ਧਰਮ ਗ੍ਰੰਥਾਂ ਦੀ ਭਾਸ਼ਾ
ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਦੇ ਸੰਦਰਭ ਵਿੱਚ
ਡਾ. ਹਰਪਾਲ ਸਿੰਘ ਪੰਨੂ
ਸਾਹਿਤ ਦੀ ਪਰਿਭਾਸ਼ਾ, ਸਰੂਪ, ਸ਼ੈਲੀ ਅਤੇ ਉਦੇਸ਼ ਆਦਿਕ ਵਿਸ਼ਿਆਂ ਉੱਪਰ ਪੂਰਬ ਪੱਛਮ ਵਿਚ ਵਿਚਾਰ ਵਟਾਂਦਰਾ ਉਦੋਂ ਦਾ ਚੱਲ ਰਿਹਾ ਹੈ, ਜਦੋਂ ਦੀ ਸਾਨੂੰ ਭਰੋਸੇਯੋਗ ਲਿਖਣ ਸਮੱਗਰੀ ਪ੍ਰਾਪਤ ਹੋ ਸਕੀ ਹੈ। ‘ਕਾਵਿਸ਼ਾਸਤਰ’ ਦੇ ਸਿਰਲੇਖ ਹੇਠ ਭਾਰਤੀ ਆਚਾਰੀਆਂ ਨੇ ਵਿਸਤਰਿਤ ਆਪਣੇ ਆਪਣੇ ਮੱਤ ਪੇਸ਼ ਕੀਤੇ ਤੇ ਪੱਛਮ ਵਿਚ ਪੋਇਟਿਕਸ ਦੇ ਟਾਈਟਲ ਅਧੀਨ ਵਿਚਾਰ ਵਟਾਂਦਰਾ ਹੋਇਆ। ਪਰਵਾਣਤ ਪੁਰਾਤਨ ਸਾਹਿਤ ਦਾ ਰੂਪ ਕਿਉਂਕਿ ਹੁੰਦਾ ਹੀ ਕਵਿਤਾ ਸੀ ਇਸ ਕਰਕੇ ਪਿੱਛੋਂ ਜਦੋਂ ਵਾਰਤਕ ਲਿਖਣ ਦਾ ਰੁਝਾਨ ਵਧਿਆ ਤਦ ਵਾਰਤਕ ਨੂੰ ਵੀ ਕਾਵਿ ਕਿਹਾ ਗਿਆ। ਇਉਂ ਕਾਵਿ ਦਾ ਅਰਥ ਕਵਿਤਾ ਨਾਂ ਹੋਕੇ ਸਾਹਿਤ ਹੋ ਗਿਆ। ਸਾਹਿਤ ਵਿਚ ਲੌਕਿਕ ਅਤੇ ਅਲੌਕਿਕ ਦੋਵੇਂ ਪ੍ਰਕਾਰ ਦੇ ਅਨੁਭਵ ਪ੍ਰਗਟਾਏ ਗਏ ਤੇ ਸਾਹਿਤ ਦੀਆਂ ਵਿਭਿੰਨ ਪ੍ਰਣਾਲੀਆਂ, ਸੰਪਰਦਾਵਾਂ ਪ੍ਰਚੱਲਤ ਹੋ ਗਈਆਂ। ਇਵੇਂ ਹੀ ਪੱਛਮ ਵਿਚ ਸਾਹਿਤ ਤੇ ਸਕੂਲ ਪ੍ਰਚੱਲਤ ਹੋਏ। ਭਾਵਾਂ ਦਾ ਸਾਹਿਤ ਤੇ ਵਿਚਾਰਾਂ ਦਾ ਸਾਹਿਤ, ਦੋ ਹਿੱਸਿਆਂ ਵਿਚ ਵਰਗਵੰਡ ਕਰ ਕੇ ਹਰ ਕਿਸਮ ਦੀ ਲਿਖਤ ਨੂੰ ਸਾਹਿਤ ਕਿਹਾ। ਇਸ ਵਰਗਵੰਡ ਅਨੁਸਾਰ ਕਵਿਤਾ ਕਹਾਣੀ ਨਾਵਲ ਆਦਿਕ ਹੀ ਨਹੀਂ, ਗਣਿਤ, ਫਿਜ਼ਿਕਸ, ਕੈਮਿਸਟਰੀ ਆਦਿਕ ਦੀਆਂ ਪੁਸਤਕਾਂ ਵੀ ਸਾਹਿਤ ਹਨ। ਇਹ ਵੀ ਜ਼ਰੂਰੀ ਨਹੀਂ ਕਿ ਸਾਹਿਤ ਦਾ ਲਿਖਤ ਵਿਚ ਹੋਣਾ ਜ਼ਰੂਰੀ ਹੋਵੇ। ਜਦੋਂ ਲਿਪੀ ਈਜਾਦ ਨਹੀਂ ਹੋਈ ਸੀ ਉਦੋਂ ਵੀ ਸਾਹਿਤ ਮੌਜੂਦ ਸੀ ਤੇ ਅੱਜ ਸਟੇਜ ਉਪਰ ਖੇਢੇ ਜਾ ਰਹੇ ਨਾਟਕ ਜਾਂ ਕਵੀਆਂ ਅਤੇ ਗਾਇਕਾਂ ਵਲੋਂ ਪੇਸ਼ ਕੀਤੇ ਗੀਤ, ਲਿਖਤ ਗ਼ੈਰ ਹਾਜ਼ਰ ਹੋਣ ਦੇ ਬਾਵਜੂਦ ਸਾਹਿਤ ਹਨ।
ਵੀਹਵੀਂ ਸਦੀ ਦੇ ਆਰੰਭ ਵਿਚ ਇਕ ਹੋਰ ਚਰਚਾ ਸੁਣਨ ਨੂੰ ਮਿਲੀ ਕਿ ਧਰਮ ਗ੍ਰੰਥ (scripture) ਸਾਹਿਤ ਹਨ ਜਾਂ ਕੁੱਝ ਹੋਰ। ਜੇ ਸਾਹਿਤ ਹਨ ਤਦ ਇਹਨਾਂ ਨੂੰ ਸਾਹਿਤਕਾਰੀ ਦੇ ਨਿਯਮਾਂ ਉਪਰ ਖਰੇ ਉਤਰਨਾ ਚਾਹੀਦਾ ਹੈ, ਪਰ ਇਕ ਧਿਰ ਨੇ ਇਸ ਰੁਝਾਨ ਦੀ ਵਿਰੋਧਤਾ ਕੀਤੀ। ਹਜ਼ਰਤ ਮੁਹੰਮਦ ਸਾਹਿਬ ਦੇ ਦੇਹਾਂਤ ਮਗਰੋਂ ਜਦੋਂ ਕੁਰਾਨ ਦੀ ਸੰਪਾਦਨਾ ਕੀਤੀ ਗਈ ਤਦ ਕਿਹਾ ਗਿਆ ਕਿ ਇਹ ਰੱਬ ਦੀ ਬੋਲੀ ਹੈ ਜੋ ਹਜ਼ਰਤ ਮੁਹੰਮਦ ਸਾਹਿਬ ਰਾਹੀਂ ਨਾਜ਼ਲ ਹੋਈ। ਗ਼ੈਰ ਇਸਲਾਮੀ ਅਰਬੀ ਦੇ ਵਿਦਵਾਨਾਂ ਨੇ ਕਿਹਾ ਕਿ ਕੁਰਾਨ ਸ਼ਰੀਫ਼ ਵਿਚ ਲਿਖੀ ਅਰਬੀ ਵਿਆਕਰਣ ਅਨੁਸਾਰ ਗ਼ਲਤ ਹੈ ਇਸ ਕਰਕੇ ਇਹ ਰੱਬ ਦੀ ਬੋਲੀ ਨਹੀਂ ਹੋ ਸਕਦੀ। ਜੇ ਰੱਬ ਦੀ ਬੋਲੀ ਮੰਨ ਲੈਂਦੇ ਹਾਂ ਤਦ ਫਿਰ ਇਹ ਕਹੋ ਕਿ ਰੱਬ ਨੂੰ ਅਰਬੀ ਭਾਸ਼ਾ ਅਤੇ ਇਸ ਦੀ ਵਿਆਕਰਣ ਦਾ ਗਿਆਨ ਨਹੀਂ। ਮੁਸਲਮਾਨਾਂ ਪਾਸ ਇਸ ਦਾ ਕੋਈ ਜਵਾਬ ਨਹੀਂ ਸੀ। ਪੈਗੰਬਰ ਮੁਹੰਮਦ (570-632 ਈ.) ਤੋਂ ਲੈ ਕੇ ਈਮਾਮ ਗ਼ਜ਼ਾਲੀ (1058-1111 ਈ.) ਤੱਕ ਪੰਜ ਸਦੀਆਂ ਇਹ ਸਮੱਸਿਆ ਕਾਇਮ ਰਹੀ। ਗਜ਼ਾਲੀ ਨੇ ਕਿਹਾ ਕਿ ਕੁਰਾਨ ਯਕੀਨਨ ਰੱਬ ਦੀ ਬੋਲੀ ਹੈ। ਅਰਬੀ ਦੀ ਵਿਆਕਰਣ ਬੰਦਿਆਂ ਨੇ ਬਣਾਈ ਹੈ ਜੋ ਗ਼ਲਤ ਹੋ ਗਈ ਹੈ। ਕੁਰਾਨ ਦੀ ਭਾਸ਼ਾ ਅਨੁਸਾਰ ਗ਼ਜ਼ਾਲੀ ਨੇ ਅਰਬੀ ਭਾਸ਼ਾ ਵਾਸਤੇ ਨਵੀਂ ਵਿਆਕਰਣ ਘੜੀ। ਇਸੇ ਪ੍ਰਕਾਰ ਈਸਾਈ ਵਿਦਵਾਨਾਂ ਨੇ ਕਿਹਾ ਕਿ ਬਾਈਬਲ ਵਿਚੋਂ ਸਾਹਿਤਕ ਰਸ ਪ੍ਰਾਪਤ ਕਰਨ ਵਾਲੇ ਵਿਅਕਤੀ ਅਗਿਆਨੀ ਹਨ। ਹਰੇਕ ਪੈਗੰਬਰ ਨੇ ਕਿਹਾ ਕਿ ਧਰਮ ਗ੍ਰੰਥ ਵਿਚ ਦਰਜ ਬੋਲ ਉਸਦੇ ਆਪਣੇ ਨਹੀਂ ਹਨ, ਰੱਬ ਨੇ ਉਸ ਤੋਂ ਬੁਲਵਾਏ ਹਨ। ਰਿਸ਼ੀਆਂ ਨੇ ਵੀ ਵੇਦ ਮੰਤਰਾਂ ਨੂੰ ਸ਼ਰੁਤੀ ਕਿਹਾ, ਉਹ ਬੋਲ ਜੋ ਰਚੇ ਨਹੀਂ ਗਏ, ਸੁਣੇ ਗਏ, ਦੇਖੇ ਗਏੇ। ਇਸ ਕਰਕੇ ਵੇਦ ਅਪੌਰੂਸ਼ਯ ਹਨ ਤੇ ਰਿਸ਼ੀ ਮੰਤਰ-ਦ੍ਰਸ਼ਟਾ ਹਨ। ਰਿਸ਼ੀਆਂ ਵਲੋਂ ਆਪਣੇ ਨਾਮ ਦਰਜ ਨਾਂ ਕਰਨ ਦੇ ਵੀ ਇਹੀ ਅਰਥ ਹਨ। ਇਹ ਉਹ ਸਥਾਨ ਹੈ ਜਿਥੇ ਬਾਣੀ ਅਤੇ ਕਾਵਿ ਵਿਚਕਾਰ ਲਕੀਰ ਖਿੱਚੀ ਗਈ। ਸਾਹਿਤ ਦਾ ਮਨੋਰਥ ਸੌਂਦਰਯ ਮਿਥਿਆ ਗਿਆ ਪਰ ਧਰਮ ਗ੍ਰੰਥ ਦਾ ਮਨੋਰਥ ਕੁੱਝ ਹੋਰ ਰਿਹਾ।
ਸਾਹਿਤਕਾਰ ਦਲੀਲਾਂ, ਉਕਤੀਆਂ, ਪ੍ਰਮਾਣ ਤੇ ਹਵਾਲੇ ਦੇ ਦੇ ਕੇ ਪਾਠਕਾਂ ਨੂੰ ਆਪਣਾ ਮੱਤ ਮਨਾਉਣ ਜਾਂ ਸਮਝਾਉਣ ਦਾ ਯਤਨ ਕਰਦਾ ਹੈ ਪਰ ਇਹ ਪਾਠਕ ਦੀ ਮਰਜ਼ੀ ਹੈ ਕਿ ਦਲੀਲਾਂ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਲੇਖਕ ਦੀ ਗੱਲ ਮੰਨੇ ਜਾਂ ਨਾਂ। ਪੈਗੰਬਰ ਅਜਿਹਾ ਬਿਲਕੁਲ ਨਹੀਂ ਕਰਦੇ। ਦਲੀਲਾਂ ਨਹੀਂ, ਉਹ ਹੁਕਮ ਦਿੰਦੇ ਹਨ ਤੇ ਮੁਰੀਦ ਤਾਬਿਆਦਾਰ ਹੋ ਕੇ ਹੁਕਮਾਂ ਦਾ ਪਾਲਣ ਕਰਦੇ ਹਨ। ਸਾਹਿਤਕਾਰ ਛੰਦਾਂ ਅਲੰਕਾਰਾਂ ਅਤੇ ਹੋਰ ਅਨੇਕਾਂ ਕਾਵਿਜੁਗਤਾਂ ਰਾਹੀਂ ਪਾਠਕ ਲਈ ਰਸਦਾਇਕ ਸਮੱਗਰੀ ਤਿਆਰ ਕਰਦਾ ਹੈ ਪਰ ਪੈਗੰਬਰ ਵਾਸਤੇ ਅਜਿਹੀ ਕੋਈ ਮਜਬੂਰੀ ਨਹੀਂ।
ਬਾਣੀ ਅਤੇ ਸਾਹਿਤ ਵਿਚ ਨਿਖੇੜਾ ਪੰਜਾਬੀ ਦੁਨੀਆਂ ਵਿਚ ਪਹਿਲੀਵਾਰ ਵਿਧੀਵਤ ਢੰਗ ਰਾਹੀਂ ਪ੍ਰੋਂ. ਹਰਿਭਜਨ ਸਿੰਘ ਨੇ ਕੀਤਾ ਅਤੇ ਧਰਮਯੁਕਤ ਦਲੀਲਾਂ ਰਾਹੀਂ ਆਪਣਾ ਮੱਤ ਪੇਸ਼ ਕੀਤਾ। ਇਸ ਦ੍ਰਿਸ਼ਟੀਕੋਣ ਦੀ ਸੁਰ ਉਹਨਾਂ ਪਿੱਛੋਂ ਡਾ. ਜਗਬੀਰ ਸਿੰਘ ਨੇ ਫੜੀ ਜਿਸ ਨਾਲ ਇਹ ਪਰੰਪਰਾ ਕੁੱਝ ਅੱਗੇ ਤੁਰੀ। ਇਹਨਾਂ ਦੋਵਾਂ ਤੋਂ ਇਲਾਵਾ ਹੋਰ ਕਿਸੇ ਨੇ ਇਸ ਦਿਸ਼ਾ ਵੱਲ ਵਧੀਕ ਧਿਆਨ ਨਹੀਂ ਦਿੱਤਾ ਜਿਸ ਕਰਕੇ ਇਸ ਖੇਤਰ ਵਿਚ ਅਜੇ ਅੰਸ਼ਿਕ ਕੰਮ ਹੋਇਆ ਹੈ।
ਬਰਟਰੰਡ ਰੱਸਲ ਨੇ ਵਿਟਜਨਸਟੀਨ ਵਲੋਂ ਪੇਸ਼ ਕੀਤੀ ਨਾਮਕਰਣ ਦੀ ਭਾਸ਼ਾ-ਥਿਊਰੀ ਦਾ ਅਧਿਐਨ ਕੀਤਾ। ਰੱਸਲ ਅਨੁਸਾਰ ਨਾਮ ਦੋ ਪ੍ਰਕਾਰ ਦੇ ਹਨ-ਆਮ ਨਾਉਂ ਅਤੇ ਖਾਸ ਨਾਉਂ। ਆਮ ਨਾਉਂ ਕੇਵਲ ਸੰਕਲਪਨਾਵਾਂ ਹਨ ਜੋ ਵਸਤੂ ਦੇ ਕੁੱਝ ਗੁਣਾਂ ਵਲ ਇਸ਼ਾਰਾ ਕਰਦੇ ਹਨ। ਖ਼ਾਸ ਨਾਉਂ ਵਿਅਕਤੀਆਂ/ਵਸਤਾਂ ਦਾ ਉਹਨਾਂ ਵਰਗੀਆਂ ਹੋਰ ਵਸਤਾਂ ਨਾਲੋਂ ਕੁੱਝ ਨਿਖੇੜਾ ਕਰ ਦਿੰਦੇ ਹਨ ਪਰ ਇਹ ਦੋਵੇਂ ਪ੍ਰਕਾਰ ਦੇ ਨਾਉਂ ਆਪਣੇ ਆਪ ਵਿਚ ਅਧੂਰੇ, ਅਸਪਸ਼ਟ ਅਤੇ ਅਰਥਹੀਣ ਹਨ ਜਦੋਂ ਤਕ ਸਰੋਤਾ/ਪਾਠਕ ਇਹਨਾਂ ਬਾਰੇ ਉਹ ਕੁੱਝ ਨਹੀ ਜਾਣ ਲੈਂਦਾ ਜੋ ਦੱਸਣ ਵਾਲਾ ਦੱਸਣਾ ਚਾਹੁੰਦਾ ਹੈ। ਖਾਸ ਨਾਉਂ ਸਬਜੈਕਟ ਹੋ ਗਏ ਤੇ ਆਮ ਨਾਉਂ ਪਰੈਡੀਕੇਟ। ਵਿਸ਼ੇਸ਼ਣਾ ਅਤੇ ਕ੍ਰਿਆਵਾਂ ਨੂੰ ਵੀ ਰੱਸਲ ਆਮ ਨਾਉਂ ਦੇ ਰੂਪ ਹੀ ਮੰਨਦਾ ਹੈ। ਭਾਸ਼ਾ ਦਾ ਹਰੇਕ ਵਾਕ ਅਧੂਰਾ ਹੈ ਜਦੋਂ ਤੱਕ ਕਿ ਉਸ ਬਾਰੇ ਪੂਰੇ ਪ੍ਰਸੰਗ ਦਾ ਹਵਾਲਾ ਨਹੀਂ ਮਿਲਦਾ। ਉਹ ਉਦਾਹਰਣ ਦਿੰਦਾ ਹੈ ਕਿ ਇਹ ਵਾਕ ਸੁਣੋ:
‘‘ਫਰਾਂਸ ਦਾ ਰਾਜਾ ਸਿਆਣਾ ਹੈ’’
ਇਸ ਵਾਕ ਦਾ ਕੋਈ ਅਰਥ ਨਹੀਂ ਕਿਉਂਕਿ ਅੱਜ ਫਰਾਂਸ ਵਿਚ ਕੋਈ ਰਾਜਾ ਨਹੀਂ। ਦੱਸਣਾ ਪਵੇਗਾ ਕਿ ਕਿਸ ਰਾਜੇ ਦੀ ਗੱਲ ਹੋ ਰਹੀ ਹੈ ਤੇ ਸਾਬਤ ਕਰਨਾ ਪਵੇਗਾ ਕਿ ਉਹ ਕਿਵੇਂ ਸਿਆਣਾ ਅਖਵਾਇਆ।
ਹੁਣ ਲਈਏ ਧਰਮ ਗ੍ਰੰਥ ਵਿਚ ਵਰਤੇ ਗਏ ਰੱਬ ਦੇ ਨਾਵਾਂ ਬਾਰੇ ਪ੍ਰਸੰਗ। ਇਥੇ ਅਸੀਂ ਦੇਖਾਂਗੇ ਕਿ ਵਿਸ਼ੇਸ਼ਣ ਅਤੇ ਨਾਮ ਵਿਚਕਾਰ ਕੋਈ ਫ਼ਰਕ ਨਹੀਂ। ਨਾਮ ਹੈ ਹੀ ਨਹੀਂ, ਕੇਵਲ ਵਿਸ਼ੇਸ਼ਣ ਹਨ। ਇਹਨਾਂ ਵਿਸ਼ੇਸ਼ਣਾਂ ਨੂੰ ਨਾਮ ਮੰਨ ਲਿਆ ਗਿਆ ਹੈ। ਕਰਤਾਰ, ਪ੍ਰਤਿਪਾਲਕ, ਰਾਜ਼ਕ, ਰਹੀਮ, ਬਖਸ਼ਿੰਦ ਆਦਿਕ ਸ਼ਬਦ ਇਹੀ ਸਾਬਤ ਕਰਦੇ ਹਨ।
ਧਰਮ ਗੰਥ ਦੀ ਭਾਸ਼ਾ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਉਹ ਵਿਆਕਰਣ ਤੋਂ ਪਰੇ ਹਟਣ ਦਾ ਯਤਨ ਕਰਦੀ ਹੈ। ਅਜਿਹਾ ਗੁਰਬਾਣੀ ਵਿਚ ਅਤੇ ਦਸਮ ਗ੍ਰੰਥ ਵਿਚ ਕਈ ਥਾਂ ਦੇਖਣ ਨੂੰ ਮਿਲਦਾ ਹੈ। ਵਿਆਕਰਣ ਦੇ ਵਾਕ ਤਿੰਨ ਕਾਲਾਂ ਵਿਚਕਾਰ ਘਿਰੇ ਹੋਏ ਹੁੰਦੇ ਹਨ। ਜਦੋਂ ਗੁਰੂ ਸਾਹਿਬਾਨ ਰੱਬ ਨੂੰ ਅਕਾਲ ਆਖਦੇ ਹਨ ਤਦ ਵਿਆਕਰਣ ਉਸਨੂੰ ਬਿਆਨ ਕਿਵੇਂ ਕਰੇਗੀ? ਮੂਲ ਮੰਤਰ, ਸਿੱਖ ਦਰਸ਼ਨ ਅਤੇ ਗੁਰਮਤਿ ਦੀ ਬੁਨਿਆਦ ਹੈ। ਇਸ ਵਿਚ ਕੋਈ ਕ੍ਰਿਆ ਜਾਂ ਸਹਾਇਕ ਕ੍ਰਿਆ ਨਹੀਂ ਵਰਤੀ ਗਈ। ਸਤਿ ਨੂੰ ਰੂਪਮਾਨ ਕਰਨ ਦੇ ਮਨੋਰਥ ਨਾਲ ਬਿਨਾ ਕੋਈ ਵਾਕ ਸਿਰਜਿਆਂ ਇਕ ਕਤਾਰ ਵਿਚ ਕੇਵਲ ਵਿਸ਼ੇਸ਼ਣ ਲਿਖ ਦਿੱਤੇ ਹਨ ਤੇ ਭਾਸ਼ਾ ਦੀ ਕਮਜ਼ੋਰੀ ਦਾ ਇਹ ਅਹਿਸਾਸ ਕਿ ਗਣਿਤ ਦਾ ਹਿੰਦਸਾ ਉਸਦੇ ਇੱਕ ਹੋਣ ਵਾਸਤੇ ਵਰਤਿਆ। ਗਣਿਤ ਦਾ ਹਿੰਦਸਾ ਕਿਸੇ ਹੋਰ ਧਰਮ ਗ੍ਰੰਥ ਵਿਚ ਵਰਤਿਆ ਗਿਆ ਹੋਵੇ, ਅਜਿਹਾ ਸਾਡੀ ਜਾਣਕਾਰੀ ਵਿਚ ਨਹੀਂ ਹੈ। ਸਾਹਿਤਕਾਰ ਭਾਸ਼ਾ ਨਾਲ ਖੇਡਾਂ ਖੇਡਦਾ ਹੈ ਪਰੰਤੂ ਗੁਰਬਾਣੀ ਸਤਿ ਦਾ ਪ੍ਰਗਟਾਵਾ ਵੀ ਹੈ, ਸਤਿ ਵੀ ਹੈ ਇਸ ਕਰਕੇ ਭਾਸ਼ਾਈ ਖੇਡਾਂ ਗਾਇਬ ਹਨ। ਰੱਸਲ ਦਾ ਇਹ ਕਥਨ ਸਾਡੇ ਲਈ ਮੁੱਲਵਾਨ ਹੈ, ‘‘ਦਰਸ਼ਨ ਵਿਚ ਸਤਿ ਵਿਆਪਕ ਹੈ। ਜਿਹੜਾ ਬੰਦਾ ਸਤਿ ਨਾਲ ਖੇਡਾਂ ਖੇਡਦਾ ਹੈ ਉਹ ਚਿੰਤਨ ਦਾ ਨੁਕਸਾਨ ਕਰਦਾ ਹੈ’’।
ਭਰਥਰੀ ਹਰੀ ਨੇ ਸ਼ਬਦ-ਬ੍ਰਹਮ ਦਾ ਸਿਧਾਂਤ ਸਿਰਜਿਆ। ਬੋਧੀਆਂ ਨੇ ਕਿਹਾ ਕਿ ਸ਼ਬਦ ਬੇਕਾਰ ਚੀਜ਼ ਹੈ ਇਸ ਕਰਕੇ ਇਸ ਦੀ ਵਾਸਤਵਿਕਤਾ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਭਾਸ਼ਾ ਸਤਿ ਨੂੰ ਪ੍ਰਗਟ ਕਰਨ ਵਿਚ ਪੂਰੀ ਤਰ੍ਹਾਂ ਅਸਮਰਥ ਹੈ। ਬੋਧੀਆਂ ਨੂੰ ਪੁੱਛਿਆ ਗਿਆ ਕਿ ‘‘ਭਾਸ਼ਾ ਮਿਥਿਆ ਹੈ’’ ਤੁਹਾਡਾ ਇਹ ਕਥਨ ਕਿਵੇਂ ਸਹੀ ਹੋਇਆ ਕਿਉਂਕਿ ਇਹ ਵਾਕ ਵੀ ਕਿਸੇ ਭਾਸ਼ਾ ਦਾ ਵਾਕ ਹੈ। ਭਾਸ਼ਾ ਜੇ ਸਤ ਨਹੀਂ ਪ੍ਰਗਟ ਕਰ ਸਕਦੀ ਤਾਂ ਤੁਹਾਡਾ ਉਕਤ ਵਾਕ ਵੀ ਮੰਨਣਯੋਗ ਨਹੀਂ।
ਵਿਭਿੰਨ ਧੁਨੀਆਂ ਦਾ ਨਾਮ ਭਾਸ਼ਾ ਨਹੀਂ। ਇਹਨਾਂ ਧੁਨੀਆਂ ਦੇ ਸੰਜੋਗ ਤੋਂ ਬਣਨ ਵਾਲੇ ਸ਼ਬਦ ਅਤੇ ਸ਼ਬਦਾਂ ਤੋਂ ਬਣਨ ਵਾਲੇ ਵਾਕਾਂ ਦਾ ਕੋਈ ਅਰਥ ਹੋਣਾ ਚਾਹੀਦਾ ਹੈ। ਭਾਰਤੀ ਆਚਾਰੀਆਂ ਨੇ ਬਹੁਤ ਪਹਿਲਾਂ ਅਤੇ ਅਰਥ ਦੇ ਸਬੰਧਾਂ ਬਾਰੇ ਜਾਣ ਲਿਆ ਸੀ। ਲੌਕਿਕ ਸਾਹਿਤ ਵਿਚ ਅਰਥ ਮੰਜ਼ਿਲ ਹੈ ਨਾ ਕਿ ਸ਼ਬਦ। ਪਰੰਤੂ ਧਰਮਗ੍ਰੰਥ ਵਿਚ ਅਰਥ ਨਹੀਂ, ਸ਼ਬਦ ਮੰਜ਼ਲ ਹੈ। ਨਾਮ ਸਿਮਰਨ ਦਾ ਅਰਥਾਂ ਨਾਲ ਕੋਈ ਸਬੰਧ ਨਹੀਂ। ਭਾਸ਼ਾ ਦਾ ਸਬੰਧ ਕਲਪਨਾ ਸ਼ਕਤੀ ਅਤੇ ਯਾਦਦਾਸ਼ਤ ਨਾਲ ਪੂਰਨ ਅਟੁੱਟ ਹੈ।
ਕਲਪਨਾ ਤੋਂ ਬਗ਼ੈਰ ਵਾਕ ਸੰਭਵ ਨਹੀਂ। ਵਾਕ ਤੋਂ ਪਹਿਲਾਂ ਵਾਕ ਦਾ ਵਿਚਾਰ ਹੈ ਤੇ ਵਾਕ, ਵਿਚਾਰ ਦਾ ਬੱਚਾ ਹੈ। ਜੇ ਯਾਦਦਾਸ਼ਤ ਨਹੀਂ ਤਦ ਇਸ ਬੱਚੇ ਦੀ ਮੌਤ ਯਕੀਨੀ ਹੈ। ਯਾਦਦਾਸ਼ਤ ਰਾਹੀਂ ਸ਼ਬਦ ਜੁੜ ਕੇ ਵਾਕ ਬਣਦੇ ਹਨ ਅਤੇ ਵਾਕਾਂ ਦਾ ਸਮੂਹ ਵਿਸ਼ੇਸ਼ ਪ੍ਰਸੰਗ ਸਿਰਜਦਾ ਹੈ। ਕਲਪਨਾ ਅਤੇ ਯਾਦਸ਼ਕਤੀ ਲੇਖਕ/ਵਕਤਾ ਅਤੇ ਪਾਠਕ/ਸਰੋਤਾ ਦੋਹਾਂ ਲਈ ਲਾਜ਼ਮੀ ਹੈ। ਪਰੰਤੂ ਗੁਰੂ ਸਾਹਿਬਾਨ ਆਖਦੇ ਹਨ: ਜੋ ਕੁੱਝ ਯਾਦ ਕੀਤਾ ਹੋਇਆ ਹੈ ਉਹ ਭੁੱਲ ਜਾਓ ਅਤੇ ਤੁਹਾਡੀ ਕਲਪਨਾ ਕਮਜ਼ੋਰ ਅਤੇ ਬੇਕਾਰ ਹੈ, ਇਸ ਤੋਂ ਪਿੱਛਾ ਛੁਡਾਓ। ਜੇ ਭਾਂਡਾ ਖ਼ਾਲੀ ਨਹੀਂ ਕਰੋਗੇ ਤਦ ਇਸ ਵਿਚ ਸਤਿ ਨਹੀਂ ਪੈ ਸਕੇਗਾ। ਆਪਣੇ ਆਪ ਨੂੰ ਸੰਪੂਰਨ ਤੌਰ ’ਤੇ ਖਾਲੀ ਕਰੋਗੇ ਤਦ ਸੰਪੂਰਨਤਾ ਦੇ ਦੀਦਾਰ ਹੋਣਗੇ। ਇਥੇ ਗੁਰਬਾਣੀ ਦੀਆਂ ਪੰਕਤੀਆਂ ਇਸ ਕਰਕੇ ਦਰਜ ਨਹੀਂ ਕਰ ਰਿਹਾ ਕਿਉਂਕਿ ਅਨੇਕ ਸਥਾਨਾਂ ਤੇ ਇਹੋ ਜਿਹੇ ਹਵਾਲੇ ਅੰਕਿਤ ਹਨ ਤੇ ਪਾਠਕ ਭਲੀਭਾਂਤ ਵਾਕਫ਼ ਹਨ।
ਭਾਸ਼ਾ ਮਿਥਿਆ ਹੈ ਕਿ ਸਤਿ ਇਸ ਬਾਰੇ ਵੀ.ਐਨ. ਝਾਅ ਨੇ ਵਿਆਕਰਣੀਆਂ ਅਤੇ ਨਿਆਇਕਾਂ ਦੁਆਰਾ ਕੀਤੀ ਬਹੁਤ ਲੰਮੀ ਗੋਸ਼ਟੀ ਦਰਜ ਕੀਤੀ ਹੈ। ਨਿਆਂਇਕ ਆਖਦੇ ਹਨ ਕਿ ਵਾਕ ਤਦ ਸਮਝ ਆਏਗਾ ਜੇ ਸ਼ਬਦਾਂ ਦੇ ਬਾਹਰੀ ਅਰਥ ਪਤਾ ਹੋਣਗੇ। ਪਹਿਲੋਂ ਮੂਲ ਅਰਥ ਦੀ ਜਾਣਕਾਰੀ ਹੋਵੇਗੀ ਤਦ ਬੋਧਾਰਥ ਤੱਕ ਪੁੱਜਿਆ ਜਾ ਸਕੇਗਾ। ਵਿਆਕਰਣ ਵਾਲੇ ਉਦਾਹਰਨ ਦਿੰਦੇ ਹੋਏ ਜੋ ਆਖਦੇ ਹਨ ਦੋ ਵਾਕ ਸੁਣੋ:
1. ਘੜਾ ਹੈ।
2. ਘੜਾ ਨਹੀਂ ਹੈ।
ਜਦੋਂ ਸ਼ਬਦ ‘ਘੜਾ’ ਉਚਾਰਿਆ ਤਦ ਆਪਣੇ ਆਪ ਸਾਬਤ ਹੋ ਗਿਆ ਕਿ ਘੜੇ ਦੀ ਹੋਂਦ ਹੈ। ਜੇ ਘੜਾ ਨਾ ਹੁੰਦਾ ਤਦ ਸ਼ਬਦ ‘ਘੜਾ’ ਵੀ ਨਾ ਹੁੰਦਾ। ਫਿਰ ਇਸ ਨਾਲ ‘ਹੈ’ ਸ਼ਬਦ ਜੋੜਨ/ਲਿਖਣ ਦੀ ਕੀ ਤੁਕ? ਦੂਜਾ ਵਾਕ ਹੈ ‘‘ਘੜਾ ਨਹੀਂ ਹੈ’’। ਸ਼ਬਦ ‘ਘੜਾ’ ਉਚਾਰਿਆ ਤਾਂ ਸਾਬਤ ਹੋਇਆ ਕਿ ਘੜਾ ਹੈ, ਪਰ ਪਿਛੇ ਸ਼ਬਦ ‘‘ਨਹੀਂ ਹੈ’’ ਆ ਗਏ ਹਨ ਜੋ ਦੱਸਦੇ ਹਨ ਕਿ ਘੜੇ ਦੀ ਹੋਂਦ ਨਹੀਂ ਹੈ। ਇਹ ਤਾਂ ਆਪਾ ਵਿਰੋਧੀ ਗੱਲ ਹੋ ਗਈ। ਇਸ ਕਰਕੇ ਕਿਹਾ ਗਿਆ ਕਿ ਭਾਸ਼ਾ ਅਧੂਰੀ ਵੀ ਹੈ ਅਸਪਸ਼ਟ ਵੀ। ਨਿਆਂਇਕ ਆਖਦੇ ਹਨ ਕਿ ਸ਼ਬਦ ‘‘ਘੜਾ’’ ਵਾਸਤਵ ਵਿਚ ਕੋਈ ਵਸਤੂ ਨਹੀਂ, ਵਸਤੂ ਦਾ ਖਿਆਲ ਹੈ। ਇਸ ਖਿਆਲ ਦਾ ਪਦਾਰਥਕ ਰੂਪ ਇਥੇ ਮੌਜੂਦ ਹੈ ਕਿ ਨਹੀਂ ਇਸ ਵਾਸਤੇ ਕਿਰਿਆ ਅਤੇ ਸਹਾਇਕ ਕਿਰਿਆ ਲਗਾਈ ਜਾਂਦੀ ਹੈ। ਇਵੇਂ ਹੀ ਜਦੋਂ ਆਖਦੇ ਹਾਂ – ਘੜਾ ਨਹੀਂ ਹੈ – ਤਦ ਇਸ ਦਾ ਅਰਥ ਹੈ ਕਿ ਕਿਤੇ ਨਾ ਕਿਤੇ ਘੜਾ ਹੈ ਜ਼ਰੂਰ, ਪਰ ਜਿਸ ਵਿਸ਼ੇਸ਼ ਥਾਂ ਦਾ ਜ਼ਿਕਰ ਹੋ ਰਿਹਾ ਹੈ ਇਹ ਉਥੇ ਨਹੀਂ ਹੈ। ਮੰਨ ਲਉ ਕਿ ਸਾਰੇ ਸੰਸਾਰ ਵਿਚ ਘੜਾ ਕਿਤੇ ਨਹੀਂ, ਪਰ ਇਕ ਖਿਆਲ, ਇਕ ਸ਼ਬਦ ਹੈ ਤਾ ਘੜਾ ਬਣ ਜਾਵੇਗਾ, ਕੋਈ ਬਣਾ ਲਏਗਾ।
ਵਿਸ਼ਵ-ਰਚਨਾ ਬਾਰੇ ਇਹੀ ਪ੍ਰਸ਼ਨ ਸਾਹਮਣੇ ਆਏ। ਪਰਮਾਤਮਾ ਨੇ ਸ਼ਬਦ ਉਚਾਰਿਆ ‘‘ਭੂਹ’’, ਉਸੇ ਵਕਤ ਉਤਪਤੀ ਹੋ ਗਈ। ਨਿਆਇਕਾਂ ਨੇ ਕਿਹਾ ਸੀ ਕਿ ਅਭਿਧਾ ਤੋਂ ਬਿਨਾਂ ਲੱਖਣਾ ਨਹੀਂ ਹੁੰਦੀ। ਜਦੋਂ ਸ੍ਰਿਸ਼ਟੀ ਨਹੀਂ ਸੀ ਤਦ ਇਸਦੇ ਹੋਣ/ਬਣਾਉਣ ਦਾ ਖਿਆਲ ਕਿਵੇਂ ਪੈਦਾ ਹੋ ਗਿਆ। ਤੇ ਖ਼ਿਆਲ ਵੀ ਉਦੋਂ ਆ ਸਕਦਾ ਹੈ ਜਦੋਂ ਭਾਸ਼ਾ ਹੋਵੇ। ਸੁੰਨ ਅਵਸਥਾ ਵਿਚ ਭਾਸ਼ਾ ਨਹੀਂ ਸੀ ਤਦ ਵਿਚਾਰ ਕਿਵੇਂ ਆ ਗਿਆ? ਜਦੋਂ ਭਾਸ਼ਾ ਨਹੀਂ ਸੀ ਤਦ ਸ਼ਬਦ ‘‘ਭੂਹ’’ ਕਿਥੋਂ ਆਇਆ? ਵਿਆਕਰਣੀਆਂ ਨੇ ਕਿਹਾ ਕਿ ਬੋਧਾਰਥ ਸਮਝੇ ਬਗ਼ੈਰ ਇਹ ਸਮਝ ਵਿਚ ਨਹੀਂ ਆਏਗਾ। ਨਿਆਇਕਾਂ ਨੇ ਕਿਹਾ ਕਿ ਸੁੰਨ ਅਵਸਥਾ ਵਿਚ ਕੀ ਸੀ ਉਸਦਾ ਸਾਨੂੰ ਪਤਾ ਨਹੀਂ ਪਰ ਰਚਨਹਾਰ ਨੂੰ ਉਦੋਂ ਵੀ ਸਭ ਪਤਾ ਸੀ। ਉਸਨੂੰ ‘ਭੂਹ’ ਸ਼ਬਦ ਦਾ ਵੀ ਪਤਾ ਸੀ ਕਿੳਂਕਿ ਸ੍ਰਿਸ਼ਟੀ-ਰਚਨਾ ਉਸਨੇ ਪਹਿਲੀ ਵਾਰ ਥੋੜਾ ਕੀਤੀ ਹੈ, ਉਹ ਅਨੇਕ ਵਾਰ ਸਿਰਜਣਾ ਅਤੇ ਅਨੇਕ ਵਾਰ ਵਿਨਾਸ਼ ਕਰ ਚੁੱਕਾ ਹੈ ਜਿਸ ਕਾਰਨ ਸਿਰਜਣਹਾਰ ਲਈ ਬੋਧਾਰਥ ਦੀ ਸਮੱਸਿਆ ਨਹੀਂ। ਬੋਧਾਰਥ ਸਾਡੇ ਵਾਸਤੇ ਉਪਯੋਗੀ ਹੈ ਕਿਉਂਕਿ ਸਾਡਾ ਗਿਆਨ ਅੰਸ਼ਿਕ ਹੈ ਜਦੋਂ ਕਿ ਪਰਮਸਤਿ ਗਿਆਨ-ਸਰੂਪ ਅਤੇ ਗਿਆਨ-ਸਰੋਤ ਹੈ।
ਧਰਮਗ੍ਰੰਥ ਦੀ ਭਾਸ਼ਾ ਦੀਆਂ ਉਲਝਣਾਂ ਲੌਕਿਕ ਭਾਸ਼ਾ ਨਾਲੋਂ ਅਤਿਅੰਤ ਗੁੱਝੀਆ ਅਤੇ ਜਟਿਲ ਹਨ। ਸੰਸਾਰ ਨੂੰ ਸੰਕਲਪਾਂ ਬਗ਼ੈਰ ਨਹੀਂ ਸਮਝਿਆ ਜਾ ਸਕਦਾ ਤੇ ਹਰ ਨਵਾਂ ਸ਼ਬਦ ਨਵਾਂ ਸੰਕਲਪ ਹੈ। ਸੋ ਸੰਕਲਪ ਅਸੀਮ ਹੋ ਗਏ। ਇਥੇ ਹੀ ਬੱਸ ਨਹੀਂ। ਇਕੋ ਸ਼ਬਦ ਵਖ ਵਖ ਬੰਦਿਆਂ ਲਈ ਵੱਖ-ਵੱਖ ਮੂਰਤ ਲਈ ਬੈਠਾ ਹੈ। ਮੌਲਵੀ ਅਤੇ ਬ੍ਰਾਹਮਣ ਦੇ ਦਿਲ ਵਿਚਲੇ ਇਕੋ ਕਿਸਮ ਦੇ ਸ਼ਬਦਾਂ ਦੇ ਸੰਕਲਪ ਵਿਭਿੰਨ ਹਨ।
ਸ਼ਰਈ ਅਤੇ ਸੂਫ਼ੀ ਦੇ ਸੰਕਲਪ ਇੰਨੇ ਵੱਖਰੇ, ਸਗੋਂ ਵਿਰੋਧੀ ਹੋ ਗਏ ਕਿ ਮਨਸੂਰ ਨੂੰ ਫਾਂਸੀ ਤੇ ਲਟਕਣਾ ਪਿਆ। ਸੰਸਾਰ ਵਿਚ ਵਿਚਦੇ ਹੋਏ ਸਾਡਾ ਸਾਹਮਣਾ ਆਪਾਵਿਰੋਧੀ ਸਥਿਤੀਆਂ ਨਾਲ ਹੁੰਦਾ ਰਹਿੰਦਾ ਹੈ। ਸਮਝ ਬੇਸਮਝੀ, ਸਹਿਮਤੀ ਅਸਹਿਮਤੀ, ਗਿਆਨ ਅਗਿਆਨ, ਚਾਨਣ ਹਨੇਰਾ, ਜੀਵਨ ਮੌਤ ਸਾਰੇ ਸਾਡੇ ਆਲੇ ਦੁਆਲੇ ਅਤੇ ਸਾਹਮਣੇ ਹਨ। ਪਰ ਧਰਮ ਗ੍ਰੰਥਾਂ ਵਿਚ ਕੇਵਲ ਚਾਨਣ ਹੈ, ਕੇਵਲ ਜੀਵਨ ਹੈ, ਕੇਵਲ ਸਥਿਰਤਾ ਅਡੋਲਤਾ, ਅਨੰਤਤਾ ਤੇ ਗਿਆਨ ਹੈ। ਤੇ ਇਹ ਸਾਰੇ ਸੰਕਲਪ ਜੀਵਨ, ਸਥਿਰਤਾ, ਅਨੰਤਤਾ ਤੇ ਗਿਆਨ ਆਦਿਕ ਵੀ ਵਖ ਵਖ ਨਹੀਂ। ਇਕੋ ਹਸਤੀ ਬਾਬਤ ਸਾਡੇ ਮਨ ਦੇ ਬੋਲ ਹਨ। ਲੌਕਿਕ ਗਿਆਨ ਅਨੁਸਾਰ ਕਿਸੇ ਵਸਤੂ ਦਾ ਇਕ ਭਾਗ ਉਸ ਵਸਤੂ ਜਿਡਾ ਨਹੀਂ ਹੋ ਸਕਦਾ। ਇਹ ਭੌਤਿਕ ਵਿਗਿਆਨ ਦਾ ਬੁਨਿਆਦੀ ਅਸੂਲ ਹੈ। ਪਰ ਧਰਮ ਗ੍ਰੰਥ ਆਖਦਾ ਹੈ ਕਿ ਪੂਰਨ ਦਾ ਅੰਸ਼ ਵੀ ਪੂਰਨ ਹੈ। ਈਸ਼ ਉਪਨਿਸ਼ਦ ਦੇ ਵਾਕ ਹਨ ‘‘ਸਭ ਪੂਰਨ ਹੈ। ਜੇ ਪੂਰਨ ਨੂੰ ਪੂਰਨ ਵਿਚ ਮਿਲਾ ਦੇਈਏ ਤਦ ਜੋ ਬਣਦਾ ਹੈ ਉਹ ਪੂਰਨ ਹੁੰਦਾ ਹੈ। ਪੂਰਨ ਵਿਚੋਂ ਪੂਰਨ ਨੂੰ ਜੇ ਘਟਾ ਦੇਈਏ ਤਦ ਜੋ ਬਚਦਾ ਹੈ ਉਹ ਪੂਰਨ ਹੁੰਦਾ ਹੈ।’’ ਮਨਸੂਰ ਦਾ ਅਨਅਲਹੱਕ, ਰਿਸ਼ੀਆਂ ਦਾ ਤਤ ਤ੍ਵੰ ਅਸਿ, ਅਹੰਬ੍ਰਹਮਾਸਮੀ ਤੇ ਬਾਈਬਲ ਦਾ ਇਹ ਕਥਨ, ‘‘ਪਿਤਾ ਵਾਂਗ ਸੰਪੂਰਨ ਹੋ ਜਾ’’, ‘‘ਨਵਾਂ ਮਨੁੱਖ ਬਣ’’, ਇਕੋ ਸਤਿ ਦਾ ਪਰੀਚੈ ਦਿੰਦੇ ਹਨ। ਸਾਰੇ ਧਰਮਗ੍ਰੰਥ ਆਦੇਸ਼ ਦਿੰਦੇ ਹਨ, ‘‘ਆਪੇ ਨੂੰ ਜਾਣ’’। ਇਹ ਵਾਕ ਅਜਿਹੀ ਪੌੜੀ ਹੈ ਕਿ ਜਿਹੜਾ ਇਸ ਉਪਰ ਚੜ ਗਿਆ ਉਹ ਦੇਖ ਲਵੇਗਾ ਕਿ ‘‘ਉਹੀ ਹਾਂ ਮੈਂ’’। ਸੋ ਆਪਾ ਬ੍ਰਹਮ ਹੈ। ਆਪੇ ਨੂੰ ਜਾਣਨਾ ਬ੍ਰਹਮ ਨੂੰ ਜਾਣਨਾ ਤੇ ਬ੍ਰਹਮ ਹੋ ਜਾਣਾ ਹੈ। ਧਰਮ ਗ੍ਰੰਥ ਦੀ ਭਾਸ਼ਾ ਵਿਚ ‘ਜਾਣਨਾਂ’ ਮਾਇਨੇ ‘ਹੋਣਾ’ ਹੁੰਦਾ ਹੈ। ਆਪਣੇ ਆਪ ਨੂੰ ਜਾਣਨ ਦੇ ਹੁਕਮ ਤਾਂ ਬੋਧੀ ਅਤੇ ਜੈਨ ਅਨੀਸ਼ਵਰਵਾਦੀ ਮੱਤ ਵੀ ਦਿੰਦੇ ਹਨ। ਵਖ ਵਖ ਧਰਮਾਂ ਵਿਚ ਸਤਿ ਦੀ ਪਰਿਭਾਸ਼ਾ ਵਿਚ ਬੇਸ਼ਕ ਭਿੰਨਤਾਈਆਂ ਹਨ ਪਰ ਸਤਿ ਇਕ ਹੈ ਤੇ ਸਾਡੀ ਮੰਜ਼ਲ ਸਤਿ ਹੈ, ਸਤਿ ਦੀ ਪਰਿਭਾਸ਼ਾ ਨਹੀਂ। ਸਤਿ ਤਕ ਅਪੜ ਕੇ ਭਾਸ਼ਾ ਅਤੇ ਫਲਸਫ਼ਾ ਸਭ ਫਾਲਤੂ ਹੋ ਜਾਂਦੇ ਹਨ ਤੇ ਝੜ ਜਾਂਦੇ ਹਨ। ਵਿਟਜਨਸਟੀਨ ਆਖਦਾ ਹੈ, ‘‘ਛੱਤ ਉਪਰ ਅੱਪੜ ਕੇ ਪੌੜੀ ਸੁੱਟ ਦਿਉ ਕਿਉਂਕਿ ਛੱਤ ਉਪਰ ਹੋਰ ਕੋਈ ਛੱਤ ਨਹੀਂ ਹੈ ਤੇ ਹੇਠਾਂ ਉਤਰਨ ਦੀ ਲੋੜ ਨਹੀਂ ਪਵੇਗੀ।’’ ਬੁੱਧ ਆਖਦਾ ਹੈ, ‘‘ਦਰਿਆ ਦੇ ਦੂਜੇ ਕਿਨਾਰੇ ਤੇ ਪੁੱਜ ਗਏ ਹੋ ਤਾਂ ਕਿਸ਼ਤੀ ਉਥੇ ਛੱਡ ਜਾਉ। ਹੁਣ ਇਸ ਨੂੰ ਮੋਢਿਆਂ ਉਪਰ ਚੁੱਕੀ ਫਿਰਨ ਦਾ ਕੋਈ ਲਾਭ ਨਹੀਂ’’। ਗੁਰਬਾਣੀ ਦਾ ਮਹਾਂਵਾਕ ਹੈ:
ਫਲ ਕਾਰਨ ਫੂਲੀ ਬਨਰਾਇ।।
ਫਲੁ ਲਾਗਾ ਤਬ ਫੂਲੁ ਬਿਲਾਇ।।
ਗਿਆਨੈ ਕਾਰਨ ਕਰਮ ਅਭਿਆਸੁ।।
ਗਿਆਨ ਭਇਆ ਤਹ ਕਰਮਹ ਨਾਸ।।
(ਭੈਰਉ ਰਵਿਦਾਸ ਜੀ ਪੰਨਾ 1167)
ਧਰਮ ਗ੍ਰੰਥ ਆਖਦਾ ਹੈ, ਜਿਸਨੂੰ ਪਿਆਰ ਕਰੇਂਗਾ ਉਹੀ ਹੋ ਜਾਏਂਗਾ। ਜੇ ਨਹੀਂ ਹੋਇਆ ਤਦ ਤੇਰਾ ਪਿਆਰ ਪੂਰਨ ਨਹੀਂ। ਮੁਸ਼ੱਕਤ ਅਤੇ ਬੰਦਗੀ ਸਭ ਵਿਅਰਥ ਹਨ ਜੇ ਤੂੰ ਸਤਿ ਬਣਿਆ ਨਹੀਂ। ਸੋ ਧਰਮ ਗ੍ਰੰਥ ਦੀ ਭਾਸ਼ਾ ਕੁੱਝ ਸਮਝਾਉਣ ਦੀ ਥਾਂ ਬਣਨ ਵੱਲ ਲਿਜਾਂਦੀ ਹੈ। ਧਰਮ ਉਦੋਂ ਤੱਕ ਗ੍ਰੰਥ ਵਿਚ ਕੈਦ ਹੈ ਜਦੋਂ ਤੱਕ ਮਨੁੱਖ ਕਰਮ ਖੇਤਰ ਵਿਚ ਨਹੀਂ ਆਉਂਦਾ, ਕਾਰਜਸ਼ੀਲ ਨਹੀਂ ਹੁੰਦਾ। ਧਰਮ ਦੀ ਭਾਸ਼ਾ ਵਿਸ਼ੇਸ਼ ਪ੍ਰਕਾਰ ਦੀਆਂ ਭਾਵਨਾਵਾਂ ਦਾ ਸਮੂਹ ਨਹੀਂ, ਪੂਰਾ ਜੀਵਨ ਹੈ, ਉਹ ਜੀਵਨ ਨਹੀਂ ਜਿਹੜਾ ਇਕ ਸਮੇਂ ਕਿਸੇ ਥਾਂ ਤੇ ਹੋਇਆ ਸੀ ਤੇ ਫਿਰ ਇਕ ਹੋਰ ਸਮੇਂ ਇਕ ਹੋਰ ਥਾਂ ਤੇ ਮੁੱਕ ਜਾਵੇਗਾ। ਇਹ ਉਹ ਜੀਵਨ ਹੈ ਜਿਸਦਾ ਨਾਂ ਆਦਿ ਹੈ ਨਾ ਅੰਤ। ਗੀਤਾ ਜੇ ਕਿਤਾਬ ਵਿਚ ਪਿਆ ਸੰਦੇਸ਼ ਹੈ ਤਦ ਇਹ ਗੀਤਾ ਨਹੀਂ, ਆਮ ਕਿਤਾਬਾਂ ਵਰਗੀ ਕਿਤਾਬ ਹੈ। ਗੀਤਾ ਉਦੋਂ ਗੀਤਾ ਬਣਦੀ ਹੈ ਜਦੋਂ ਇਹ ਕਾਇਰ ਮਨੁਖ ਨੂੰ ਬਲਵਾਨ ਕਰਕੇ ਕਰਤੱਵ ਦੀ ਪਾਲਣਾ ਕਰਨ ਵਾਸਤੇ ਯੁੱਧ ਦੇ ਮੈਦਾਨ ਵਿਚ ਨਿਤਾਰਦੀ ਹੈ।
ਜੁਨੈਦ ਮਨਸੂਰ ਨੂੰ ਆਖਦਾ ਹੈ, ‘‘ਤੂੰ ਈਮਾਨ ਲਿਆ। ਈਮਾਨ ਲਿਆਏਂਗਾ ਤਾਂ ਦੇਖੀਂ ਹਜ਼ਾਰਾਂ ਮਣ ਭਾਰੇ ਪਹਾੜ ਤੁਰਨ ਲੱਗਣਗੇ, ਨੱਚਣ ਲੱਗਣਗੇ ਤੇ ਬੱਦਲਾਂ ਵਾਂਗ ਉਡਣ ਲੱਗਣਗੇ। ਈਮਾਨ ਲਿਆਏਂਗਾ ਤਾਂ ਪਹਾੜਾਂ ਨੂੰ ਉਡਦਿਆਂ ਦੇਖ ਕੇ ਤੈਨੂੰ ਹੈਰਾਨੀ ਨਹੀਂ ਹੋਵੇਗੀ।’’
ਧਰਮ ਗ੍ਰੰਥ ਦੀ ਬੌਧਿਕ ਵਿਆਖਿਆ ਧਰਮ ਨਹੀਂ ਕਿਉਂਕਿ ਹਰੇਕ ਵਿਆਖਿਆ ਅਧੂਰੀ ਹੈ ਜਦੋਂ ਕਿ ਧਰਮ ਅਤੇ ਧਰਮ ਗ੍ਰੰਥ ਪੂਰਨ ਹੈ। ਧਰਮ ਗ੍ਰੰਥ ਦਾ ਹਰ ਵਾਕ ਹੁਕਮ ਹੈ। ਹੁਕਮ ਮੰਨਣਾ ਪ੍ਰਥਮਕਾਰਜ ਹੈ, ਉਸਦੀ ਵਿਆਖਿਆ ਦੂਜੈਲਾ ਕਾਰਜ ਹੈ। ਉਦਾਸੀ ਦੌਰਾਨ ਭਾਈ ਮਰਦਾਨਾ ਗੁਰੂ ਜੀ ਨ੍ਵੰ ਪੁੱਛਦੇ ਹਨ, ‘‘ਬਾਬਾ ਕਿੰਨੇ ਹਜ਼ਾਰ ਕੋਸ ਦੂਰ ਆ ਗਏ ਹਾਂ ਆਪਾਂ ਤਲਵੰਡੀ ਤੋਂ?’’ ਗੁਰ੍ਵੂ ਜੀ ਆਖਦੇ ਹਨ, ‘‘ਭਾਈ ਜੀ ਗਿਣਤੀਆਂ ਨਹੀਂ ਕਰਨੀਆਂ।’’ ਫਿਰ ਕਿਸੇ ਦਿਨ ਹੋਰ ਪੁੱਛਦੇ ਹਨ, ‘‘ਬਾਬਾ ਜੀ ਕਿੰਨੇ ਸਾਲ ਹੋ ਗਏ ਹਨ ਅਸਾਂ ਨੂੰ ਤੁਰਿਆਂ?’’ ਗੁਰ੍ਵੂ ਜੀ ਉਤਰ ਦਿੰਦੇ ਹਨ, ‘‘ਅੱਗੇ ਵੀ ਆਖਿਆ ਸੀ ਭਾਈ ਗਿਣਤੀਆਂ ਨਹੀਂ ਕਰਨੀਆਂ।’’ ਗੁਰੂਆਂ/ਪੈਗੰਬਰਾਂ ਦੇ ਵਾਕ ਨਾ ਸਮਾਂ ਮਿਣਦੇ ਹਨ ਨਾ ਸਥਾਨ। ਸਮਾਂ ਅਤੇ ਸਥਾਨ ਛੋਟੇ ਹਨ ਤੇ ਵਾਕ ਵੱਡੇ। ਵੱਡੇ ਫੀਤੇ ਨਾਲ ਛੋਟੀ ਚੀਜ਼ ਮਿਣਨ ਦਾ ਯਤਨ ਕਰਨ ਦੀ ਲੋੜ ਨਹੀਂ। ਸਮਾਂ ਅਤੇ ਸਥਾਨ ਧਰਮ ਦੀ ਭਾਸ਼ਾ ਨੂੰ ਜਾਣਨ ਤੇ ਮਿਣਨ ਦੀ ਕੋਸ਼ਿਸ਼ ਕਰਦੇ ਹਨ ਪਰ ਧਰਮ ਇਹਨਾਂ ਤੋਂ ਪਾਰ ਹੈ।
ਕੁੱਰਮ ਦਰਿਆ ਦੇ ਕਿਨਾਰੇ ਜਦੋਂ ਭਾਈ ਮਰਦਾਨਾ ਜੀ ਸਰੀਰ ਤਿਆਗਣ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਵਿਦਾ ਕਰਨ ਵੇਲੇ ਕੁੱਝ ਮੰਗਣ ਲਈ ਕਿਹਾ। ਉਹ ਖ਼ਾਮੋਸ਼ ਰਹੇ। ਗੁਰੂ ਜੀ ਨੇ ਕਿਹਾ, ‘‘ਭਾਈ ਜੀ ਖਾਲੀ ਹੱਥ ਨਹੀਂ ਜਾਣ ਦਿਆਂਗੇ। ਕੁੱਝ ਮੰਗੋ।’’ ਭਾਈ ਸਾਹਿਬ ਦੀ ਆਖ਼ਰੀ ਇੱਛਾ ਇਹ ਸੀ, ‘‘ਤੂੰ ਖੁਦਾਇ ਦਾ ਡੂਮ। ਮੈਂ ਤੇਰਾ ਡੂਮ। ਬਾਬਾ ਤੈਂ ਖੁਦਾਇ ਦੇਖਿਆ ਹੈ, ਤੈਂ ਖੁਦਾਇ ਪਾਇਆ ਹੈ ਅਰ ਤੇਰਾ ਕਿਹਾ ਖ਼ੁਦਾਈ ਕਰਦੀ ਹੈ। ਮੈਂ ਤੈਨੂੰ ਦੇਖਿਆ ਅਰ ਤੈਨੂੰ ਪਾਇਆ। ਤੁਧੁ ਆਗੇ ਅਸਾਂ ਦੀ ਬੇਨਤੀ ਹੈ ਅੱਜ ਇੱਕ। ਅਸਾਂ ਨੂੰ ਬਿਛੋੜਣਾ ਨਾਹੀਂ ਆਪਣੇ ਨਾਲਹੁੰ। ਨਾ ਏਥੈ ਨਾ ਉਥੈ।’’ ਗੁਰੂ ਮਹਾਰਾਜ ਨੇ ਫੁਰਮਾਇਆ, ‘‘ਭਾਈ ਤੁਧੁ ਊਪਰ ਅਸਾਡੀ ਖ਼ਖੁਸੀ ਹੈ। ਜਿੱਥੈ ਤੇਰਾ ਵਾਸਾ ਤਿੱਥੈ ਮੇਰਾ ਵਾਸਾ।’’ ਇਹ ਭਾਈ ਮਰਦਾਨਾ ਜੀ ਦੀ ਵਸੀਅਤ ਹੈ। ਧਰਮ ਨੂੰ ਧਾਰਨ ਕਰਨ ਵਾਲੇ ਵਿਅਕਤੀਆਂ ਲਈ ਮਿਲਾਪ, ਸਦੀਵੀ ਮਿਲਾਪ ਤੋਂ ਇਲਾਵਾ ਹੋਰ ਕੋਈ ਵਸੀਅਤ ਹੋ ਹੀ ਨਹੀਂ ਸਕਦੀ।
ਪ੍ਰੋ: ਸਾਹਿਬ ਸਿੰਘ ਜੀ ਦਾ ਹਵਾਲਾ ਦੇ ਕੇ ਮੈਂ ਆਪਣੇ ਦੋਸਤਾਂ ਨੂੰ ਕਿਹਾ, ‘‘ਭਾਈ ਮਰਦਾਨਾ ਜੀ ਨੇ 46 ਸਾਲ ਗੁਰੂ ਨਾਨਕ ਦੇਵ ਜੀ ਦਾ ਸਾਥ ਨਿਭਾਇਆ।’’ ਇੱਕ ਮਿੱਤਰ ਨੇ ਉਤੱਰ ਦਿੱਤਾ, ‘‘ਤੂੰ 46 ਸਾਲਾਂ ਦੀ ਗਿਣਤੀ ਤਦ ਕਰਦਾ ਜੇ ਇਨੇ ਸਮੇਂ ਬਾਦ ਭਾਈ ਸਾਹਿਬ ਗੁਰੂ ਜੀ ਦਾ ਸਾਥ ਛੱਡ ਕੇ ਵਾਪਸ ਆ ਜਾਂਦੇ। ਉਹਨਾਂ ਨੇ ਨਾ ਕੇਵਲ ਸਾਰੀ ਉਮਰ ਸਾਥ ਨਿਭਾਇਆ ਸਗੋਂ ਜੋਤੀ ਜੋਤ ਸਮਾਉਣ ਵਕਤ ਵੀ ਮਿਲਾਪ ਮੰਗ ਕੀਤੀ ਤੇ ਉਹਨਾਂ ਦੀ ਮੰਗ ਸਵੀਕਾਰ ਹੋਈ। ਅੱਜ ਤੱਕ ਅਤੇ ਹਮੇਸ਼ ਤੱਕ ਉਹ ਇਕਠੇ ਰਹਿਣਗੇ।’’
ਜਦੋਂ ਗਿਆਨੀ, ਬੀ.ਏ ਤੇ ਐਮ.ਏ ਦੇ ਕੋਰਸਾਂ ਵਿਚ ਪੰਜਾਬੀ ਸਾਹਿਤ ਪੜ•ਾਇਆ ਜਾਣ ਲੱਗਾ ਤਦ ਪਾਠ ਪੁਸਤਕਾਂ ਵਿਚ ਕਵਿਤਾ-ਸੰਗ੍ਰਹਿਆਂ ਅੰਦਰ ਗੁਰਬਾਣੀ ਛਾਪੀ ਗਈ ਤੇ ਅਧਿਆਪਨ ਹੋਣ ਲੱਗਾ। ਜਿਵੇਂ ਕਵਿਤਾ ਦਾ ਅਧਿਐਨ ਪਰੰਪਰਾਗਤ ਹੁੰਦਾ ਆਇਆ ਹੈ, ਬਾਣੀ ਨੂੰ ਵੀ ਉਹਨਾਂ ਹੀ ਮਾਪਦੰਡਾਂ ਉਤੇ ਪਰਖਿਆ ਗਿਆ। ਛੰਦ, ਅਲੰਕਾਰ, ਤੋਲ ਤੁਕਾਂਤ, ਭਾਸ਼ਾ, ਸ਼ੈਲੀ ਆਦਿਕ ਪੱਖਾਂ ਉਪਰ ਲਿਖਿਆ ਪੜਿ•ਆ ਗਿਆ ਜਦੋਂ ਕਿ ਗੁਰਬਾਣੀ ਦਾ ਅਧਿਐਨ ਅਤੇ ਅਧਿਆਪਨ ਬਾਕੀ ਪੰਜਾਬੀ-ਸਾਹਿਤ ਨਾਲੋਂ ਭਿੰਨ ਸ਼ੈਲੀ ਦੀ ਮੰਗ ਕਰਦਾ ਹੈ। ਮੈਂ ਇਹ ਅਨੁਭਵ ਕਰਦਾ ਹਾਂ ਕਿ ਪੰਜਾਬੀ ਸਾਹਿਤ ਉਪਰ ਟਿੱਪਣੀ ਕਰਨ ਵਕਤ ਗੁਰਬਾਣੀ ਨੂੰ ਲੌਕਿਕ ਕਾਵਿ ਤੋਂ ਨਿਖੇੜਨ ਦੀ ਜ਼ਰੂਰਤ ਹੈ। ਭਾਈ ਗੁਰਦਾਸ ਜੀ ਦੀ ਰਚਨਾ, ਜਨਮਸਾਖੀਆਂ, ਸ੍ਰੀ ਦਸਮ ਗ੍ਰੰਥ ਸਾਹਿਬ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਸਿੱਖ ਸਾਹਿਤ ਦੇ ਖਾਨੇ ਵਿਚ ਰੱਖਿਆ ਜਾ ਸਕਦਾ ਹੈ ਤੇ ਸਾਹਿਤ ਦੀਆਂ ਪ੍ਰਚੱਲਤ ਵਿਧੀਆਂ ਰਾਹੀਂ ਇਹਨਾਂ ਦੀ ਆਲੋਚਨਾ/ ਮੁਲਾਂਕਣ/ ਅਧਿਐਨ/ ਅਧਿਆਪਨ ਹੋਣਾ ਵਾਜਬ ਹੈ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਦਰਬਾਰ ਸਾਹਿਬ ਵਿਚ ਗਾਇਆ ਜਾਂਦਾ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਹੈ। ਸੋ ਕੁੰਜੀ ਹਥਿਆਰ ਹੈ, ਸਾਧਨ ਹੈ, ਮੰਜ਼ਲ ਨਹੀਂ। ਮੰਜ਼ਲ ਗੁਰਬਾਣੀ ਹੈ। ਗੁਰਮਤਿ ਦਰਸ਼ਨ ਅਨੁਸਾਰ ਗੁਰੂ, ਸ਼ਬਦ ਅਤੇ ਅਕਾਲ ਪੁਰਖ ਵਿਚ ਕੋਈ ਭੇਦ ਨਹੀਂ, ਇਹ ਇਕ ਸੱਤਾ ਦੇ ਤਿੰਨ ਨਾਮ ਹਨ। ਜੇ ਗੁਰਬਾਣੀ ਅਕਾਲਪੁਰਖ ਹੈ ਤਦ ਇਸ ਨੂੰ ਸਾਧਨ ਨਹੀਂ ਆਖ ਸਕਦੇ ਮੰਜ਼ਲ ਕਹਾਂਗੇ। ਬਾਕੀ ਦਾ ਸਾਹਿਤ ਸਾਧਨ ਹੈ। ਸਾਧਨ ਚੰਗੇ ਹੋਣ ਤਾਂ ਟਿਕਾਣੇ ਤੇ ਜਲਦੀ ਅਤੇ ਆਰਾਮ ਨਾਲ ਪੁੱਜਿਆ ਜਾ ਸਕਦਾ ਹੈ।
ਸ੍ਰੀ ਦਸਮ ਗ੍ਰੰਥ ਨੂੰ ਸਿੱਖ-ਸਾਹਿਤ ਵਜੋਂ ਪਰਖਣਾ ਚਾਹੀਦਾ ਹੈ। ਮੈਂ ਇਹ ਸਮਝਦਾ ਹਾਂ ਕਿ ਇਸ ਗ੍ਰੰਥ ਦਾ ਅਧਿਐਨ ਕਈ ਪੱਖਾਂ ਤੋਂ ਹੋਵੇ। ਪਹਿਲਾ ਪੱਖ ਇਹ ਕਿ ਇਸ ਵਿਚ ਅਕਾਲਪੁਰਖ ਦਾ ਵਰਣਨ, ਸੁਚੇਤ ਰੂਪ ਵਿਚ ਉਦੋਂ ਦਾ ਕੀਤਾ ਗਿਆ ਹੈ ਜਦੋਂ ਉਹ ਇਤਿਹਾਸ ਵਿਚ ਪ੍ਰਵੇਸ਼ ਕਰਦਾ ਹੈ ਜਿਸ ਨੂੰ ਈਸਾਈ ਚਿੰਤਕ God in History ਆਖਦੇ ਹਨ।
ਅਨੇਕ ਵਾਰ ਜਿਸ ਵਿਸ਼ੇਸ਼ਣ ਨੂੰ ਦੁਹਰਾਇਆ ਗਿਆ ਹੈ ਉਹ ‘ਕਾਲਪੁਰਖ‘ ਹੈ ‘ਅਕਾਲਪੁਰਖ’ ਨਹੀਂ। ਇਸ ਪੱਖੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਇਸ ਗ੍ਰੰਥ ਦੀ ਸੁਰ ਇਸੇ ਥਾਂ ਭਿੰਨ ਹੋ ਜਾਂਦੀ ਹੈ। ਜਿਥੇ ਗੁਰਬਾਣੀ ਵਿਚ ਅਕਾਲ ਪੁਰਖ ਨਿਰਗੁਣ ਵਧੀਕ ਹੈ ਉਥੇ ਸਰਗੁਣ ਸਰੂਪ ਦੇ ਵੀ ਕੁੱਝ ਇਸ਼ਾਰੇ ਆਏ ਹਨ ਪਰ ਥੋੜ•ੇ। ਪਰਧਾਨ ਸੁਰ ਨਿਰਗੁਣ ਕਰਤਾਰ ਦੀ ਹੈ। ਇਥੇ ਦਸਮ ਗ੍ਰੰਥ ਵਿਚ ਨਿਰਗੁਣ ਸਰੂਪ ਦਾ ਵੀ ਜ਼ਿਕਰ ਹੈ ਪਰ ਪਰਧਾਨ ਸੁਰ ਵਿਸ਼ਵ ਵਿਚ ਵਿਚਰਦੇ ਕ੍ਰਿਆਸ਼ੀਲ ਕਾਲਪੁਰਖ ਦੀ ਹੈ। ਦੂਜਾ ਪੱਖ ਸ਼ਸਤਰਧਾਰੀ ਰੱਬ ਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਨਹੀਂ ਮਿਲੇਗਾ ਕਿ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਉਸ ਨੇ ਖੰਡਾ ਸਿਰਜਿਆ। ਗੁਰਬਾਣੀ ਵਿਚ ਉਹ ਰੌਸ਼ਨ-ਸਰੂਪ ਹੈ, ਦਸਮ ਗ੍ਰੰਥ ਵਿਚ ਉਹ ਅੰਧਕਾਰ ਵੀ ਹੈ (ਨਮੋ ਅੰਧਕਾਰੇ) ਤੇ ਕੂਰ ਕਰਮ ਕਰਨ ਵਾਲਾ ਵੀ ਹੈ, ਬਾਦ ਬਾਦੇ ਵੀ ਹੈ, ਕਲਹ ਕਰਤਾ ਵੀ ਹੈ। ਕਾਲਪੁਰਖ ਖ਼ੁਦ ਹਥਿਆਰਬੰਦ ਹੈ, ਸਰਬਕਾਲ ਹੈ ਅਤੇ ਕਾਲਾਂ ਦਾ ਕਾਲ ਹੈ; ਖੜਗ, ਖੰਡਾ, ਤੇਗ਼, ਤੀਰ, ਤਬਰ, ਤਲਵਾਰ, ਸ਼ਸਤਰ ਸਭ ਉਸਨੇ ਧਾਰਨ ਤਾਂ ਕੀਤੇ ਹੋਏ ਹਨ ਹੀ ਉਹ ਖ਼ੁਦ ਸ਼ਸਤਰ ਰੂਪਹੰ, ਖੜਗਕੇਤ, ਸ਼੍ਰੀ ਅਸਿਧੁਜ ਹੈ। ਇਹ ਸਾਰੇ ਵਿਸ਼ੇਸ਼ਣ ਉਸਦੇ ਲੌਕਿਕ ਰੂਪ ਦੇ ਬਲਵਾਨ ਤੇਜੱਸਵੀ ਨਾਮ ਹਨ। ਸ਼ਸਤਰਧਾਰੀ ਖਾਲਸਾ ਉਸਦੀ ਫੌਜ ਹੈ ਤੇ ਇਸ ਫੌਜ ਦੀ ਫ਼ਤਿਹ, ਵਾਹਿਗੁਰ੍ਵ ਜੀ ਕੀ ਫ਼ਤਿਹ ਹੈ। ਦਸਮ ਗ੍ਰੰਥ ਦੀ ਬਾਣੀ ਵਿਚੋਂ ਸਾਨੂੰ ਦਿਸਦਾ ਹੈ ਕਿ ਜੇ ਵਿਸ਼ਵ ਵਿਚ ਪੱਤਾ ਵੀ ਉਸਦੇ ਹੁਕਮ ਬਗੈਰ ਨਹੀਂ ਹਿੱਲਦਾ ਤਾਂ ਫਿਰ ਬਦੀ ਕਿਸਨੇ ਪੈਦਾ ਕੀਤੀ? ਜੇ ਉਸਨੇ ਦੇਵਤੇ ਤੇ ਅਵਤਾਰ ਪੈਦਾ ਕੀਤੇ ਤਦ ਦੈਂਤੇ, ਜੱਛ ਤੇ ਗੰਧਰਵ ਵੀ ਉਸੇ ਦੀ ਰਚਨਾ ਹਨ। ਉਸ ਨੇ ਖੁਧਰਮ ਅਤੇ ਅਧਰਮ ਦਾ ਸੰਘਰਸ਼ ਛੇੜਿਆ ਹੈ। ਬਾਬੇ ਕੇ ਜੇ ਉਸਨੇ ਸਾਜੇ ਤਦ ਬਾਬਰ ਕੇ ਵੀ ਉਸੇ ਦੀ ਦੇਣ ਹਨ, ਇਹਨਾਂ ਦੀ ਟੱਕਰ ਵੀ ਉਸਦੇ ਹੁਕਮ ਨਾਲ ਹੋਈ ਤੇ ਨਤੀਜੇ ਵੀ ਉਸਦੀ ਮਰਜ਼ੀ ਦੇ ਨਿਕਲਣਗੇ।
ਤੀਜਾ ਨੁਕਤਾ ਮੇਰੇ ਦਿਮਾਗ ਵਿਚ ਇਹ ਹੈ ਕਿ ਦਸਮ ਗ੍ਰੰਥ ਵਿਚ ਮੌਜੂਦ ਵਧੀਕ ਸਮੱਗਰੀ, ਖਾਸ ਕਰਕੇ ਅਵਤਾਰ-ਕਥਾਵਾਂ; ਵਾਸਤਵ ਵਿਚ ਹਿੰਦੂ ਸਭਿਆਚਾਰ ਅਤੇ ਹਿੰਦੂ ਪੌਰਾਣਿਕ ਸਾਹਿਤ ਨੂੰ ਪਹਿਲੀ ਵਾਰ ਗੁਰਮਤਿ ਦ੍ਰਿਸ਼ਟੀਕੋਣ ਤੋਂ ਚਿਤਰਿਆ ਗਿਆ ਹੈ। ਇਸ ਵਿਚਲੇ ਦੇਵਤੇ, ਦੇਵੀਆਂ ਅਤੇ ਅਵਤਾਰਾਂ ਦੇ ਚਿੱਤਰ ਤੁਹਾਨੂੰ ਪੁਰਾਣੇ ਸੰਸਕ੍ਰਿਤ ਦੇ ਚਿੱਤਰਾਂ ਤੋਂ ਵੱਖਰੀ ਪ੍ਰਕਾਰ ਦੇ ਮਿਲਣਗੇ। ਜੇ ਚੰਡੀ ਦੀ ਵਾਰ ਰਚੀ ਜਾ ਰਹੀ ਹੈ ਤਦ ਉਸਦਾ ਆਰੰਭ ਵੀ ‘‘ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ’’ ਨਾਲ ਹੋ ਰਿਹਾ ਹੈ।
ਕ੍ਰਿਸ਼ਨ ਅਵਤਾਰ, ਰਾਮ ਅਵਤਾਰ ਜਿਹੀਆਂ ਲੰਮੇਰੀਆਂ ਰਚਨਾਵਾਂ ਹੋਈਆਂ ਹਨ ਪਰ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਇਨ•ਾਂ ਦੀ ਪੂਜਾ ਕਰਨ ਦੀ ਲੋੜ ਨਹੀਂ, ਉਸੇ ਦਾ ਸਿਮਰਨ ਕਰੋ ਜਿਸਨੇ ਇਹ ਪੈਦਾ ਕੀਤੇ, ਕਰੋੜਾਂ ਦੀ ਗਿਣਤੀ ਵਿਚ ਪੈਦਾ ਕਰਕੇ ਖਪਾ ਵੀ ਦਿੱਤੇ। ਵਕਤੀ ਤੌਰ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਜੋ ਮਰਜ਼ੀ ਇਸ ਗ੍ਰੰਥ ਬਾਰੇ ਕਿਹਾ ਸੁਣਿਆ ਜਾਵੇ, ਹਿੰਦੂ ਜਗਤ ਵਿਚ ਸ੍ਰੀ ਦਸਮ ਗ੍ਰੰਥ ਕਦੀ ਪ੍ਰਵਾਨ ਨਹੀਂ ਹੋਵੇਗਾ। ਪ੍ਰਵਾਨ ਹੋਣਾ ਚਾਹੀਦਾ ਸੀ, ਕਿਉਂਕਿ ਸਿੱਖ ਆਖਦੇ ਹਨ ਇਸ ਵਿਚ ਤਾਂ ਹਨ ਹੀ ਪੁਰਾਣ ਕਥਾਵਾਂ। ਸਹੀ ਹੈ ਕਿ ਪੁਰਾਣ ਕਥਾਵਾਂ ਹਨ ਪਰ ਉਹ ਵੈਦਿਕ ਨਜ਼ਰੀਏ ਤੋਂ ਨਹੀਂ ਰਚੀਆਂ ਗਈਆਂ। ਅਵਤਾਰਾਂ ਬਾਰੇ ਅਜਿਹੀਆਂ ਅਨੇਕ ਟਿੱਪਣੀਆਂ ਪ੍ਰਾਪਤ ਹੋ ਜਾਂਦੀਆਂ ਹਨ ਜੋ ਵੈਦਿਕ ਚਿੰਤਨ ਹਜ਼ਮ ਨਹੀਂ ਕਰ ਸਕਦਾ। ਸਿੱਖਾਂ ਨੇ ਗੰਭੀਰਤਾ ਨਾਲ ਇਸ ਗ੍ਰੰਥ ਦਾ ਅਧਿਐਨ ਕਰਨ ਦੀ ਥਾਂ ਇਸ ਦੇ ਕਰਤਾ ਬਾਰੇ ਸ਼ੋਰ ਪਾ ਰੱਖਿਆ ਹੈ। ਇਥੇ ਵੀ ਚੇਤੰਨ ਤੌਰ ’ਤੇ ਮੈਂ ਸ਼ਬਦ ‘ਸ਼ੋਰ’ ਲਿਖਿਆ ਹੈ ਕਿਉਂਕਿ ਅਧਿਐਨ ਦੀ ਪ੍ਰਧਾਨਤਾ ਨਾਲੋਂ ਸ਼ੋਰ ਪ੍ਰਧਾਨ ਹੈ।
ਹਰਪਾਲ ਸਿੰਘ ਪੰਨੂ
ਪ੍ਰੋਫੈਸਰ ਸਿਖ ਸਟੱਡੀਜ਼,
ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ
———-
ਧੰਨਵਾਦ ਸਹਿਤ – ‘ਸਚ ਕੀ ਬੇਲਾ’ਮੈਗਜ਼ੀਨ
Leave a Reply