ ਆਇਆ ਸੀ ਅਤੇ ਇਥੋਂ ਦੇ ਨਿਰਮਲੇ ਅਤੇ ਸ਼ਹੀਦ ਅੰਗ਼ਰੇਜ਼ਾਂ ਦੇ ਕੰਟਰੋਲ ਵਿਚ ਹੋਣ ਕਰ ਕੇ ਉਹ ਇਨ੍ਹਾਂ ਲੋਕਾਂ ਰਾਹੀਂ ਦਸਮ ਗ੍ਰੰਥ ਨੂੰ ਇਸ ਖੇਤਰ ਵਿਚ ਪ੍ਰਚਾਰ-ਪ੍ਰਸਾਰ ਸਕੇ, ਪਰ ਹਰਿਮੰਦਿਰ ਸਾਹਿਬ ਵਿਚ ਇਸ ਦਾ ਪ੍ਰਕਾਸ਼ ਨਹੀਂ ਕਰ ਸਕੇ।’ ਪਰ ਸਚਾਈ ਇਹ ਹੈ ਕਿ ਸ਼੍ਰੀ ਦਸਮ ਗ੍ਰੰਥ ਤਾਂ ਅੰਗ਼ਰੇਜ਼ਾਂ ਦੇ ਪੰਜਾਬ ਵਿਚ ਵੜਨ ਤੋਂ ਪਹਿਲਾਂ ਹੀ ਪਟਨਾ ਸਾਹਿਬ ਵਿਚ ਸੀ। ਕੀ ਮਾਨ ਸਾਹਿਬ ਇਹ ਦਸ ਸਕਦੇ ਹਨ ਕਿ ਜੇ ਅੰਗ਼ਰੇਜ਼ ਮਾਲਵੇ ਵਿਚ ਪ੍ਰਵੇਸ਼ ਕਰਦਿਆਂ ਹੀ ਇਥੋਂ ਦੇ ਸਾਰੇ ਗੁਰਦੁਆਰਿਆਂ ਵਿਚ ਸ਼੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਵਾਉਣ ਵਿਚ ਕਾਮਯਾਬ ਹੋ ਗਏ ਸਨ, ਤਾਂ ਅਮ੍ਰਿਤਸਰ ਉਤੇ ਸੌ ਸਾਲ ਰਾਜ ਕਰ ਕੇ ਵੀ ਉਹ ਦਰਬਾਰ ਸਾਹਿਬ ਵਿਚ ਦਸਮ ਗ੍ਰੰਥ ਦਾ ਪ੍ਰਕਾਸ਼ ਕਿਉਂ ਨਹੀਂ ਕਰ ਸਕੇ ? ਅਸਲ ਵਿਚ ਹਰਿੰਮਦਿਰ ਸਾਹਿਬ ਆਪਣੀ ਪੁਰਾਤਨ ਮਰਯਾਦਾ ਅਨੁਸਾਰ ਚਲਦਾ ਹੈ। ਹੋਰ ਗੁਰਦੁਆਰਿਆਂ ਵਿਚ ਪ੍ਰਕਾਸ਼ ਕਰਨ ਉਪਰੰਤ ਸੰਗਤ ਸਜਦੀ ਹੈ, ਇਥੇ ਪਹਿਲਾਂ ਸੰਗਤ ਸਜਦੀ ਹੈ, ਫਿਰ ਤਕਰੀਬਨ ਉਸ ਸਮੇਂ ਪ੍ਰਕਾਸ਼ ਹੁੰਦਾ ਹੈ, ਜਿਸ ਸਮੇਂ ਗੁਰੂ ਅਰਜਨ ਦੇਵ ਜੀ ਸੰਗਤ ਵਿਚ ਆਇਆ ਕਰਦੇ ਸਨ। ਇਥੇ ਜੈਕਾਰਾ ਨਹੀਂ ਛਡਿਆ ਜਾਂਦਾ। ਇਥੇ ‘ਆਗਿਆ ਭਈ ਅਕਾਲ ਕੀ……ਬਚੇ ਸ਼ਰਨ ਜੋ ਹੋਇ’ ਵਾਲੇ ਦੋਹਰੇ ਨਹੀਂ ਪੜ੍ਹੇ ਜਾਂਦੇ। ਕੀ ਇਹ ਸਭ ਕੁਝ ਵੀ ਅੰਗ਼ਰੇਜ਼ਾਂ ਦਾ ਚਲਾਇਆ ਹੋਇਆ ਹੈ ? ਦਸਮ ਗ੍ਰੰਥ ਦਾ ਉਨ੍ਹਾਂ ਖੇਤਰਾਂ ਵਿਚ ਜ਼ਿਆਦਾ ਪ੍ਰਭਾਵ ਸੀ, ਜਿਥੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਸਨ। ਦਮਦਮਾ ਸਾਹਿਬ ਨਿਹੰਗ ਸਿੰਘਾਂ ਦਾ ਕੇਂਦਰ ਹੋਣ ਕਰ ਕੇ ਇਸ ਖੇਤਰ ਵਿਚ ਦਸਮ ਗ੍ਰੰਥ ਦੀਆਂ ਜੇ ਵਧੀਕ ਬੀੜਾਂ ਹੋਣ ਤਾਂ ਇਸ ਨੂੰ ਮੱਲੋਜ਼ੋਰੀ ਅੰਗ਼ਰੇਜ਼ਾਂ ਨਾਲ ਸੰਬੰਧਿਤ ਕਰਨਾ ਕਿਸੇ ਤਰ੍ਹਾਂ ਵੀ ਯੁਕਤੀ-ਪੂਰਵਕ ਨਹੀਂ ਹੋ ਸਕਦਾ।

ਮਾਨ ਸਾਹਿਬ ਦੇ ਸਵੈ-ਵਿਰੋਧੀ ਬਿਆਨ ਉਨ੍ਹਾਂ ਦੇ ਅਲਪ-ਗਿਆਨ ਦਾ ਪਰਦਰਸ਼ਨ ਕਰਨ ਵਾਸਤੇ ਕਾਫ਼ੀ ਹਨ। ਡਾ. ਮਾਨ ਇਕ ਪਾਸੇ ਇਹ ਕਹਿੰਦੇ ਹਨ ਕਿ ਮੈਲਕਮ ਉਹ ਪ੍ਰਮੁਖ ਵਿਅਕਤੀ ਹੈ, ਜਿਸ ਨੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉਚਾ ਦਰਸਾਉਣ ਦਾ ਯਤਨ ਕੀਤਾ ਹੈ। ਪਰ ਆਪਣੀ ਇਸ ਥਿਊਰੀ ਦੀਆਂ ਆਪ ਹੀ ਜੜ੍ਹਾਂ ਪੁਟਦਿਆਂ ਲਿਖਦੇ ਹਨ ਕਿ ਮੈਲਕਮ ਅਨੁਸਾਰ ਸਿਖਾਂ ਦਾ ਇਕੋ-ਇਕ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਡਾ. ਮਾਨ ਨੇ ਕਿਹਾ ਹੈ, “Malcom gives clear message that Guru Granth Sahib Ji is the only canon.” ਜੇ ਮੈਲਕਮ ਦਸਮ ਗ੍ਰੰਥ ਦਾ ਸਿਰਜਕ ਅਤੇ ਪ੍ਰਚਾਰਕ ਹੈ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦਾ ਇਤਨਾ ਮਹੱਤਵ ਕਿਉਂ ਦਸ ਰਿਹਾ ਹੈ ? ਅਸਲ ਵਿਚ ਦੋਸ਼ ਮੈਲਕਮ ਦਾ ਨਹੀਂ, ਕਸੂਰ ਮਾਨ ਸਾਹਿਬ ਦਾ ਹੈ। ਜਿਨ੍ਹਾਂ ਨੇ ਝੂਠੋ-ਝੂਠ ਮੈਲਕਮ ਨੂੰ ਦਸਮ ਗ੍ਰੰਥ ਦਾ ਨਿਰਮਾਤਾ ਬਣਾਉਣ ਦਾ ਯਤਨ ਕੀਤਾ ਹੈ। ਮਾਨ ਸਾਹਿਬ ਦੀ ਅਸਥਿਰ ਮਨ-ਬੁਧੀ ਦੀਆਂ ਅਜੀਬ ਕਰਾਮਾਤਾਂ ਹਨ। ਇਕ ਪਾਸੇ ਮੈਲਕਮ ਦੇ ਕਥਨ ਦਾ ਪ੍ਰਮਾਣ ਦੇ ਰਹੇ ਹਨ। ਪ੍ਰਮਾਣ ਵਿਸ਼ਵਾਸ-ਪਾਤਰ ਰਚਨਾਵਾਂ ਦੇ ਦਿਤੇ ਜਾਂਦੇ ਹਨ। ਦੂਜੇ ਪਾਸੇ ਉਹ ਆਪ ਹੀ ਮੈਲਕਮ ਦੀ ਪੁਸਤਕ ਨੂੰ ‘unreliable Sketch of Sikhs’ ਕਹਿ ਕੇ ਨਿੰਦਦੇ ਹਨ। ਮਾਨ ਸਾਹਿਬ ਪਾਠਕਾਂ ਨੂੰ ਦਸਣ ਕਿ ਇਸ ਨਿੰਦਿਤ ਪੁਸਤਕ ਦਾ ‘ਤੁਸਾਂ ਕਿਉਂ ਵਿਸਾਹ ਕੀਤਾ ਹੈ।’ ਭੰਭਲਭੂਸੇ ਵਿਚ ਪਏ ਮਾਨ ਸਾਹਿਬ ਦੀ ਸਥਿਤੀ ‘ਬਿਚਿਤ੍ਰ ਨਾਟਕ’ ਨਾਲੋਂ ਕਿਤੇ ਵਿਚਿਤ੍ਰ ਹੈ। ਪਹਿਲਾਂ ਕਹਿੰਦੇ ਸਨ- ਮੈਲਕਮ ਨੇ ਦਸਮ ਗ੍ਰੰਥ ਕਲਕੱਤਾ ਨਿਵਾਸੀ ‘ਆਤਮਾ ਰਾਮ ਨਿਰਮਲੇ’ ਤੋਂ ਤਿਆਰ ਕਰਵਾਇਆ ਸੀ। ਹੁਣ ਲਿਖਦੇ ਹਨ ਕਿ ik ‘Britishers assisted in creating, compiling and then, popularizing ‘Dasami Patshahi Ka Granth’ through Nirmala, Shahid Taxals and Acalis which was transliterated from a document called ‘Nanak Panthi Kabhya.’ probably with the help of Atma Ram at Calcutta.’ ਡਾ. ਮਾਨ ਦੇ ਮੱਤ ਅਨੁਸਾਰ ਅੰਗ਼ਰੇਜ਼ਾਂ ਨੇ ਨਿਰਮਲਿਆਂ, ਟਕਸਾਲਾਂ ਅਤੇ ਨਿਹੰਗ ਜਥੇਬੰਦੀਆਂ ਰਾਹੀਂ ਦਸਮ ਗ੍ਰੰਥ ਤਿਆਰ ਕਰਵਾਇਆ ਹੈ ਭਾਵ ਸਾਰਾ ਪੰਥ ਹੀ ਅੰਗ਼ਰੇਜ਼ਾਂ ਦੀ ਆਗਿਆ ਅਨੁਸਾਰ ਸਿਖ ਧਰਮ ਨਾਲ ਜਾਅਲਸਾਜ਼ੀ ਕਰ ਰਿਹਾ ਸੀ। ਮੈਲਕਮ ਵਿਚਾਰਾ ਕਹਿੰਦਾ ਹੈ ਕਿ ਪੂਰੇ ਪੰਜਾਬ ਵਿਚ ਮੈਨੂੰ ਸਿਖ ਧਰਮ-ਸਿਧਾਂਤ, ਇਤਿਹਾਸ ਅਤੇ ਗੁਰਬਾਣੀ ਠੀਕ ਤਰੀਕੇ ਨਾਲ ਸਮਝਾਉਣ ਵਾਲਾ ਨਹੀਂ ਮਿਲਿਆ। ਪਰ ਝੂਠੇ ਤਰਕਾਂ ਦੁਆਰਾ ਦਸਮ ਪਾਤਸ਼ਾਹ ਦੀ ਸਮੁਚੀ ਬਾਣੀ ਨੂੰ ਨਕਾਰਨ ਵਾਲੇ ਡਾ. ਮਾਨ ਇਸ ਤਰ੍ਹਾਂ ਦਰਸਾ ਰਹੇ ਹਨ, ਜਿਵੇਂ ਉਸ ਸਮੇਂ ਸਾਰੀਆਂ ਸਿਖ ਸੰਪ੍ਰਦਾਵਾਂ ਦੇ ਲੋਕ ਮੈਲਕਮ ਨਾਲ ਇਕ-ਜੁਟ ਹੋ ਕੇ ਸਿਖ ਪੰਥ ਦੇ ਸਰਵ-ਵਿਨਾਸ਼ ਵਿਚ ਲਗੇ ਹੋਏ ਸਨ। ਡਾ. ਮਾਨ ਇਨ੍ਹਾਂ ਝੂਠੀਆਂ ਯੁਕਤੀਆਂ ਦੇ ਸਹਾਰੇ ਇਹ ਸਿਧ ਕਰਨ ਦਾ ਯਤਨ ਕਰ ਰਹੇ ਹਨ ਕਿ ਮੈਲਕਮ ਨੇ ਸਿਖ ਪੰਥ ਨੂੰ ਵਿਭਾਜਿਤ ਕਰਨ ਦਾ ਕੰਮ ਕੀਤਾ। ਡਾ. ਮਾਨ ਕੋਲ ਆਪਣਾ ਪਖ ਸਿਧ ਕਰਨ ਵਾਸਤੇ ਨਾ ਕੋਈ ਪੁਸ਼ਟ ਪ੍ਰਮਾਣ ਹੈ, ਨਾ ਹੀ ਕੋਈ ਉਕਤੀ-ਯੁਕਤੀ। ਉਹ ਇਕੋ ਆਧਾਰ ਲੈ ਕੇ ਚਲ ਰਹੇ ਹਨ ਕਿ ਝੂਠ ਵਾਰ-ਵਾਰ ਬੋਲਿਆਂ, ਕੁਝ ਲੋਕਾਂ ਨੂੰ ਪੈਸੇ ਜਾਂ ਵਿਦੇਸ਼ ਦੀ ਯਾਤਰਾ ਦਾ ਲੋਭ ਦੇ ਕੇ ਉਨ੍ਹਾਂ ਤੋਂ ਵਿਰੋਧੀ ਭਾਸ਼ਣ ਕਰਵਾਇਆਂ ਵਡੀ ਗਿਣਤੀ ਵਿਚ ਭੋਲੇ ਸਿਖ ਗੁਰੂ-ਨਿੰਦਕਾਂ ਦੇ ਟੋਲੇ ਵਿਚ ਰਲ ਸਕਦੇ ਹਨ।

6.      ਡਾ. ਮਾਨ ਨੇ ਇਕ ਹੋਰ ਬਹੁਤ ਕਮਜ਼ੋਰ ਜਿਹਾ ਤਰਕ ਦਿਤਾ ਹੈ ਕਿ ਦਸਮ ਗ੍ਰੰਥ ਦੀਆਂ ਬਾਣੀਆਂ ਜੇ ਇਕ ਵਿਅਕਤੀ ਦੀਆਂ ਹੁੰਦੀਆਂ ਤਾਂ ਇਨ੍ਹਾਂ ਵਿਚ ਦਿਤੇ ਸਾਰੇ ਸੰਵਤ ਵਧਦੇ ਕ੍ਰਮ ਵਿਚ ਹੋਣੇ ਚਾਹੀਦੇ ਸਨ, ਪਰ ਪ੍ਰਕਾਸ਼ਿਤ ਬੀੜ ਵਿਚ ਇੰਞ ਨਹੀਂ ਹੋਇਆ।  ਪੰਨਾ 254 ਤੇ 1698 ਈ., 354 ਤੇ 1688 ਈ., 386 ਤੇ 1687 ਈ., ਪੰਨਾ 579 ਤੇ 1688 ਈ. ਅਤੇ ਪੰਨਾ 1388  ਤੇ 1696 ਈ. ਅੰਕਿਤ ਹਨ। ਡਾ. ਮਾਨ ਦੀ ਇਸ ਭ੍ਰਾਂਤੀ ਦਾ ਕਾਰਨ ਉਨ੍ਹਾਂ ਦੀ ਆਪਣੀ ਸਮਝ ਹੈ। ਜੇ ਬਾਣੀਆਂ ਦਾ ਕ੍ਰਮ ਰਚਨਾ-ਕਾਲ ਅਨੁਸਾਰ ਹੁੰਦਾ, ਤਾਂ 1687 ਈ. ਦੀ ਕ੍ਰਿਤੀ ਕ੍ਰਿਸ਼ਨਾਵਤਾਰ ਦਾ ‘ਬਿਰਹਾ ਨਾਟਕ’ ਭਾਗ ਪਹਿਲਾਂ ਆਉਣਾ ਸੀ। ਉਸ ਤੋਂ ਬਾਅਦ ‘ਕ੍ਰਿਸ਼ਨਾਵਤਾਰ’ ਦਾ  ਪਹਿਲਾ ਭਾਗ ‘ਰਾਸ ਲੀਲਾ’ ਅੰਕਿਤ ਹੋਣਾ ਸੀ ਅਤੇ ਫਿਰ ਇਸ ਰਚਨਾ ਦਾ ਅੰਤਲਾ ਭਾਗ ਆਉਣਾ ਸੀ। ‘ਕ੍ਰਿਸ਼ਨਾਵਤਾਰ’ ਨੂੰ ਪੜ੍ਹ ਕੇ ਇਹ ਗੱਲ ਬਹੁਤ ਸਪਸ਼ਟ ਹੈ ਕਿ ਇਸ ਦੀ ਰਚਨਾ ਖੰਡਾਂ ਵਿਚ ਹੋਈ ਹੈ। ਇਸੇ ਕਾਰਨ ਰਚਨਾਕਾਰ ਨੇ ‘ਬਿਰਹਾ ਨਾਟਕ’ ਨੂੰ ਇਕ ਗ੍ਰੰਥ ਆਖਿਆ ਹੈ, ਗ੍ਰੰਥ ਦਾ ਅਧਿਆਇ ਨਹੀਂ, ਯਥਾ-

ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ 

ਨਗਰ ਪਾਂਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ 

ਖੜਗ ਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ

ਭੂਲ ਹੋਇ ਜਹਂ ਤਿਹਂ ਸੁ ਕਬਿ ਪੜੀਯਹੁ ਸਭੈ ਸੁਧਾਰ (ikRSnwvqwr 983-84)

ਉਪਰੋਕਤ ਪੰਕਤੀਆਂ ਵਿਚ ‘ਭਾਗਵਤ ਪੁਰਾਣ’ ਦੇ ਦਸਮ ਸਕੰਧ ਦਾ ਉਲੇਖ ਨਹੀਂ ਹੋਇਆ, ਕਿਉਂਕਿ ਦਸਮ ਸਕੰਧ ਨੂੰ ਪੂਰਾ ਕਰਨ ਵਾਸਤੇ ਕਵਿ ਨੇ ਅਜੇ ‘ਰਾਸ ਲੀਲਾ’ ਅਤੇ ਅੰਤਲਾ ਭਾਗ ਲਿਖਣਾ ਸੀ। ਜੇ ਕ੍ਰਿਸ਼ਨਾਵਤਾਰ ਤਰਤੀਬ ਅਨੁਸਾਰ ਇਕੋ ਵਾਰ ਲਿਖਿਆ ਜਾਂਦਾ, ਤਾਂ ਇਕ ਕਥਾ ਜਾਂ ਅਧਿਆਇ ਦੀ ਸਮਾਪਤੀ ਦੀ ਸੂਚਨਾ ਹੋਣੀ ਸੀ, ਜਿਵੇਂ ਜਦੋਂ ‘ਰਾਸ ਲੀਲਾ’ ਲਿਖੀ ਤਾਂ ਕਥਾ ਦੀ ਰਚਨਾ ਦਾ ਕਾਲ ਸੰਕੇਤਿਕ ਕੀਤਾ ਗਿਆ, ਪਰ ਗ੍ਰੰਥ ਰਚਣ ਦਾ ਸੰਕੇਤ ਨਹੀਂ ਦਿਤਾ, ਯਥਾ-

ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ

ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ (ikRSnwvqwr 755)

‘ਕ੍ਰਿਸ਼ਨਾਵਤਾਰ’ ਦੀ ਸਮਾਪਤੀ ਸਮੇਂ ‘ਦਸਮ ਸਕੰਧ’ ਦੀ ਕਥਾ ਦੀ ਪੂਰਨਤਾ ਦੀ ਗੱਲ ਕੀਤੀ ਗਈ, ਜੋ ਨਾ ‘ਰਾਸ ਲੀਲਾ’ ਦਾ ਸੰਮਤ ਲਿਖਣ ਵੇਲੇ ਕੀਤੀ ਸੀ, ਨਾ ‘ਬਿਰਹਾ ਨਾਟਕ’ ਲਿਖਣ ਸਮੇਂ, ਯਥਾ-

ਸਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ

ਨਗਰ ਪਾਵਟਾ ਸੁਭ ਕਰਨ ਜਮਨਾ ਬਹੈ ਸਮੀਪ

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ

ਹੁਣ ਸਥਿਤੀ ਸਾਡੇ ਸਾਹਮਣੇ ਹੈ। ਜੇ ਮਾਨ ਸਾਹਿਬ ਦਾ ਕਾਲ-ਕ੍ਰਮ ਰਖਿਆ ਜਾਂਦਾ, ਤਾਂ ਸਭ ਤੋਂ ਪਹਿਲਾਂ ‘ਬਿਰਹਾ ਨਾਟਕ’ ਆ ਜਾਂਦਾ, ਉਸ ਤੋਂ ਬਾਅਦ ‘ਰਾਸ ਲੀਲਾ’ ਅਤੇ ਉਸ ਤੋਂ ਬਾਅਦ ‘ਜੁਧ ਪ੍ਰਬੰਧ’ ਤੋਂ ਅਗਲਾ ਹਿਸਾ। ਜਿਹੜਾ ਕੋਈ ਇਸ ਰਚਨਾ ਨੂੰ ਵੇਖਦਾ, ਉਹ ਮਥੇ ਤੇ ਹਥ ਮਾਰ ਕੇ ਰਚਨਾਕਾਰ ਦੀ ਅਗਿਆਨਤਾ ਨੂੰ ਕੋਸਦਾ। ਸ਼ਾਇਦ ਮਾਨ ਸਾਹਿਬ ਨੂੰ ਇਹੋ ਗੱਲ ਸੁਖਦਾਈ ਲਗਦੀ, ਪਰ ਸਿਆਣੇ ਸਿਖਾਂ ਨੂੰ ਗੁਰੂ-ਨਿੰਦਾ ਕਦੇ ਚੰਗੀ ਨਹੀਂ ਲਗਦੀ। ਇਸ ਲਈ ਵਖ-ਵਖ ਸਮੇਂ ਲਿਖੇ ਗਏ ਇਨ੍ਹਾਂ ਖੰਡਾਂ ਨੂੰ ਇਕ-ਸੂਤ੍ਰ ਵਿਚ ਪਰੋਇਆ ਗਿਆ ਹੈ। ਡਾ. ਮਾਨ ਦੇ ਨਿਯਮਾਂ ਨੂੰ ਮੰਨ ਲਿਆ ਜਾਂਦਾ, ਤਾਂ 1696 ਈ. ਦੀ ਰਚਨਾ ‘ਚਰਿਤਰੋਪਾਖਿਆਨ’ ਕ੍ਰਿਸ਼ਨਾਵਤਾਰ ਤੋਂ ਬਾਅਦ ਅੰਕਿਤ ਹੋਣੀ ਸੀ ਅਤੇ ਉਸ ਤੋਂ ਬਾਅਦ ‘ਰਾਮਾਵਤਾਰ’। ਯਾਨੀ ਕਿ ਰਾਮ ਅਤੇ ਕ੍ਰਿਸ਼ਨ ਦੇ ਅਵਤ੍ਰਣ ਦਾ ਕਾਲ ਭੰਗ ਹੋ ਜਾਣਾ ਸੀ। ਕ੍ਰਿਸ਼ਨਾਵਤਾਰ ਦਾ ਸਿਲਸਿਲਾ ਖਿੰਡ-ਪੁੰਡ ਜਾਣਾ ਸੀ, ਕਿਉਂਕਿ ਕ੍ਰਿਸ਼ਨ ਦੇ ਜਨਮ ਤੋਂ ਪਹਿਲਾਂ ਹੀ ‘ਬਿਰਹਾ ਨਾਟਕ’ ਦਾ ਵਰਣਨ ਆ ਜਾਣਾ ਸੀ। ‘ਚਰਿਤਰੋਪਾਖਿਆਨ’ ਜੋ ਪਹਿਲਾਂ ਬਿਚਿਤ੍ਰ ਨਾਟਕ ਤੋਂ ਵਖਰੀ ਪੋਥੀ ਸੀ, ਉਸ ਨੇ ਅਵਤਾਰ-ਕਥਾਵਾਂ ਵਿਚ ਘੁਸ ਕੇ ਸਾਰੇ ਪ੍ਰਸੰਗ ਵਿਚ ਬਿਖਰਾਅ ਪੈਦਾ ਕਰ ਦੇਣਾ ਸੀ। ਪਰ ਡਾ. ਮਾਨ ਦੀ ਮੰਡਲੀ ਵਾਸਤੇ ਬਹੁਤ ਸੰਤੁਸ਼ਟੀ ਦੀ ਗੱਲ ਹੋਣੀ ਸੀ, ਕਿਉਂਕਿ ਦਸਮ ਗ੍ਰੰਥ ਦੇ ਸੰਕਲਨ ਵਿਰੁਧ ਉਨ੍ਹਾਂ ਨੂੰ ਹੋਰ ਬਹੁਤ ਯੁਕਤੀਆਂ ਮਿਲ ਜਾਣੀਆਂ ਸਨ। ਉਂਞ ਮਾਨ ਸਾਹਿਬ ਨੇ ਇਹ ਨਹੀਂ ਦਸਿਆ ਕਿ ਜਿਨ੍ਹਾਂ ਬਾਣੀਆਂ ਪਿਛੇ ਰਚਨਾ-ਕਾਲ ਦੀ ਸੂਚਨਾ ਨਹੀਂ, ਉਹ ਕਿਸ ਕ੍ਰਮ ਵਿਚ ਰਖੀਆਂ ਜਾਂਦੀਆਂ ? ਸ਼੍ਰੀ ਮਾਨ ਸਾਹਿਬ ਜ਼ਰਾ ਗੁਰੂ ਗ੍ਰੰਥ ਸਾਹਿਬ ਉਤੇ ਇਹ ਫਾਰਮੂਲਾ ਆਰੋਪਿਤ ਕਰ ਕੇ ਵੇਖੋ। ਜਪੁ ਜੀ ਦੀ ਥਾਂ ਜੈ ਦੇਵ, ਰਹਿਰਾਸ ਦੀ ਥਾਂ ਫ਼ਰੀਦ ਹੁੰਦੇ। ਬਹੁਤੇ ਭਗਤ ਗੁਰੂ ਸਾਹਿਬਾਨ ਤੋਂ ਪਹਿਲਾਂ ਹੁੰਦੇ। ਭਟਾਂ ਦੇ ਸਵਈਏ ਗੁਰੂ ਤੇਗ ਬਾਹਦਰ ਜੀ ਦੀ ਬਾਣੀ ਤੋਂ ਪਹਿਲਾਂ ਹੋਣੇ ਸਨ। ‘ਸਿਧ ਗੋਸਟਿ’ ਵਿਚੋਂ ਇਹ ਭਾਲ ਕਰਨੀ ਪੈਣੀ ਸੀ ਕਿ ਕਿਹੜੇ ਪਦ, ਨਾਨਕਮਤੇ, ਕਿਹੜੇ ਸੁਮੇਰ ‘ਤੇ, ਕਿਹੜੇ ਅਚਲ ਵਟਾਲੇ ਅਤੇ ਕਿਹੜੇ ਗੋਰਖ ਹਟੜੀ ਉਚਾਰਨ ਕੀਤੇ ਸਨ ? ‘ਸਿਧ ਗੋਸਟਿ’ ਦਾ ਸਿਖਾਂ ਕੋਈ ਹੋਰ ਹੀ ਰੂਪ ਬਣਾ ਦੇਣਾ ਸੀ। ਸੋ ਮਾਨ ਸਾਹਿਬ ਦੇ ਇਹ ਵਿਨਾਸ਼ਕਾਰੀ ਗਿਆਨ-ਸੂਤ੍ਰ, ਉਨ੍ਹਾਂ ਨੂੰ ਹੀ ਮੁਬਾਰਕ ਹਨ, ਸਿਖਾਂ ਵਾਸਤੇ ਇਹ ਉਨ੍ਹਾਂ ਦੇ ਧਰਮ ਨੂੰ ਜੜ੍ਹੋਂ ਹਿਲਾਉਣ ਵਾਲੀਆਂ ਯੁਕਤੀਆਂ ਹਨ, ਜੋ ਹਰ ਵਿਵੇਕੀ ਸਿਖ ਪੂਰੇ ਜ਼ੋਰ ਨਾਲ ਜ਼ਰੂਰ ਨਕਾਰ ਦੇਵੇਗਾ। ਵਾਸਤਵ ਵਿਚ ਡਾ. ਮਾਨ ਦੀਆਂ ਇਹ ਥਿਊਰੀਆਂ ‘ਸ੍ਰੀ ਦਸਮ ਗ੍ਰੰਥ’ ਦਾ ਵਿਰੋਧ ਕਰਨ ਵਾਲੇ ਸਮੁਚੇ ਟੋਲੇ ਨੂੰ ‘ਖ਼ਾਲਸਾ ਪੰਥ’ ਵਿਚ ਨਗਨ ਕਰ ਦੇਣਗੀਆਂ। ਸਭ ਨੂੰ ਇਸ ਟੋਲੀ ਦੇ ਬੁਰੇ ਮਨਸੂਬਿਆਂ ਦਾ ਪਤਾ ਲਗ ਜਾਵੇਗਾ।

7.      ਡਾ. ਜਸਬੀਰ ਸਿੰਘ ਮਾਨ ਦਾ ਅਗਲਾ ਪ੍ਰਸ਼ਨ ਹੈ- ਕੀ ਮੌਜੂਦਾ ਪ੍ਰਕਾਸ਼ਿਤ ਬੀੜ ਦਾ ਪਾਠ ਅਤੇ ਕ੍ਰਮ ਅੰਗ਼ਰੇਜ਼ਾਂ ਨੇ ਸਿਖ ਕੌਮ ਦੀ ਸੁਤੰਤਰ ਹੋਂਦ ਨਸ਼ਟ ਕਰਨ ਵਾਸਤੇ ਪ੍ਰਸਿਧ ਕੀਤਾ ਸੀ ? ਸਾਡੀ ਡਾ. ਮਾਨ ਦੀ ਇਸ ਯੁਕਤੀ ਨਾਲ ਪੂਰੀ ਅਸਹਿਮਤੀ ਹੈ, ਕਿਉਂਕਿ ਸ਼੍ਰੀ ਦਸਮ ਗ੍ਰੰਥ ਸਿਖ ਪੰਥ ਦੀ ਆਜ਼ਾਦ ਹਸਤੀ ਦਾ ਜਨਕ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੂੰ ‘ਤੂ ਤਾ ਜਨਿਕ ਰਾਜਾ ਅਉਤਾਰੁ’ ਕਹਿਣ ਨਾਲ ਸਿਖ ਪੰਥ ਦੀ ਆਜ਼ਾਦ ਹੋਂਦ ਨੂੰ ਕੋਈ ਖ਼ਤਰਾ ਨਹੀਂ। ਜੇ ‘ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦ’ ਦਾ ਪਾਠ ਕਰ-ਕਰ ਕੇ ਪੰਥ ਸ਼੍ਰੀ ਰਾਮ ਦਾ ਪੁਜਾਰੀ ਨਹੀਂ ਬਣਿਆ, ਤਾਂ ‘ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨਾ ਮਾਨਿਯੋ’ ਪੜ੍ਹ ਕੇ ਸਿਖ ਕਿਸੇ ਵਿਚਾਰਧਾਰਾ ਦਾ ਕਿਵੇਂ ਗੁਲਾਮ ਹੋ ਜਾਵੇਗਾ ? ਜੇ ‘ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ’ ਗਾ-ਗਾ ਕੇ ਸਿਖ ਦਾ ਵਿਸ਼ਵਾਸ ਇਕ ਅਕਾਲ ਪੁਰਖ ਉਤੇ ਹੀ ਸਥਿਰ ਰਿਹਾ ਹੈ, ਤਾਂ ‘ਕਿਸਨ ਬਿਸਨ ਕਬਹੂ ਨਾ ਧਿਆਊਂ’ ਦਾ ਰਟਨ ਕਰਨ ਨਾਲ ਉਹ ਕਿਹੜੇ ਸ਼ਾਸਤਰਾਂ ਦੇ ਭਾਰ ਹੇਠ ਆ ਚਲਿਆ ਹੈ ? ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਮੁਰਾਰੀ, ਗੋਵਰਧਨ, ਗੋਬਿੰਦ, ਸਾਰਿੰਗਧਰ, ਸਾਰਿੰਗਪਾਣਿ ਆਦਿ ਨਾਮ ਨਿਤਾ-ਪ੍ਰਤੀ ਜਪ ਕੇ ਸਿਖ ਸਿਖ ਹੀ ਰਿਹਾ ਹੈ, ਤਾਂ ਹਿੰਦੂ ਮੱਤ ਦੇ ਸਾਰੇ ਦੇਵਤਿਆਂ ਨੂੰ ਅਗੇ ਲਾਉਣ ਅਤੇ ਸ਼੍ਰੀ ਕ੍ਰਿਸ਼ਨ ਨੂੰ ਵਾਲਾਂ ਤੋਂ ਪਕੜ ਲੈਣ ਵਾਲਾ ਖੜਗ ਸਿੰਘ ਬਣ ਕੇ ਸਿਖ ਕਿਸ ਸਨਾਤਨਵਾਦ ਵਿਚ ਡੁਬ ਚਲਿਆ ਹੈ ? ਮਾਨ ਸਾਹਿਬ ਪਾਠਕਾਂ ਨੂੰ ਦਸਣ। ਅਜ ਤਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਹਿੰਦੂ (ਵਿਸ਼ੇਸ਼ ਕਰ ਕੇ ਪੰਜਾਬੀ) ਬਹੁਤ ਸ਼ਰਧਾ ਨਾਲ ਪੜ੍ਹਦੇ ਆਏ ਹਨ, ਪਰ ਦਸਮ ਗ੍ਰੰਥ ਨੂੰ ਉਨ੍ਹਾਂ ਨੇ ਦੇਵੀ-ਦੇਵਤਿਆਂ ਦੀ ਉਪਮਾ ਵਾਲਾ ਗ੍ਰੰਥ ਮੰਨ ਕੇ ਕਦੇ ਸਤਿਕਾਰ ਨਹੀਂ ਦਿਤਾ। ਉਹ ਇਹ ਸਤਿਕਾਰ ਦੇ ਵੀ ਨਹੀਂ ਸਕਦੇ, ਕਿਉਂਕਿ ਉਥੇ ਰਾਮ ਇਕ ਮਨੁੱਖ ਹੈ, ਜੋ ਆਪਣੀ ਆਚਾਰਵੰਤ ਪਤਨੀ ਉਤੇ ਵਾਰ-ਵਾਰ ਸ਼ੰਕਾ ਕਰਦਾ ਹੈ। ਸ਼੍ਰੀ ਕ੍ਰਿਸ਼ਨ ਸ਼ਰਾਬ ਪੀਣ ਵਰਗੇ ਕਈ ਦੁਰਗੁਣਾਂ ਤੋਂ ਕਲੰਕਿਤ ਹਨ। ਅੰਗ਼ਰੇਜ਼ ਸਿਖਾਂ ਦੀ ਸੁਤੰਤਰ ਹੋਂਦ ਦੇ ਵਿਰੋਧੀ ਵੀ ਕਿਉਂ ਹੋਣਗੇ, ਹਿੰਦੂ ਤਾਂ ਹੋ ਸਕਦੇ ਹਨ। ਵਿਦੇਸ਼ ਤੋਂ ਆਏ ਅੰਗ਼ਰੇਜ਼ਾਂ ਦਾ ਸਵਾਰਥ ਇਸ ਵਿਚ ਸੀ ਕਿ ਉਹ ਜਾਤੀ ਅਤੇ ਧਰਮ ਦੇ ਆਧਾਰ ਤੇ ਫੁਟ ਪੈਦਾ ਕਰ ਕੇ ਆਪਣੇ ਸਾਮਰਾਜ ਦੀ ਸੁਰਖਿਆ ਕਰਨ। ਉਹ ਆਪਣੇ ਵਡੇ ਵੈਰੀ ਵਿਸ਼ਾਲ ਹਿੰਦੂ ਰਾਸ਼ਟਰ ਨੂੰ ਤਕੜਾ ਕਰ ਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਕਿਵੇਂ ਮਾਰ ਸਕਦੇ ਸਨ ? ਫੁਟ ਪਾ ਕੇ ਰਾਜ ਕਰਨ ਵਿਚ ਮਾਹਿਰ ਬਰਤਾਨਵੀ ਹਾਕਿਮਾਂ ਬਾਰੇ ਅਜਿਹਾ ਸੋਚਣਾ ਵਡੀ ਜਹਾਲਤ ਹੈ। ਅੰਗ਼ਰੇਜ਼ਾਂ ਨੇ ਆਪਣੇ ਸਿਖ ਸੈਨਿਕਾਂ ਦੀਆਂ ਹੀ ਨਹੀਂ, ਹਰ ਕੌਮ ਦੀਆਂ ਫ਼ੌਜੀ ਯੂਨਿਟਾਂ ਵਖਰੀਆਂ ਰਖੀਆਂ ਸਨ, ਤਾਂ ਕਿ ਉਹ ਅੰਗ਼ਰੇਜ਼ਾਂ ਵਿਰੁਧ ਇਕਮੁਠ ਨਾ ਹੋ ਸਕਣ। ਸੋ ਇਹ ਯੁਕਤੀ ਵੀ ਸਾਰਹੀਣ, ਭਾਵਹੀਣ ਅਤੇ ਨਿਰਾਧਾਰ ਹੈ ਕਿ ਅੰਗ਼ਰੇਜ਼ ਹਿੰਦੂਵਾਦ ਦਾ ਪ੍ਰਚਾਰ ਕਰ ਕੇ ਸਿਖ ਧਰਮ ਨੂੰ ਹਿੰਦੂ ਮੱਤ ਵਿਚ ਵਿਲੀਨ ਕਰਨ ਦਾ ਕੰਮ ਕਰ ਰਹੇ ਸਨ।

8.      ਡਾ. ਮਾਨ ਕਹਿੰਦੇ ਹਨ- ਕੀ ਕਲਕੱਤੇ ਦੇ ਆਤਮਾ ਰਾਮ ਨਿਰਮਲੇ ਦਾ ਪਟਨੇ ਦੇ ਨਿਰਮਲੇ ਮਹੰਤਾਂ ਨਾਲ ਕੋਈ ਸੰਬੰਧ ਸੀ ? ਡਾ. ਮਾਨ ਅਜਿਹੇ ਵਿਦਵਾਨ ਹਨ ਕਿ ਪ੍ਰਸ਼ਨ ਹੋਰ ਖੜ੍ਹਾ ਕਰਦੇ ਹਨ, ਉਤਰ ਹੋਰ ਹੀ ਦੇਣ ਲਗ ਪੈਂਦੇ ਹਨ। ਇਸ ਪ੍ਰਸ਼ਨ ਦਾ ਉਤਰ ਨਾ ਦੇ ਕੇ ਪਹਿਲਾਂ ਉਹ ਹੋਰ ਪ੍ਰਸ਼ਨ ਸਿਰਜਦੇ ਹਨ ਕਿ ਆਤਮਾ ਰਾਮ ਨੇ ਅਮ੍ਰਿਤ ਛਕਣ ਸੰਬੰਧੀ ਅਤੇ ਖ਼ਾਲਸੇ ਦੀ ਸਥਾਪਨਾ ਦੇ ਸੰਵਤ ਸੰਬੰਧੀ ਗ਼ਲਤ ਜਾਣਕਾਰੀ ਕਿਉਂ ਦਿਤੀ ਹੈ ? ਅਸਲ ਵਿਚ ਇਹ ਦੋਵਂ ਜਾਣਕਾਰੀਆਂ ਆਤਮਾ ਰਾਮ ਨੇ ਕਿਤੇ ਨਹੀਂ ਦਿਤੀਆਂ, ਮੈਲਕਮ ਨੇ ਦਿਤੀਆਂ ਹਨ ਅਤੇ ਡਾ. ਮਾਨ ਜ਼ਬਰਦਸਤੀ ਇਸ ਦੋਸ਼ ਵਿਚ ‘ਆਤਮਾ ਰਾਮ’ ਨੂੰ ਸਜ਼ਾ ਦੇਣ ਦਾ ਯਤਨ ਕਰਦੇ ਹਨ। ਉਹ ਕਹਿੰਦੇ ਹਨ ਕਿ ਸ਼ਾਇਦ ਇਹ ਜਾਣਕਾਰੀਆਂ ‘ਆਤਮਾ ਰਾਮ’ ਨੇ ਦਿਤੀਆਂ ਹੋਣਗੀਆਂ (ਵੇਖੋ ਉਨ੍ਹਾਂ ਦੀ ਲਿਖਿਤ- Agreeably to this author (Probably Atma Ram as Malcom was consulting him))। ਇਹ ‘ਸ਼ਾਇਦ’ ਹੀ ਡਾ. ਮਾਨ ਲਈ ਪ੍ਰਮਾਣਿਕ ਇਤਿਹਾਸਿਕ ਸਬੂਤ, ਵਿਗਿਆਨਿਕ ਪਰਖ-ਪੜਚੋਲ ਦਾ ਆਧਾਰ ਅਤੇ ਅਕਟ ਤਰਕ ਹੈ। ਡਾ. ਮਾਨ ਆਪਣੀ ਇਸ ‘ਸ਼ਾਇਦ’ ਦੁਆਰਾ ਤਾਂ ਗੁਰੂ ਮਹਾਰਾਜ ਦਾ ਆਗਮਨ ਵੀ ਰਦ ਕਰ ਸਕਦੇ ਹਨ ਅਤੇ ਮੈਂ ਵੀ ਕਹਿ ਸਕਦਾ ਹਾਂ ਕਿ ‘ਸ਼ਾਇਦ’ ਡਾ. ਜਸਬੀਰ ਸਿੰਘ ਮਾਨ ਨਾਮ ਦਾ ਕੋਈ ਵਿਅਕਤੀ ਧਰਤੀ ਉਤੇ ਕਦੇ ਆਇਆ ਹੀ ਨਾ ਹੋਵੇ। ਅਣਹੋਣੀ ਨੂੰ ਇੰਞ ਹੋਣੀ ਬਣਾਉਣਾ, ਖੋਜ ਨਹੀਂ ਹੋ ਸਕਦੀ, ਮਨ ਦਾ ਹਠ ਹੋ ਸਕਦਾ ਹੈ। ਮੈਲਕਮ ਨੇ ਜੋ ਕੁਝ ਲਿਖਿਆ ਹੈ, ਆਤਮਾ ਰਾਮ ਨੇ ਉਸ ਦੀ ਪਰੂਫ ਰੀਡਿੰਗ ਨਹੀਂ ਸੀ ਕੀਤੀ, ਕਿ ਉਸ ਨੂੰ ਦੋਸ਼ੀ ਮੰਨ ਲਿਆ ਜਾਵੇ। ਮੈਲਕਮ ਕਿਤੇ ਨਹੀਂ ਲਿਖਦਾ ਕਿ ਉਸ ਨੇ ਜੋ ਕੁਝ ਲਿਖਿਆ ਹੈ, ਇਹ ਆਤਮਾ ਰਾਮ ਤੋਂ ਪੜ੍ਹਿਆ-ਸੁਣਿਆ ਹੈ। ਉਹ ਤਾਂ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ ਕਿ ਕਲਕੱਤੇ ਆ ਕੇ ਇਕ ਨਿਰਮਲੇ ਸਿਖ ਆਤਮਾ ਰਾਮ ਤੋਂ ਮੈਂ ਆਦਿ ਗ੍ਰੰਥ ਅਤੇ ਕੁਝ ਹੋਰ ਪ੍ਰਾਪਤ ਟ੍ਰੈਕਟਾਂ ਦੇ ਜ਼ਰੂਰੀ ਭਾਗ ਸਮਝ ਸਕਿਆ ਹਾਂ। ਮੈਲਕਮ ਨੇ ਕਈ ਲੋਕਾਂ ਤੋਂ ਸਿਖਾਂ ਸੰਬੰਧੀ ਜਾਣਕਾਰੀ ਲਈ ਹੋਵੇਗੀ। ਉਸ ਦੀ ਸੀਮਿਤ ਜਾਣਕਾਰੀ ਪਿਛੇ ਸਾਜ਼ਿਸ਼ ਵੇਖਣਾ ਅਨੁਚਿਤ ਕਾਰਜ ਹੈ। ਮੈਲਕਮ ਦੀ ਇਕ ਹੋਰ ਗ਼ਲਤ-ਬਿਆਨੀ ਕਿ ਭਾਈ ਗੁਰਦਾਸ ਭੱਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ 19ਵਾਂ ਅਵਤਾਰ ਲਿਖਿਆ ਹੈ, ਵੀ ਮਾਨ ਸਾਹਿਬ ਨੇ ਆਤਮਾ ਰਾਮ ਨਾਲ ਜੋੜ ਦਿਤੀ ਹੈ। ਜੇ ਆਤਮਾ ਰਾਮ ਨੇ ਭਾਈ ਗੁਰਦਾਸ ਦੀ ਚਰਚਾ ਵੀ ਕੀਤੀ ਹੋਵੇ, ਤਾਂ ਭ੍ਰਾਂਤੀ ਆਤਮਾ ਰਾਮ ਨੇ ਪੈਦਾ ਕੀਤੀ ਇਹ ਕਦੋਂ ਜ਼ਰੂਰੀ ਹੈ ? ਇਹ ਭ੍ਰਾਂਤੀ ਮੈਲਕਮ ਦੀ ਸੀ, ਉਹ ਨਹੀਂ ਸਮਝ ਸਕਿਆ ਕਿ ਭਾਈ ਗੁਰਦਾਸ ਦੋ ਹਨ। ਸਮਝੇਗਾ ਵੀ ਕਿਵੇਂ ? ਜਦੋਂ ਕਿ ਸਿਖ ਪੰਥ ਵਲੋਂ ਵੀ ਅਜ ਤਕ ਦੂਜੇ ਭਾਈ ਗੁਰਦਾਸ ਦੀ ਵਾਰ ਨੂੰ ਪਹਿਲੇ ਭਾਈ ਗੁਰਦਾਸ ਦੀਆਂ 40 ਵਾਰਾਂ ਦਾ ਅੰਗ ਬਣਾ ਕੇ 41ਵੀਂ ਵਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜੇ ਸਿਖ ਪੰਥ ਅਜ ਤਕ ਆਪ ਹੀ ਅਸਪਸ਼ਟ ਹੈ, ਤਾਂ ਨਾ ਮੈਲਕਮ ਦਾ ਦੋਸ਼ ਹੈ, ਨਾ ਆਤਮਾ ਰਾਮ ਦੀ ਸਾਜ਼ਿਸ਼ ਲਈ ਗੁੰਜ਼ਾਇਸ਼ ਹੈ। ਮੈਲਕਮ ਦੀ ਰਚਨਾ ਪੜ੍ਹ ਕੇ ਇਹ ਸਪਸ਼ਟ ਹੋ ਜਾਂਦਾ ਹੈ, ਕਿ ਸਿਖ ਧਰਮ ਸੰਬੰਧੀ ਉਸ ਦੀ ਜਾਣਕਾਰੀ ਬਹੁਤ ਸਤਹੀ ਹੈ। ਜਦੋਂ ਡਾ. ਮਾਨ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਵਾਸਤੇ ਪਛਮੀ ਲੇਖਕਾਂ ਦੀਆਂ ਲਿਖਿਤਾਂ ਨੂੰ ਸਿਖ ਲਿਖਾਰੀਆਂ ਦੀਆਂ ਰਚਨਾਵਾਂ ਤੋਂ ਉਤਮ ਪ੍ਰਮਾਣ ਦਸਦੇ ਹਨ, ਤਾਂ ਸਾਡੇ ਇਤਰਾਜ਼ ਦਾ ਮੂਲ-ਆਧਾਰ ਹੀ ਇਹ ਹੈ ਕਿ ਕਿਸੇ ਵੀ ਦੂਜੀ ਕੌਮ ਦੇ ਲੇਖਕ ਨਾਲੋਂ ਸਿਖਾਂ ਦਾ ਵਿਸ਼ਵਾਸ ਉਚੇਰਾ ਪ੍ਰਮਾਣ ਹੈ। ਸੋ ਦੋਸ਼ ਮੈਲਕਮ ਦੇ ਅਲਪ-ਗਿਆਨ ਦਾ ਹੈ, ਜ਼ਰੂਰੀ ਨਹੀਂ ਕਿ ਵਿਦਿਤ ਆਤਮਾ ਰਾਮ ਗ਼ਲਤ ਤਥ ਸਮਝਾ ਰਿਹਾ ਹੋਵੇ, ਉਹ ਵੀ ਜਾਣ-ਬੁਝ ਕੇ। ਹਾਂ, ਜੇ ਮੈਲਕਮ ਆਤਮਾ ਰਾਮ ਦਾ ਪ੍ਰਮਾਣ ਦੇ ਕੇ ਲਿਖਦਾ, ਤਾਂ ਸਥਿਤੀ ਹੋਰ ਹੁੰਦੀ।

ਤਖ਼ਤ ਪਟਨਾ ਸਾਹਿਬ ਉਤੇ ਨਿਰਮਲੇ ਸੰਤ ਕਾਬਜ਼ ਰਹੇ ਹਨ, ਇਹ ਵੀ ਤਰੁਟੀ-ਪੂਰਨ ਵਿਚਾਰ ਹੈ। ਪਟਨਾ ਦੀ ਸਿਖੀ ਪਰੰਪਰਾ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੁੰਦੀ ਹੈ। ਇਸ ਤਖ਼ਤ ਦੀ ਸੇਵਾ ਅਜ ਤਕ ਉਥੋਂ ਦੇ ਲੋਕਲ ਸਿਖਾਂ ਕੋਲ ਹੈ। ਨਿਰਮਲੇ ਸੰਤਾਂ ਦਾ ਪ੍ਰਭਾਵ ਨਾ ਕਦੇ ਹਜ਼ੂਰ ਸਾਹਿਬ ਰਿਹਾ ਹੈ, ਨਾ ਹੀ ਪਟਨਾ ਸਾਹਿਬ। ਜੇ ਮਾਨ ਸਾਹਿਬ ਮੰਨਦੇ ਹਨ, ਤਾਂ ਠੋਸ ਤਥ ਸਾਹਮਣੇ ਲਿਆਉਣ। ਸ਼ਾਇਦ ਆਤਮਾ ਰਾਮ ਕਲਕੱਤੇ ਰਹਿੰਦਾ ਹੋਵੇਗਾ, ਸ਼ਾਇਦ ਉਸ ਦਾ ਸੰਬੰਧ ਪਟਨਾ ਸਾਹਿਬ ਦੇ ਮਹੰਤਾਂ ਨਾਲ ਹੋਵੇਗਾ, ਸ਼ਾਇਦ ਪਟਨਾ ਸਾਹਿਬ ਨਿਰਮਲਿਆਂ ਕੋਲ ਹੋਵੇਗਾ, ਇਸ ਤਰ੍ਹਾਂ ਦੀ ਮਨੋ-ਕਲਪਨਾ ਵਿਗਿਆਨਿਕ ਖੋਜ ਨਹੀਂ ਅਖਵਾ ਸਕਦੀ, ਹਾਂ ਖੋਜ ਨੂੰ ਹਾਸੋ-ਹੀਣਾ ਜ਼ਰੂਰ ਬਣਾ ਸਕਦੀ ਹੈ। ਉਂਞ ਜੇ ਨਿਰਮਲੇ ਮਹਾਤਮਾ ਇਸ ਤਖ਼ਤ ਦੀ ਸੇਵਾ ਵੀ ਕਰਦੇ ਰਹੇ ਹਨ, ਤਾਂ ਉਹ ਕਿਹੜੇ ਪੰਥ-ਦੋਖੀ ਹਨ ? ਮਾਨ ਸਾਹਿਬ ਦਸਮ ਗ੍ਰੰਥ ਨੂੰ ਨਕਾਰਣ ਵਾਸਤੇ ਗਿਆਨੀ ਗਿਆਨ ਸਿੰਘ ਦੇ ਪ੍ਰਮਾਣ ਪ੍ਰਸਤੁਤ ਕਰਦੇ ਹਨ, ਗਿਆਨ ਸਿੰਘ ਵੀ ਤਾਂ ਇਕ ਨਿਰਮਲਾ ਵਿਦਵਾਨ ਹੀ ਸੀ।

9.      ਡਾ. ਮਾਨ ਅਕਾਲ ਉਸਤਤਿ ਦੇ ਤ੍ਰਿਭੰਗੀ ਛੰਦ ਦੇ ਕੁਝ ਬੰਦਾਂ ਨੂੰ ਆਤਮਾ ਰਾਮ ਨਿਰਮਲੇ ਦੀ ਰਚਨਾ ਕਹਿੰਦਾ ਹੈ। ਮੈਂ ਪਾਠਕਾਂ ਨੂੰ ਨਿਵੇਦਨ ਕਰਾਂ ਕਿ ਮੈਂ ਆਪਣੀ ਪੁਸਤਕ ‘ਸ਼੍ਰੀ ਦਸਮ ਗ੍ਰੰਥ ਸਾਹਿਬ-ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਵਿਚ ਪੰਨਾ 69 ਤੋਂ 79 ਤਕ ਡਾ. ਮਾਨ ਦੀ ਇਸ ਸ਼ੰਕਾ ਦਾ ਵਿਸਤ੍ਰਿਤ ਉਤਰ ਦਿਤਾ ਹੈ। ਲੇਖਕ ਨੂੰ ਆਪਣੀ ਮਨਮਤਿ ਦੁਹਰਾਉਣ ਨਾਲੋਂ ਮੇਰੀ ਸਮੀਖਿਆ ਦਾ ਵਿਸ਼ਲੇਸ਼ਣ ਆਪਣੀਆਂ ਯੁਕਤੀਆਂ ਨਾਲ ਕਰਨਾ ਚਾਹੀਦਾ ਸੀ, ਜੋ ਉਸ ਨੇ ਨਹੀਂ ਕੀਤਾ। ਦੋਬਾਰਾ ਆਪਣੀ ਹੀ ਧਾਰਨਾ ਪ੍ਰਤੀਪਾਦਿਤ ਕੀਤੀ ਹੈ। ਉਹ ਮੇਰੇ ਉਤਰ ਨੂੰ ਉਪਰੋਕਤ ਪੁਸਤਕ ਵਿਚੋਂ ਪੜ੍ਹ ਕੇ ਗਲ ਅਗੇ ਤੋਰਨ, ਆਪਣੀ ਹਠ-ਧਰਮਿਤਾ ਨੂੰ ਸਰਬ-ਉਪਰ ਨਾ ਸਮਝਣ।

10.    ਡਾ. ਮਾਨ ਲਿਖਦਾ ਹੈ ਕਿ ਅਠਾਰਵੀਂ ਸਦੀ ਦੇ ਅੰਤ ਵਿਚ ਅੰਗ਼ਰੇਜ਼ਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਉਤੇ ਬਚਿਤਰ ਨਾਟਕ ਦੀ ਉਤਮਤਾ ਸਥਾਪਿਤ ਕਰਨ ਦੇ ਯਤਨ ਕੀਤੇ ਗਏ ਹਨ ? ਉਸ ਦੇ ਇਸ ਨਿਸ਼ਚਯ ਦਾ ਮੁਖ-ਆਧਾਰ ਮੈਲਕਮ ਦੀ ਪੁਸਤਕ ‘Sketch of the Sikhs’ ਹੈ। ਡਾ. ਮਾਨ ਦੀ ਇਹ ਧਾਰਨਾ ਨਿਰਾਧਾਰ ਅਤੇ ਝੂਠੀ ਹੈ। ਅਸਲ ਵਿਚ ਮੈਲਕਮ ਦੀ ਪੁਸਤਕ ਦੇ ਤੀਜੇ ਅਧਿਆਇ ਵਿਚ ਪਹਿਲਾਂ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੀ ਗੱਲ ਕੀਤੀ ਹੈ। ਦਸਵੇਂ ਗੁਰੂ ਜੀ ਦਾ ਸ਼ਸਤਰਧਾਰੀ ਹੋਣਾ ਗ਼ੈਰ-ਸਿਖ ਨੂੰ ਗੁਰੂ ਨਾਨਕ ਦੇਵ ਜੀ ਤੋਂ ਭਿੰਨਤਾ ਤੇ ਨਜ਼ਰ ਆਵੇ, ਤਾਂ ਕੋਈ ਵਡੀ ਗੱਲ ਨਹੀਂ। ਫਿਰ ਵੀ ਮੈਲਕਮ ਦੋਹਾਂ ਵਿਚ ਨਿਰੰਤਰਤਾ ਅਤੇ ਇਕੋ ਲਕਸ਼ ਦੇ ਸੂਤਰਾਂ ਤੋਂ ਵੀ ਅਨਜਾਣ ਨਹੀਂ ਹੈ। ਇਸੇ ਅਧਿਆਇ ਵਿਚ ਅਗੇ ਚਲ ਕੇ ਮੈਲਕਮ ਪੰਨਾ 97 ਤੋਂ 110 ਤਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਚਰਚਾ ਕਰਦਾ ਹੈ, ਜਿਸ ਦਾ ਮੂਲ ਆਧਾਰ ਆਦਿ ਗ੍ਰੰਥ ਹੈ। ਪੰਨਾ 111 ਤੋਂ 114 ਤਕ ਉਹ ਸ਼੍ਰੀ ਦਸਮ ਗ੍ਰੰਥ ਦੇ ਆਧਾਰ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਪਨਾਏ ਵਿਵਹਾਰ ਦੀ ਚਰਚਾ ਕਰਦਾ ਹੈ। ਜੇ ਆਦਿ ਗ੍ਰੰਥ ਅਤੇ ਗੁਰੂ ਨਾਨਕ ਦੇਵ ਜੀ ਦੀ ਗਲ 12-13 ਪੰਨਿਆਂ ਉਤੇ ਹੈ ਅਤੇ ਦਸਮ ਗ੍ਰੰਥ ਦੀ ਕੇਵਲ 3-4 ਅੰਕਾਂ ਉਤੇ, ਤਾਂ ਦਸਮ ਗ੍ਰੰਥ ਨੂੰ ਪ੍ਰਾਥਮਿਕਤਾ ਕਿਵੇਂ ਮਿਲ ਗਈ ? ਮੈਲਕਮ ਦੀ ਇਕ ਵੀ ਪੰਕਤੀ ਅਜਿਹੀ ਨਹੀਂ, ਜਿਥੇ ਦਸਮ ਗ੍ਰੰਥ ਦੇ ਵਿਚਾਰ ਨੂੰ ਆਦਿ ਗ੍ਰੰਥ ਵਿਚਲੇ ਸਿਧਾਂਤਾਂ ਤੋਂ ਉਚਾ ਦਸਿਆ ਗਿਆ ਹੋਵੇ। ਸਗੋਂ ਉਹ ਸਪਸ਼ਟ ਕਹਿੰਦਾ ਹੈ ਕਿ ਦਸਮ ਗ੍ਰੰਥ ਦੀਆਂ ਪੌਰਾਣਿਕ ਕਹਾਣੀਆਂ ਹਿੰਦੂ ਧਰਮ ਨਾਲ ਸੰਬੰਧਿਤ ਹਨ, ਹਾਲਾਕਿ ਉਹ ਇਹ ਵੀ ਸਪਸ਼ਟ ਕਰ ਦੇਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਮੱਤ ਹਿੰਦੂ ਧਰਮ ਨਾਲੋਂ ਭਿੰਨ ਹੈ। ਮੈਲਕਮ ਦੀ ਰਚਨਾ ਵਿਚੋਂ ਕੁਝ ਅੰਸ਼ ਇੰਞ ਹਨ- “ਦਸਵੇਂ ਪਾਦਸ਼ਾਹ ਦੇ ਗ੍ਰੰਥ ਵਿਚ ਬਹੁਤ ਕੁਝ ਬ੍ਰਾਹਮਣਾਂ ਦੇ ਸ਼ਾਸਤ੍ਰਾਂ ਅਤੇ ਕੁਰਾਨ ਤੋਂ ਲਿਆ ਗਿਆ ਹੈ (ਸਫ਼ਾ 120)।…. ਪਰ ਗੁਰੂ ਗੋਬਿੰਦ ਸਿੰਘ ਨੇ ਹਿੰਦੂਆਂ ਦੀ ਪੂਜਾ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ (ਸਫ਼ਾ 121)।  ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿਖਾਂ ਨੂੰ ਜਿਨ੍ਹਾਂ ਨੁਕਤਿਆਂ ਉਤੇ ਹਿੰਦੂਆਂ ਨਾਲੋਂ ਵਖ ਕੀਤਾ, ਉਹ ਸਨ- ਜਾਤੀਵਾਦ ਦਾ ਖ਼ਾਤਮਾ, ਸਭ ਲਈ ਧਰਮ ਦੇ ਦਰਵਾਜ਼ੇ ਖੋਲ੍ਹ ਦੇਣਾ ਅਤੇ ਸ਼ਸਤਰ ਧਾਰਨ ਕਰਨ ਨੂੰ ਹਰ ਵਿਅਕਤੀ ਦਾ ਧਾਰਮਿਕ ਫ਼ਰਜ਼ ਬਣਾ ਦੇਣਾ, ਜਜਦੋਂ ਕਿ ਹਿੰਦੂਆਂ ਵਿਚ ਸ਼ਸਤਰ ਧਾਰਨ ਕਰਨਾ ਕੇਵਲ ਖਤਰੀ ਦਾ ਅਧਿਕਾਰ ਸੀ (ਪ. 121)… ਦਸਮ ਗ੍ਰੰਥ ਕੇਵਲ ਮਿਥਿਹਾਸਿਕ ਕਹਾਣੀਆਂ ਦਾ ਸੰਗ੍ਰਹਿ ਨਹੀਂ, ਬਲਕਿ ਗੁਰੂ ਦੇ ਯੁਧਾਂ ਅਤੇ ਬਹਾਦਰ ਸਿਖਾਂ ਦੀ ਬੀਰਤਾ ਨਾਲ ਵੀ ਭਰਪੂਰ ਹੈ Courage is thoughout this work, placed above every other virtue. (P. 121…Thus, at once founding the sect of Siks, he struck the whole world with awe : overturning temples and sacred places, tombs and mosques, he levelled them all with the plain : rejecting the Vedas, the six Sastras and the Koran, he abolished the cry of Namaz and slew the Sultans ; reducing the Mirs and Pirs to silence…… the Brahmins, the Pandits, and the Jotishis had acquired a relish for worldly things ; they worshiped stones and forgot Supreme. Thus, the Muhammedan and Hindu, remained involved in delusion and ignorance, when the third sect of the Khalsa originated in purity (123-24)” ਮੈਲਕਮ ਦੇ ਇਹ ਆਪਣੇ ਸ਼ਬਦ ਡਾ. ਮਾਨ ਦੀਆਂ ਯੁਕਤੀਆਂ ਦੁਆਰਾ ਪ੍ਰਚਾਰੇ ਅਸਤ ਨੂੰ ਨਗਨ ਕਰਨ ਵਾਸਤੇ ਕਾਫ਼ੀ ਹਨ ਅਤੇ ਜੇ ਕਿਸੇ ਆਤਮਾ ਰਾਮ ਨਿਰਮਲੇ ਨੇ ਉਸ ਨੂੰ ਇਹ ਚੀਜ਼ਾਂ ਪੜ੍ਹਾਈਆਂ ਹਨ, ਤਾਂ ਉਸ ਦੀ ਪਵਿੱਤਰ ਸਿਖੀ ਨੂੰ ਪ੍ਰਣਾਮ ਹੈ।

ਅਸਲ ਵਿਚ ਅੰਗ਼ਰੇਜ਼ਾਂ ਨੇ ਸਿਖ ਧਰਮ ਨੂੰ ਸਮਝਣ ਵਾਸਤੇ ਦੋਹਾਂ ਗ੍ਰੰਥਾਂ ਦੇ ਅਨੁਵਾਦ ਕਰਵਾਉਣ ਦੇ ਉਪਰਾਲੇ ਇਸ ਲਈ ਕੀਤੇ ਸਨ, ਕਿਉਂਕਿ ਉਨ੍ਹਾਂ ਪ੍ਰਤਖ ਵੇਖਿਆ ਸੀ ਕਿ ਸਿਖ ਲੋਕ ਇਨ੍ਹਾਂ ਦੋਹਾਂ ਗ੍ਰੰਥਾਂ ਦੀ ਬਾਣੀ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਇਨ੍ਹਾਂ ਦੇ ਧਰਮ ਵਿਚ ਗ੍ਰੰਥ ਸਭ ਤੋਂ ਮਹਤਵਪੂਰਨ ਸਥਾਨ ਰਖਦਾ ਹੈ। ਜੇ ਅੰਗ਼ਰੇਜ਼ ਆਦਿ ਗ੍ਰੰਥ ਨੂੰ ਹੀਣ ਦਸਣ ਵਾਸਤੇ ਦਸਮ ਗ੍ਰੰਥ ਦਾ ਪ੍ਰਸਾਰ ਕਰ ਰਹੇ ਹੁੰਦੇ, ਤਾਂ ਟਰੰਪ ਨੇ ਪਹਿਲਾਂ ਦਸਮ ਗ੍ਰੰਥ ਦਾ ਅਨੁਵਾਦ ਕਰਨਾ ਸੀ, ਆਦਿ ਗ੍ਰੰਥ ਦਾ ਨਹੀਂ, ਜਦੋਂ ਕਿ ਸਥਿਤੀ ਬਿਲਕੁਲ ਉਲਟ ਹੈ। ਸੋ ਡਾ. ਮਾਨ ਦੇ ਬਣਾਏ ਆਧਾਰ ਅਸਤ ਤੇ ਟਿਕੇ ਹਨ, ਤਥਾਂ ਉਤੇ ਨਹੀਂ।

ਡਾ. ਮਾਨ ਇਹ ਵੀ ਕਹਿੰਦਾ ਹੈ ਕਿ ਮੈਲਕਮ ਨੇ ਸਿਖ ਪੰਥ ਨੂੰ ਖਾਲਸਾ ਪੰਥ ਅਤੇ ਨਾਨਕ ਪੰਥੀਆਂ ਵਿਚ ਵਿਭਾਜਿਤ ਕੀਤਾ ਹੈ। ਇਸ ਵਿਚ ਮੈਲਕਮ ਦੀ ਨਾ ਕੋਈ ਦੁਰਭਾਵਨਾ ਦਿਸਦੀ ਹੈ, ਨਾ ਅਗਿਆਨਤਾ। ਖ਼ਾਲਸੇ ਦੀ ਸਾਜਨਾ ਪਿਛੋਂ ਸਿਖਾਂ ਦੇ ਕਿਤਨੇ ਹੀ ਅਜਿਹੇ ਵਰਗ ਸਨ, ਜੋ ਖ਼ਾਲਸਾ ਸਰੂਪ ਧਾਰਨ ਕੀਤੇ ਬਿਨਾ ਗੁਰੁਬਾਣੀ ਅਤੇ ਸਿਖ ਗੁਰੂ ਸਾਹਿਬਾਨ ਵਿਚ ਅਟੁਟ ਵਿਸ਼ਵਾਸ ਰਖਦੇ ਸਨ। ਅਜਿਹੇ ਲੋਕਾਂ ਵਿਚ ਮੁਸਲਮਾਨ ਕੀਰਤਨਕਾਰ, ਉਦਾਸੀ, ਨਿਰਮਲੇ, ਸੇਵਾਪੰਥੀ ਅਤੇ ਅਨੇਕਾਂ ਸਹਿਜਧਾਰੀ ਸ਼ਾਮਿਲ ਰਹੇ ਹਨ। ਸਿੰਘ ਸਭਾ ਲਹਿਰ ਦੇ ਉਦਗਮ ਤਕ ਪੰਥ ਨੇ ਸਹਿਜਧਾਰੀਆਂ ਨੂੰ ਹਮੇਸ਼ਾ ਆਪਣਾ ਅਭਿੰਨ ਅੰਗ ਮੰਨਿਆ ਹੈ। ਉਹ ਵਣਜਾਰੇ ਅਤੇ ਸਿਕਲੀਗਰ, ਜੋ ਸਿਖ ਸਰੂਪ ਦੇ ਧਾਰਨੀ ਨਹੀਂ, ਹੁਣ ਵੀ ਨਾਨਕਪੰਥੀਆਂ ਵਿਚ ਗਿਣੇ ਜਾਂਦੇ ਹਨ, ਅਮ੍ਰਿਤਧਾਰੀ ਖ਼ਾਲਸੇ ਵਿਚ ਨਹੀਂ। ਸੋ ਮੈਲਕਮ ਨੂੰ ਇਸ ਆਧਾਰ ਤੇ ਪੰਥ-ਵਿਰੋਧੀ ਕਹਿਣਾ ਅਨੁਚਿਤ ਹੈ।

11.     ਡਾ. ਮਾਨ ਦਾ ਅਗਲਾ ਸੰਸਾ ਹੈ ਕਿ 1846 ਈ. ਵਿਚ ਸਿਖਾਂ ਦੀ ਹਾਰ ਮਗਰੋਂ ਭਾਰਤ ਦੇ ਬਰਤਾਨਵੀ ਗਵਰਨਰ ਜਨਰਲ ਦੇ ਹੁਕਮ ਤੇ ਕਿਸ ਵਿਅਕਤੀ ਨੇ 1847  ਈ. ਵਿਚ ਦੇਵਨਗਾਰੀ ਲਿਪੀ ਵਾਲਾ ਦਸਮ ਗ੍ਰੰਥ ਰਚਿਆ ਸੀ ? ਦਰਅਸਲ ਇੰਡੀਆ ਆਫਿਸ ਲਾਇਬ੍ਰੇਰੀ, ਲੰਡਨ ਦੇ ਪੰਜਾਬੀ-ਸਿੰਧੀ ਹਥਲਿਖਿਤ ਸੈਕਸ਼ਨ ਵਿਚ ਦੇਵਨਾਗਰੀ ਲਿਪੀ ਦੇ ਸ਼੍ਰੀ ਦਸਮ ਗ੍ਰੰਥ ਦੀ ਇਕ ਹਥ-ਲਿਖਿਤ ਪ੍ਰਤੀ ਮਿਲਦੀ ਹੈ। ਇਸ ਵਿਚ ਵਿਦਮਾਨ ਸੂਚਨਾ ਮੁਤਾਬਿਕ ਇਹ ਬੀੜ ਪੰਡਿਤ ਰਾਧਾ ਕਿਸ਼ਨ ਨੇ ਲਿਖੀ ਸੀ, ਜੋ ਪੈਰਿਸ ਐਗਜ਼ੀਬਿਸ਼ਨ ਸੋਸਾਇਟੀ ਨੂੰ 1855 ਈ. ਵਿਚ ਆਯੋਜਿਤ ਕੀਤੀ ਗਈ ਇੰਪੀਰੀਅਲ ਐਗਜ਼ੀਬਿਸ਼ਨ ਵਾਸਤੇ ਭੇਟ ਕੀਤੀ ਗਈ ਸੀ। ਪੰਡਿਤ ਰਾਧਾ ਕਿਸ਼ਨ ਦਾ ਪਿਤਾ ਅਤੇ ਦਾਦਾ ਦੋਵੇਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਸਨ। ਸੰਸਕ੍ਰਿਤ ਦਾ ਵਿਦਵਾਨ ਰਾਧਾ ਕਿਸ਼ਨ ਰਾਜਾ ਹੀਰਾ ਸਿੰਘ ਅਤੇ ਦਲੀਪ ਸਿੰਘ ਦਾ ਅਧਿਆਪਕ ਸੀ। ਇਸ ਬੀੜ ਉਤੇ ਅੰਗਰੇਜ਼ੀ ਭਾਸ਼ਾ ਵਿਚ ਇਹ ਸ਼ਬਦ ਅੰਕਿਤ ਕੀਤੇ ਮਿਲਦੇ ਹਨ-

sent to the Imperial Exhibition at Paris for works of arts and Industry by the Punjab committee Lahore.  (ਅਗੇ ਕਮਿਸ਼ਨਰ ਅਤੇ ਸੁਪਰਿੰਟੈਂਡੈਂਟ ਦੇ ਹਸਤਾਖਰ ਹਨ, ਜਿਨ੍ਹਾਂ ਹੇਠ ਜੁਲਾਈ 1856 ਈ. ਅੰਕਿਤ ਹੈ).

ਡਾ. ਮਾਨ ਦੇ ਕਿੰਤੂ ਇਸ ਪ੍ਰਕਾਰ ਹਨ-

•       ਇੰਪੀਰੀਅਲ ਐਗਜ਼ੀਬਿਸ਼ਨ ਪੈਰਿਸ 1855 ਈ. ਵਿਚ 15 ਮਈ ਤੋਂ 15 ਨਵੰਬਰ ਦੇ ਵਿਚਕਾਰ ਆਯੋਜਿਤ ਕੀਤੀ ਗਈ ਸੀ, ਭਾਰਤ ਵਿਚੋਂ 1856 ਈ. ਵਿਚ ਭੇਜੀ ਇਹ ਬੀੜ ਕਿਵੇਂ ਸ਼ਾਮਿਲ ਕੀਤੀ ਜਾ ਸਕਦੀ ਸੀ ?

•       1847 ਈ. ਵਿਚ ਜੇ ਇਹ ਬੀੜ ਇੰਪੀਰੀਅਲ ਐਗਜ਼ੀਬਿਸ਼ਨ ਵਾਸਤੇ ਲਿਖੀ ਗਈ ਸੀ, ਤਾਂ 1851 ਈ. ਦੀ ਲੰਡਨ ਵਿਖੇ ਹੋਈ ਇੰਪੀਰੀਅਲ ਐਗਜ਼ੀਬਿਸ਼ਨ ਵਿਚ ਕਿਉਂ ਨਹੀਂ ਪਰਦਰਸ਼ਿਤ ਕੀਤੀ ਗਈ ?

•       ਗਵਰਨਰ ਜਨਰਲ ਦੇ ਹੁਕਮਾਂ ਨਾਲ ਇਸ ਉਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਖ ਪੰਥ ਦਾ ਬਾਨੀ ਕਿਵੇਂ ਲਿਖ ਦਿਤਾ ਗਿਆ ? ਇਸ ਦੀ ਪ੍ਰਵਾਨਗੀ ਪੰਡਿਤ ਰਾਧਾ ਕਿਸ਼ਨ ਵਰਗੇ ਵਿਦਵਾਨ ਨੇ ਕਿਉਂ ਦਿਤੀ ?

ਵੇਖਣ ਨੂੰ ਡਾ. ਮਾਨ ਦੇ ਇਹ ਸੰਦੇਹ ਜਿਤਨੇ ਵਿਵੇਕ-ਪੂਰਵਕ ਲਗਦੇ ਹਨ, ਅਸਲੀਅਤ ਵਿਚ ਇਹ ਉਤਨੇ ਹੀ ਥੋਥੇ, ਅਗਿਆਨ-ਆਧਾਰਿਤ ਅਤੇ ਨਿਰਮੂਲ ਹਨ। ਇਨ੍ਹਾਂ ਦਾ ਉਤਰ ਇਸ ਪ੍ਰਕਾਰ ਹੈ-

•       ਇਸ ਵਿਚ ਕੋਈ ਸੰਦੇਹ ਨਹੀਂ ਕਿ ਚਰਚਿਤ ਐਗਜ਼ੀਬਿਸ਼ਨ 1855 ਈ. ਵਿਚ ਹੀ ਆਯੋਜਿਤ ਕੀਤੀ ਗਈ ਸੀ, ਪਰ ਡਾ. ਮਾਨ ਵਿਵੇਕ ਦੀ ਅਣਹੋਂਦ ਕਾਰਨ ਇਹ ਸਮਝਣ ਵਿਚ ਅਸਮਰਥ ਹੈ ਕਿ ਇਸ ਉਤੇ 1856 ਈ. ਕਿਉਂ ਲਿਖਿਆ ਗਿਆ ਹੈ ? ਵਾਸਤਵ ਵਿਚ ਇਸ ਬੀੜ ਦੀ ਪਹਿਚਾਨ ਵਾਸਤੇ ਲੇਬਲ ਤਦੋਂ ਲਗਾਇਆ ਗਿਆ ਹੋਵੇਗਾ, ਜਦੋਂ ਐਗਜ਼ੀਬਿਸ਼ਨ ਤੋਂ ਬਾਅਦ ਇਸ ਨੂੰ ਲਾਇਬ੍ਰੇਰੀ ਵਿਚ ਰਖਿਆ ਗਿਆ। ਡਾ. ਮਾਨ ਸ਼ਾਇਦ sent ਅਤੇ sending ਸ਼ਬਦਾਂ ਦੇ ਅਰਥ ਤੋਂ ਅਭਿਜ ਹਨ। ਜੇ 1856 ਈ. ਵਿਚ ਭੇਜੀ ਜਾਂਦੀ ਤਾਂ ਲਿਖਿਆ ਜਾਣੀ ਸੀ sending. sent ਦਾ ਅਰਥ ਹੈ ਭੇਜੀ ਗਈ ਸੀ। ਡਾ. ਮਾਨ ਇਹ ਨਹੀਂ ਸਮਝ ਸਕੇ ਕਿ ਇਹ ਕਮਿਸ਼ਨਰ ਅਤੇ ਸੁਪਰਿੰਟੈਂਡੈਂਟ ਕੌਣ ਸੀ ? ਉਹ ਇਸ ਨੂੰ ਬਰਤਾਨਵੀ ਸਰਕਾਰ ਦਾ ਉਹ ਅਧਿਕਾਰੀ ਜਾਣ ਰਹੇ ਹਨ, ਜਿਸ ਦੇ ਹਸਤਾਖਰਾਂ ਹੇਠ ਇਸ ਬੀੜ ਦੀ ਭਾਰਤ ਤੋਂ ਰਵਾਨਗੀ ਹੋਈ, ਜਦੋਂ ਕਿ ਅਸਲੀਅਤ ਵਿਚ ਇਹ ਉਸ ‘ਇੰਪੀਰੀਅਲ ਕਮਿਸ਼ਨ’ ਦਾ ਅਧਿਕਾਰੀ ਸੀ, ਜਿਸ ਨੇ ਚਰਚਿਤ ਪਰਦਰਸ਼ਨੀ ਦਾ ਆਯੋਜਨ  ਕੀਤਾ ਸੀ। ਡਾ. ਮਾਨ ਇੰਟਰਨੈਟ ਤੋਂ ਵੇਖ ਸਕਦੇ ਹਨ ਕਿ ਅਜਿਹਾ ਕਮਿਸ਼ਨ ਸੀ, ਉਸ ਦਾ ਕਮਿਸ਼ਨਰ ਵੀ ਸੀ ਅਤੇ ਕਮਿਸ਼ਨ ਦੀ ਨਿਰਧਾਰਿਤ ਨਿਯਮਾਵਲੀ ਵੀ ਸੀ। ਦਰਅਸਲ ਇਸ ਕਮਿਸ਼ਨ ਦੇ ਅਧਿਕਾਰੀ ਨੇ ਜੋ ਲੇਬਲ ਐਗਜ਼ੀਬਿਸ਼ਨ ਤੋਂ ਬਾਅਦ ਲਗਾਇਆ ਸੀ, ਡਾ. ਮਾਨ ਉਸ ਨੂੰ ਠੀਕ ਸਮਝ ਨਹੀਂ ਸਕੇ ਜਾਂ ਜਾਣ ਬੁਝ ਕੇ ਗ਼ਲਤ ਤਥ ਸਿਰਜ ਰਹੇ ਹਨ।

•       ਅਗਲਾ ਪ੍ਰਸ਼ਨ ਹੈ ਕਿ 1847 ਈ. ਵਿਚ ਜੇ ਇਹ ਬੀੜ ਇੰਪੀਰੀਅਲ ਐਗਜ਼ੀਬਿਸ਼ਨ ਵਾਸਤੇ ਲਿਖੀ ਗਈ ਸੀ, ਤਾਂ 1851 ਈ. ਦੀ ਲੰਡਨ ਵਿਖੇ ਹੋਈ ਇੰਪੀਰੀਅਲ ਐਗਜ਼ੀਬਿਸ਼ਨ ਵਿਚ ਕਿਉਂ ਨਹੀਂ ਪਰਦਰਸ਼ਿਤ ਕੀਤੀ ਗਈ ? ਪਹਿਲੀ ਗੱਲ ਤਾਂ ਇਹ ਕਿ ਇਹ ਬੀੜ ਗਵਰਨਰ ਜਨਰਲ ਦੀ ਆਗਿਆ ਤੇ ਰਾਧਾ ਕਿਸ਼ਨ ਨੇ ਨਹੀਂ ਲਿਖੀ। ਇਸ ਉਤੇ ਦਿਤੀ ਸੂਚਨਾ ਇੰਞ ਹੈ-

In conformity to the orders of the Governor General of India, this volume named “The Granth Sahib” published by Gooroo Gobind Singh the founder of the Sikh faith, is hereby presented to the Paris Exhibition Society by

Pundit Raddha Kishan

(ਹਿੰਦੀ ਹਸਤਾਖਰ)

ਜਿਥੇ ‘The Granth Sahib’ ਆਇਆ ਹੈ, ਉਥੇ ਹੇਠ ਫੁਟਨੋਟ ਦਿਤਾ ਹੈ “A work of the same name is published by Gooroo Nanuck, it may not therefoe be taken to be the same”

ਪੰਜਾਬ ਉਤੇ ਅੰਗ਼ਰੇਜ਼ਾਂ ਦੇ ਕਬਜ਼ੇ ਮਗਰੋਂ ਪਛਮ ਦੇ ਵਿਦਵਾਨਾਂ ਦੀ ਸਿਖ ਧਰਮ ਨੂੰ ਸਮਝਣ ਵਿਚ ਰੁਚੀ ਨਿਸ਼ਚਿਤ ਤੌਰ ਤੇ ਵਧੀ। ਇਸ ਲਈ ਜਿਹੜੀਆਂ ਚੀਜ਼ਾਂ ਜਦੋਂ ਉਨ੍ਹਾਂ ਦੇ ਧਿਆਨ ਵਿਚ ਆਈਆਂ, ਅਤੇ ਜੋ ਚੀਜ਼ਾਂ ਉਨ੍ਹਾਂ ਉਚਿਤ ਸਮਝੀਆਂ, ਉਹ ਅਜਿਹੀਆਂ ਪਰਦਰਸ਼ਨੀਆਂ ਵਿਚ ਭੇਜੀਆਂ ਗਈਆਂ। ਇਹ ਕੋਈ ਜ਼ਰੂਰੀ ਸੀ ਕਿ ਅੰਗ਼ਰੇਜ਼ ਜ਼ਰੂਰ ਇਸ ਦਾ ਪਰਦਰਸ਼ਨ 1851 ਈ. ਵਿਚ ਹੀ ਕਰਦੇ। ਜੇ ਉਹ ਇਸ ਸੰਨ ਵਿਚ ਕਰਦੇ, ਤਾਂ ਕੀ ਗਾਰੰਟੀ ਹੈ ਕਿ ਡਾ. ਮਾਨ ਇਹ ਨਾ ਕਹਿੰਦੇ ਕਿ ਇਸ ਦਾ ਪਰਦਰਸ਼ਨ 1855 ਈ. ਵਿਚ ਪੈਰਿਸ ਵਿਚ ਕਿਉਂ ਨਹੀਂ ਕੀਤਾ ਗਿਆ ਅਤੇ 1851 ਈ. ਵਿਚ ਬਰਤਾਨੀਆ ਵਿਚ ਕਿਉਂ ? ਉਹ ਇਸ ਪਿਛੇ ਜ਼ਰੂਰ ਅੰਗ਼ਰੇਜ਼ਾਂ ਦੀ ਸਾਜ਼ਿਸ਼ ਵੇਖਦੇ। ਸੋ ਮੇਰੇ ਵਿਚਾਰ ਵਿਚ ਡਾ. ਮਾਨ ਦੇ ਇਹ ਕਿੰਤੂ ਯੁਕਤੀ-ਸੰਗਤ ਆਧਾਰ ਨਹੀਂ। ਹਾਂ ਅਗਿਆਨਵਸ ਉਹ ਇਹ ਸਮਝੀ ਬੈਠੇ ਹਨ ਕਿ ਇਹ ਬੀੜ ਗਵਰਨਰ ਜਨਰਲ ਦੇ ਹੁਕਮ ਨਾਲ ਪਰਦਰਸ਼ਨੀ ਵਿਚ ਭੇਜਣ ਵਾਸਤੇ ਹੀ ਲਿਖੀ ਗਈ ਸੀ।

•       ਡਾ. ਮਾਨ ਦਾ ਇਹ ਕਿੰਤੂ ਵੀ ਬਹੁਤ ਉਚਿਤ ਨਹੀਂ ਕਿ ਇਸ ਉਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਖ ਧਰਮ ਦਾ ਸੰਸਥਾਪਕ ਕਿਉਂ ਲਿਖਿਆ ਗਿਆ ਹੈ  ਅਤੇ ਪੰਡਿਤ ਰਾਧਾ ਕਿਸ਼ਨ ਨੇ ਇਸ ਦੀ ਤਸਦੀਕ ਕਿਵੇਂ ਕੀਤੀ ? ਅਸਲ ਵਿਚ ਅੰਗ਼ਰੇਜ਼ਾਂ ਦੇ ਸਾਹਮਣੇ ਸਿਖ ਧਰਮ ਦਾ ਜਿਹੜਾ ਅਸਲ ਰੂਪ ਸੀ, ਉਹ ਖ਼ਾਲਸਾ ਪੰਥ ਸੀ, ਜੋ ਦਸਮ ਗੁਰੂ ਨੂੰ ਆਪਣਾ ਜਨਮ-ਦਾਤਾ ਮੰਨਦਾ ਹੈ। ਜੇ ਅਜ ਵੀ ਅਮ੍ਰਿਤ ਛਕਣ ਲਗਿਆਂ ਸਿਖ ਇਹ ਵਚਨ ਲੈਂਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਧਾਰਮਿਕ ਪਿਤਾ ਮੰਨੇਗਾ ਅਤੇ ਜੇ ਅਜ ਵੀ ਸਾਰਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸੇ ਦਾ ਸਿਰਜਕ ਮੰਨਦਾ ਹੈ ਅਤੇ ਵੈਸਾਖੀ ਨੂੰ ਖਾਲਸਾ ਪੰਥ ਦਾ ਸਥਾਪਨਾ ਦਿਵਸ ਕਹਿੰਦਾ ਹੈ, ਤਾਂ ਸਿਖ ਧਰਮ ਦੀ ਬਹੁਤ ਘਟ ਜਾਣਕਾਰੀ ਰਖਣ ਵਾਲੇ ਅੰਗ਼ਰੇਜ਼ਾਂ ਨੇ ਜੇ ਗੁਰੂ ਜੀ ਨੂੰ ਸਿਖ ਧਰਮ ਦਾ ਸੰਸਥਾਪਕ ਕਹਿ ਦਿਤਾ ਤਾਂ ਕਿਤਨਾ ਕੁ ਵਡਾ ਅਨਰਥ ਹੋ ਗਿਆ ? ਡਾ. ਮਾਨ ਵਰਗਾ ਵਿਅਕਤੀ ਕਲ੍ਹ ਇਹ ਵੀ ਸ਼ੰਕਾ ਖੜ੍ਹਾ ਕਰ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਉਂ ਖ਼ਾਲਸੇ ਦੇ ਪਿਤਾ ਹਨ ਅਤੇ ਗੁਰੂ ਨਾਨਕ ਦੇਵ ਜੀ ਕਿਉਂ ਨਹੀਂ ? ਉਹ ਇਸ ਪਿਛੇ ਵੀ ਅਨਮਤਾਂ ਦੀ ਸਾਜ਼ਿਸ਼ ਮੰਨਣ ਲਗ ਪੈਣਗੇ ਅਤੇ ਮੁਖ ਦੋਸ਼ੀ ਫਿਰ ਦਸਵੇਂ ਪਾਤਸ਼ਾਹ ਦਾ ਗ੍ਰੰਥ ਹੀ ਹੋਵੇਗਾ। ਮੈਨੂੰ ਇਹ ਸਮਝ ਨਹੀਂ ਆਈ ਕਿ ਆਖ਼ਿਰ ਗੁਰੂ ਗੋਬਿੰਦ ਸਿੰਘ ਦਾ ਨਾਮ ਅਤੇ ਉਨ੍ਹਾਂ ਦੀ ਬਾਣੀ ਦੇ ਜ਼ਿਕਰ ਤੋਂ ਡਾ. ਮਾਨ ਕਿਉਂ ਚਿੜ੍ਹੇ ਹੋਏ ਹਨ ? ਉਨ੍ਹਾਂ ਨੂੰ ਦਸਵੇਂ ਪਾਤਸ਼ਾਹ ਦੁਆਰਾ ਸਾਜਿਆ ਸਿਖ ਸਰੂਪ ਪ੍ਰਵਾਨ ਨਹੀਂ ਜਾਂ ਉਨ੍ਹਾਂ ਦੁਆਰਾ ਨਿਰਧਾਰਿਤ ਰਹਿਤ ਮਰਯਾਦਾ ਪਾਲਣੀ ਮਾਨ ਸਾਹਿਬ ਨੂੰ ਮੁਸ਼ਕਿਲ ਲਗਦੀ ਹੈ।

12.    ਡਾ. ਮਾਨ ਨੇ ਖ਼ਾਸ ਦਸਖ਼ਤੀ ਪਤਰਾਂ ਦੀ ਪ੍ਰਮਾਣਿਕਤਾ ਨੂੰ ਸੰਦਿਗਧ ਦਸਿਆ ਹੈ। ਇਸ ਸੰਬੰਧੀ ਉਨ੍ਹਾਂ ਦੇ ਤਰਕਾਂ ਵਿਚ ਕੋਈ ਨਵੀਨ ਤਥ ਨਹੀਂ। ਉਹ ਡਾ. ਰਤਨ ਸਿੰਘ ਜੱਗੀ ਦੁਆਰਾ ਬਹੁਤ ਪਹਿਲਾਂ ਉਠਾਏ ਕਿੰਤੂ ਹੀ ਵਾਰ-ਵਾਰ ਪਾਠਕਾਂ ਸਾਹਮਣੇ ਲਿਆਉਂਦੇ ਹਨ, ਹਾਲਾਕਿ ਇਨ੍ਹਾਂ ਦਾ ਯੁਕਤੀ-ਪੂਰਵਕ ਵਿਸਤ੍ਰਿਤ ਉਤਰ ਮੈਂ ਆਪਣੀ ਪੁਸਤਕ ‘ਸ਼੍ਰੀ ਦਸਮ ਗ੍ਰੰਥ-ਕਰਤਾ ਸੰਬੰਧੀ ਵਿਵਾਦ ਦੀ ਪੁਨਰ ਸਮੀਖਿਆ’ ਵਿਚ ਪਹਿਲਾਂ ਹੀ ਦੇ ਚੁਕਾ ਹਾਂ। ਇਥੇ ਸੰਖੇਪ ਵਿਚ ਇਤਨਾ ਹੀ ਕਹਿਣਾ ਚਾਹਾਂਗਾ ਕਿ ਰਤਨ ਸਿੰਘ ਜੱਗੀ ਨੂੰ ਆਧਾਰ ਬਣਾ ਕੇ ਡਾ. ਮਾਨ ਦੁਆਰਾ ਦਿਤੀ ਇਹ ਦਲੀਲ ਕਿ ਇਹ ਪਤਰ ਸੁਖਾ ਸਿੰਘ/ਚੜ੍ਹਤ ਸਿੰਘ ਦੀ ਜਾਅਲਸਾਜ਼ੀ ਨੇ ਪੈਦਾ ਕੀਤੇ ਹਨ, ਬਿਲਕੁਲ ਨਿਰਾਧਾਰ ਹੈ, ਕਿਉਂਕਿ ਸੁਖਾ ਸਿੰਘ ਵਾਲੀ ਬੀੜ ਵਿਚ ਕੋਈ ਖ਼ਾਸ ਪਤਰ ਮੌਜੂਦ ਨਹੀਂ, ਕੇਵਲ 16 ਪਤਰਾਂ ਦੀ ਨਕਲ ਲਾਈ ਗਈ ਹੈ। ਜੇ ਸੁਖਾ ਸਿੰਘ ਨੇ ਜਾਅਲਸਾਜ਼ੀ ਕੀਤੀ ਹੁੰਦੀ, ਤਾਂ ਖ਼ਾਸ ਪਤਰ ਪਟਨਾ ਸਾਹਿਬ ਵਾਲੀ ਬੀੜ ਵਿਚ ਹੋਣੇ ਚਾਹੀਦੇ ਸਨ। ਮੈਂ ਆਪਣੀ ਪੁਸਤਕ ਵਿਚ ਪਹਿਲਾਂ ਹੀ ਇਹ ਸਪਸ਼ਟ ਕਰ ਚੁਕਾ ਹਾਂ ਕਿ ਮੋਤੀ ਬਾਗ਼ ਵਾਲੀ ਬੀੜ ਜਿਸ ਵਿਚ 7 ਖ਼ਾਸ ਪਤਰ ਸਨ, ਉਹ ਬੀੜ ਨਹੀਂ ਹੋ ਸਕਦੀ, ਜਿਸ ਬਾਰੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਇਸ ਵਿਚ ਚੜ੍ਹਤ ਸਿੰਘ ਨੇ 5 ਖ਼ਾਸ ਪਤਰ ਜਾਅਲੀ ਲਗਾਏ ਹਨ, ਕਿਉਂਕਿ ਇਸ ਵਿਚ 5 ਨਹੀਂ 7 ਅਜਿਹੇ ਪੱਤਰ ਮਿਲਦੇ ਸਨ। ਭਾਈ ਮਨੀ ਸਿੰਘ ਦੁਆਰਾ ਸੰਪਾਦਿਤ ਬੀੜ ਵਿਚ ਇਨ੍ਹਾਂ ਪਤਰਾਂ ਦੀ ਮੌਜੂਦਗੀ, ਕੇਸਰ ਸਿੰਘ ਛਿਬਰ ਦੁਆਰਾ ਇਸ ਦੀ ਤਸਦੀਕ, ਅਜਿਹੇ ਪਤਰਾਂ ਸੰਬੰਧੀ ਪੁਸ਼ਟ ਪਰੰਪਰਾ ਅਤੇ ਹੁਕਮਨਾਮਿਆਂ ਦੀ ਲਿਖਿਤ ਦਾ ਖ਼ਾਸ ਪਤਰਾਂ ਨਾਲ ਮਿਲਣਾ, ਇਹ ਸਾਰੇ ਤਥ ਪਤਰਾਂ ਦੀ ਪ੍ਰਮਾਣਿਕਤਾ ਨੂੰ ਸਿਧ ਕਰਨ ਵਾਸਤੇ ਪੁਖ਼ਤਾ ਆਧਾਰ ਪ੍ਰਦਾਨ ਕਰ ਦੇਂਦੇ ਹਨ। ਕਿਸੇ ਵੀ ਸਥਿਤੀ ਵਿਚ ਜੇ ਇਹ ਪਤਰ ਸੁਖਾ ਸਿੰਘ/ਚੜ੍ਹਤ ਸਿੰਘ ਤਿਆਰ ਕਰਦੇ, ਤਾਂ ਪਟਨਾ ਸਾਹਿਬ ਵਾਲੀ ਬੀੜ ਵਿਚ ਇਹ ਜ਼ਰੂਰ ਹੁੰਦੇ ਅਤੇ ਭਾਈ ਮਨੀ ਸਿੰਘ ਵਾਲੀ ਬੀੜ ਵਿਚ ਕਦੇ ਵੀ ਉਪਲਬਧ ਨਾ ਹੁੰਦੇ, ਕਿਉਂਕਿ ਭਾਈ ਮਨੀ ਸਿੰਘ ਵਾਲੀ ਬੀੜ ਪਟਨਾ ਸਾਹਿਬ ਵਾਲੀ ਬੀੜ ਦੇ ਲਿਖਾਰੀ ਸਾਹਮਣੇ ਕਦੇ ਵੀ ਨਹੀਂ ਰਹੀ, ਇਹ ਗੱਲ ਦੋਹਾਂ ਬੀੜਾਂ ਦੀ ਵਖਰੀ ਤਰਤੀਬ ਤੋਂ ਸਿਧ ਹੈ।   ਕੇਸਰ ਸਿੰਘ ਛਿਬਰ ਲਿਖਦਾ ਹੈ ਕਿ ਉਸ ਨੇ ਜਿਹੋ-ਜਿਹੇ 7 ਪਤਰ ਦਿਲੀ ਵਿਚ ਵੇਖੇ ਸਨ, ਉਸੇ ਤਰ੍ਹਾਂ ਦੇ 7 ਪਤਰ ਲਾਹੌਰ ਵਿਚ ਵੀ ਇਕ ਸਿਖ ਪਾਸ ਸਨ। ਸ਼੍ਰੀ ਦਸਮ ਗ੍ਰੰਥ ਦੇ ਵਿਰੋਧੀ ਇਹ ਕਦੇ ਵੀ ਸਿਧ ਨਹੀਂ ਕਰ ਸਕਦੇ ਕਿ ਪਟਨਾ ਸਾਹਿਬ ਵਾਲੀ ਬੀੜ ਅਤੇ ਮੋਤੀ ਬਾਗ਼ ਵਾਲੀ ਬੀੜ ਇਕੋ ਲੇਖਕ ਜਾਂ ਇਕ ਪਰਿਵਾਰ ਦੇ ਲੇਖਕਾਂ ਸੁਖਾ ਸਿੰਘ/ਚੜ੍ਹਤ ਸਿੰਘ ਨੇ ਤਿਆਰ ਕਰਵਾਈਆਂ ਸਨ, ਕਿਉਂਕਿ ਇਨ੍ਹਾਂ ਦੀਆਂ ਬਾਣੀਆਂ ਦੀ ਤਰਤੀਬ ਇਕ ਦੂਜੀ ਤੋਂ ਬਿਲਕੁਲ ਵਖਰੀ ਹੈ। ਪ੍ਰਮਾਣ ਵਾਸਤੇ ਮੋਤੀ ਬਾਗ਼ ਵਾਲੀ ਬੀੜ ਦੀਆਂ ਬਾਣੀਆਂ ਦਾ ਕ੍ਰਮ ਹੈ- ਜਾਪੁ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ (ਉਕਤਿ ਬਿਲਾਸ), ਚੰਡੀ ਚਰਿਤ੍ਰ 2, ਚੌਬੀਸ ਅਵਤਾਰ, ਬ੍ਰਹਮਾਵਤਾਰ, ਰੁਦ੍ਰਾਵਤਾਰ, ਪਾਰਸਨਾਥ, ਸ਼ਸਤ੍ਰਨਾਮਮਾਲਾ, ਅਕਾਲ ਉਸਤਤਿ, ਗਿਆਨ ਪ੍ਰਬੋਧ, ਵਾਰ ਦੁਰਗਾ ਕੀ, ਚਤਿਰੋਪਾਖਿਆਨ, ਅਸਫੋਟਕ ਕਬਿਤ, ਸਵਈਏ, ਬਿਸਨਪਦੇ, ਸਦ, ਜ਼ਫ਼ਰਨਾਮਾ (ਗੁਰਮੁਖੀ), ਜ਼ਫ਼ਰਨਾਮਾ (ਫ਼ਾਰਸੀ)। ਪਟਨਾ ਸਾਹਿਬ ਵਾਲੀ ਬੀੜ ਦੀ ਤਰਤੀਬ ਹੈ- ਜਾਪੁ, ਅਕਾਲ ਉਸਤਤਿ, ਸਵਈਏ, ਬਚਿਤ੍ਰ ਨਾਟਕ, ਚੌਬੀਸ ਅਵਤਾਰ, ਚੰਡੀ ਚਰਿਤ੍ਰ (ਉਕਤਿ ਬਿਲਾਸ), ਬ੍ਰਹਮਾਵਤਾਰ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ 2, ਰੁਦ੍ਰਾਵਤਾਰ, ਬਿਸਨਪਦੇ, ਛਕਾ ਭਗਉਤੀ ਜੂ ਕਾ, ਸ਼ਸਤ੍ਰਨਾਮਾਮਾਲਾ, ਵਾਰ ਦੁਰਗਾ ਕੀ, ਚਰਿਤ੍ਰੋਪਾਖਿਆਨ, ਅਸਫੋਟਕ ਕਬਿਤ, ਭਗਵੰਤ ਗੀਤਾ, ਸੰਸਾਹਰ ਸੁਖਮਨਾ, ਸ਼ਬਦ (ਰਾਗਾਂ ਵਿਚ), ਵਾਰ ਮਾਲਕੌਂਸ ਕੀ, ਵਾਰ ਦੁਰਗਾ ਕੀ, ਵਾਰ ਭਗਵਤੀ ਜੀ ਕੀ ਅਤੇ ਜ਼ਫ਼ਰਨਾਮਾ (ਗੁਰਮੁਖੀ)। ਇਕੋ ਪਰਿਵਾਰ ਦੁਆਰਾ ਤਿਆਰ ਕੀਤੀਆਂ ਬੀੜਾਂ ਵਿਚ ਬਾਣੀ-ਕ੍ਰਮ ਅਤੇ ਬਾਣੀਆਂ ਦਾ ਇਤਨਾ ਵਡਾ ਅੰਤਰ ਬਿਲਕੁਲ ਸੰਭਵ ਨਹੀਂ। ਇਹ ਵੀ ਧਿਆਨ ਦੇਣ ਯੋਗ ਤਥ ਹੈ ਕਿ ਜੇ ਪਟਨਾ ਸਾਹਿਬ ਵਾਲੀ ਬੀੜ ਸੁਖਾ ਸਿੰਘ ਨੇ ਲਿਖਵਾਈ ਅਤੇ ਮੋਤੀ ਬਾਗ਼ ਵਾਲੀ ਮਗਰੋਂ ਉਸ ਦੇ ਪੁਤਰ ਚੜ੍ਹਤ ਸਿੰਘ ਨੇ ਤਿਆਰ ਕਰਵਾਈ ਹੁੰਦੀ, ਤਾਂ ਮਗਰਲੀ ਬੀੜ ਵਿਚ ਬਾਣੀ ਵਧ ਹੋ ਸਕਦੀ ਸੀ, ਘਟ ਨਹੀਂ, ਜਦੋਂ ਕਿ ਸਥਿਤੀ ਉਲਟ ਹੈ। ਨਿਸ਼ਚਿਤ ਤੌਰ ਤੇ ਇਨ੍ਹਾਂ ਦੋਹਾਂ ਬੀੜਾਂ ਦੇ ਲਿਖਾਰੀ ਇਕ ਪਰਿਵਾਰ ਦੇ ਵਿਅਕਤੀ ਨਹੀਂ ਹੋ ਸਕਦੇ। ਇਸ ਲਈ ਇਨ੍ਹਾਂ ਆਧਾਰਾਂ ਤੇ ‘ਖ਼ਾਸ ਪਤਰਾਂ’ ਵਿਰੁਧ ਸਿਰਜੀਆਂ ਯੁਕਤੀਆਂ ਵੀ ਅਸਲੋਂ ਨਿਰਮੂਲ ਅਤੇ ਯੁਕਤੀ ਰਹਿਤ ਕਾਲਪਨਿਕ ਸਿਧ ਹੋ ਜਾਂਦੀਆਂ ਹਨ।

13.    ਡਾ. ਮਾਨ ਨੇ ਪੰਥ-ਪ੍ਰਵਾਣਿਤ 1925 ਈ. ਦੇ ਗੁਰਦੁਆਰਾ ਐਕਟ ਅਤੇ ‘ਸਿਖ ਰਹਿਤ ਮਰਯਾਦਾ’ ਨੂੰ ਆਧਾਰ ਬਣਾ ਕੇ ਦਸਮ ਗ੍ਰੰਥ ਦਾ ਵਿਰੋਧ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਦੀਆਂ ਤੁਛ ਯੁਕਤੀਆਂ ਦਾ ਉਤਰ ਦੇਣਾ ਵੀ ਆਪਣੇ ਸਤਰ ਨੂੰ ਅਤਿ-ਹੀਣਤਾ ਪ੍ਰਦਾਨ ਕਰਨਾ ਹੈ। ਮੈਂ ਕੇਵਲ ‘ਸਿਖ ਰਹਿਤ ਮਰਯਾਦਾ’ ਵਿਚੋਂ ਸਿਖ ਦੀ ਪਰਿਭਾਸ਼ਾ ਪ੍ਰਸਤੁਤ ਕਰਦਾ ਹਾਂ- “ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ-ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅਮ੍ਰਿਤ ਉਤੇ ਨਿਸ਼ਚਾ ਰਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿਖ ਹੈ।”  ਅਗੇ ਹੋਰ ਲਿਖਿਆ ਹੈ-  “ਗੁਰਬਾਣੀ ਦੀ ਕਥਾ : ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ, ਭਾਈ ਗੁਰਦਾਸ, ਭਾਈ ਨੰਦ ਲਾਲ ਦੀ………ਹੋ ਸਕਦੀ ਹੈ।” ਹੋਰ ਵੇਖੋ- “ਗੁਰਮਤਿ ਦੀ ਰਹਿਣੀ : ਅ. ਮੁਕਤੀ-ਦਾਤਾ ਅਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।” ਅਸੀਂ ਵੇਖਦੇ ਹਾਂ ਕਿ ‘ਸਿਖ ਰਹਿਤ ਮਰਯਾਦਾ’ ਵਿਚ ਬਹੁਤ ਉਚੇਚ ਨਾਲ ਦਸ ਗੁਰੂ ਸਾਹਿਬਾਨ ਦੀ ਬਾਣੀ ਉਤੇ ਨਿਹਚਾ ਰਖਣ ਦਾ ਸੰਦੇਸ਼ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਕ ਵਿਸ਼ਵਾਸ ਸੀਮਿਤ ਨਹੀਂ ਕੀਤਾ ਗਿਆ। ਵਿਰੋਧੀ ਪਖ ਜਾਣਦਿਆਂ-ਬੁਝਦਿਆਂ ਸਿਖਾਂ ਨੂੰ ਕੁਰਾਹੇ ਪਾ ਰਿਹਾ ਹੈ।

14.    ਡਾ. ਮਾਨ ਲਿਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੁਤਾ ਪ੍ਰਦਾਨ ਕੀਤੀ ਹੈ। ਇਸ ਵਿਚਾਰ ਨਾਲ ਸਾਰਾ ਪੰਥ ਸਹਿਮਤ ਹੈ, ਕੋਈ ਰੰਚਕ ਮਾਤ੍ਰ ਵੀ ਸੰਦੇਹ ਕਿਸੇ ਸਿਖ ਦੇ ਦਿਲ ਵਿਚ ਨਹੀਂ। ਨਾ ਕੋਈ ਹੋਰ ਗ੍ਰੰਥ ਗੁਰੂ ਗ੍ਰੰਥ ਦੇ ਤੁਲ ਹੈ, ਨਾ ਕਿਸੇ ਹੋਰ ਗ੍ਰੰਥ ਨੂੰ ਗੁਰੂ ਗ੍ਰੰਥ ਵਾਲਾ ਸਤਿਕਾਰ ਸਿਖ ਦੇਂਦੇ ਹਨ। ਭਾਈ ਕੇਸਰ ਸਿੰਘ ਛਿਬਰ ਨੇ ਇਸ ਸੰਬੰਧੀ ਸਿਖ ਪੰਥ ਦੇ ਪਰੰਪਰਾਗਤ ਵਿਚਾਰ ਨੂੰ ਪ੍ਰਗਟ ਕਰਦਿਆਂ ਕਿਹਾ ਹੈ- ਦੋਵੇਂ ਗ੍ਰੰਥ ਗੁਰੁਭਾਈ ਹਨ। ਵਡਾ ਭਾਈ ਗੁਰੂ ਗ੍ਰੰਥ ਸਾਹਿਬ ਹੈ। ਗੁਰਿਆਈ ਦਾ ਟਿਕਾ ਉਸ ਨੂੰ ਪ੍ਰਾਪਤ ਹੈ। ਦਸਮ ਗ੍ਰੰਥ ਜੀ ਛੋਟਾ ਭਾਈ ਹਨ।

ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਸੰਬੰਧੀ ਕੋਈ ਸੰਦੇਹ ਹੋ ਹੀ ਨਹੀਂ ਸਕਦਾ। ਹਾਂ, ਸੰਦੇਹਵਾਦੀਆਂ ਉਤੇ ਸ਼ੰਕਾ ਹੋ ਸਕਦੀ ਹੈ ਕਿ ਉਹ ਦਸਮ ਗ੍ਰੰਥ ਵਾਂਗ ਹੀ ਗੁਰੂ ਗ੍ਰੰਥ ਉਤੇ ਵੀ ਸੰਦੇਹ ਕਰ ਸਕਦੇ ਹਨ। ਉਂਞ ਮੈਂ ਅਜ ਤਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਜਿਹਾ ਕੋਈ ਐਲਾਨਨਾਮਾ ਨਹੀਂ ਵੇਖਿਆ, ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੁਤਾ ਦੇ ਕੇ ਹੋਰ ਸਾਰੇ ਗ੍ਰੰਥ ਸਾੜ-ਫੂਕ ਦੇਣ ਦਾ ਹੁਕਮ ਕੀਤਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਸ਼ਬਦ ਦੀ ਗੁਰੁਤਾ ਹੈ, ਸ਼ਬਦ ਦਾ ਸਤਿਕਾਰ ਹੈ, ਸ਼ਬਦ ਦੀ ਸਰਵੁਚਤਾ ਹੈ। ਜਿਸ ਵਿਅਕਤੀ ਦੇ ਮਨ ਵਿਚ ਇਹ ਗੁਰੁਤਾ ਸਥਿਰ ਹੋ ਗਈ, ਉਹ ਵਿਦਿਆ ਨੂੰ ਪ੍ਰਣਾਮ ਕਰਦਾ ਹੈ, ਉਹ ਗਿਆਨ-ਸਨੇਹੀ ਗਿਆਨ-ਖੰਡ ਵਿਚ ਸ਼ੋਭਿਤ ਹੋਇਆ ਵਿਭਿੰਨ ਪ੍ਰਕਾਰ ਦੇ ਗਿਆਨ ਦੀ ਉਸਤਤਿ ਕਰਦਾ ਹੈ, ਉਹ ਹਰ ਧਰਮ ਗ੍ਰੰਥ ਨੂੰ ਮਾਨ ਦੇਂਦਾ ਹੈ ਕਿਸੇ ਦਾ ਵੀ ਨਿਰਾਦਰ ਨਹੀਂ ਕਰਦਾ, ਆਪਣੀ ਕੌਮ ਦੇ ਗ੍ਰੰਥਾਂ ਦਾ ਤਾਂ ਨਿਰਾਦਰ ਕਿਵੇਂ ਕਰੇਗਾ। ਦੂਜੇ ਪਾਸੇ ਸ਼ਬਦ ਅਤੇ ਇਸ ਦੁਆਰਾ ਸਿਰਜੇ ਸਾਹਿਤ ਦਾ ਵੈਰੀ ਗੁਰੂ ਗ੍ਰੰਥ ਸਾਹਿਬ ਦਾ ਸਚਾ ਸਿਖ ਨਹੀ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਾਲ ਵਿਚ ਸ਼ਬਦ-ਆਸ਼੍ਰਿਤ ਸਿਖੀ ਨੂੰ ਗਿਆਨ ਦੀ ਪਰਮ-ਸਿਖਰ ਪ੍ਰਦਾਨ ਕਰਨ ਵਾਸਤੇ ਸਾਹਿਤ-ਸਿਰਜਣਾ ਦੀ ਵਿਸ਼ਾਲ ਧਾਰਾ ਪ੍ਰਵਾਹਿਤ ਕੀਤੀ ਸੀ। ਵਖ-ਵਖ ਵਿਚਾਰਧਾਰਾ ਦੇ ਵਿਦਵਾਨ ਕਵੀਆਂ ਦੀ ਵਡੀ ਮੰਡਲੀ ਆਪਣੇ ਦਰਬਾਰ ਵਿਚ ਸ਼ੋਭਿਤ ਕੀਤੀ ਸੀ। ਜਿਸ ਕੋਲ ਜੋ ਸੀ, ਉਹ ਬਾਕੀਆਂ ਨਾਲ ਸਾਂਝਾ ਕਰਨ ਦੇ ਵਡੇ ਇਨਾਮ ਦਿਤੇ ਸਨ। ਉਨ੍ਹਾਂ ਦੇ ਦਰਬਾਰ ਵਿਚ ਉਪਨਿਸ਼ਦਾਂ, ਗੀਤਾ, ਮਹਾਭਾਰਤ, ਰਾਮਾਇਣ ਆਦਿ ਤੇ ਭਾਸ਼ਯ ਲਿਖਣ ਦੀ ਪੂਰੀ ਖੁਲ੍ਹ ਸੀ। ਸਿੰਹਾਸਨ ਬਤੀਸੀ ਵਰਗੀਆਂ ਸਾਹਿਤਿਕ ਕ੍ਰਿਤੀਆਂ ਦਾ ਵੀ ਸਨਮਾਨ ਸੀ। ਧਰਮ ਗ੍ਰੰਥਾਂ, ਸਾਹਿਤਿਕ ਕ੍ਰਿਤੀਆਂ ਅਤੇ ਲੋਕ-ਗਾਥਾਵਾਂ ਸਭ ਨੂੰ ਮਾਣ ਮਿਲਦਾ ਸੀ, ਕਿਉਂਕਿ ਇਹ ਸਾਰੀ ਲੀਲਾ ਸ਼ਬਦ ਦੀ ਸੀ। ਜੇ ਉਨ੍ਹਾਂ ਸ਼ਬਦ ਨੂੰ ਗੁਰੁਤਾ ਦਿਤੀ ਸੀ, ਤਾਂ ਉਨ੍ਹਾਂ ਸ਼ਬਦ ਦੇ ਵਿਭਿੰਨ ਸਰੂਪਾਂ ਵਿਚ ਬ੍ਰਹਮ ਦੇ ਦਰਸ਼ਨ ਵੀ ਕੀਤੇ ਸਨ। ਸ਼ਬਦ ਨਾਲ ਵੈਰ ਰਖਣ ਵਾਲੇ ਲੋਕ ਸ਼ਬਦ-ਗੁਰੂ ਨੂੰ ਕਦੇ ਵੀ ਨਹੀਂ ਸਮਝ ਸਕਦੇ, ਉਹ ਆਪਣੇ-ਆਪ ਨੂੰ ਗੁਰੂ ਘ੍ਰੰਥ ਦਾ ਅਨੁਆਈ ਕਿਵੇਂ ਕਹਿ ਸਕਦੇ ਹਨ ?

15.    ਡਾ. ਮਾਨ ਦੁਆਰਾ ਸੋਧਕ ਕਮੇਟੀ ਸੰਬੰਧੀ ਉਠਾਏ ਇਤਰਾਜ਼ ਬਿਲਕੁਲ ਨਿਰਮੂਲ ਹਨ, ਜਿਨ੍ਹਾਂ ਦਾ ਜਵਾਬ ਦੇਣਾ ਮੈਂ ਜ਼ਰੂਰੀ ਨਹੀਂ ਸਮਝਦਾ।

16.     ਡਾ. ਮਾਨ ਦਾ ਸੋਲ੍ਹਵਾਂ ਸਵਾਲ ਉਹੋ ਹੈ, ਜੋ ਪਹਿਲਾ ਸੀ। ਇਸ ਦਾ ਉਤਰ ਉਪਰ ਆ ਚੁਕਾ ਹੈ।

17.    ਡਾ. ਮਾਨ ਮੱਲੋਜ਼ੋਰੀ ਗਿਆਨੀ ਗਿਆਨ ਸਿੰਘ ਦੀ ਗਵਾਹੀ ਦਸਮ ਗ੍ਰੰਥ ਦੇ ਵਿਰੁਧ ਭੁਗਤਾਉਣ ਦੀ ਚੇਸ਼ਟਾ ਕਰਦੇ ਹਨ। ਇਹ ਸਿਧ ਕਰਨ ਵਾਸਤੇ ਕਿ ‘ਦਸਮ ਗੁਰੂ ਜੀ ਵਾਲਾ ਗ੍ਰੰਥ’ ਤਾਂ ਗੁਰੂ ਜੀ ਦੁਆਰਾ ਦਮਦਮਾ ਸਾਹਿਬ ਵਿਖੇ ਸੰਪਾਦਿਤ ਕੀਤੀ ਆਦਿ ਗ੍ਰੰਥ ਵਾਲੀ ਬੀੜ ਸੀ, ਉਹ ਗਿਆਨੀ ਜੀ ਦੀਆਂ ਇਹ ਪੰਕਤੀਆਂ ਪ੍ਰਸਤੁਤ ਕਰਦੇ ਹਨ-

ਅਸਲ ਦਸਮ ਗੁਰ ਵਾਲਾ ਗ੍ਰੰਥ। ਰਹਿਤ ਬ੍ਰਿਧ ਦਲ ਮੈਂ ਮਧ ਪੰਥ

ਘਲੂਘਾਰਾ ਜਬ ਵਡ ਭਯੋ। ਗ੍ਰੰਥ ਦੁਰਾਨੀ ਸੋ ਲੀਉ

ਅਬ ਸੋ ਕਾਬਲ ਮਧ ਜਾਨੋ। ਬੜੀ ਧਰਮਸ਼ਾਲਾ ਮੈ ਮਾਨੋ

ਡਾ. ਮਾਨ ਜੇ ਇਨ੍ਹਾਂ ਪਦਾਂ ਨੂੰ ਪਖ-ਮੁਕਤ (ਜਿਸ ਦਾ ਉਹ ਪਰਦਰਸ਼ਨ ਕਰਦੇ ਹਨ) ਹੋ ਕੇ ਧਿਆਨ ਨਾਲ ਪੜ੍ਹਦੇ, ਤਾਂ ਸ਼ਾਇਦ ਭੁਲੇਖੇ ਦਾ ਸ਼ਿਕਾਰ ਨਾ ਹੁੰਦੇ। ਗੁਰੂ ਗ੍ਰੰਥ ਸਾਹਿਬ ‘ਬੁਢੇ ਦਲ’ ਵਿਚ ਵਿਦਮਾਨ ਰਹਿੰਦਾ ਹੈ, ਇਹ ਕਿਵੇਂ ਕਿਹਾ ਜਾ ਸਕਦਾ ਹੈ? ਸਿਖਾਂ ਦਾ ਕੋਈ ਵੀ ਜੁਝਾਰੂ ਦਲ ਅਜੇ ਵਿਧੀਵਤ ਹੋਂਦ ਵਿਚ ਨਹੀਂ ਸੀ ਆਇਆ, ਜਦੋਂ ਦਾ ਗੁਰੂ ਗ੍ਰੰਥ ਸਾਹਿਬ ਹਰਿਮੰਦਿਰ ਵਿਚ ਪ੍ਰਕਾਸ਼ਮਾਨ ਹੋ ਰਿਹਾ ਹੈ। ਜੇ ਗੁਰੂ ਗ੍ਰੰਥ ਸਾਹਿਬ ਸੰਬੰਧੀ ਲਿਖਣਾ ਹੁੰਦਾ, ਤਾਂ ਗਿਆਨੀ ਗਿਆਨ ਸਿੰਘ ਹਰ-ਹਾਲ ਲਿਖਦੇ ‘ਰਹਿਤ ਹਰਿਮੰਦਿਰ ਮਹਿ ਮਧ ਪੰਥ’। ਗੁਰੂ ਗ੍ਰੰਥ ਸਾਹਿਬ ਇਕਲੇ ਬੁਢਾ ਦਲ ਵਿਚ ਪ੍ਰਕਾਸ਼ ਕੀਤਾ ਜਾਂਦਾ ਹੈ, ਇਤਨਾ ਭ੍ਰਿਸ਼ਟ ਬਿਆਨ ਗਿਆਨੀ ਗਿਆਨ ਸਿੰਘ ਦਾ ਕਦੇ ਨਹੀਂ ਹੋ ਸਕਦਾ, ਦਸਮ ਗ੍ਰੰਥ ਦੇ ਵਿਰੋਧੀ ਤਾਂ ਆਦਤਨ ਇਹੋ ਜਿਹੀਆਂ ਗਲਤ ਬਿਆਨਬਾਜ਼ੀਆਂ ਕਰਦੇ ਹੀ ਹਨ। ਜੇ ਡਾ. ਮਾਨ ਫਿਰ ਵੀ ਆਪਣੀ ਗੱਲ ਉਤੇ ਅੜੇ ਰਹਿਣ ਲਈ ਵਚਨਬਧ ਹਨ, ਤਾਂ ਗਿਆਨੀ ਗਿਆਨ ਸਿੰਘ ਦੀਆਂ ਹੇਠ ਲਿਖੀਆਂ ਪੰਕਤੀਆਂ ਪਾਠਕਾਂ ਨਾਲ ਸਾਂਝੀਆਂ ਕਰਨ ਵਾਸਤੇ ਅਸੀਂ ਵੀ ਆਜ਼ਾਦ ਹਾਂ-

ਜੋ ਅਬਿ ਗ੍ਰੰਥ ਦਸਮ ਗੁਰੁ ਕੇਰਾ। ਕਹਿਲਾਵਤ ਮਧ ਪੰਥ ਉਚੇਰਾ

ਸਤ੍ਰਾਂ ਸੈ ਅਠਤ੍ਰੇ ਸਾਲੈਂ। ਰਚੀ ਬੀੜ ਇਸ ਕੇਰ ਬਿਸਾਲੈਂ। 80 ।

ਤਾ ਕਾ ਭੋਗ ਹਕਾਯਤ ਪਰ ਹੈ। ਜਾਨਤ ਸਿਖ ਗੁਰੂ ਕੇ ਬਰ ਹੈਂ

ਪਾਠਕ ਇਨ੍ਹਾਂ ਪੰਕਤੀਆਂ ਨੂੰ ਉਪਰੋਕਤ ਪੰਕਤੀਆਂ ਦੇ ਸਨਮੁਖ ਵਾਚ ਲੈਣ। ਹਰ-ਹਾਲ ਉਪਰਲੀਆਂ ਪੰਕਤੀਆਂ ਵੀ ਦਸਮ ਗ੍ਰੰਥ ਸੰਬੰਧੀ ਹੀ ਹਨ। ਕਿਸੇ ਵੀ ਸੂਰਤ ਵਿਚ ‘ਆਦਿ ਗ੍ਰੰਥ’ ਗੁਰੂ ਗੋਬਿੰਦ ਸਿੰਘ ਜੀ ਵਾਲਾ ਗ੍ਰੰਥ ਨਹੀਂ ਹੋ ਸਕਦਾ, ਕਿਉਂਕਿ ਇਸ ਵਿਚ ਗੁਰੂ ਜੀ ਦਾ ਆਪਣਾ ਇਕ ਪਦ ਵੀ ਨਹੀਂ। ਉਨ੍ਹਾਂ ਦਾ ਉਹੋ ਗ੍ਰੰਥ ਹੋ ਸਕਦਾ ਹੈ, ਜਿਸ ਵਿਚ ਹੋਰ ਕਿਸੇ ਦਾ ਇਕ ਪਦ ਵੀ ਨਾ ਹੋਵੇ। ਸਾਡੇ ਵਲੋਂ ਪ੍ਰਸਤੁਤ ਪੰਕਤੀਆਂ ਵਿਚ ਇਕ ਗੱਲ ਮਹਤਵਪੂਰਨ ਹੈ। ਗਿਆਨੀ ਗਿਆਨ ਸਿੰਘ ਕਹਿੰਦੇ ਹਨ। ਪੰਥ ਵਿਚ ਬਹੁਤ ਸਤਿਕਾਰ ਰਖਣ ਵਾਲੀ ਦਸਮ ਗੁਰੂ ਜੀ ਦੁਆਰਾ ਰਚਿਤ ਅਤੇ 1778 ਸੰਵਤ ਵਿਚ ਸੰਪਾਦਿਤ ਵਿਸ਼ਾਲ ਬੀੜ ਦਾ ਭੋਗ ਹਕਾਇਤਾਂ ਉਪਰ ਰਖਿਆ ਗਿਆ ਹੈ, ਇਹ ਗੱਲ ਗੁਰੂ ਜੀ ਦੇ ਸ਼੍ਰੇਸ਼ਠ ਸਿਖ ਜਾਣਦੇ ਹਨ। ਮਾਨ ਸਾਹਿਬ ਆਪ ਵੇਖ ਲੈਣ ਕਿ ਗਿਆਨੀ ਗਿਆਨ ਸਿੰਘ ਦੇ ਬਚਨਾਂ ਅਨੁਸਾਰ ਉਨ੍ਹਾਂ ਦੀ ਗਿਣਤੀ ਸ਼੍ਰੇਸ਼ਠ (ਬਰ) ਸਿਖਾਂ ਵਿਚ ਹੋ ਸਕਦੀ ਹੈ, ਜਾਂ ਹੀਣ ਸਿਖਾਂ ਵਿਚ।

ਅੰਤ ਵਿਚ ਇਹੋ ਕਹਿਣਾ ਪਵੇਗਾ ਕਿ ਡਾ. ਜਸਬੀਰ ਸਿੰਘ ਮਾਨ ਜੋ ਆਪਣੇ-ਆਪ ਨੂੰ ਦਸਮ ਗ੍ਰੰਥ ਦੇ ਵਿਵਾਦ ਸੰਬੰਧੀ ਮਧਮਾਰਗੀ ਅਖਵਾਉਣ ਦਾ ਸਵਾਂਗ ਰਚਦੇ ਹਨ, ਦਸਮ ਗ੍ਰੰਥ-ਵਿਰੋਧੀ ਲਹਿਰ ਦੇ ਮੁਖ-ਸੰਚਾਲਕ ਹਨ। ਉਨ੍ਹਾਂ ਵੇਖ ਲਿਆ ਹੈ ਕਿ ਦਸਮ ਗ੍ਰੰਥ ਬ੍ਰਾਹਮਣੀ ਵਿਚਾਰਧਾਰਾ ਵਾਲਾ ਨਹੀਂ ਹੋ ਸਕਦਾ। ਇਹ ਸ਼ਾਕਤ ਕਵੀਆਂ ਦੀ ਰਚਨਾ ਵੀ ਨਹੀਂ ਹੋ ਸਕਦੀ, ਕਿਉਂਕਿ ਇਸ ਵਿਚ ਸ਼ਾਕਤਾਂ ਦੇ ਸ਼ਿਵ ਦੇ ਅਵਤਾਰਾਂ ਦਾ ਵਰਣਨ ਨਹੀਂ ਮਿਲਦਾ। ਇਸ ਮਜ਼ਬੂਰ ਜਿਹੀ ਸਥਿਤੀ ਵਿਚ ਉਨ੍ਹਾਂ ਨੇ ਗਾਂਧੀ ਵਾਦੀ ਨੀਤੀ ਦਾ ਅਨੁਸਰਣ ਕਰਦਿਆਂ ਲੋਕਾਂ ਦੀਆਂ ਅੰਗ਼ਰੇਜ਼-ਵਿਰੋਧੀ ਭਾਵਨਾਵਾਂ ਦਾ ਸ਼ੋਸ਼ਣ ਕਰਨ ਹਿਤ ਨਵਾਂ ਸਿਧਾਂਤ ਉਸਾਰਣ ਦਾ ਯਤਨ ਕੀਤਾ ਹੈ ਕਿ ਵਾਸਤਵ ਵਿਚ ਸ਼੍ਰੀ ਦਸਮ ਗ੍ਰੰਥ ਅੰਗ਼ਰੇਜ਼ਾਂ ਨੇ ਰਚਿਆ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਚਾਹੇ ਹਿੰਦੂ ਰਾਜੇ ਹੋਣ ਚਾਹੇ ਮੁਗ਼ਲ ਹਾਕਿਮ, ਸਿਖ ਪੰਥ ਦੇ ਸਾਰੇ ਦੋਖੀ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧੀ ਰਹੇ ਹਨ, ਕਿਉਂਕਿ ਪੰਥ-ਵਿਰੋਧੀਆਂ ਨੂੰ ਖ਼ਤਰਾ ਉਨ੍ਹਾਂ ਦੇ ਸ਼ਸਤਰਧਾਰੀ ਖ਼ਾਲਸੇ ਤੋਂ ਸੀ। ਅਜਿਹੇ ਸਾਰੇ ਅਨਮਤੀ ਵਿਰੋਧੀ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਕਰਨ ਦਾ ਢੋਂਗ ਕਰਦੇ ਰਹੇ ਹਨ, ਪਰ ਸਾਡੇ ਦਸਵੇਂ ਸਾਹਿਬ ਦੀ ਆਲੋਚਨਾ ਕਰਦੇ ਰਹੇ ਹਨ। ਅੰਗ਼ਰੇਜ਼ ਜੇ ਸਿਖਾਂ ਦੇ ਵਿਰੋਧੀ ਸਨ, ਤਾਂ ਉਨ੍ਹਾਂ ਦੀ ਹਰ ਨੀਤੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੀ ਬਾਣੀ, ਉਨ੍ਹਾਂ ਦੇ ਬਾਣੇ ਅਤੇ ਉਨ੍ਹਾਂ ਦੇ ਸ਼ਸਤ੍ਰਧਾਰੀ ਖ਼ਾਲਸੇ ਦੇ ਵਿਰੁਧ ਹੋਣੀ ਚਾਹੀਦੀ ਸੀ, ਉਹ ਕਦੇ ਵੀ ਸ਼੍ਰੀ ਦਸਮ ਗ੍ਰੰਥ ਦੇ ਪਖਧਰ ਨਹੀਂ ਸੀ ਹੋ ਸਕਦੇ। ਮੇਰਾ ਵਿਚਾਰ ਹੈ ਕਿ ਵਿਰੋਧੀ ਪਖ ਬਹੁਤ ਜਲਦੀ ਦਸਮ ਗ੍ਰੰਥ ਦੀ ਸਿਰਜਣਾ ਪਿਛੇ ਅਮਰੀਕਨਾਂ ਦਾ ਹਥ ਦਸਣ ਲਗ ਪਵੇਗਾ ਅਤੇ ਕੁਝ ਸਾਲਾਂ ਬਾਅਦ ਸ਼ਾਇਦ ਰੂਸ ਦੇ ਲੋਕਾਂ ਦਾ। ਫਿਰ ਚੀਨ, ਕੋਰੀਆ, ਅਫਰੀਕਾ, ਜਾਪਾਨ ਆਦਿ ਦੇਸ਼ਾਂ ਨੂੰ ਵੀ ਆਪਣੀ ਵਾਰੀ ਦੀ ਇੰਤਜ਼ਾਰ ਜ਼ਰੂਰ ਰਹੇਗੀ। ਇਤਨੀ ਸੇਵਾ ਪ੍ਰਵਾਨ ਕਰਨੀ, ਬਾਕੀ ਫਿਰ ਕਿਸੇ ਸਮੇਂ।

Leave a Reply