“ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ” – ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ 1॥ (ਗੁ.ਗ੍ਰੰ.ਸਾ:1001)

ਸ੍ਰਗੁਰਚਰਨਜੀਤ ਸਿੰਘ ਲਾਂਬਾ, ਐਡੀਟਰ ‘ਸੰਤ ਸਿਪਾਹੀ’

 

ਕਿਸੇ ਚਿੰਤਕ ਨੇ ਸਹੀ ਦੁਹਾਈ ਦਿੱਤੀ ਸੀ ਕਿ ਹੇ ਵਾਹਿਗੁਰੂ ਮੈਨੂੰ ਆਪਣਿਆ ਕੋਲੋਂ ਬਚਾਈਂ, ਬਾਹਰਲਿਆਂ ਕੋਲੋਂ ਬਚਣ ਦੀ ਸਮਰੱਥਾ ਮੇਰੇ ਵਿਚ ਹੈ।   ਗੁਰ ਨਾਨਕ ਪਾਤਿਸ਼ਾਹ ਦੇ ਇਸ ਨਿਰਮਲ ਪੰਥ ਦੀ ਇਕ ਤ੍ਰਾਸਦੀ ਰਹੀ ਹੈ ਕਿ ਇਸਦੇ ਪਾਵਨ ਅੰਮ੍ਰਿਤ ਸਰੋਵਰ ਨੂੰ ਗੰਧਲਾ ਕਰਨ ਲਈ ਇਸੇ ਦੇ ਚੁਗਿਰਦੇ ਚੋਂ ਹੀ ਹਮੇਸ਼ਾਂ ਭ੍ਰਿਸ਼ਟ ਆਤਮਾਵਾਂ ਸਮੇਂ ਸਮੇਂ ਪ੍ਰਗਟ ਹੁੰਦੀਆਂ ਰਹੀਆਂ ਹਨ। ਮਸੰਦ, ਮਹੰਤ, ਕਾਲਾ ਅਫਗਾਨਾ ਅਤੇ ਇਸਦੇ ਸਮਰਥਕ ਮਿਸ਼ਨਰੀ, ਗੁਰੂ ਡੰਮੀ ਅਤੇ ਗੁਰੂ ਨਿੰਦਕ ਅਖੌਤੀ ਵਿਦਵਾਨ ਕੋਈ ਬਾਹਰਲੀ ਜਾਂ ਬਾਹਰਲਿਆਂ ਦੀ  ਉਪਜ ਨਹੀਂ ਹੈ।

ਵਿਦਵਤਾ ਇਕ ਦੋਧਾਰੀ ਤਲਵਾਰ ਹੈ। ਲਿਆਕਤ ਇਕ ਬਿਹਤਰ ਮਨੁੱਖ ਨੂੰ ਬੇਹਤਰੀਨ ਤੇ ਬਦ ਨੂੰ ਬਦਤਰੀਨ ਵਿਚ ਤਬਦੀਲ ਕਰ ਦਿੰਦੀ ਹੈ। ਰਾਵਣ ਅਤੇ ਬ੍ਰਹਮਾ ਕੀ ਕੋਈ ਘੱਟ ਵਿਦਵਾਨ ਸਨ। ਪਰ ਜਾਪਦਾ ਹੈ ਕਿ ਬਹੁਤ ਉਚ ਕੋਟੀ ਦਾ ਵਿਦਵਾਨ ਹੀ ਰਾਵਣ ਬਣ ਸਕਦਾ ਹੈ। ਸ਼ਾਇਦ ਇਸੇ ਲਈ ਗੁਰੂ ਸਾਹਿਬ ਨੇ ਵੀ ਸ਼ਰਧਾਵਾਨ ਬੁੱਧੀਮਾਨ ਪੈਦਾ ਕੀਤੇ ਨਾ ਕਿ ਨਾਸਤਿਕ ਬੁੱਧੀਜੀਵੀ। ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਸੁਭਾਗ ਹਜ਼ੂਰ ਨੇ ਬਾਬਾ ਬੁੱਢਾ ਜੀ ਨੂੰ ਦਿੱਤਾ। ਗੁਰਬਾਣੀ ਸਿੱਖ ਦਾ ਜੀਵਨ ਆਧਾਰ ਹੈ। ਇਹ ਇਸਦੀ ਸਾਹ ਰਗ ਹੈ। ਗੁਰਬਾਣੀ ਸਿੱਖ ਦੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦਾ ਸੋਮਾ ਹੈ। ਇਹ ਗੁਰਬਾਣੀ ਕਿਸੇ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ। ਇਹ ਤਾਂ ਧੁਰ ਕੀ ਬਾਣੀ, ਉਸ ਅਕਾਲ ਪੁਰਖ ਦੀ ਬਾਣੀ ਹੈ।ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿਜਨਾਵੈਗੋ 5॥(1310)” ਇਸੇ ਲਈ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿਚ ਸਿੱਖ ਬਣਨ ਜਾਂ ਅਖਵਾਣ ਦੀ ਪਹਿਲੀ ਮਦ ਦੀ ਸ਼ਰਤ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਨਿਸਚਾ ਰਖੇ। ਸਿਖ ਰਹਿਤ ਮਰਯਾਦਾ ਮੁਤਾਬਕ ਹਰ ਗੁਰਦੁਆਰੇ ਵਿਚ ਕਥਾ ਅਤੇ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ਦਾ ਹੋ ਸਕਦਾ ਹੈ ਅਤੇ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਬਿਨਾਂ ਨਾ ਤਾਂ ਕਿਸੇ ਨੂੰ ਸਿੱਖ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਸਿੱਖ ਕਾਇਮ ਰਖਿਆ ਜਾ ਸਕਦਾ ਹੈ।

ਮੁੱਢ ਕਦੀਮ ਤੋਂ ਹੀ ਸਿੱਖ ਵਿਰੋਧੀਆਂ ਦੀ ਕੋਸ਼ਿਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ  ਵੱਖ ਵੱਖ ਰੂਪਾਂ  ਵਿਚ ਪੇਸ਼ ਕੀਤਾ ਜਾਏ।ਜੋਤਿ ਓਹਾ  ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (966)  ਇਸੇ ਲਈ ਕਲਗੀਧਰ ਪਿਤਾ ਨੂੰ ਵੀ ਕਹਿਣਾ ਪਿਆ ਕਿ ਇਹ ਰਮਜ਼ ਆਰਫਾਨਾ ਜਾਂ ਸਾਧੂ ਬਿਰਤੀ ਵਾਲੇ ਗੁਰਮੁਖਾਂ ਨੂੰ ਹੀ ਸਮਝ ਆ ਸਕਦੀ ਹੈ, ਮੂਰਖਾਂ ਨੂੰ ਨਹੀਂ। “ਸਾਧਨ ਲਖਾ ਮੂੜ੍ਹ ਨਹੀਂ ਪਾਇਉ॥”  ਇਸ ਪੰਥ ਵਿਰੋਧੀ ਸਾਜ਼ਿਸ਼ ਅਧੀਨ ਸ੍ਰੀ ਦਸ਼ਮੇਸ਼ ਜੀ ਦੇ ਬਖਸ਼ੇ ਬਾਣੇ ਅਤੇ ਬਾਣੀ ਤੇ ਮੁਸਲਸਲ ਹਮਲੇ ਹੁੰਦੇ ਰਹੇ। ਨਿਸ਼ਾਨਾ ਸਿੱਧਾ ਪੱਧਰਾ ਸੀ ਕਿ ਸਦੀਆਂ ਤੋਂ ਦ੍ਰਿੜ ਸਿੱਖ ਦਾ ਨਿਸਚਾ ਅਤੇ ਰਿਸ਼ਤਾ ਕਿਸੇ ਤਰ੍ਹਾਂ ਵੀ ਗੁਰੂੁ ਗੋਬਿੰਦ ਸਿੰਘ ਸਾਹਿਬ ਨਾਲੋਂ ਤੋੜਿਆ ਜਾਏ। ਪੰਥ ਦੀ ਚੇਤੰਨਤਾ ਦੀ ਤਰਜਮਾਨੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਭਸੋੜੀਆਂ, ਭਾਗ ਸਿੰਘ ਅੰਬਾਲਾ, ਸਪੋਕਸਮੈਨ, ਕਾਲਾ ਅਫਗਾਨਾ ਆਦਿ ਨੂੰ ਪੰਥ ਬਦਰ ਕੀਤਾ ਗਿਆ। ਕਾਲਾ ਅਫਗਾਨਾ ਦੀ ਥਾਂ ਭਰਣ ਲਈ ਹੁਣ ਪੰਥ ਵਿਰੋਧੀ ਕੁਹਾੜੇ ਨੂੰ ਇਕ ਦਸਤੇ ਦੀ ਲੋੜ ਪਈ ਤਾਂ ਇਸ ਲਈ ਬਿਨਾ ਸ਼ਰਤ  ਸੇਵਾਵਾਂ ਅਰਪਿਤ ਕੀਤੀਆਂ ਦਰਸ਼ਨ ਸਿੰਘ ਰਾਗੀ ਨੇ।

ਹੁਣ ਪ੍ਰੋਫੈਸਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਅਖਬਾਰ ਵਿਚ ਮੁੱਲ ਦੇ ਕੇ ਇਸ਼ਤਿਹਾਰ ਛਪਵਾ ਕੇ ਸ੍ਰੀ ਮੁੱਖ ਵਾਕ ਬਾਣੀ ਜਾਪ ਸਾਹਿਬ, ਚੌਪਈ, ਸਵਯੈ ਦੀ ਪਾਵਨ ਨਿਤ ਨੇਮ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਤੇ ਵੀ ਕਿੰਤੂ ਪ੍ਰੰਤੂ ਕਰਦਿਆਂ ਕਿਹਾ ਹੈ ਕਿ  ਜੇ ਇਕ ਪੈਨਲ ਦੀ ਪੁਣ ਛਾਣ ਵਿਚ ਇਹ ਦਸਮ ਪਾਤਸ਼ਾਹ ਦੀਆਂ ਸਾਬਤ ਹੁੰਦੀਆਂ ਹਨ ਤਾਂ ਸਾਂਭ ਲਈਆਂ ਜਾਣ।  ਪ੍ਰੋਫੈਸਰ ਸਾਹਿਬ ਨੇ ਗੁਰੂ ਕਲਗੀਧਰ ਪਿਤਾ ਤੇ ਤਰਸ ਕਰਦਿਆਂ ਕਿਹਾ ਹੈ ਕਿ ਜੇ ਸਾਬਤ ਹੁੰਦੀਆਂ ਹਨ ਤਾਂ ਪੜ੍ਹਨ ਵਿਚਾਰਨ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਸ਼ਰਤ ਇਹ ਹੈ ਕਿ ਜੇ ਇਹ ਸਾਬਤ ਹੁੰਦੀਆਂ ਹਨ । ਪ੍ਰੋਫੈਸਰ ਸਾਹਿਬ ਕੀ 1699 ਦੀ ਵਿਸਾਖੀ ਤੋਂ ਲੈ ਕੇ ਹੁਣ ਤਕ ਬਿਨਾ ਸਬੂਤ ਦੇ ਹੀ ਕੌਮ ਇਹਨਾਂ ਪਾਵਨ ਬਾਣੀਆਂ ਰਾਹੀਂ ਨਿਤ ਨੇਮ ਅਤੇ ਅੰਮ੍ਰਿਤ ਪਾਨ ਕਰਦੀਆਂ ਰਹੀਆਂ ਹਨ?  ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ (284)  ਦੂਰ ਦੀ ਰਹਿਣ ਦਿਉ ਕਿ ਤੁਸੀਂ ਆਪਣੇ ਹੀ ਦਾਦਾ ਜੀ ਦੇ,  ਤੁਹਾਡੇ ਹੀ ਦਾਦਾ ਹੋਣ ਬਾਰੇ ਸਾਬਤ ਕਰ ਸਕਦੇ ਹੋ?  ਕੀ ਇਸ ਤੋਂ ਵੱਡੀ ਕੋਈ ਹੋਰ ਅਕਿਰਤਘਣਤਾ ਜਾਂ ਗੁਰੂ ਪਿਤਾ ਅਤੇ ਗੁਰੂ ਪੰਥ ਦੀ  ਨਿੰਦਾ ਹੋ ਸਕਦੀ ਹੈ?
ਜੇ ਅਪਨੇ ਗੁਰ ਤੇ ਮੁਖ ਫਿਰਹੈਂ  ਈਹਾਂ ਊਹਾਂ ਤਿਨ ਕੇ ਗ੍ਰਿਹ ਗਿਰਿਹੈਂ 
ਇਹਾਂ ਉਪਹਾਸ  ਸੁਰ ਪੁਰ ਬਾਸਾ ॥ ਸਭ ਬਾਤਨ ਤੇ ਰਹੈ ਨਿਰਾਸਾ ॥ 5

ਪੂਜਾ ਦੇ ਧਾਨ ਬਾਰੇ ਗੁਰੂ ਚਿਤਾਵਨੀ ਦੇ  ਪਰਿਣਾਮ ਨੂੰ ਹੁਣ ਪ੍ਰਮਾਣ ਦੀ  ਲੋੜ ਹੀ ਨਹੀਂ ਰਹੀ । ਜਿਹੜੀ ਬਾਣੀ ਗਾਇਨ ਕਰ ਕਰ ਕੇ ਆਪ ਸਰਬ ਧਨ ਧਾਮ ਫਲਫੂਲ ਮੇਂ ਫਲਤ ਹੈਂ  (ਸ੍ਰੀ ਦਸਮ ਗ੍ਰੰਥ ਸਾਹਿਬ)  ਉਸ ਤੇ ਹੀ ਇਹ ਕੁਠਾਰਾਘਾਤ?
ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ  ਬਿਦਾਰਿਓ 1॥(1001)

ਪ੍ਰੌਫੈਸਰ ਸਾਹਿਬ ਹੁਣ ਜੇ ਜ਼ਰਾ ਜਹੀ ਵੀ ਇਖ਼ਲਾਕੀ ਇਮਾਨਦਾਰੀ  ਬਾਕੀ ਹੈ ਤਾਂ ਬੋਲਹਿ ਆਲ ਪਤਾਲ ॥ (464)  ਦੀ ਥਾਂ ਤੁਸੀਂ ਆਪ ਹੀ ਕਿਰਪਾ ਕਰ ਕੇ ਦਸ ਦਿਉ ਕਿ ਵਾਰ ਸ੍ਰੀ ਭਗੌਤੀ ਜੀ ਕੀ, ਸਵੈਯੇ ਅਤੇ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ, ਪਾਂਇ ਗਹੇ ਜਬ ਤੇ ਤੁਮਰੇ….  ਦਾ ਰਚਨਹਾਰ ਕੋਣ ਹੈ ਤੇ ਆਪ ਹੁਣ ਨਿਤਨੇਮ ਵਿਚ ਕਿਹੜੀਆਂ ਬਾਣੀਆਂ ਦਾ ਪਾਠ ਕਰਦੇ ਹੋ?

ਖਾਲਸੇ ਦੇ ਨਿਆਰੇ-ਪਨ ਦਾ ਜ਼ਾਮਨ ਬਚਿਤ੍ਰ ਨਾਟਕ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਦਾ ਸੋਮਾ ਹੈ। 1975 ਵਿਚ ਇਤਿਹਾਸਕਾਰ ਡਾ. ਫੌਜਾ ਸਿੰਘ ਨੇ ਜਦੋਂ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਵਿਵਾਦਤ ਕਰਨ ਲਈ ਗ਼ਲਤ ਬਿਆਨੀ ਕੀਤੀ ਸੀ । ਪੰਥਕ ਆਤਾਬ ਨੂੰ ਵੇਖਦਿਆਂ ਆਪ ਨੇ ਇਸ ਤੇ ਪਸ਼ਚਾਤਾਪ ਕਰਦਿਆਂ ਮਾਫੀ ਮੰਗੀ ਸੀ ਕਿ ਆਤਮ ਕਥਾ ਤੋਂ ਵੱਧ ਭਰੋਸੇਯੋਗ ਕੋਈ ਸ੍ਰੋਤ ਨਹੀਂ ਹੋ ਸਕਦਾ। ਸੋ ਬਚਿਤ੍ਰ ਨਾਟਕ ਵਿਚ ਅੰਕਤ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਮੁਬਾਰਕ ਕਲਮ ਤੋਂ ਦਿੱਤੀ ਗਵਾਹੀ ਨੂੰ ਨਜ਼ਰ-ਅੰਦਾਜ਼ ਕਰਨਾ ਅਕਾਦਮਿਕ ਬਦ-ਦਿਆਨਤੀ ਸੀ । ਉਸ ਪ੍ਰੋਫੈਸਰ ਨੇ ਤਾਂ ਮਾਫੀ ਮੰਗ ਲਈ ਪਰ ਤੀਹ ਸਾਲ ਬਾਦ ਇਕ ਵਾਰ ਫਿਰ ਪ੍ਰੋਫੈਸਰ ਸਾਹਿਬ  ਆਪ ਨੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਇਸ ਅਕੱਟ ਗਵਾਹੀ ਨੂੰ ਮਿਟਾਣ ਦੀ ਕੋਸ਼ਿਸ਼ ਕਰ ਕੇ ਕੀ ਗੁਰੂ ਤੇਗ ਬਹਾਦੁਰ ਜੀ ਨੂੰ ਮੁੜ ਸ਼ਹੀਦ ਕਰਣ ਦੀ ਕੋਝੀ ਕੋਸ਼ਿਸ਼ ਨਹੀਂ ਕੀਤੀ ? ਉਹ ਵੀ ਗੁਰੂ ਤੇਗ ਬਹਾਦੁਰ ਜੀ ਨਾਲ ਸੰਬਧਿਤ ਸ਼ਹੀਦੀ ਸਥਾਨ ਸੀਸ ਗੰਜ ਸਾਹਿਬ ਅਤੇ ਰਕਾਬਗੰਜ ਸਾਹਿਬ ਤੇ ਜਾ ਕੇ।  ਕੀ ਇਸ ਨਾਲ ਈਸਾਇਤ ਦੇ ‘ਜੂਡਾ’, ਇਸਲਾਮ ਦੇ ਯਜ਼ੀਦ ਅਤੇ ਸਿੱਖ ਇਤਿਹਾਸ ਦੇ ਗੰਗੂ ਤੇ ਚੰਦੂ ਦੇ ਰੋਲ ਨੂੰ ਨਹੀਂ ਦੋਹਰਾਇਆ ਗਿਆ?  ਖੌਰੂ ਪਾਇਂ ਕੁਬਚ ਕੋ ਭਾਖੇਂ, ਦੁਖਿਤ ਕਰਨ ਗਾਂਦਲੀ ਕਾਂਖੇ। ਸੋ ਝਖ ਮਾਰਤ ਰਹੇ ਕੁਪੱਤੇ॥ ਭਾਈ ਸੰਤੋਂਖ ਸਿੰਘ ਜੀ ਦੇ ਬਚਨ ਹਨ।

ਕਲਗੀਧਰ ਪਿਤਾ ਦੇ ਪਾਵਨ ਬਚਨ ਹਨ ਕਿ ਮਰਦ ਉਹ ਹੈ ਜੋ ਆਪਣੇ ਕੌਲ ਅਤੇ ਬਚਨ ਤੇ ਪੂਰਾ ਰਹੇ, ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ ॥  ਸ਼ਿਕਮੇਦਿਗਰ ਦਰ ਦਹਾਨਿ ਦਿਗਰ ॥ 55  ਹੁਣ ਜੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਬਾਣੀ ਤੋਂ ਹਿਕਾਰਤ ਹੈ ਤੇ ਇਸ ਨਾਲ ਖ਼ਾਰਸ਼ ਹੁੰਦੀ ਹੈ ਤਾਂ ਗੁਰੂ ਅਰਜਨ ਪਾਤਿਸ਼ਾਹ ਦੇ ਬਚਨ ਹੀ ਵਿਚਾਰ ਲਵੋ,
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ 
ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰ ਮਚਾ  (1099)

ਸਾਰੀ ਉਮਰ ਜਿਸ ਸ੍ਰੀ ਦਸਮ ਬਾਣੀ ਦਾ ਕੀਰਤਨ ਆਪ ਨੇ ਕੀਤਾ ਅਤੇ ਜਿਸ ਬਾਰੇ ਲੇਖ ਲਿਖੇ ਉਸ ਬਾਰੇ ਆਪ ਦਾ ਸਪਸ਼ਟੀਕਰਣ ਕਮਾਲ ਦਾ ਹੈ ਕਿ ਤੁਸੀ ਹਮੇਸ਼ਾਂ ਪੰਜਵੀਂ ਜਮਾਤ ਵਿਚ ਤਾਂ ਨਹੀਂ ਰਹਿੰਦੇ ਅਤੇ ਮੈਂ ਪਹਿਲਾਂ ਕੇਵਲ ਇਕ ਰਾਗੀ ਸੀ ਅਤੇ ਰਾਗੀ ਨੁੰ ਕੀ ਪਤਾ ਹੁੰਦਾ ਹੈ। ਚਾਰ ਸ਼ਬਦ ਯਾਦ ਕਰ ਲਵੇ ਰਾਗੀ ਬਣ ਜਾਂਦਾ ਹੈ। ਹੁਣ ਮੈਂ ਫਿਲਾਸਫਰ ਹਾਂ। ਕੋਈ ਰਾਜਨੀਤਕ ਮਦਾਰੀ ਵੀ ਇਤਨੀ ਜ਼ਬਰਦਸਤ ਉਲਟਬਾਜ਼ੀ ਨਹੀਂ ਲਗਾ ਸਕਦਾ।

ਝੂਠ ਬੋਲਾ ਹੈ ਤੋ ਉਸਪੇ ਕਾਇਮ ਭੀ ਰਹੋ ਜ਼ਫਰ। ਆਦਮੀ ਕੋ ਕੁਛ ਤੋ ਸਾਹਿਬੇ ਕਿਰਦਾਰ ਹੋਨਾ ਚਾਈਏ।

ਈਸੇ ਦਾ ਗਵਾਹ ਮੂਸਾ। ਹੁਣ ਪ੍ਰੋਫੈਸਰ ਸਾਹਿਬ ਦੀ ਇਸ ਗੁਰੂ ਨਿੰਦਾ ਨੂੰ ਮਹਾਂਪੁਰਸ਼ਾਂ ਦਾ ਕੰਮ ਦਸਦਿਆਂ ਇਹਨਾਂ ਦੇ ਜਰਜਰੇ ਛਕੜੇ ਵਿਚ ਸਵਾਰ ਪੁਰਾਣੇ ਸਾਥੀ ਜਗਤਾਰ ਸਿੰਘ ਜਾਚਕ ਮਿਸ਼ਨਰੀ ਨੇ ਲਿਖਿਆ ਹੈ, “ਪਹਿਲਾਂ ਉਹ ਆਪ ਵੀ ਇਹ ਸਭ ਕੁੱਝ ਗਾਉਂਦੇ ਰਹੇ ਹਨ। ਪਰ ਹੁਣ ਜਦੋਂ ਸਮਝ ਪਈ ਕਿ ਇਹ ਤਾਂ ਸਭ ਕੁੱਝ ਗੁਰਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਵਾਲਾ ਹੈ ਤਾਂ ਪੰਥਕ ਹਿਤੂ ਹੋਣ ਨਾਤੇ ਉਹ ਸੱਚ ਕਹਿਣ ਤੋਂ ਰੁਕ ਨਹੀਂ ਸਕੇ।”  ਪੰਥ ਵਿਚ ਨਵੇਂ ਵਿਵਾਦ ਨੂੰ ਜਨਮ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਦਮਦਮਾ ਸਾਹਿਬ, ਕਲਗੀਧਰ ਪਿਤਾ ਦੀ ਰੂਹਾਨੀ ਸ਼ਕਤੀ ਨੂੰ ਨਕਾਰਨ ਲਈ ਜਾਚਕ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਦਮਦਮਾ ਸਾਹਿਬ ਵਿਚ ਅੰਤਰ ਧਿਆਨ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੋਂ ਵੀ ਇਨਕਾਰ ਕੀਤਾ ਹੈ ਅਤੇ ਜਿਸ ਲਈ ਇਹ ਵੀ ਹਰਿਮੰਦਿਰ ਸਾਹਿਬ ਵਿਚ ਗ੍ਰੰਥੀ ਨਹੀਂ ਲਗ ਸਕੇ।

ਇਸ ਕਿਰਦਾਰ ਬਾਰੇ ਪਿਛੋਕੜ ਵਿਚ ਵਾਪਰੀ ਘਟਨਾ ਤੇ ਝਾਤ ਜ਼ਰੂਰੀ ਹੈ। ‘ਸਪੋਕਸਮੈਨ’ ਦੇ ਸੰਸਥਾਪਕ ਸਰਦਾਰ ਹੁਕਮ ਸਿੰਘ ਨੇ ਸਾਰੀ ਉਮਰ ਪੰਜਾਬੀ ਸੂਬੇ ਲਈ ਜਦੋਜਹਿਦ ਕੀਤੀ ਪਰ ਅਖੀਰ ਵਿਚ ਨਹਿਰੂ ਜੀ ਦੀ ਖੁਸ਼ਨੂਦੀ ਅਤੇ ਡਿਪਟੀ ਸਪੀਕਰੀ ਲਈ ਆਪ ਨੇ ਪਾਰਲੀਮੈਂਟ ਵਿਚ ਬਿਆਨ ਦਿੱਤਾ ਕਿ ਮੈਂ ਪੰਜਾਬੀ ਸੁਬੇ ਦੀ ਮੰਗ ਦਾ ਜਨਮ-ਦਾਤਾ ਸੀ ਤੇ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਜੇ ਇਸ ਗਲਤੀ ਦੀ ਸਜ਼ਾ ਮੌਤ ਹੈ ਤਾਂ ਮੈਂ ਉਸ ਲਈ ਵੀ ਤਿਆਰ ਹਾਂ। ਲੋਕ ਮੇਰੇ ਕਪੂਰਥਲੇ ਵਾਲੇ ਘਰ ਵਿਚ ਪਏ ਹੁੱਕੇ ਵੇਖ ਕੇ ਹੈਰਾਨ ਹੁੰਦੇ ਹਨ। ਪੰਜਾਬੀ ਸੂਬੇ ਨਾਲੋਂ ਹੁਣ ਹਿੰਦੂ-ਸਿੱਖ ਏਕਤਾ ਦੀ ਵੱਧ ਲੋੜ ਹੈ।  ……………   ਇਸ ਤੇ ਕੌਮ ਵਿਚ ਫੈਲੀ ਨਮੋਸ਼ੀ ਨੂੰ ਦੂਰ ਕਰਣ ਲਈ ਮਾਸਟਰ ਤਾਰਾ ਸਿੰਘ ਜੀ ਦਾ ਬਿਆਨ ਬੜਾ ਸਪਸ਼ਟ ਸੀ ਕਿ ਸਰਦਾਰ ਸਾਹਿਬ ਦਾ ਦਿਮਾਗ  ਹੁਣ ਖਰਾਬ ਹੈ ਜਾਂ ਪਹਿਲਾਂ ਖਰਾਬ ਸੀ। ਜੇ ਤਾਂ ਹੁਣ ਖਰਾਬ ਹੈ, ਮੈਂ ਕੁਝ ਕਹਿ ਨਹੀਂ ਸਕਦਾ।  ਤੇ ਜੇ ਪਹਿਲਾਂ ਖਰਾਬ ਸੀ ਤੇ ਹੁਣ ਠੀਕ ਹੈ ਤਾਂ ਫਿਰ ਐਸੇ ਸ਼ਖਸ ਤੇ ਭਰੋਸਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਕਲ ਭਾਵੇਂ ਫਿਰ ਖਰਾਬ ਹੋ ਜਾਏ।

ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਕਈ ਕਈ ਵੇਰ ਹਾਜ਼ਰੀ ਭਰਣ ਦੇ ਬਾਵਜੂਦ ਪ੍ਰੋਫੈਸਰ ਸਾਹਿਬ ਦਾ ਇਹ ਇੰਕਸ਼ਾਫ ਕਮਾਲ ਦਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਥੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਪਰ ਜ਼ਫਰਨਾਮਾ ਦਿਵਸ ਤੇ ਹੋਏ ਦਯਾਲਪੁਰਾ ਭਾਈਕਾ ਦੇ ਸਮਾਗਮ ਵਿਚ ਜਿਥੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਸ ਬਾਰੇ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੁਰੀ ਵਿਚ ਕੋਰਾ ਝੂਠ ਬੋਲਿਆ ਕਿ ਉਥੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਜਿਥੇ ਪ੍ਰਤਖ ਪ੍ਰਕਾਸ਼ ਸੀ ਅਤੇ ਪ੍ਰੌਫੈਸਰ ਸਾਹਿਬ ਖੁਦ ਹਾਜ਼ਰ ਸਨ ਉਹ ਨਜ਼ਰ ਨਹੀਂ ਆਇਆ ਪਰ ਜਿਥੇ ਉਹ ਖੁਦ ਮੌਜੂਦ ਨਹੀਂ ਸਨ ਉਹ ਨਜ਼ਰ ਆ ਗਿਆ। ਕਮਾਲ ਹੈ । ਕੀ  ਆਪ ਨੂੰ ਚਾਨਣ ਦੀ ਥਾਂ  ਹਨੇਰੇ ਵਿਚ ਨਜ਼ਰ ਆਂਉਦਾ ਹੈ? ਇਸੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ  ਆਪ ਬਾਰੇ ਸੰਗਤ ਨੂੰ ਗੁਮਰਾਹ ਕਰਣ ਦੇ ਦੋਸ਼ ਦਾ ਹੁਕਮਨਾਮਾ ਜਾਰੀ ਹੋਇਆ।

ਪਰ ਇਹ ਸਮਝਣ ਵਿਚ ਕੋਈ ਔਖਿਆਈ ਨਹੀਂ ਹੋਈ ਕਿਉਂ ਕਿ ਪ੍ਰੋਫੈਸਰ ਸਾਹਿਬ ਜੀ ਨੇ ਗੁਰੂ-ਨਿੰਦਕ ਪੰਥ-ਬਦਰ ਕਾਲਾ ਅਫਗਾਨਾ ਦੀ ਖੁਲ ਕੇ ਹਿਮਾਇਤ ਕਰਦਿਆਂ ਲਿਖਿਆ, “ਕਾਫੀ ਸਮੇ ਤੋਂ ਲਗਾਤਾਰ ਅਪਣੀਆਂ ਲਿਖਤਾਂ ਰਾਹੀ ਕੋੰਮ ਦੇ ਆਗੂਆ ਨੂੰ ਝੰਜੋੜ ਕੇ ਜਗਾਨ ਦੀ ਕੋਸ਼ਸ਼ ਵਿਚ ਘਾਲਣਾ ਘਾਲ ਰਿਹਾ ਹੈ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾਂ।” ਇਸ ਦੇ ਬਾਅਦ ਇਸ ਸਵਾਲ ਦਾ ਜਵਾਬ ਮੁਸ਼ਕਿਲ ਨਹੀਂ ਕਿ ਪੰਥ ਵਿਚੋਂ ਸੁੱਚਾ ਨੰਦ ਕਿਉਂ ਨਹੀਂ ਮੁਕਦੇ?  ਜਾਪਦਾ ਹੈ ਕਿ ਕੋਈ ਸਿੱਖੀ ਦੇ ਭੇਸ ਵਿਚ ਵਜ਼ੀਦੇ ਦੇ ਸੋਹਿਲੇ ਗਾ ਰਿਹਾ ਹੈ।

ਪਰ ਹੈਰਾਨੀ ਦੀ ਹੱਦ ਹੈ ਕਿ ਇਸੇ ਕਾਲਾ ਅਫਗਾਨਾ ਨੇ 30 ਨਵੰਬਰ, 1988 ਪ੍ਰੋਫੈਸਰ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਕਿ, “ਆਪ ਜੀ ਨੇ ਜਿਵੇਂ ਸਲੋਕ ਦੀ ਤੁਕ ਲੈ ਕੇ ਆਪਣੇ ਨਿੱਜੀ ਆਸ਼ੇ ਦੀ ਪ੍ਰੋੜਤਾ ਲਈ ਵਰਤੀ ਹੈ ਇਸ ਤੋਂ ਸ਼ਰਾਰਤੀ ਦਿਮਾਗ਼ ਨੂੰ ਬੜਾ ਦੁਖਦਾਈ ਕਿਸਮ ਦਾ ਉਤਸ਼ਾਹ ਮਿਲਣ ਦਾ ਡਰ ਹੈ।………….ਜਦ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਆਪਣੇ ਮਤਲਬ ਲਈ ਗੁਰਬਾਣੀ ਦੀ ਕੋਈ ਤੁਕ ਵਰਤ ਸਕਦੇ ਹਨ ਤਾਂ ਮੈਂ ਕਿਉਂ ਨਹੀਂ ਵਰਤ ਸਕਦਾ?  ………….ਸਾਰੀਆਂ ਕੌਮਾਂ ਦੇ ਇਤਿਹਾਸ ਤੋਂ ਉਲਟ ਇਕ ਪੇਸ਼ੇਵਰ ਰਾਗੀ ਨੂੰ ਬਹਾਦਰਾਂ ਦੀ ਕੌਮ ਦਾ ਸਰਬਉਚ ਜਥੇਦਾਰ ਬਣਾ ਦਿੱਤਾ ਜਾਣ ਨਾਲ ਕੀ ਆਪ ਜੀ ਨੂੰ ਗੁਰਬਾਣੀ ਦਾ ਪੱਕਾ ਸਿਧਾਂਤ ਬਦਲ ਦੇਣ ਦਾ ਅਧਿਕਾਰ ਵੀ ਮਿਲ ਗਿਆ ਸੀ?”

ਕਮਾਲ ਹੈ, ਜੇ ਕਾਲਾ ਅਫਗਾਨਾ ਨੂੰ ਵੀ ਪ੍ਰੋਫੈਸਰ ਸਾਹਿਬ ਦੀ ਵਿਆਖਿਆ ਗੁਰਬਾਣੀ ਦੀ ਨਿਰਾਦਰੀ ਅਤੇ ਗ਼ਲਤ ਲਗਦੀ ਹਾਂ ਤਾਂ ਤਾਂ ਫਿਰ ਵਾਕਈ ਹੀ ਬਹੁਤ ਹੀ ਗ਼ਲਤ ਹੋਏਗੀ।  ਪਰ ਹੁਣ ਕਿਸ ਲਾਲਚ, ਡਰ ਜਾਂ ਕਾਰਣ ਵਸ ਪ੍ਰੌਫੈਸਰ ਸਾਹਿਬ ਕਾਲੇ ਅਫਗਾਨੇ ਦੀ ਖੁਸ਼ਨੂਦੀ ਦੇ ਤਾਲਿਬਗਰ ਹਨ?

ਬੇਮੁਖ ਬਦਲ ਚਾਲ ਹੈ ਕੂੜੋ ਆਲਾਏ 11 ਭਾਈ  ਗੁਰਦਾਸ ਜੀ ਦੀ 34ਵੀਂ ਵਾਰ ਵਿਚ ਹੈ। ਪਰ ਕੀ ਮਜਬੂਰੀ ਹੈ ਕਿ ਆਪ ਜੀ ਨੇ ਇਸ ਨੂੰ ਬਦਲ ਕੇ “ਬੇਮੁਖਬਾਦਲ ਚਾਲ ਲਿਖਿਆ। ਕੀ ਇਹ ਬਾਬਾ ਰਾਮ ਰਾਇ ਵਲੋਂ ਗੁਰਬਾਣੀ ਦੀ ਤੁਕ ਬਦਲਣ ਤੁਲ ਕਾਰਵਾਈ ਨਹੀਂ?

ਭਾਈ ਗੁਰਦਾਸ ਦੋਇਮ ਜੀ ਨੇ ਹਿੰਦੂ ਅਤੇ ਤੁਰਕ ਤੋਂ ਨਿਆਰੇ ਖਾਲਸੇ ਦੀ ਗਵਾਹੀ ਵਿਚ ਵਾਰ ਰਚੀ ,
ਮਲਵਾਨੇ ਕਾਜੀ ਪੜਿ ਥਕੇ ਕਛੁ ਮਰਮੁ  ਜਾਨਾ॥ ਲਖ ਪੰਡਤਿ ਬ੍ਰਹਮਨ ਜੋਤਕੀ ਬਿਖ ਸਿਉ ਉਰਝਾਨਾ
ਫੁਨ ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾਇਉਂ ਦੋਨੋ ਫਿਰਕੇ ਕਪਟ ਮੋਂ ਰਚ ਰਹੇ ਨਿਦਾਨਾ
ਇਉਂ ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ

ਪਰ ਇੱਥੇ ਵੀ ਪਤਾ ਨਹੀਂ ਕਿਸ ਐਜੰਡੇ ਦੀ ਪੂਰਤੀ ਕਰਦਿਆਂ ਆਪ ਨੇ ਰਕਾਬਗੰਜ ਸਾਹਿਬ ਦੀ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਕਿਹਾ ਕਿ ਇਹ ਵਾਰ ਮੁਸਲਮਾਨਾ ਦੇ ਵਿਰੁੱਖ ਹਿੰਦੂਆਂ ਵਲੋਂ ਲਿਖਵਾਈ ਗਈ ਹੈ।

ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਪਾਵਨ ਮਰਯਾਦਾ ਮੁਤਾਬਕ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਲਈ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਕਥਾ ਕਰਣ ਦੀ ਸ਼ਰਤ ਹੈ। ਹੁਣ ਜੇ ਕਰ ਆਪ ਜੀ ਨੇ ਗੁਰਬਾਣੀ ਦੀ ਨਿੰਦਾ ਕਰ ਕੇ ਆਪਣੇ ਆਪ ਨੂੰ  ਸ੍ਰੀ ਹਰਿਮੰਦਿਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਦੇ ਵੀ ਅਯੋਗ ਕਰ ਲਿਆ ਹੈ ਤਾਂ ਫਿਰ ਕੀ ‘ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ’ ਦਾ ਲਕਬ ਵਰਤੀ ਜਾਣਾ ਯੋਗ ਹੈ।

ਪ੍ਰੋਫੈਸਰ ਸਾਹਿਬ! ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜੁੜੀਆਂ ਸਮੂੰਹ ਪੰਥਕ ਜਥੇਬੰਦੀਆਂ ਦੇ ਇਕੱਠ ਵਿਚ ਆਪ ਦੇ ਵਿਰੁੱਧ ਪਏ ਰੌਲੇ ਦੇ ਬਾਅਦ ਆਪ ਨੇ ਕਿਹਾ ਕਿ ਮੈਂ ਇਹ ਜਥੇਦਾਰੀ ਦੀ ਜ਼ਿੰਮੇਵਾਰੀ ਛੱਡ ਰਿਹਾ ਹਾਂ ਅਤੇ ਜ਼ੀਰਕਪੁਰ ਨੂੰ ਕੂਚ ਕਰ ਗਏ ਸੀ। ਪਰ ਕੁਝ ਦਿਨਾਂ ਬਾਅਦ ਫਿਰ ਪੂਰੀ ਸਰਕਾਰੀ ਫੋਰਸ ਨਾਲ ਵਾਪਸ ਹਰਿਮੰਦਿਰ ਸਾਹਿਬ ਆ ਕੇ ਆਪ ਨੇ ਕਿਹਾ ਕਿ ਮੈਂ ਮੁੜ ਚਾਰਜ ਸਾਂਭ ਲਿਆ ਹੈ। ਕੀ ਹੁਣ ਫਿਰ ਆਪ ਪੁਲਿਸ ਦੀ ਮਦਦ ਨਾਲ ਹੀ ਪੰਥਕ ਸਟੇਜਾਂ ਤੇ ਕੀਰਤਨ ਦੀ ਸੇਵਾ ਨਿਭਾਹੋਗੇ?

ਦੂਸਰਿਆਂ ਨੂੰ ਥੰਮਾਂ ਨਾਲ ਬੰਨ ਕੇ ਅਤੇ ਗਲੇ ਵਿਚ ਤਖਤੀਆਂ ਲਟਕਾ ਕੇ ਅਤੇ ਕਈਆਂ ਨੂੰ ਤਨਖਾਹੀਆ ਕਰਾਰ ਦੇ ਕੇ ਜਥੇਦਾਰੀ ਦੀ ਸੇਵਾ ਨਿਭਾਹੁਣ ਵਾਲੇ ‘ਸਾਬਕਾ ਜਥੇਦਾਰ’ ਨੂੰ ਅੱਜ ਕੀ  ਮਜਬੂਰੀ ਆ ਪਈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਅਤੇ ਜਥੇਦਾਰ ਸਾਹਿਬਾਨ ਨੂੰ ‘ਪੁਜਾਰੀ’ ਕਹਿਣ ਵਾਲਿਆਂ ਪੰਥ ਵਿਰੋਧੀਆਂ ਦੀ ਵੈਸਾਖੀਆਂ ਦਾ ਸਹਾਰਾ ਲਭ ਰਿਹਾ ਹੈ।  ਪ੍ਰੌਫੈਸਰ ਸਾਹਿਬ ਕਰੋ ਆਪਣੇ ਤੇ ਤਰਸ, ਤੇ ਜੇ ਆਪਣੇ ਤੇ ਨਹੀਂ ਤਾਂ ਘਟੋ ਘਟ ਗੁਰੂ ਪੰਥ ਤੇ ਹੀ ਤਰਸ ਕਰੋ   ਅਤੇ  ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਉਸੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਜਾਉ ਜਿਸ ਦੇ ਸਾਬਕਾ ਜਥੇਦਾਰ ਹੋਣ ਦਾ ਐਲਾਨ ਕਰ ਰਹੇ ਹੋ।

Leave a Reply