ਦੇਗ ਤੇਗ ਫਤਹਿ ਦਾ ਕੀ ਭਾਵ ਹੈ?
ਪ੍ਰਿ. ਸਤਿਬੀਰ ਸਿੰਘ
ਕਲਗੀਧਰ ਨੇ ਵਾਹਿਗੁਰੂ ਕੋਲੋਂ ਪੰਥ ਚਲੈ ਤਬ ਜਗਤ ਮੇਂ ਜਬ ਤੁਮ ਕਰਹੁ ਸਹਾਇ ਦਾ ਵਰ ਲਿਆ ਸੀ ਉਥੇ ਇਹ ਯਾਚਨਾ ਵੀ ਕੀਤੀ ਸੀ
ਦੇਗ ਤੇਗ ਜਗ ਮਹਿ ਦੋਊ ਚਲੈ॥
ਰਾਖ ਆਪ ਮੁਹਿ ਅਵਰ ਨ ਦਲੈ॥ (ਕ੍ਰਿਸ਼ਨਾਵਤਾਰ, ਦਸਮ ਗ੍ਰੰਥ)
ਦੇਗ ਤੇਗ ਫਤਹਿ ਦੇ ਸ਼ਬਦ ਪਿੱਛੋਂ ਬਾਬਾ ਬੰਦਾ ਸਿੰਘ ਜੀ ਨੇ ਸਰਹਿੰਦ ਦੀ ਫਤਹ ੳਪਰੰਤ ਆਪਣੀਆਂ ਸੀਲ ਮੋਹਰਾਂ ਤੇ ਉਕਰਵਾਏ ਸਨ। ਪੂਰੇ ਸ਼ਬਦ ਇਹ ਸਨ:
ਦੇਗ ਤੇਗ ਫਤਹਿ ਨੁਸਰਤ ਬੇਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਜਿਸ ਦਾ ਭਾਵ ਹੈ ਕਿ ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਕੋਲੋਂ ਦੇਗ ਤੇਗ ਫਤਹ ਦੀਆਂ ਸਦਾ ਬਰਕਤਾਂ ਪਾਈਆਂ।
ਦੇਗ ਦਾ ਅਰਥ ਹੈ ਤੋਟਾ ਨਾ ਆਉਣਾ, ਖੁੱਲਾ ਮੁੰਹ, ਖਿਮਾ, ਵੰਡ ਛੱਕਣ ਦਾ ਸੁਬਾਅ ਅਤੇ ਉਦਾਰਚਿਤੱਤਾ (Magnanimity).
ਗੁਰੂ ਨਾਨਕ ਦੇਵ ਜੀ ਨੇ ਬਸੰਤ ਰਾਗ ਦੀ ਸੱਤਵੀਂ ਅਸ਼ਟਪਦੀ ਵਿਚ ਦੇਗ ਨੂੰ ਇਸੇ ਭਾਵ ਵਿਚ ਵਰਤਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਧਰਤੀ ਐਸੀ ਦੇਗ ਕਰੀ ਹੈ ਕਿ ਉਹ ਜਗ ਨੂੰ ਦੇਂਦਿਆਂ ਥੱਕਦੀ ਨਹੀਂ। ਅੱਗੋਂ ਸਾਡੇ ਭਾਗ ਹਨ ਕਿ ਅਸੀਂ ਕਿਤਨਾ ਕੁ ਪ੍ਰਾਪਤ ਕਰਦੇ ਹਾਂ।
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ॥
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ॥2॥(ਪੰਨਾ 1190)
ਦੇਗ ਦਾ ਅਰਥ ਹੈ ਸੰਘਰਸ਼ ਲਈ ਜੁਟੇ ਰਹਿਣਾ ਪਰ ਆਪਣੇ ਬਲ ਨਾਲੋਂ ਪ੍ਰਭੂ ਦੇ ਬਲ ’ਤੇ ਜ਼ਿਆਦਾ ਟੇਕ ਰਖਣੀ।ਗੁਰੂ ਨਾਨਕ ਦੇਵ ਜੀ ਦੇ ਹੀ ਸ਼ਬਦਾਂ ਵਿਚ:
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ॥ ਮਾਝ ਕੀ ਵਾਰ. ਪੰਨਾ 145)
ਜਿਨਾਂ ਪਾਸ ਦੇਗ ਤੇਗ ਹੈ, ਉਹਨਾਂ ਨੂੰ ਕੋਈ ਕਦੇ ਹਰਾ ਨਹੀਂ ਸਕਦਾ।‘ਅਸਰਰਿ ਸਮਦੀ’ ਦੇ ਲਿਖਾਰੀ ਨੇ ਲਿਖਿਆ ਹੈ ਕਿ ਸਿੱਖਾਂ ਨੂੰ ਹਰਾਉਣਾ ਕਠਿਨ ਹੈ ਕਿਉਂਕੀ ਇਹਨਾਂ ਪਾਸ ‘ਦੇਗ ਤੇਗ’ ਹੈ।
ਦੇਗ ਤੇਗ ਜਿਸ ਪਾਸ ਇਕੱਠੀਆਂ ਹੋਣ ਉਸਨੂੰ ਕੋਈ ਦੁਨਿਆਵੀ ਤਾਕਤ ਪਛਾੜ ਨਹੀਂ ਸਕਦੀ।
ਕਲਗੀਧਰ ਨੇ ਜਦ ਕਿਸੇ ਰਾਜ, ਰਾਜੇ, ਸੂਰਮੇ ਜਾਂ ਯੋਧੇ ਦੀ ਉਪਮਾ ਕਰਨੀ ਹੁੰਦੀ ਸੀ ਤਾਂ ਇਹ ਬਚਨ ਹੀ ਕਰਦੇ ਸਨ:
ਜਾ ਸਮ ਸੁੰਦਰ ਸੁਨਾ ਨ ਸ਼ੂਰਾ॥
ਦੇਗ ਤੇਗ ਸਾਚੋ ਭਰਪੂਰਾ॥ (ਚਰਿਤ੍ਰ, ਦਸਮ ਗ੍ਰੰਥ)
ਜਾਂ
ਸ਼ਕਤੀ ਦਰਸਾਉਣੀ ਹੋਵੇ ਤਾਂ ਲਿਖਦੇ ਸਨ:
ਦੇਗ ਤੇਗ ਕੋ ਜਾਹਿ ਭਰੋਸਾ॥2॥307॥(ਚਰਿਤ੍ਰ)
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮਿ੍ਤ ਛਕਾਉਣ ਵੇਲੇ ਜਿਥੇ ਰਹਿਤ ਕੁਰਹਿਤ ਦ੍ਰਿੜਾਈ, ਉੱਥੇ ਇਹ ਬਚਨ ਵੀ ਕਹੇ:
ਗੁਰੂ ਗ੍ਰੰਥ ਜਾਨੋ ਸਦਾ ਅੰਗ ਸੰਗੇ।
ਜਹਾ ਧਰਮਸਾਲਾ ਤਹਾ ਨੀਤ ਜੇਯੈ।
ਗੁਰ ਦਰਸ ਕੀਜੈ ਮਹਾਂ ਸੁਖ ਪੇਯੈ।
ਜਪੋ ਵਾਹਿਗੁਰੂ ਜਾਪ ਚੀਤੇ ਸਦਾ ਹੀ।
ਸਦਾ ਨਾਮ ਲੀਜੈ, ਗੁਰ ਗੀਤ ਗਾ ਹੀ।
ਸਦਾ ਦੇਗ ਤੇਗੰ ਤੁਮੋ ਜੀਤ ਹੋਈ। (ਗੁਰਬਿਲਾਸ ਪਾਤਸ਼ਾਹੀ ਦਸਵੀਂ)
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਖਾਲਸੇ ਦੀ ਵਡੀ ਵਡਿਆਈ ਇਹ ਹੈ ਕਿ ਉਹ ਦੇਗ ਤੋਂ ਹੱਥ ਹਟਾਂਦੇ ਨਹੀਂ ਤੇ ਵੰਡ ਖਾਉਣ ਤੋਂ ਹਟਦੇ ਨਹੀਂ।
ਯਹੀ ਲਾਇਕੀ ਖਾਲਸੇ ਮਾਹਿ।
ਲੜਨ ਮਰਨ ਮੋ ਰਹੇ ਅਗਾਹਿਂ।
ਔਰ ਪ੍ਰਸ਼ਾਦਿ ਵੰਡਕੇ ਖਾਹਿ।
ਮਿਠਾ ਬੋਲਹਿ, ਸਿੱਖੀ ਕਮਾਹਿ॥ (ਪ੍ਰਾਚੀਨ ਪੰਥ ਪ੍ਰਕਾਸ਼)
ਪ੍ਰਿ. ਸਤਿਬੀਰ ਸਿੰਘ ਜੀ ਕ੍ਰਿਤ ”ਸੌ ਸਵਾਲ” ਵਿਚੋਂ
Leave a Reply