ਦਸਮ ਗ੍ਰੰਥ ਵਿਚ ‘ਕਾਲ ਪੁਰਖ’ ਦਾ ਸੰਕਲਪ – ਡਾ. ਹਰਭਜਨ ਸਿੰਘ

ਸੰਸਕ੍ਰਿਤ ਭਾਸ਼ਾ ਦੇ ਸ਼ਬਦ ਕਾਲ ਦੇ ਅਰਥ ਹਨ- ਕਾਲਾ, ਕਾਲੇ ਜਾਂ ਨੀਲੇ ਰੰਗਾ ਦਾ, ਸਮਾਂ, ਉਪਯੁਕਤ ਜਾਂ ਸਮੁਚਿਤ ਸਮਾਂ, ਸਮੇਂ ਦਾ ਅੰਸ਼, ਰੁਤ, ਵੈਸ਼ੇਸ਼ਿਕ ਸ਼ਾਸਤ੍ਰ ਦੇ ਨੌਂ ਦ੍ਰਵਾਂ ਵਿਚੋਂ ਇਕ, ਵਿਸ਼ਵ-ਸੰਹਾਰਕ ਪਰਮੇਸ਼ਰ, ਮ੍ਰਿਤੂ ਦਾ ਦੇਵਤਾ ਯਮ, ਭਾਗ, ਅੱਖ ਦੀ ਪੁਤਲੀ ਦਾ ਕਾਲਾ ਭਾਗ, ਕੋਇਲ, ਸ਼ਨੀ ਗ੍ਰਹਿ, ਸ਼ਿਵ, ਕਲਾਲ ਆਦਿ।  ਦਸਮ ਗ੍ਰੰਥ ਦੇ ਸੰਬੰਧ ਵਿਚ ਇਥੇ ਹੀ ਇਹ ਗੱਲ ਸਪਸ਼ਟ ਕਰਨੀ ਉਚਿਤ ਭਾਸਦੀ ਹੈ, ਕਿ ਕਾਲ ਦੇ ਉਪਰੋਕਤ ਅਰਥਾਂ ਵਿਚ ਸ਼ਿਵ ਕੋਈ ਕੇਂਦਰ-ਬਿੰਦੂ ਨਹੀਂ ਹੈ, ਸਗੋਂ ਇਕ ਗੌਣ ਅਰਥ ਹੈ।  ਇਸ ਸ਼ਬਦ ਦਾ ਮੂਲ-ਭਾਵ ਕਾਲਿਖ ਉਤੇ ਕੇਂਦ੍ਰਿਤ ਹੈ।  ਕਾਲਿਖ ਕਾਲ ਵਾਂਗ ਸਥੂਲ ਜਗਤ ਦੀ ਉਤਪਤੀ ਨਾਲ ਭਾਸਮਾਨ ਹੁੰਦੀ ਹੈ ਅਤੇ ਸਮੁਚੀ ਸਥੂਲਤਾ ਦੇ ਸੂਖਮ ਨਾਲ ਅਭਿੰਨ ਹੋ ਜਾਣ ਤੇ ਅਲੋਪ ਹੋ ਜਾਂਦੀ ਹੈ, ਇਸ ਕਾਰਨ ਕਾਲਿਖ ਦਾ ਕਾਲ ਨਾਲ ਅਟੁਟ ਸੰਬੰਧ ਹੈ।

ਕਾਲ ਅਤੇ ਕਾਲਿਖ ਸਦਜੀਵੀ ਨਹੀਂ ਹਨ, ਸਗੋਂ ਦੋਵੇਂ ਹੀ ਬਿਨਸ ਜਾਣ ਵਾਲੇ ਹਨ।  ਇਸ ਤਰ੍ਹਾਂ ਇਹ ਦੋਵੇਂ ਨਾ ਕੇਵਲ ਇਕਸਮਾਨ ਹਨ, ਬਲਕਿ ਇਕ ਹੋਂਦ ਹਨ।  ਅਕਾਲ ਇਨ੍ਹਾਂ ਦੋਹਾਂ ਦਾ ਜਨਮ ਦਾਤਾ ਹੈ।  ਦੋਹਾਂ ਨੂੰ ਆਪਣੇ ਅੰਦਰੋਂ ਜਨਮ ਦੇ ਕੇ ਇਨ੍ਹਾਂ ਦੇ ਅੰਦਰ, ਪਰ ਇਨ੍ਹਾਂ ਤੋਂ ਪਰਿਛਿੰਨ ਹੋ ਕੇ, ਵਿਦਮਾਨ ਰਹਿੰਦਾ ਹੈ, ਇਸ ਕਾਰਨ ਉਹ ਅਬਿਨਾਸ਼ੀ ਅਤੇ ਕਾਲਿਖ-ਰਹਿਤ ਹੈ।  ਕਿਉਂਕਿ ਕਾਲ ਦਾ ਉਦਗਮ ਅਕਾਲ ਤੋਂ ਹੈ, ਉਸ ਦਾ ਅਸਤਿਤ੍ਵ ਅਕਾਲ ਉਤੇ ਆਸ਼੍ਰਿਤ ਹੈ ਅਤੇ ਅੰਤ ਵਿਚ ਉਹ ਫਿਰ ਅਕਾਲ ਨਾਲ ਅਭਿੰਨ ਹੋ ਜਾਂਦਾ ਹੈ, ਇਸ ਕਰ ਕੇ ਹਕੀਕਤਨ ਕਾਲ ਅਤੇ ਅਕਾਲ ਇਕੋ ਸਰੂਪ ਦੇ ਦੋ ਪ੍ਰਗਟਾਵੇ ਹਨ।  ਇਸੇ ਕਾਰਨ ‘ਜਪੁ’ ਬਾਣੀ ਦੇ ਪਹਿਲੇ ਸਲੋਕ ਵਿਚ ਹੀ ‘ਅਕਾਲ ਪੁਰਖ’ ਨੂੰ ਕਾਲ ਅੰਦਰ ਵਿਦਮਾਨ ਵੀ ਮੰਨਿਆ ਹੈ ਅਤੇ ਕਾਲ ਤੋਂ ਸੁਤੰਤਰ ਵੀ ਮੰਨਿਆ ਹੈ-

 ਆਦਿ ਸਚੁ ਜੁਗਾਦਿ ਸਚੁ ॥  ਹੈ ਭੀ ਸਚੁ ਨਾਨਕ ਹੋਸੀ ਭੀ ਸਚੁ 

ਕਾਲ ਦਾ ਸੰਬੰਧ ਇਤਿਹਾਸ ਨਾਲ ਹੈ।  ਇਸ ਕਾਰਨ ਪਾਰਬ੍ਰਹਮ ਦਾ ਕਾਲ ਰੂਪ ਉਸ ਦੇ ਇਤਿਹਾਸਿਕ ਪ੍ਰਗਟਾਵਿਆਂ ਨਾਲ ਸੰਬੰਧਿਤ ਹੈ।  ਪਰਮੇਸ਼ਰ ਦੇ ਕਾਲਿਕ ਜਾਂ ਇਤਿਹਾਸਿਕ ਪ੍ਰਗਟਾਵੇ ਉਸ ਨੂੰ ਕੌਮਾਂ ਦਾ ਪਾਤਸ਼ਾਹ ਬਣਾ ਦੇਂਦੇ ਹਨ, ਜਿਸ ਤੋਂ ਉਹ ਕਿਸੇ ਵਿਸ਼ੇਸ਼ ਕੌਮ ਦੀ ਅਗਵਾਈ ਕਰਨ ਵਾਲਾ ਅਤੇ ਵਿਰੋਧੀ ਕੌਮਾਂ ਨੂੰ ਵਿਨਸ਼ਟ ਕਰਨ ਵਾਲਾ ਪੱਖਪਾਤੀ ਰੂਪ ਧਾਰਨ ਕਰ ਜਾਂਦਾ ਹੈ।  ਇਸੇ ਮਾਇਆਵੀ ਕਾਲਿਖ ਕਾਰਨ ਉਸ ਨੂੰ ‘ਕਾਲ’ ਨਾਮ ਦਿੱਤਾ ਗਿਆ ਹੈ।  ਇਸ ਤਰ੍ਹਾਂ ਉਹ ਸਭੇ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੇ ਗੌਰਵ ਤੋਂ ਵੰਚਿਤ ਹੋ ਜਾਂਦਾ ਹੈ।  ਜੇ ਉਹ ਕੌਮਾਂ ਦਾ ਪਾਤਸ਼ਾਹ ਨਾ ਬਣਾਇਆ ਜਾਵੇ, ਤਾਂ ਧਾਰਮਿਕ ਸੰਗਠਨਾਂ ਦੇ ਵਿਕਾਸ ਲਈ ਪੁਸ਼ਟ ਆਧਾਰ ਨਹੀਂ ਮਿਲਦਾ ਹੈ, ਨਾ ਹੀ ਲੋਕਾਂ ਵਿਚ ਨੇਕੀ ਵਾਸਤੇ ਜੂਝ ਕੇ ਮਰ ਜਾਣ ਦਾ ਉਤਸਾਹ ਜਾਗ੍ਰਿਤ ਹੁੰਦਾ ਹੈ।  ਪਰ ਜੇ ਉਹ ਕੌਮਾਂ ਦਾ ਪਾਤਸ਼ਾਹ ਬਣ ਜਾਵੇ, ਤਾਂ ਉਹ ‘ਸਭਨਾ ਜੀਆ ਕਾ ਇਕੁ ਦਾਤਾ’ ਨਹੀਂ ਰਹਿ ਸਕਦਾ।  ਸਰਬ-ਸਾਂਝੀਵਾਲਤਾ ਕੇਵਲ ‘ਅਕਾਲ ਪੁਰਖ’ ਵਿਚੋਂ ਨਿਕਲ ਸਕਦੀ ਹੈ, ਜਦੋਂ ਕਿ ‘ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ’ ਦਾ ਕੌਮੀ ਜ਼ਜ਼ਬਾ ‘ਕਾਲ ਪੁਰਖ’ ਦੇ ਅਸਤਿਤ੍ਵ ਉਪਰ ਨਿਸ਼ਚਾ ਕੀਤੇ ਬਿਨਾ ਪਰਫੁਲਿਤ ਨਹੀਂ ਹੋ ਸਕਦਾ।  ਵੈਦਿਕ ਧਰਮ ਵਿਚ ਜਦੋਂ ਤਕ ਰਿਗ ਵੇਦ ਦੇ ਇੰਦ੍ਰ, ਰਾਮਾਇਣ ਦੇ ਸ੍ਰੀ ਰਾਮ ਚੰਦ੍ਰ ਅਤੇ ਮਹਾਭਾਰਤ ਦੇ ਸ੍ਰੀ ਕ੍ਰਿਸ਼ਣ ਵਰਗੇ ‘ਕਾਲ ਪੁਰਖ’ ਦੀ ਛਤ੍ਰ-ਛਾਇਆ ਦੀ ਪ੍ਰਧਾਨਤਾ ਰਹੀ, ਉਸ ਸਮੇਂ ਤਕ ਉਨ੍ਹਾਂ ਦਾ ਕੌਮੀ ਸੰਗਠਨ ਅਸੁਰੀ ਸ਼ਕਤੀਆਂ ਨੂੰ ਸਮੂਲ ਵਿਨਸ਼ਟ ਕਰਨ ਦੇ ਸਰਬ ਭਾਂਤੀ ਸਮਰਥ ਸੀ, ਪਰ ਇਨ੍ਹਾਂ ਕਾਲਿਕ ਪ੍ਰਗਟਾਵਿਆਂ ਨੂੰ ‘ਅਕਾਲ ਪੁਰਖ’ ਦੀ ਛਤ੍ਰ-ਛਾਇਆ ਨਾ ਮਿਲਣ ਕਰ ਕੇ ਵਿਭਿੰਨ ‘ਕਾਲ ਪੁਰਖਾਂ’ ਤੋਂ ਵਿਭਿੰਨ ਧਾਰਮਿਕ ਜਥੇਬੰਦੀਆਂ ਨੇ ਜਨਮ ਲੈ ਕੇ ਕੌਮੀ ਜਥੇਬੰਦੀ ਨੂੰ ਖੇਰੂ-ਖੇਰੂੰ ਕਰ ਕੇ ਕਮਜ਼ੋਰ ਕਰ ਦਿੱਤਾ।  ਹਾਲਾਕਿ ‘ਕਾਲ ਪੁਰਖ’ ਦੇ ਵਿਭਿੰਨ ਸਰੂਪਾਂ ਨੂੰ ਵਿਸ਼ਣੂ ਦੇਵ ਦੀ ਅਕਾਲੀ ਸਰਪ੍ਰਸਤੀ ਦੇ ਕੇ ਇਸ ਕੌਮੀ ਬਿਖਰਾਅ ਨੂੰ ਰੋਕਣ ਦੇ ਯਤਨ ਜ਼ਰੂਰ ਕੀਤੇ ਗਏ, ਪਰ ਵਿਸ਼ਣੂ ਦੇ ਸਮਾਨਾਂਤਰ ਦੋ ਹੋਰ ਦੇਵਾਂ ਦੀ ਅਗਵਾਈ ਨੂੰ ਮੰਨ ਲੈਣ ਕਾਰਨ ‘ਅਕਾਲ ਪੁਰਖ’ ਦੀ ਕਮਜ਼ੋਰ ਸਰਪ੍ਰਸਤੀ ਜਥੇਬੰਦੀ ਦੇ ਪਤਨ ਨੂੰ ਰੋਕਣ ਵਿਚ ਨਾਕਾਮ ਰਹੀ।  ਜਿਹੜੇ ਲੋਕਾਂ ਨੇ ਸਿਰਫ਼ ‘ਅਕਾਲ ਪੁਰਖ’ ਨੂੰ ਆਪਣੇ ਮਨ-ਚਿਤ ਵਿਚ ਵਸਾਇਆ, ਉਹ ਜਥੇਬੰਦੀ ਲਈ ਸਰਗਰਮ ਕੰਮ ਨਾ ਕਰ ਸਕੇ ਅਤੇ ਕਾਲਿਕ ਪ੍ਰਗਟਾਵਿਆਂ ਦੇ ਵਿਸ਼ਵਾਸੀ ਇਕ ਅਕਾਲ ਦੀ ਸੁਦ੍ਰਿੜ ਛਤ੍ਰ-ਛਾਇਆ ਹੇਠ ਨਾ ਆ ਸਕੇ।  ਨਤੀਜਤਨ ਵੈਦਿਕ ਧਰਮ ਦਾ ਵਿਸ਼ਵਾਸੀ ਗੌਰਵਸ਼ਾਲੀ ਆਰੀਆ ਸਮਾਜ ਨਾ ਤਾਂ ਧਾਰਮਿਕ ਤੰਗਦਿਲੀ ਤੋਂ ਮੁਕਤ ਹੋ ਸਕਿਆ ਅਤੇ ਨਾ ਹੀ ਮਜ਼ਬੂਤ ਕੌਮੀ ਸੰਗਠਨ ਦੀ ਨੂੰ ਨਿਰੰਤਰਤਾ ਦੇ ਸਕਿਆ।  ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿਚ ਇਸ ਅਧੋਗਤੀ ਦਾ ਬਹੁਤ ਸੁੰਦਰ ਵਿਸ਼ਲੇਸ਼ਣ ਕੀਤਾ ਗਿਆ ਹੈ।

ਸਿਖ ਧਰਮ ਨੇ ਨਾ ਸਿਰਫ਼ ਪਰਮੇਸ਼ਰ ਦੇ ‘ਕਾਲ’ ਅਤੇ ‘ਅਕਾਲ’ ਸਰੂਪ ਉਤੇ ਸੰਤੁਲਿਤ ਵਿਸ਼ਵਾਸ ਰਖਣ ਵਾਲੀ ਵਿਵਸਥਾ ਨੂੰ ਜਨਮ ਦਿੱਤਾ, ਬਲਕਿ ਦੋਹਾਂ ਨੂੰ ਉਨ੍ਹਾਂ ਦੀ ਉਪਯੋਗਤਾ ਦੇ ਹਿਸਾਬ ਨਾਲ ਵਿਵਸਥਿਤ ਵੀ ਕੀਤਾ।  ਪਰਮੇਸ਼ਰ ਦਾ ਅਕਾਲ ਰੂਪ ਸਾਰੀ ਮਨੁੱਖਤਾ ਲਈ ਇਕ ਸਮਾਨ ਹੈ, ਇਸ ਲਈ ਇਸ ਨੂੰ ਧਰਮ ਵਿਚ ਮੁਖ ਸਥਾਨ ਦਿੱਤਾ ਗਿਆ ਹੈ।  ਦੈਵੀ-ਗੁਣ ਮਾਨਵੀ ਸੰਪਦਾ ਹੈ।  ਇਸ ਕਾਰਨ ਸਾਰੇ ਦੈਵੀ-ਗੁਣਾਂ ਦਾ ਮੂਲ ‘ਅਕਾਲ ਪੁਰਖ’ ਨੂੰ ਮੰਨਿਆ ਗਿਆ।  ਇਸ ਸਰਬ ਕਲਿਆਣਕਾਰੀ ਪਰਮੇਸ਼ਰ ਦੀ ਪ੍ਰਾਪਤੀ ਕਰਨਾ ਸਾਰੇ ਮਨੁੱਖਾਂ ਅਤੇ ਉਨ੍ਹਾਂ ਦੇ ਧਰਮਾਂ ਦਾ ਅੰਤਿਮ ਨਿਸ਼ਾਨਾ ਹੈ, ਇਸ ਕਾਰਨ ਦੈਵੀ-ਗੁਣਾਂ ਵਾਲੇ ‘ਅਕਾਲ ਪੁਰਖ’ ਦੀ ਪ੍ਰਾਪਤੀ ਦਾ ਰਸਤਾ ਸਭ ਲਈ ਸਾਂਝਾ ਰਖ ਕੇ ਇਸ ਨੂੰ ਗੁਰੂ ਗੰਥ ਸਾਹਿਬ ਵਿਚ ਵਿਵਸਥਿਤ ਕੀਤਾ ਗਿਆ ਹੈ।  ਗੁਰੂ ਗ੍ਰੰਥ ਸਾਹਿਬ ਕੇਵਲ ਸਿਖਾਂ ਵਾਸਤੇ ਨਹੀਂ, ਬਲਕਿ ਸਾਰੀ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਧਾਰਮਿਕ ਗ੍ਰੰਥ ਹੈ।  ਇਹ ਹਰ ਮਨੁੱਖ ਦੇ ਹਿਰਦੇ ਵਿਚ ਦੈਵੀ-ਗੁਣਾਂ ਨੂੰ ਸੰਚਾਰਿਤ ਕਰਨ ਵਾਲਾ ਸ਼੍ਰੇਸ਼ਠ ਗ੍ਰੰਥ ਹੈ।  ਇਹ ਸਭ ਕੌਮਾਂ ਲਈ ਪ੍ਰਵਾਣਿਤ ਗ੍ਰੰਥ ਹੈ, ਇਸ ਲਈ ਇਸ ਵਿਚੋਂ ਅਧਿਆਤਮਿਕ ਤੌਰ ਤੇ ਸਿਹਤਮੰਦ ਹੋਏ ਵਿਕਾਰ-ਰਹਿਤ ਇਨਸਾਨ ਦੀ ਝਲਕ ਪ੍ਰਾਪਤ ਹੈ, ਪੁਸ਼ਟ ਖਾਲਸਾ ਜਥੇਬੰਦੀ ਨਹੀਂ, ਕਿਉਂਕਿ ਅਜਿਹੀ ਜਥੇਬੰਦੀ ਵਾਸਤੇ ਪ੍ਰੇਰਨਾ-ਸ੍ਰੋਤ ‘ਕਾਲ ਪੁਰਖ’ ਹੀ ਹੋ ਸਕਦਾ ਹੈ।  ‘ਅਕਾਲ ਪੁਰਖ’  ਕਿਉਂਕਿ ਪਰਮੇਸ਼ਰ ਦਾ ਸਦੀਵੀ ਅਤੇ ਮੂਲ ਰੂਪ ਹੈ, ਇਸ ਕਰ ਕੇ ਸਿਖ ਗੁਰੂਆਂ ਨੇ ਸਿਖਾਂ ਦੀ ਸਾਂਝ ਪਹਿਲਾਂ ਇਸ ਸਰੂਪ ਨਾਲ ਕਾਇਮ ਕੀਤੀ, ਤਾਂ ਜੁ ਧਾਰਮਿਕ ਜਥੇਬੰਧੀ ਦਾ ਆਧਾਰ ਸ਼ੁਧ ਅਧਿਆਤਮਿਕਤਾ ਬਣ ਸਕੇ। ਸ਼ੁਧ-ਚਿੱਤ ਹੋਏ ਮਨੁੱਖਾਂ ਨੂੰ ਮਜ਼ਬੂਤ ਜਥੇਬੰਦੀ ਦਾ ਰੂਪ ਦੇਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯੋਗਦਾਨ ਅਦੁੱਤੀ ਹੈ। ‘ਖਾਲਸਾ ਜਥੇਬੰਦੀ’ ਨੂੰ ਭਾਵੇਂ ਪਹਿਲੇ ਗੁਰੂ ਸਾਹਿਬਾਨ ਦੁਆਰਾ ਗੁਰਮੁਖ ਬਣਾਏ ਗਏ ਵਿਅਕਤੀਆਂ ਨੇ ਹੀ ਗ੍ਰਹਿਣ ਕਰਨਾ ਸੀ, ਫਿਰ ਵੀ ਇਸ ਦੀ ਸਮੁਚੀ ਜਥੇਬੰਦਕ ਰੂਪ-ਰੇਖਾ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਉਲੀਕੀ ਹੈ।  ਗੁਰਮੁਖਾਂ ਦੀ ਇਸ ਜਮਾਤ ਨੂੰ ਜਥੇਬੰਦਕ ਪ੍ਰੇਰਨਾ ਦੇਣ ਵਾਸਤੇ ਉਨ੍ਹਾਂ ਨੇ ‘ਕਾਲ ਪੁਰਖ’ ਦੀ ਗਾਥਾ ਲਿਖਣ ਵਲ ਵਿਸ਼ੇਸ਼ ਧਿਆਨ ਦਿੱਤਾ ਸੀ।  ਉਨ੍ਹਾਂ ਦੇ ਸਾਹਮਣੇ ਇਕ ਵਿਲੱਖਣ ਪ੍ਰਯੋਜਨ ਸੀ, ਇਸ ਲਈ ਉਸ ਪ੍ਰਯੋਜਨ ਦੀ ਪੂਰਤੀ ਵਾਸਤੇ ਜੋ ਪ੍ਰੇਰਨਾਮਈ ਬਚਨ ਉਨ੍ਹਾਂ ਨੇ ਕਹੇ, ਉਨ੍ਹਾਂ ਵਿਚ ਪਹਿਲੇ ਗੁਰੂਆਂ ਦੇ ਬਚਨਾਂ ਨਾਲੋਂ ਕੁਝ ਵਿਲੱਖਣਤਾ ਹੋਣੀ ਆਵਸ਼ਕ ਸੀ।  ਇਸ ਕਰ ਕੇ ਉਨ੍ਹਾਂ ਦੁਆਰਾ ਰਚਿਤ ‘ਕਾਲ ਪੁਰਖ’ ਦੀ ਗਾਥਾ ਨੂੰ ‘ਅਕਾਲ ਪੁਰਖ’ ਦੀ ਸਿਫ਼ਤ ਤੋਂ ਵਖ ਰਖਣਾ ਸੁਭਾਵਿਕ ਅਤੇ ਜ਼ਰੂਰੀ ਸੀ।  ਇੰਞ ਗੁਰੂ ਗ੍ਰੰਥ ਸਾਹਿਬ ‘ਅਕਾਲ ਪੁਰਖ’ ਦੀ ਸਿਫ਼ਤ ਦਾ ਗ੍ਰੰਥ ਹੈ, ਜੋ ਬਿਨਾ ਸੰਗਠਨਾਤਮਕ ਭੇਦ-ਭਾਵ ਦੇ ਸਾਰੀ ਮਨੁੱਖਤਾ ਨੂੰ ਰਹਿਨੁਮਾਈ ਦੇ ਸਕਦਾ ਹੈ।  ਦਸਮ ਗ੍ਰੰਥ ਵਿਚ ‘ਕਾਲ ਪੁਰਖ’ ਦੇ ਇਹਿਾਸਿਕ ਪ੍ਰਗਟਾਵਿਆਂ ਦਾ ਵਿਵਰਣ ਹੈ, ਜੋ ‘ਖ਼ਾਲਸਾ ਪੰਥ’ ਵਿਚ ਜਥੇਬੰਦੀ ਦੀ ਭਾਵਨਾ, ਕੌਮੀ ਗੌਰਵ ਅਤੇ ਧਰਮ ਵਾਸਤੇ ਸੰਘਰਸ਼ ਕਰਨ ਦਾ ਉਤਸਾਹ ਪ੍ਰਦਾਨ ਕਰਦਾ ਹੈ।

‘ਅਕਾਲ ਪੁਰਖ’ ਅਤੇ ‘ਕਾਲ ਪੁਰਖ’ ਕਿਉਂਕਿ ਇਕੋ ਪਰਮ ਹਸਤੀ ਦੇ ਦੋ ਸਰੂਪ ਹਨ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਂਵਾਂ ‘ਤੇ ਉਸ ਦਾ ਕਾਲ ਰੂਪ ਆਇਆ ਹੈ, ਹਾਲਾਕਿ ਉਸ ਨੂੰ ਕਿਤੇ ਵੀ ਕਾਲ ਨਾਮ ਨਹੀਂ ਦਿੱਤਾ ਗਿਆ, ਜਿਵੇਂ ਕਿ-

ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍‍ ਉਪਾੜਿ ॥  ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥  4 ॥  (ਭੈਰਉਮਹਲਾ 3, 21, ਸਫ਼ਾ 1133) 

ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥  (ਭੈਰਉਮਹਲਾ 3, 21, ਸਫ਼ਾ 1133) 

ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥  ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥  4 ॥ (ਭੈਰਉਨਾਮਦੇਵ, 9, ਸਫ਼ਾ 1165) 

ਪਾਖੰਤਣ ਬਾਜ ਬਜਾਇਲਾ ॥  ਗਰੁੜ ਚੜ੍‍ੇ ਗੋਬਿੰਦ ਆਇਲਾ 

ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥  ਗਰੁੜ ਚੜ੍‍ੇ ਆਏ ਗੋਪਾਲ 

ਕਹਹਿ ਤ ਧਰਣਿ ਇਕੋਡੀ ਕਰਉ ॥  ਕਹਹਿ ਤ ਲੇ ਕਰਿ ਊਪਰਿ ਧਰਉ  (ਭੈਰਉਨਾਮਦੇਵ, 10, ਸਫ਼ਾ 1166)

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥  (ਮਾਝ ਵਾਰਮਹਲਾ 1, ਪਉੜੀ 15, ਸਫ਼ਾ 145)

ਸਤਰਿ ਸੈਇ ਸਲਾਰ ਹੈ ਜਾ ਕੇ ॥  ਸਵਾ ਲਾਖੁ ਪੈਕਾਬਰ ਤਾ ਕੇ ॥ 

ਸੇਖ ਜੁ ਕਹੀਅਹਿ ਕੋਟਿ ਅਠਾਸੀ ॥  ਛਪਨ ਕੋਟਿ ਜਾ ਕੇ ਖੇਲ ਖਾਸੀ ॥  1 ॥  (ਭੈਰਉਕਬੀਰ, 15, ਸਫ਼ਾ 1161) 

ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ 

ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ  (ਸਵ.ਮਹਲੇ 4 ਕੇਗਯੰਦ 2/7, ਸਫ਼ਾ 1402) 

ਇਸੇ ਤਰ੍ਹਾਂ ਦਸਮ ਗ੍ਰੰਥ ਵਿਚ ‘ਅਕਾਲ ਉਸਤਤਿ’ ਬਾਣੀ ਦਿੱਤੀ ਗਈ ਹੈ।  ਪਰ ਇਸ ਬਾਣੀ ਦੇ ਆਰੰਭ ਵਿਚ ਹੀ ਪਰਮੇਸ਼ਰ ਦੇ ‘ਕਾਲ’ ਅਤੇ ‘ਅਕਾਲ’ ਦੋਹਾਂ ਸਰੂਪਾਂ ਨੂੰ ਨਮਸਕਾਰ ਕੀਤੀ ਹੈ ।  ਇਸੇ ਬਾਣੀ ਵਿਚ ਅੱਗੇ ਚਲ ਕੇ ਉਸ ਦੇ ‘ਕਾਲ ਸਰੂਪ’ ਦੀ ਵੀ ਖੁਲ੍ਹ ਕੇ ਚਰਚਾ ਕੀਤੀ ਗਈ ਹੈ।  ‘ਅਕਾਲ ਪੁਰਖ’ ਦੇ ਗੁਣਾਂ ਦਾ ‘ਕਾਲ ਪੁਰਖ’ ਵਿਚ ਅਭਾਵ ਨਹੀਂ ਹੋ ਸਕਦਾ, ਕਿਉਂਕਿ ਉਹ ਇਕੋ ਹਸਤੀ ਦੇ ਦੋ ਸਰੂਪ ਹਨ।  ਦਸਮ ਗ੍ਰੰਥ ਵਿਚ ਆਪਣੇ ਇਤਿਹਾਸਿਕ ਪ੍ਰਗਟਾਵਿਆਂ ਦੇ ਬਾਵਜੂਦ ‘ਕਾਲ ਪੁਰਖ’ ਅਕਾਲ ਪਰਮੇਸ਼ਰ ਵਾਂਗ  ਇਤਿਹਾਸ ਤੋਂ ਸੁਤੰਤਰ ਵੀ ਰਹਿੰਦਾ ਹੈ, ਕਿਉਂਕਿ ਉਸ ਦਾ ਇਕੋ ਸਰੂਪ ਇਤਿਹਾਸ ਵਿਚ ਵਾਰ-ਵਾਰ ਪ੍ਰਗਟ ਹੁੰਦਾ ਹੈ ।  ਇੰਞ ‘ਕਾਲ ਪੁਰਖ’ ਦੇ ਲੱਛਣਾਂ ਦੀ ਵਿਦਮਾਨਤਾ ‘ਅਕਾਲ ਪੁਰਖ’ ਵਿਚ ਵੀ ਵੇਖੀ ਜਾ ਸਕਦੀ ਹੈ। ਮੋਟੇ ਤੌਰ ਤੇ ਦੋਹਾਂ ਸਰੂਪਾਂ ਦੀ ਆਪਣੀ ਵਿਲੱਖਣਤਾ ਹੈ, ਜਿਸ ਕਰ ਕੇ ਸਿਖ ਧਰਮ ਨੇ ਦੋਹਾਂ ਸਰੂਪਾਂ ਦੇ ਪ੍ਰਤੀਨਿਧ ਗ੍ਰੰਥਾਂ ਨੂੰ ਵਖ-ਵਖ ਰਖਿਆ ਹੈ ਅਤੇ ਰਿਵਾਇਤ ਕਹਿੰਦੀ ਹੈ ਕਿ ਜਦੋਂ ਕਿਸੇ ਭਾਈ ਮਨੀ ਸਿੰਘ ਵਰਗੇ ਸਿਖ ਨੇ ਦੋਹਾਂ ਗ੍ਰੰਥਾਂ ਦੀ ਬਾਣੀ ਨੂੰ ਇਕ ਕਰਨ ਦਾ ਯਤਨ ਕੀਤਾ, ਤਾਂ ਸਿਖ ਪੰਥ ਨੇ ਉਨ੍ਹਾਂ ਦੇ ਇਸ ਕੰਮ ਨੂੰ ਬੱਜਰ ਪਾਪ ਦੇ ਰੂਪ ਵਿਚ ਜਾਣਿਆ ਸੀ।  ਇਹ ਵਿਲੱਖਣਤਾ ਕਈ ਵਾਰੀ ਬਹੁਤ ਸਥੂਲ ਹੁੰਦੀ ਹੈ।  ਆਮ ਵਿਅਕਤੀ ਦੀ ਮੈਂ ਗੱਲ ਨਹੀਂ ਕਰਦਾ, ਜਦੋਂ ਕਿਸੇ ਚਿੰਤਨਸ਼ੀਲ ਸਿਖ ਦੇ ਮੂੰਹ ਤੋਂ ‘ਖਾਲਸਾ ‘ਅਕਾਲ ਪੁਰਖ’ ਕੀ ਫੌਜ’ ਸੁਣੀਦਾ ਹੈ, ਤਾਂ ਅਫਸੋਸ ਹੁੰਦਾ ਹੈ ਕਿ ਬੁਧੀਜੀਵੀ ਲੋਕ ਵੀ ਕਾਲ ਅਤੇ ਅਕਾਲ ਦੀ ਸਥੂਲ ਵਿਲਖਣਤਾ ਤੋਂ ਅਣਭਿੱਜ ਹਨ।  ‘ਅਕਾਲ ਪੁਰਖ’ ਕੀ ਫੌਜ ਦੀ ਕੋਈ ਸੰਭਾਵਨਾ ਹੀ ਨਹੀਂ ਹੋ ਸਕਦੀ, ਕਿਉਂਕਿ ਫੌਜਾਂ ਅਤੇ ਕੌਮਾਂ ਦਾ ਸਿਰਦਾਰ ਕੇਵਲ ‘ਕਾਲ ਪੁਰਖ’ ਹੀ ਹੋ ਸਕਦਾ ਹੈ ਅਤੇ ਸਰਬ ਲੋਹ ਗੰਥ ਵਿਚ ‘ਖਾਲਸਾ ਕਾਲ ਪੁਰੁਖ ਕੀ ਫੌਜ’ ਹੀ ਲਿਖਿਆ ਹੋਇਆ ਹੈ। ਸਿਧਾਂਤਿਕ ਜਾਣਕਾਰੀ ਦੇ ਅਭਾਵ ਅਤੇ ਮੂਲ-ਪਾਠ ਦੀ ਸਮਝ ਨਾ ਹੋਣ ਕਾਰਨ ਵਿਦਿਤ ਲੋਕ ਵੀ ਇਸ ਪੰਕਤੀ ਦਾ ਗਲਤ ਉਚਾਰਨ ਕਰਨ ਦਾ ਪਾਪ ਕਮਾਉਣ ਤੋਂ ਨਹੀਂ ਸੰਗਦੇ ਹਨ।

ਦਸਮ ਗ੍ਰੰਥ ਦੀਆਂ ਬਾਣੀਆਂ ਵਿਚ ‘ਕਾਲ ਪੁਰਖ’ ਦੇ ਕਾਲ, ਕਲ, ਕਲਿ, ਸਰਬ ਕਾਲ, ਸਤਿ ਕਾਲ, ਮਹਾਕਾਲ ਆਦਿ ਨਾਮ ਵੀ ਆਏ ਹਨ, ਯਥਾ- 

ਕਾਲ ਸਬਨ ਕੋ ਪੇਖਿ ਤਮਾਸਾ। ਅੰਤਹ ਕਾਲ ਕਰਤ ਹੈ ਨਾਸਾ।  (ਚੌਬੀਸ ਅਵਤਾਰ 2) 

ਆਪ ਰਚੇ ਆਪੇ ਕਲ ਘਾਏ। ਅਵਰਨ  ਕੈ ਦੈ ਮੂੰਡਿ ਹਤਾਏ। (ਚੌਬੀਸ ਅਵਤਾਰ 6) 

ਜੋ ਕਲਿ (ਨਾਇਕ)  ਕੋ ਇਕ ਬਾਰ ਧਿਐ ਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥  (ਕਬਯੋ ਬਾਚ ਚੌਪਈ 22) 

ਸਰਬ ਕਾਲ ਤਬ ਭਏ ਦਇਆਲਾ।  ਲੋਹ ਰਛ ਹਮ ਕੋ ਸਬ ਕਾਲਾ।  (ਬਚਿਤਰ ਨਾਟਕ 14/8) 

ਸਤਿ ਕਾਲ ਮੈ ਦਾਸ ਤਿਹਾਰੀ।  ਅਪਨੀ ਜਾਨਿ ਕਰੋ ਪ੍ਰਤਿਪਾਰੀ।  (ਚਰਿਤਰੋਪਾਖਿਆਨ 404/53) 

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ।  ਮਹਾ ਤੰਤ੍ਰ ਮੰਤ੍ਰ ਮਹਾ ਕਾਲ ਕਾਲੰ।  (ਬਚਿਤ੍ਰ ਨਾਟਕ 1/17)

ਅਸਲ ਵਿਚ ਦਸਮ ਗ੍ਰੰਥ ਦੀਆਂ ਰਚਨਾਵਾਂ ਅਧਿਆਤਮਿਕ ਵਿਵੇਚਨ ਦੀ ਅੰਤਿਮ ਸਿਖਰ ਨੂੰ ਪ੍ਰਾਪਤ ਹਨ।  ਇਸ ਗ੍ਰੰਥ ਦਾ ਹਰ ਵਿਚਾਰ ਇਤਨੀਆਂ ਅਛੋਹ ਗਹਿਰਾਈਆਂ ਨੂੰ ਪ੍ਰਾਪਤ ਹੈ ਕਿ ਮਾਨਵੀ ਬੁਧੀ ਦੁਆਰਾ ਉਸ ਦਾ ਸੰਪੂਰਨ ਵਿਵੇਚਨ ਅਸੰਭਵ ਪ੍ਰਤੀਤ ਹੁੰਦਾ ਹੈ।  ਹਰ ਗਲ ਗੰਭੀਰ ਦਾਰਸ਼ਨਿਕ ਚਿੰਤਨ ਵਿਚੋਂ ਨਿਕਲੀ ਹੈ।  ਹਰ ਵਿਚਾਰ ਇਤਨਾ ਵਿਵਸਥਿਤ ਹੈ ਕਿ ਉਸ ਦੇ ਸਾਹਮਣੇ ਹਰ ਸਾਹਿਤਿਕ ਵਿਵਸਥਾ ਤੁਛ ਜਾਪਦੀ ਹੈ।  ਕੋਈ ਗਲ ਅਸਪਸ਼ਟ ਨਹੀਂ ਹੈ, ਕੋਈ ਵਿਚਾਰ ਧੁੰਦਲਾ ਅਤੇ ਅਪੂਰਨ ਨਹੀਂ ਹੈ, ਪਰ ਹਰ ਵਿਚਾਰ ਭਾਰਤੀ ਧਰਮ ਸ਼ਾਸਤ੍ਰ ਦੇ ਗੂੜ੍ਹ ਚਿੰਤਨ ਦੀਆਂ ਕਈ-ਕਈ ਪਰਤਾਂ ਵਿਚ ਲਪੇਟਿਆ ਹੋਇਆ ਹੈ।  ਸਾਡੀ ਸਮੱਸਿਆ ਇਹ ਹੈ ਕਿ ਦੈਵੀ-ਕ੍ਰਿਪਾ ਬਿਨਾ ਇਸ ਗ੍ਰੰਥ ਵਿਚੋਂ ਕੁਝ ਵੀ ਸਮਝ ਸਕਣਾ ਅਸੰਭਵ ਹੈ।  ਦਸਮ ਗ੍ਰੰਥ ਦੀ ਸਮੀਖਿਆ ਕਰਦਿਆਂ ਇਕ ਵਿਚਿਤ੍ਰ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਗੁਰੂ ਜੀ ਦੇ ਰਾਗਾਂ ਵਿਚ ਲਿਖੇ ਸ਼ਬਦਾਂ ਅੰਦਰ ਪਾਰਬ੍ਰਹਮ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਅਕਾਲ ਪੁਰਖ’ ਵਾਲਾ ਹੈ।  ਜੋ ਪਰਮੇਸ਼ਰ ਦਸਮ ਗ੍ਰੰਥ ਦੀਆਂ ‘ਜਾਪੁ’ ਸਾਹਿਬ ਵਰਗੀਆਂ ਰਾਗ-ਮੁਕਤ ਬਾਣੀਆਂ ਵਿਚ ਵੀ ਮੁਖ ਤੌਰ ਤੇ ‘ਕਾਲ ਪੁਰਖ’ ਹੈ, ਉਹ ਇਨ੍ਹਾਂ ਰਾਗ ਆਧਾਰਿਤ ਸ਼ਬਦਾਂ ਵਿਚ ‘ਪਰਮ ਪੁਰਖ’ ਬਣ ਜਾਂਦਾ ਹੈ, ਕੇਵਲ ਇਕੋ ਸ਼ਬਦ ਦੇ ਆਰੰਭ ਵਿਚ ‘ਕੇਵਲ ਕਾਲ ਈ ਕਰਤਾਰ’ ਲਿਖਿਆ ਹੈ, ਉਹ ਵੀ ਸ਼ਾਇਦ ਇਸ ਕਰ ਕੇ ਕਿ ਦਸਮ ਗ੍ਰੰਥ ਦੀਆਂ ਹੋਰ ਬਾਣੀਆਂ ਵਿਚ ਵਰਣਿਤ ‘ਕਾਲ’ ਅਸਤਿਤ੍ਵ ਪਖੋਂ ‘ਪਰਮ ਪੁਰਖ’ ਤੋਂ ਵਖ ਨਾ ਜਾਪੇ।  ਹੋਰ ਥਾਂਵਾਂ ਤੇ ਆਇਆ ‘ਕਾਲ’ ਸ਼ਬਦ ਇਕ ਵਾਰੀ ‘ਸ਼ਿਵ’ ਵਾਸਤੇ ਹੈ ਅਤੇ ਬਾਕੀ ਥਾਂਵਾਂ ਤੇ ਮੌਤ ਵਾਸਤੇ ਹੈ।  ਇਨ੍ਹਾਂ ਸ਼ਬਦਾਂ ਵਿਚ ਪਰਮੇਸ਼ਰ ਦਾ ਅਸਲ ਸਰੂਪ ‘ਪਰਮ ਪੁਰਖ’ ਹੈ-

ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੈ।  (ਰਾਮਕਲੀ ਪਾਤਸਾਹੀ 10) 

ਪ੍ਰਾਨੀ ਪਰਮ ਪੁਰਖ ਪਗਿ ਲਾਗੋ।  (ਰਾਮਕਲੀ ਪਾਤਸਾਹੀ 10) 

ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ।  (ਸੋਰਠਿ ਪਾਤਸਾਹੀ 10)

‘ਚੌਬੀਸ ਅਵਤਾਰ’ ਨਾਮ ਦੀ ਬਾਣੀ ਵਿਚ ਸੰਕੇਤ ਦਿੱਤਾ ਗਿਆ ਹੈ ਕਿ ਪਰਮ ਸੱਤਾ ਦਾ ਸਰਬ ਉਚ (ਪਰਮ ਪੁਰਖ) ਰੂਪ ਉਹ ਹੈ, ਜਿਸ ਵਿਚ ਸਾਰੇ ਅਵਤਾਰ, ਦੇਵਤੇ ਅਤੇ ਦੈਤ ਲੀਨ ਹੋ ਜਾਂਦੇ ਹਨ।  ‘ਕਾਲ ਪੁਰਖ’ ਕਿਉਂਕਿ ਧਾਰਮਿਕ ਸ਼ਕਤੀਆਂ ਦਾ ਪੱਖ ਪੂਰਦਾ ਦੱਸਿਆ ਗਿਆ ਹੈ, ਇਸ ਕਾਰਨ ਉਸ ਦੇ ਇਸ ਸਰੂਪ ਵਿਚ ਸਰਸਰੀ ਤੌਰ ਤੇ ਵੇਖਿਆਂ ਦ੍ਵੈਤ-ਬ੍ਰਹਮ ਦੀ ਝਲਕ ਪੈਂਦੀ ਹੈ, ਜੋ ‘ਅਕਾਲ ਪੁਰਖ’ ਵਿਚ ਨਹੀਂ ਹੈ।  ਅਦ੍ਵੈ ਅਕਾਲ ਪਰਮੇਸ਼ਰ ਦ੍ਵੈਤਵਾਦੀ ਜਗਤ ਵਿਚ ‘ਕਾਲ ਪੁਰਖ’ ਹੋ ਜਾਂਦਾ ਹੈ, ਵਖ-ਵਖ ਅਵਤਾਰੀ ਸਰੂਪਾਂ ਵਿਚ ਵਿਭਾਜਿਤ ਦਿੱਸਦਾ ਹੈ, ਜਦੋਂ ਇਕ ਹੋ ਜਾਂਦਾ ਹੈ ਉਸ ਸਮੇਂ ਆਪਣੇ ਸਰਵੋਤਮ ‘ਪਰਮ ਪੁਰਖ’ ਰੂਪ ਵਿਚ ਸਥਿਤ ਹੋ ਜਾਂਦਾ ਹੈ।  ਇਸ ਸੰਬੰਧੀ ਗੁਰੂ ਜੀ ਦਾ ਕਥਨ ਹੈ-

ਪਰਮ ਰੂਪ ਜੋ ਏਕ ਕਹਾਯੋ।  ਅੰਤਿ ਸਭੋ ਤਿਹ ਮੱਧਿ ਮਿਲਾਯੋ।  (ਚੌਬੀਸ ਅਵਤਾਰ 33)

ਦਸਮ ਗ੍ਰੰਥ ਦਾ ‘ਕਾਲ ਪੁਰਖ’ ਆਪ ਪਰਮੇਸ਼ਰ ਹੈ, ਕੋਈ ਰੁਦ੍ਰ-ਸ਼ਿਵ ਵਰਗਾ ਦੇਵਤਾ ਨਹੀਂ ਹੈ।  ਇਹ ਉਸ ਦਾ ਸਥਾਈ ਰੂਪ ਨਹੀਂ ਹੈ, ਬਲਕਿ ਕਾਲ ਦੇ ਸ਼ਾਸਕ ਨੇ ਸਥੂਲ ਰੂਪਧਾਰੀ ਹੋ ਕੇ ਸਮੇਂ ਵਿਚ ਦਖ਼ਲ ਦੇਣ ਵਾਸਤੇ ਧਾਰਨ ਕੀਤਾ ਹੈ, ਜੋ ਸਮੇਂ ਦੇ ਅਭਾਵ ਵਿਚ ਅਕਾਲ ਵਿਚ ਵਿਲੀਨ ਹੋ ਜਾਵੇਗਾ।  ਕਾਲ ਉਹੋ ਭਗਵਾਨ ਹੈ, ਜਿਸ ਵਿਚ ਜਗਤ ਨੇ ਲੀਨ ਹੋ ਜਾਣਾ ਹੈ।  ‘ਕਾਲ ਪੁਰਖ’ ਆਪ ਸਾਰੇ ਸਥੂਲ  ਰੂਪਾਂ ਵਿਚ ਵਿਆਪਕ ਹੋਇਆ ਹੈ ਅਤੇ ਆਪਣੇ ਇਕੋ ਅਸਤਿਤ੍ਵ ਨੂੰ ਉਸ ਨੇ ਨਾ-ਨਾ ਸਰੂਪਾਂ ਵਿਚ ਵਿਭਾਜਿਤ ਕੀਤਾ ਹੋਇਆ ਹੈ-

ਕਾਲ ਰੂਪ ਭਗਵਾਨ ਭਨੈਬੋ।  ਤਾ ਮਹਿ ਲੀਨ ਜਗਤਿ ਸਭ ਹ੍ਵੈਬੋ।….

ਏਕਹਿ ਆਪ ਸਭਨ ਮੋ ਬਿਆਪਾ।  ਸਭ ਕੋਈ ਭਿੰਨ ਭਿੰਨ ਕਰ ਥਾਪਾ।  ।  (ਚੌਬੀਸ ਅਵਤਾਰ 35) 

ਉਕਤ ਭਗਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਗੁਣ ਨਿਰਾਕਾਰ ਪਰਮੇਸ਼ਰ ਤੋਂ ਭਿੰਨ ਨਹੀਂ ਹੈ।  ‘ਨਿਹਕਲੰਕੀ ਅਵਤਾਰ’ ਵਿਚ ਗ੍ਰੰਥ-ਕਰਤਾ ਨੇ ਬਹੁਤ ਸਪਸ਼ਟ ਕਿਹਾ ਹੈ, ਕਿ ‘ਕਾਲ’ ਪਰਮੇਸ਼ਰ ਹੀ ‘ਅਕਾਲ ਪੁਰਖ’ ਹੈ।  ਦੋਹਾਂ ਦਾ ਇਕੋ ਅਸਤਿਤ੍ਵ ਹੈ-

ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ।  (ਬ੍ਰਹਮਾਵਤਾਰ 2/3) 

‘ਚੌਬੀਸ ਅਵਤਾਰ’ ਰਚਨਾ ਵਿਚ ‘ਕਾਲ ਪੁਰਖ’ ਦੁਆਰਾ ਸਰਗੁਣ ਰੂਪ ਧਾਰ ਕੇ ਜਗਤ ਵਿਚ ਕੀਤੇ ਕੌਤਕਾਂ ਦੀਆਂ ਕਥਾਵਾਂ ਹਨ, ਇਸ ਕਰ ਕੇ ਇਸ ਬਾਣੀ ਦੇ ਆਰੰਭ ਵਿਚ ਹੀ ਪਰਮੇਸ਼ਰ ਦਾ ਪ੍ਰਧਾਨ ਨਾਮ ‘ਕਾਲ’ ਹੈ।  ਪਰਮੇਸ਼ਰ ਜੋ ਆਪਣੇ ਸ਼ੁਧ ਸਰੂਪ ਵਿਚ ‘ਅਕਾਲ ਪੁਰਖ’ ਹੈ, ਉਸ ਨੂੰ ਕਾਲ ਨਾਮ ਕਿਉਂ ਦਿੱਤਾ ਗਿਆ ਹੈ, ਇਹ ਗੱਲ ਗ੍ਰੰਥ ਕਰਤਾ ਨੇ ਸਪਸ਼ਟ ਸ਼ਬਦਾਵਲੀ ਰਾਹੀਂ ਬਿਆਨ ਕਰਦਿਆਂ ਆਖ ਦਿੱਤਾ ਹੈ ਕਿ ਉਹ ਅੰਤ ਵਿਚ ਸਾਰੀ ਸ੍ਰਿਸ਼ਟੀ ਨੂੰ ਨਸ਼ਟ ਕਰ ਦੇਂਦਾ ਹੈ, ਇਸ ਕਾਰਨ ਉਸ ਨੂੰ ਜਗਤ ਨੇ ‘ਕਾਲ’ ਨਾਮ ਦਿੱਤਾ ਹੈ-

ਅੰਤਿ ਕਰਤ ਸਭ ਜਗ ਕੋ ਕਾਲਾ।  ਨਾਮੁ ਕਾਲ ਤਾ ਤੇ ਜਗ ਡਾਲਾ।  (ਚੌਬੀਸ ਅਵਤਾਰ 9)

ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚ ‘ਕਾਲ’ ਇਕੋ ਅਰਥ ਵਿਚ ਨਹੀਂ ਆਇਆ ਹੈ।  ਇਹ ਸ਼ਬਦ ਪਰਮੇਸ਼ਰ, ਸਮੇਂ, ਮੌਤ, ਯਮ ਆਦਿ ਵਾਸਤੇ ਵਰਤਿਆ ਗਿਆ ਹੈ, ਹਾਲਾਕਿ ਇਨ੍ਹਾਂ ਸਰੇ ਅਰਥਾਂ ਵਿਚ ਇਕੋ ਭਾਵ ਨਿਹਿਤ ਹੈ।  ਸਮੇਂ ਦਾ ਸਿਰਜਕ, ਉਸ ਦਾ ਨਿਯੰਤਾ, ਉਸ ਦਾ ਵਿਨਾਸ਼ਕ, ਸਮੇਂ ਦੀ ਸੀਮਾ ਅੰਦਰ ਜੀਵਾਂ ਨੂੰ ਨਸ਼ਟ ਕਰਨ ਕਰ ਕੇ ਅਤੇ ਉਸ ਵਿਚ ਵਿਦਮਾਨ ਹੋਣ ਕਾਰਨ ਪਰਮੇਸ਼ਰ ਦਾ ਨਾਲ ‘ਕਾਲ’ ਹੈ।  ਸਮੇਂ ਦੀ ਸੀਮਾ ਅੰਦਰ ਮੌਤ ਨਿਸ਼ਚਿਤ ਹੈ, ਇਸ ਕਰ ਕੇ ਮੌਤ ਦਾ ਕਾਲ ਨਾਲ ਅਟੁਟ ਸੰਬੰਧ ਹੈ।  ਮੌਤ ਅਤੇ ਯਮ ਇਕ ਦੂਜੇ ਤੋਂ ਭਿੰਨ ਨਹੀਂ ਕਹੇ ਜਾ ਸਕਦੇ।  ਇੰਞ ਹਕੀਕਤਨ ਪਰਮੇਸ਼ਰ ਆਪ ਹੀ ਕਾਲ, ਸਮਾਂ, ਮੌਤ ਅਤੇ ਮੌਤ ਦਾ ਪ੍ਰਬੰਧ ਕਰਨ ਵਾਲਾ ਯਮ ਹੈ।  ਹੇਠਲੀਆਂ ਪੰਕਤੀਆਂ ਤੋਂ ‘ਕਾਲ’ ਸ਼ਬਦ ਦੀ ਵਖ-ਵਖ ਅਰਥਾਂ ਵਿਚ ਵਰਤੋਂ ਸਪਸ਼ਟ ਹੋ ਜਾਂਦੀ ਹੈ-

1. ਕਾਲ ਸ਼ਬਦ ਪਰਮੇਸ਼ਰ ਵਾਸਤੇ-

ਜਵਨ ਕਾਲ ਜੋਗੀ ਸਿਵ ਕੀਓ ॥  ਬੇਦਰਾਜ ਬ੍ਰਹਮਾ ਜੂ ਥੀਓ 

ਜਵਨ ਕਾਲ ਸਭ ਲੋਕ ਸਵਾਰਾ ॥  ਨਮਸਕਾਰ ਹੈ ਤਾਹਿ ਹਮਾਰਾ ॥  (ਕਬਯੋ ਬਾਚ ਚੌਪਈ 8)

ਸਰਬ ਕਾਲ ਹੈ ਪਿਤਾ ਅਪਾਰਾ।  ਦੇਬਿ ਕਾਲਿਕਾ ਮਾਤ ਹਮਾਰਾ।    (ਬਚਿਤ੍ਰ ਨਾਟਕ 14/5)

ਸਰਬ ਕਾਲ ਕਰੁਣਾ ਤਬ ਭਰੇ।  ਸੇਵਕ ਜਾਨਿ ਦਯਾ ਰਸ ਢਰੇ।  (ਬਚਿਤ੍ਰ ਨਾਟਕ 14/7)

2. ‘ਕਾਲ‘ ਸ਼ਬਦ ਸਮੇਂ ਵਾਸਤੇ-

ਕਾਲ ਪਾਇ ਬ੍ਰਹਮਾ ਬਪੁ ਧਰਾ ॥  ਕਾਲ ਪਾਇ ਸਿਵਜੂ ਅਵਤਰਾ 

ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥  ਸਕਲ ਕਾਲ ਕਾ ਕੀਆ ਤਮਾਸਾ ॥  (ਕਬਯੋ ਬਾਚ ਚੌਪਈ 7)

ਰੱਛਾ ਹੋਇ ਤਾਹਿ ਸਭ ਕਾਲਾ ॥  ਦੁਸਟ ਅਰਿਸਟ ਟਰੇਂ ਤਤਕਾਲਾ ॥  (ਕਬਯੋ ਬਾਚ ਚੌਪਈ 22) 

3. ‘ਕਾਲ‘ ਸ਼ਬਦ ਯਮ ਵਾਸਤੇ-

 ਏਕ ਬਾਰ ਜਿਨ ਤੁਮੈ ਸੰਭਾਰਾ ॥  ਕਾਲ ਫਾਸ ਤੇ ਤਾਹਿ ਉਬਾਰਾ ॥  (ਕਬਯੋ ਬਾਚ ਚੌਪਈ 24) 

4. ‘ਕਾਲ‘ ਸ਼ਬਦ ਮੌਤ ਵਾਸਤੇ-

ਬਹੁਤੀ ਸਿਰੀਂ ਵਿਹਾਈਆਂ ਘੜੀਆਂ ਕਾਲ ਦੀਆਂ।  (ਵਾਰ  ਦੁਰਗਾ ਕੀ 43)

ਦਸਮ ਗ੍ਰੰਥ ਵਿਚ ਵਰਣਿਤ ‘ਕਾਲ ਪੁਰਖ’ ਦੀਆਂ ਪ੍ਰਮੁਖ ਵਿਸ਼ੇਸ਼ਤਾਵਾਂ ਦੀ ਸਮੀਖਿਆ ਅੱਗੇ ਕਰਨ ਦਾ ਯਤਨ ਕਰਾਂਗੇ।  ਗ੍ਰੰਥ ਕਰਤਾ ਦਾ ਵਿਚਾਰ ਅਤੇ ਸ਼ਬਦਾਵਲੀ ਉਪਰ ਇਤਨਾ ਅਧਿਕਾਰ ਹੈ, ਕਿ ਚਿੰਤਨਸ਼ੀਲ ਵਿਵੇਕੀ ਵਿਅਕਤੀ ਨੂੰ ਉਸ ਦਾ ਹਰ ਸ਼ਬਦ ਜਾਂ ਵਾਕ ਅਤਿ ਸੰਜਮ ਅਤੇ ਬਹੁਤ ਸਾਵਧਾਨੀ ਨਾਲ ਉਚਾਰਨ ਕੀਤਾ ਦਿੱਸਦਾ ਹੈ।  ਹਾਲਾਕਿ ‘ਕਾਲ ਪੁਰਖ’ ਅਤੇ ਅਕਾਲ ਪਰਮੇਸ਼ਰ ਵਿਚ ਕੋਈ ਅੰਤਰ ਨਹੀਂ ਹੈ, ਫਿਰ ਵੀ ਗ੍ਰੰਥ-ਕਰਤਾ ਨੇ ਜਦੋਂ ‘ਰੁਦ੍ਰਾਵਤਾਰ’ (ਪਾਰਸਨਾਥ) ਵਿਚ ਸ੍ਰਿਸ਼ਟੀ ਰਚਨਾ ਦੀ ਗੱਲ ਕੀਤੀ ਤਾਂ ਉਸ ਨੇ ਪਰਮ ਸੱਤਾ ਨੂੰ ‘ਕਾਲ ਪੁਰਖ’ ਨਾ ਕਹਿ ਕੇ ‘ਆਦਿ ਪੁਰਖ’ ਦਾ ਨਾਮ ਦਿੱਤਾ ਹੈ।  ਉਸੇ ‘ਆਦਿ ਪੁਰਖ’ ਨੇ ਨੇਕੀ ਅਤੇ ਬਦੀ ਦੀ ਉਤਪਤੀ ਕਰ ਕੇ ਦੋਹਾਂ ਵਿਚ ਵਾਦ ਰਚਾਇਆ ਹੈ।  ਇਸ ਵਾਦ ਨੂੰ ਵੇਖ ਕੇ ਉਹ ਉਸੇ ਤਰ੍ਹਾਂ ਆਨੰਦਿਤ ਹੁੰਦਾ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਅਕਾਲ ਪੁਰਖ’ ਬਾਬਰਵਾਣੀ ਦੇ ਵਾਕ ‘ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ’ ਵਿਚ ਜਗਤ ਖੇਡ ਨੂੰ ਅਤੀ ਉਤਸਾਹਿਤ ਹੋ ਕੇ ਵਾਚਦਾ ਨਜ਼ਰ ਆਉਂਦਾ ਹੈ, ਪਰ ਜਦੋਂ ਕਿਤੇ ਧਾਰਮਿਕ ਸ਼ਕਤੀਆਂ ਦੁਰਬਲ ਹੋ ਜਾਣ ਤਾਂ ਸੰਤੁਲਿਤ ਖੇਡ ਚਲਾਉਣ ਵਾਸਤੇ ਉਸ ਨੂੰ ਇਸ ਖੇਡ ਵਿਚ ਦਖ਼ਲ ਵੀ ਦੇਣਾ ਪੈਂਦਾ ਹੈ।  ਜਦੋਂ ਉਹ ਇਸ ਕੌਤਕਮਈ ਦਖ਼ਲ ਦੁਆਰਾ ਆਪਣੀ ਸ਼ਕਤੀ ਨੂੰ ਅਵਤਾਰੀ ਰੂਪ ਦੇ ਕੇ ਇਤਿਹਾਸ ਸਿਰਜਦਾ ਹੈ ਤਾਂ ਫਿਰ ਉਹੋ ਆਦਿ ਪੁਰਖ ‘ਕਾਲ ਪੁਰਖ’ ਹੋ ਜਾਂਦਾ ਹੈ।  ਇਹੋ ਕਾਰਨ ਹੈ ਕਿ ‘ਬਿਸਨੁ ਅਵਤਾਰ’ ਦੇ ਪ੍ਰਸੰਗ ਵਿਚ ਜਦੋਂ ਧਰਤੀ ਪਾਪ ਦੇ ਪ੍ਰਸਾਰ ਕਾਰਨ ਵਿਆਕੁਲ ਹੋ ਜਾਂਦੀ ਹੈ, ਤਾਂ ਆਦਿ ਪੁਰਖ ਦੀ ਥਾਂ ‘ਕਾਲ ਪੁਰਖ’ ਵਿਸ਼ਣੂ ਨੂੰ ਪਾਪ ਨਿਵਾਰਨ ਵਾਸਤੇ ਜਗਤ ਵਿਚ ਜਾਣ ਲਈ ਆਦੇਸ਼ਿਤ ਕਰਦਾ ਹੈ, ਕਿਉਂਕਿ ਉਹ ਕਰੁਣਾਮਈ ਪ੍ਰਭੂ ਆਪਣੇ ਭਗਤਾਂ ਨੂੰ ਕਿਸੇ ਪ੍ਰਕਾਰ ਦੇ ਸੰਕਟ ਅਤੇ ਦੁਖਮਈ ਸਥਿਤੀ ਵਿਚ ਨਹੀਂ ਵੇਖ ਸਕਦਾ।  ‘ਕਾਲ ਪੁਰਖ’ ਤੋਂ ਉਪਜ ਕੇ ਵਿਸ਼ਣੂ ਅਤੇ ਰੁਦ੍ਰ ਜੈਸੇ ਅਵਤਾਰ ਦੈਵੀ-ਕੌਤਕ ਕਰਨ ਉਪਰੰਤ ‘ਕਾਲ ਪੁਰਖ’ ਵਿਚ ਹੀ ਵਿਲੀਨ ਹੋ ਜਾਂਦੇ ਹਨ।  ਇਸ ਤਰ੍ਹਾਂ ‘ਕਾਲ ਪੁਰਖ’ ਪਰਮੇਸ਼ਰ ਦਾ ਅਵਤਾਰ ਨਹੀਂ, ਬਲਕਿ ਸਥੂਲ ਜਗਤ ਵਿਚ ਕ੍ਰਿਆਸ਼ੀਲ ਦੈਵੀ-ਸ਼ਕਤੀ ਦਾ ਮੂਲ-ਸੋਮਾ ਹੈ।  ਅਸਲ ਵਿਚ ਰਚਨਾ ਤੋਂ ਪਹਿਲਾਂ ‘ਸੁੰਨ ਸਮਾਧੀ’ ਵਾਲਾ ਨਿਸ਼ਕ੍ਰਿਅ ਬ੍ਰਹਮ ਜਦੋਂ ਰਚਨਾ ਵਿਚ ਕ੍ਰਿਆਸ਼ੀਲ ਹੁੰਦਾ ਹੈ, ਤਾਂ ਉਹ ‘ਕਾਲ ਪੁਰਖ’ ਹੋ ਜਾਂਦਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਜੁਗਾਦਿ ਸਚ’ ਦਾ ਨਾਮ ਦਿੱਤਾ ਗਿਆ ਹੈ।  ‘ਕਾਲ ਪੁਰਖ’ ਰੱਬ ਦਾ ਅਵਤਾਰ ਨਹੀਂ ਹੈ, ਬਲਕਿ ਵਿਭਿੰਨ ਅਵਤਾਰ ਉਸ ਦੀ ਸ਼ਕਤੀ ਦਾ ਆਂਸ਼ਿਕ ਪ੍ਰਗਟਾਵਾ ਹਨ।  ਉਪਰੋਕਤ ਵਿਚਾਰਧਾਰਾ ਦੇ ਸਮਰਥਨ ਵਿਚ ਮੈਂ ਦਸਮ ਗ੍ਰੰਥ ਦੀਆਂ ਵਖ-ਵਖ ਬਾਣੀਆਂ ਵਿਚੋਂ ਕੁਝ ਟੂਕਾਂ ਪ੍ਰਮਾਣ ਵਜੋਂ ਆਪ ਦੇ ਸਨਮੁਖ ਰਖਦਾ ਹਾਂ-

ਆਦਿ ਪੁਰਖ ਜਬ ਆਪ ਸੰਭਾਰਾ।  ਆਪ ਰੂਪ ਮੈ ਆਪ ਨਿਹਾਰਾ

ਓਅੰਕਾਰ ਕਹ ਇਕ ਦਾ ਕਹਾ।  ਭੂਮਿ ਅਕਾਸ ਸਕਲ ਬਨਿ ਰਹਾ।  (ਰੁਦ੍ਰ-ਪਾਰਸ 335)

ਦਾਹਨ ਦਿਸ ਤੇ ਸਤਿ ਉਪਜਾਵਾ।  ਬਾਮ ਪਰਸ ਤੇ ਝੂਠ ਬਨਾਵਾ।

ਉਪਜਤ ਹੀ ਉਠਿ ਜੁਝੇ ਜੁਝਾਰਾ।  ਤਬ ਤੇ ਕਰਤ ਜਗਤ ਮੈ ਰਾਰਾ।  (ਰੁਦ੍ਰਵਾਤਾਰ-ਪਾਰਸ ਨਾਥ 336)

ਜਗ ਮੋ ਰੂਪ ਸਭਨ ਕੈ ਧਰਤਾ।  ਯਾ ਤੇ ਨਾਮ ਬਖਨੀਯਤ ਕਰਤਾ।  (ਚੌਬੀਸ ਅਵਤਾਰ 12)

ਬਿਆਕੁਲ ਹੋਤ ਧਰਨਿ ਜਬ ਭਾਰਾ।  ਕਾਲ ਪੁਰਖ ਪਹਿ ਕਰਤ ਪੁਕਾਰਾ।….

ਕਰਤ ਪੁਕਾਰ ਧਰਣਿ ਭਰਿ ਭਾਰਾ।  ਕਾਲ ਪੁਰਖ ਤਬ ਹੋਤ ਕ੍ਰਿਪਾਰਾ।  (ਬਿਸਨੁ ਅਵਤਾਰ 2)

ਭੂਮਿ ਭਾਰ ਹਰਿ ਸੁਰਪੁਰਿ ਜਾਈ।  ਕਾਲ ਪੁਰਖ ਮੋ ਰਹਤ ਸਮਾਈ।  (ਬਿਸਨੁ ਅਵਤਾਰ 4)

ਪ੍ਰਿਥਮੈ ਓਅੰਕਾਰ ਤਿਨਿ ਕਹਾ।  ਸੋ ਧੁਨਿ ਪੂਰ ਜਗਤ ਮੋ ਰਹਾ

ਤਾ ਤੇ ਜਗਤ ਭਯੋ ਬਿਸਥਾਰਾ।  ਪੁਰਖ ਪ੍ਰਕ੍ਰਿਤਿ ਜਬ ਦੁਹੂ ਬਿਚਾਰਾ।  (ਚੌਬੀਸ ਅਵਤਾਰ 30)

ਜੋ ਕਿਛੁ ਦਿਸਟਿ ਅਗੋਚਰ ਆਵਤ।  ਤਾ ਕਹੁ ਮਨ ਮਾਯਾ ਠਹਰਾਵਤ।  (ਚੌਬੀਸ ਅਵਤਾਰ 35)

ਏਕਹ ਰੂਪ ਅਨੂਪ ਸਰੂਪਾ।  ਰੰਕ ਭਯੋ ਰਾਵਤ ਕਹੂੰ ਭੂਪਾ।  (ਚੌਬੀਸ ਅਵਤਾਰ 37)

ਕਈ ਵਾਰ ਦੁਵਿਧਾ ਵਿਚ ਫਸੇ ਵਿਦਵਾਨ ‘ਕਾਲ ਪੁਰਖ’ ਨੂੰ ਸਰਗੁਣ ਸਰੂਪਧਾਰੀ ਅਵਤਾਰ ਸਮਝ ਬੈਠਦੇ ਹਨ, ਪਰ ਅਸੀਂ ਉਪਰ ਕਹਿ ਆਏ ਹਾਂ ਕਿ ਦਸਮ ਗ੍ਰੰਥ ਦਾ ‘ਕਾਲ ਪੁਰਖ’ ਅਵਤਾਰ ਨਹੀਂ ਹੈ, ਸਗੋਂ ਕਰੋੜਾਂ ਅਵਤਾਰਾਂ ਨੂੰ ਜਨਮ ਦੇਣ ਵਾਲਾ ਪਰਮ-ਤੱਤ ਹੈ।  ਵਿਸ਼ਣੂ ਅਤੇ ਰੁਦ੍ਰ-ਸ਼ਿਵ ਦੇ ਵਖ-ਵਖ ਅਵਤਾਰ  ਸੰਤਾਂ ਦੀ ਸਹਾਇਤਾ ਅਤੇ ਧਰਮ ਦੇ ਉਥਾਨ ਵਾਸਤੇ ਉਸ ਦੀ ਆਗਿਆ ਨਾਲ ਹੋਏ ਹਨ ਅਤੇ ਸ਼ਿਵ ਆਦਿ ਦੇਵ ਉਸੇ ਦਾ ਧਿਆਨ ਕਰਦੇ ਹਨ-

ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ।  (ਬਿਸਨੁ ਅਵਤਾਰ-ਮਧੁ ਕੈਟਭ 8) 

ਤਬ ਕਾਲ ਪੁਰਖ ਬੁਲਾਇ।  ਬਿਸਨੈ ਕਹਯੋ ਸਮਝਾਇ।  (ਚੰਦ ਅਵਤਾਰ 7/5) 

ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ।  ਮਥੁਰਾ ਮੰਡਲ ਕੇ ਬਿਖੇ ਜਨਮ ਧਰਯੋ ਹਰਿ ਰਾਇ।  (ਕ੍ਰਿਸ਼ਨਾਵਤਾਰ 3) 

ਹਸਿ ਕਾਲ ਪ੍ਰਸੰਨ ਭਏ ਤਬ ਹੀ।  ਦੁਖ ਸ੍ਰਉਨਨ ਭੂਮਿ ਸੁਨਯੋ ਜਬ ਹੀ

ਢਿਗ ਬਿਸਨੁ ਬੁਲਾਇ ਲਯੋ ਅਪਨੇ।  ਇਹ ਭਾਂਤਿ ਕਹਯੋ ਤਿਹ ਕੋ ਸੁਪਨੇ

ਸੁ ਕਹਯੋ ਤੁਮ ਰੁਦ੍ਰ ਸਰੂਪ ਧਰੋ।  ਜਗਜੀਵਨ ਕੋ ਚਲਿ ਨਾਸ ਕਰੋ।  (ਰੁਦ੍ਰ ਅਵਤਾਰ 3-4) 

ਜੀਯ ਮੋ ਸ਼ਿਵ ਧਯਾਨ ਧਰਾ ਜਬ ਹੀ।  ਕਲਿ ਕਾਲ ਪ੍ਰਸੰਨ ਭਏ ਤਬ ਹੀ।  (ਜਲੰਧਰ 20)

ਕੁਝ ਸਿਖ ਬੁਧੀਜੀਵੀਆਂ ਨੂੰ ਦਸਮ ਗ੍ਰੰਥ ਦੇ ਦੋ ਚੰਡੀ ਚਰਿਤ੍ਰਾਂ ਅਤੇ ‘ਦੁਰਗਾ ਕੀ ਵਾਰ’ ਉਤੇ ਸਖ਼ਤ ਇਤਰਾਜ਼ ਹੈ।  ਉਨ੍ਹਾਂ ਦਾ ਮੱਤ ਹੈ ਕਿ ਨਿਰਾਕਾਰ ਦੀ ਉਪਾਸਨਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੀ ਉਸਤਤਿ ਵਾਲੀਆਂ ਬਾਣੀਆਂ ਦੇ ਰਚਇਤਾ ਕਿਵੇਂ ਹੋ ਸਕਦੇ ਹਨ ? ਪਰ ਦਸਮ ਗ੍ਰੰਥ ਵਿਚ ਆਈ ਦੇਵੀ ਸੰਬੰਧੀ ਸਿਧਾਂਤਿਕ ਜਾਣਕਾਰੀ ਦੇ ਅਭਾਵ ਵਿਚ ਅਜਿਹੇ ਅਤਿਵਾਦੀ ਫ਼ੈਸਲੇ ਕਰਨਾ ਅਨੁਚਿਤ ਹੈ।  ਭਾਰਤੀ ਦਰਸ਼ਨ ਦੇ ਸਿਆਣੇ ਚਿੰਤਕ ਇਹ ਜਾਣਦੇ ਹਨ ਕਿ ‘ਸਾਂਖਯ’ ਸ਼ਾਸਤ੍ਰ ਦੇ ਪੁਰੁਸ਼-ਪ੍ਰਕ੍ਰਿਤੀ ਸਿਧਾਂਤ ਵਿਚੋਂ ਹੀ ਪਰਵਰਤੀ ਕਾਲ ਵਿਚ ਪ੍ਰਕ੍ਰਿਤੀ ਨੇ ਦੇਵੀ ਦਾ ਰੂਪ ਧਾਰਨ ਕਰ ਲਿਆ ਹੈ।  ਇਸ ਦੇ ਪ੍ਰਭਾਵ ਕਾਰਨ ਹੀ ਆਤਮਾ ਪੁਰੁਸ਼ ਲਿੰਗ ਤੋਂ ਇਸਤ੍ਰੀ ਲਿੰਗ ਹੋਇਆ ਹੈ ਅਤੇ ਅਗਨੀ ਦੇਵ ਜੋ ਰਿਗਵੇਦ ਵਿਚ ਪੁਰੁਸ਼ ਰੂਪ ਸੀ, ਮਗਰਲੇ ਸਮਿਆਂ ਵਿਚ ਇਸਤ੍ਰੀ ਲਿੰਗ ਹੋ ਗਿਆ ਹੈ।  ਦਸਮ ਗ੍ਰੰਥ ਵਿਚਲੀ ਦੇਵੀ ਵੀ ਵਾਸਤਵ ਵਿਚ ਪ੍ਰਕ੍ਰਿਤੀ ਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਦੇ ਰੂਪ ਵਿਚ ਆਈ ਹੈ।  ਦਸਮ ਗ੍ਰੰਥ ਵਿਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੁਰੁਸ਼ ਪਹਿਲਾਂ-ਪਹਿਲ ਪਿਤਾ ਸੀ।  ਉਸ ਨੇ ਆਪ ਹੀ ਦੇਵੀ (ਅਰਥਾਤ ਪ੍ਰਕ੍ਰਿਤੀ) ਦਾ ਰੂਪ ਧਾਰਨ ਕੀਤਾ ਹੈ- 

ਪ੍ਰਥਮ ਕਾਲ ਸਭ ਜਗ ਕੋ ਤਾਤਾ।  ਤਾ ਤੇ ਭਯੋ ਤੇਜ ਬਿਖਯਾਤਾ

ਸੋਈ ਭਵਾਨੀ ਨਾਮ ਕਹਾਈ।  ਜਿਨਿ ਸਗਰੀ ਯਹ ਸ੍ਰਿਸਟਿ ਉਪਾਈ।  (ਚੌਬੀਸ ਅਵਤਾਰ 29) 

ਜੋ ਜੋ ਜਨਮੁ ਪੂਰਬਲੋ ਭਯੋ।  ਸੋ ਸੋ ਸਭ ਸਿਮਰਣ ਕਰਿ ਦਯੋ।  (ਬਚਿਤਰ ਨਾਟਕ 14/7)

ਦੈਤ ਸੰਘਾਰਨ ਕੇ ਨਮਿਤ ਕਾਲ ਜਨਮੁ ਇਹ ਲੀਨ। 

ਸਿੰਘ ਚੰਡਿ ਬਾਹਨ ਭਇਓ ਸਤ੍ਰਨ ਕਉ ਦੁਖੁ ਦੀਨ।  (ਚੰਡੀ ਚਰਿਤ੍ਰ 1/25)

‘ਕਾਲ ਪੁਰਖ’ ਭਾਵੇਂ ਸੁਰ-ਅਸੁਰ ਦੋਹਾਂ ਦਾ ਜਨਕ ਹੈ, ਪਰ ਸੰਸਾਰ ਦੀ ਖੇਡ ਵਿਚ ਉਹ ਦੇਵ-ਸ਼ਕਤੀਆਂ ਦਾ ਪੱਖ ਪੂਰਦਾ ਹੈ, ਕਿਉਂਕਿ ਦੇਵ-ਸ਼ਕਤੀ ਨੇ ਸਦੀਵੀ ਤੌਰ ਤੇ ਉਸ ਵਿਚ ਸਥਿਤ ਹੋਣਾ ਹੈ ਅਤੇ ਬਦੀ ਨੇ ਜਗਤ ਦੇ ਵਿਨਸ਼ਟ ਹੋਣ ਤੇ ਨਾਸ਼ ਹੋ ਜਾਣਾ ਹੈ।  ਗੁਰੂ ਗ੍ਰੰਥ ਸਾਹਿਬ ਵਿਚ ‘ਖੇਲੁ ਸੰਕੋਚੈ ਤਉ ਨਾਨਕ ਏਕੈ’ ਕਹਿ ਕੇ ਇਸ ਸਿਧਾਂਤ ਦੀ ਪੁਸ਼ਟੀ ਕੀਤੀ ਗਈ ਹੈ।  ਕਿਉਂਕਿ ਏਕਤਵ ਉਸ ਦਾ ਸਦੀਵੀ ਗੁਣ ਹੈ, ਇਸ ਕਾਰਨ ਅਸੁਰ ਜਾਂ ਬਦੀ ਰੂਪ ਦ੍ਵੈਤ ਨੇ ਲਾਜ਼ਮੀ ਤੌਰ ਤੇ ਨਸ਼ਟ ਹੋ ਜਾਣਾ ਹੈ।  ਇਹੋ ਕਾਰਨ ਹੈ ਕਿ ਉਹ ਚੰਗਿਆਈ ਦਾ ਪੱਖ ਪੂਰ ਕੇ ਸੰਤ-ਜਨਾਂ ਦੀ ਸਹਾਇਤਾ ਕਰਦਾ ਹੈ-

ਸਰਬ ਕਾਲ ਰੱਛਾ ਸਭ ਕਾਲ।  ਲੋਹ ਰੱਛ ਸਰਬ ਦਾ ਬਿਸਾਲ।  (ਬਚਿਤਰ ਨਾਟਕ 14/9)

ਸਰਬ ਕਾਲ ਸਭ ਸਾਧ ਉਬਾਰੇ।  ਦੁਖ ਦੈ ਕੈ ਦੋਖੀ ਸਭ ਮਾਰੇ।  (ਬਚਿਤਰ ਨਾਟਕ 14/1)

ਦਸਮ ਗ੍ਰੰਥ ਦਾ ‘ਕਾਲ’ ਪਰਮੇਸ਼ਰ ਧਰਮ ਵਾਸਤੇ ਜੂਝਣ ਵਾਲੇ ਮਨੁੱਖਾਂ ਨੂੰ ਯੁਧ ਦਾ ਉਤਸਾਹ ਪ੍ਰਦਾਨ ਕਰਨ ਵਾਲਾ ਹੈ।  ਉਹ ਆਪ ਇਕ ਮਹਾਨ ਯੋਧਾ ਹੈ।  ਸ਼ਸਤ੍ਰਹੀਣ ਮਨੁੱਖ ਸੂਰਬੀਰ ਨਹੀਂ ਹੋ ਸਕਦਾ।  ਇਸ ਕਾਰਨ ‘ਕਾਲ ਪੁਰਖ’ ਦਾ ਚਿਤ੍ਰਣ ਸ਼ਸਤ੍ਰਧਾਰੀ ਸੂਰਬੀਰ ਦੇ ਰੂਪ ਵਿਚ ਕੀਤਾ ਹੈ, ਅਜਿਹਾ ਸੂਰਬੀਰ ਜੋ ਆਪ ਸਰਬਲੋਹ ਹੋ ਕੇ ਆਪਣੇ ਸੇਵਕਾਂ ਨੂੰ ਸੁਰਖਿਆ ਦਾ ਭਰੋਸਾ ਦਿਵਾਂਦਾ ਹੈ-

ਅਕਾਲ ਪੁਰਖ ਕੀ ਰਛਾ ਹਮਨੈ।  ਸਰਬ ਲੋਹ ਦੀ ਰਛਿਆ ਹਮਨੈ

ਸਰਬ ਕਾਲ ਜੀ ਦੀ ਰਛਿਆ ਹਮਨੈ।  ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ।  (ਅਕਾਲ ਉਸਤਤਿ 1) 

ਢਲਾ ਢੁਕ ਢਾਲੰ।  ਝਮੀ ਤੇਗ ਕਾਲੰ।  (ਚੌਬੀਸ ਅਵਤਾਰ 46) 

ਕ੍ਰਿਪਾਣ ਪਾਣ ਧਾਰੀਯੰ।  ਕਰੋਰ ਪਾਪ ਟਾਰੀਯੰ

ਗਦਾ ਗ੍ਰਿਸਟ ਪਾਣੀਯੰ।  ਕਮਾਣ ਬਾਣ ਤਾਣੀਯੰ।  …

ਕ੍ਰਿਪਾਣ ਪਾਣ ਰਾਜਈ।  ਬਿਲੋਕ ਪਾਪ ਭਾਜਈ।…

ਕਮਾਣ ਬਾਣ ਧਾਰਹੀ।  ਅਨੇਕ ਸਤ੍ਰ ਟਾਰਹੀ।  (ਬਚਿਤ੍ਰ ਨਾਟਕ 1/47-51)

ਸ਼ਸਤ੍ਰਧਾਰੀ ਹੋਣ ਦੇ ਬਾਵਜੂਦ ਉਸ ਦਾ ਹਿਰਦਾ ਦਇਆ ਅਤੇ ਕੋਮਲਤਾ ਨਾਲ ਭਰਪੂਰ ਹੈ।  ਉਸ ਦਾ ਸੁਭਾਅ ਕਰੁਣਾਮਈ ਹੈ।  ਜਦੋਂ ਉਹ ਸੰਤ-ਜਨਾਂ ਨੂੰ ਦੁਖੀ ਵੇਖਦਾ ਹੈ, ਤਾਂ ਉਸ ਦਾ ਹਿਰਦਾ ਦਇਆ ਨਾਲ ਭਰ ਹੋ ਜਾਂਦਾ ਹੈ- 

ਕਰਤ ਪੁਕਾਰ ਧਰਣਿ ਭਰਿ ਭਾਰਾ।  ਕਾਲ ਪੁਰਖ ਤਬ ਹੋਤ ਕ੍ਰਿਪਾਰਾ।  (ਬਿਸਨੁ ਅਵਤਾਰ 2) 

ਸਰਬ ਕਾਲ ਕਰੁਣਾ ਤਬ ਭਏ।  ਸੇਵਕ ਜਾਨਿ ਦਯਾ ਰਸ ਢਰੇ।  (ਬਚਿਤਰ ਨਾਟਕ 14/7) 

‘ਕਾਲ ਪੁਰਖ’ ਆਪ ਹੀ ਜਗਤ ਨੂੰ ਵਿਨਸ਼ਟ ਕਰਦਾ ਹੈ।  ਝਗੜੇ-ਯੁਧ ਆਦਿ ਉਸ ਨੇ ਜੀਵਾਂ ਨੂੰ ਮਾਰਨ ਦਾ ਇਕ ਸਾਧਨ ਮਾਤ੍ਰ ਬਣਾਏ ਹਨ।  ਭਾਵੇਂ ਉਹ ਸੰਤ-ਜਨਾਂ ਦਾ ਮਦਦਗਾਰ ਹੈ ਅਤੇ ਸੰਤਾਂ ਨੂੰ ਦੁਖ ਦੇਣ ਵਾਲਿਆਂ ਨੂੰ ਭਾਰੀ ਦੰਡ ਦੇਂਦਾ ਹੈ, ਫਿਰ ਵੀ ਯੁਧ ਵਿਚ ਦੋਹਾਂ ਪਾਸਿਆਂ ਦੇ ਮਾਰੇ ਜਾਣ ਵਾਲੇ ਸੂਰਬੀਰ ਵਾਸਤਵ ਵਿਚ ਉਸੇ ਦੇ ਹੁਕਮ ਅਨੁਸਾਰ ਮਾਰੇ ਜਾਂਦੇ ਹਨ, ਉਨ੍ਹਾਂ ਦੀ ਹੱਤਿਆ ਦਾ ਦੋਸ਼ ਭਾਵੇਂ ਕਿਸੇ ਹੋਰ ਦੇ ਸਿਰ ਹੋਵੇ।  ਉਹ ਜਗਤ ਦੇ ਤਮਾਸ਼ੇ ਨੂੰ ਵੇਖਦਾ ਹੈ ਅਤੇ ਫਿਰ ਤਮਾਸ਼ੇ ਨੂੰ ਸਮੇਟਣ ਵਾਸਤੇ ਸਭ ਦਾ ਨਾਸ਼ ਕਰਦਾ ਹੈ।  ਦੈਵੀ ਪੁਰਖਾਂ ਦਾ ਸੰਸਾਰ ਵਿਚ ਅਵਤ੍ਰਣ ਅਤੇ ਉਨ੍ਹਾਂ ਵਲੋਂ ਅਸੁਰਾਂ ਦਾ ਵਿਨਾਸ਼ ਇਸ ਕਾਰਨ ਕੀਤਾ ਜਾਂਦਾ ਹੈ ਤਾਂ ਕਿ ਉਸ ਦੇ ਕਰੁਣਾਮਈ ਸੁਭਾਅ ਅਤੇ ਸਭ ਦੇ ਸਾਂਝਾ ਪਿਤਾ ਹੋਣ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ।  ਜੀਵਾਂ ਦੇ ਵਿਨਾਸ਼ ਦਾ ਕਾਰਨ ਤਾਂ ਉਹ ਆਪ ਹੈ, ਪਰ ਉਸ ਨੇ ਮੌਤ ਦੇ ਅਜਿਹੇ ਢੰਗ ਬਣਾਏ ਹਨ ਕਿ ਹੱਤਿਆ ਦਾ ਦੋਸ਼ ਉਸ ਉਤੇ ਆਰੋਪਿਤ ਨਹੀਂ ਹੋ ਸਕਦਾ-

ਕਾਲ ਨ ਕੋਊ ਕਰਤ ਸੁਮਾਰਾ।  ਬੈਰ ਬਾਦ ਅਹੰਕਾਰ ਪਸਾਰਾ।  (ਬਚਿਤ੍ਰ ਨਾਟਕ 2/36) 

ਕਾਲ ਪੁਰਖ ਤਬ ਹੋਤ ਸਹਾਈ।  ਦੁਹੂੰਅਨਿ ਹਨਤ ਕ੍ਰੋਧ ਉਪਜਾਈ।  (ਬਿਸਨੁ ਅਵਤਾਰ 6) 

ਉਠੇ ਬੀਰ ਜੇਤੇ ਤਿਤੇ ਕਾਲ ਕੂਟੇ।  ਪਰੇ ਚਰਮ ਬਰਮੰ ਕਹੂੰ ਗਾਤ ਟੂਟੇ।  (ਚੰਡੀ ਚਰਿਤ੍ਰ 2/88) 

ਅੰਤਿ ਕਰਤ ਸਭ ਜਗ ਕੋ ਕਾਲਾ।  ਨਾਮੁ ਕਾਲ ਤਾਂ ਤੇ ਜਗ ਡਾਲਾ।  (ਚੌਬੀਸ ਅਵਤਾਰ 9) 

ਕਾਲ ਸਬਨ ਕੋ ਪੇਖਿ ਤਮਾਸਾ।  ਅੰਤਹ ਕਾਲ ਕਰਤ ਹੈ ਨਾਸਾ।  (ਚੌਬੀਸ ਅਵਤਾਰ 2) 

ਕਾਲ ਸਭਨ ਕਾ ਕਰਤ ਪਸਾਰਾ।  ਅੰਤ ਕਾਲਿ ਸੋਈ ਖਾਪਨਿਹਾਰਾ

ਆਪਨ ਰੂਪ ਅਨੰਤਨ ਧਰਹੀ।  ਆਪਹਿ ਮੱਧਿ ਲੀਨ ਪੁਨਿ ਕਰਹੀ

ਇਨ ਮਹਿ ਸ੍ਰਿਸਟੀ ਸੁ ਦਸ ਅਵਤਾਰਾ।  ਜਿਨ ਮਹਿ ਰਮਿਆ ਰਾਮੁ ਹਮਾਰਾ।…

ਆਪ ਰਚੇ ਆਪੇ ਕਲ ਘਾਏ।  ਅਵਰਨ ਕੈ ਦੈ ਮੂੰਡਿ ਹਤਾਏ

ਆਪ ਨਿਰਾਲਮ ਰਹਾ ਨ ਪਾਯਾ।  ਤਾਂ ਤੇ ਨਾਮ ਬਿਅੰਤ ਕਹਾਯਾ।…

ਸਭ ਹੀ ਛਲਤ ਨ ਆਪ ਛਲਾਯਾ।  ਤਾਂ ਤੇ ਛਲੀਆ ਆਪ ਕਹਾਯਾ।  (ਚੌਬੀਸ ਅਵਤਾਰ 3-8)

ਰਚਨਾ ਨੂੰ ਮਿਟਾਣਾ ਅਤੇ ਬਣਾਉਣਾ ਉਸ ਦਾ ਨਿੱਤ-ਕਰਮ ਹੈ।  ‘ਕਾਲ ਪੁਰਖ’ ਸਾਰੇ ਅਵਤਾਰਾਂ, ਪੈਗ਼ੰਬਰਾਂ ਅਤੇ ਪੀਰਾਂ ਫ਼ਕੀਰਾਂ ਦਾ ਨਾਸ਼ ਕਰਤਾ ਹੈ-

ਕਈ ਮੇਟਿ ਡਾਰੇ ਉਸਾਰੇ ਬਨਾਏ।  ਉਪਾਰੇ ਗੜੇ ਫੇਰਿ ਮੇਟੇ ਉਪਾਏ

ਕ੍ਰਿਆ ਕਾਲ ਜੂ ਕੀ ਕਿਨੂ ਨ ਪਛਾਨੀ।  ਘਨਿਯੋ ਪੈ ਬਿਹੈ ਘਨਿਯੋ ਪੈ ਬਿਹਾਨੀ

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ।  ਕਿਤੇ ਰਾਮ ਸੇ ਮੇਟਿ ਡਾਰੇ ਉਪਾਏ

ਮਹਾਦੀਨ ਕੇਤੇ ਪ੍ਰਿਥੀ ਮਾਝਿ ਹੂਏ।  ਸਮੈ ਆਪਨੀ ਆਪਨੀ ਅੰਤਿ ਮੂਏ

ਜਿਤੇ ਅਉਲੀਆ ਅੰਬੀਆ ਹੋਇ ਬੀਤੇ।  ਤਿਤ੍‍ਯੋ ਕਾਲ ਜੀਤਾ ਨ ਤੇ ਕਾਲ ਜੀਤੇ

ਜਿਤੇ ਰਾਮ ਸੇ ਕਿਸਨ ਹੁਇ ਬਿਸਨੁ ਆਏ।  ਤਿਤ੍‍ਯੋ ਕਾਲ ਖਾਪਿਓ ਨ ਤੇ ਕਾਲ ਘਾਏ।  (ਬਚਿਤ੍ਰ ਨਾਟਕ 1/26-28)

ਦਸਮ ਗ੍ਰੰਥ ਦੇ ‘ਕਾਲ ਪੁਰਖ’ ਸੰਬੰਧੀ ਇਹ ਜਾਣ ਲੈਣਾ ਵੀ ਬਹੁਤ ਲਾਭਕਾਰੀ ਹੈ ਕਿ ਜਿਥੇ ਤਾਂਤ੍ਰਿਕ ਮੱਤਾਂ ਵਿਚ ‘ਮਹਾਕਾਲ’ ਪਰਮੇਸ਼ਰ ਦਾ ਸਰਵੋਤਮ ਰੂਪ ਹੈ, ਉਥੇ ਦਸਮ ਗ੍ਰੰਥ ਵਿਚ ‘ਮਹਾਕਾਲ’ ‘ਕਾਲ ਪੁਰਖ’ ਦਾ ਮਾਇਆ-ਲਿਪਤ ਤੁਛ ਰੂਪ ਹੈ।  ਅਸਲ ਵਿਚ ਇਹ ਵਿਵਸਥਾ ਅਤਿ ਯੁਕਤੀ ਸੰਗਤ ਹੈ।  ‘ਕਾਲ’ ਸ਼ਬਦ ਦਾ ਸੰਬੰਧ ਕਾਲੇ ਰੰਗ ਜਾਂ ਕਾਲਿਖ ਨਾਲ ਹੈ।  ਇਸ ਦਾ ਭਾਵ ਹੈ ਕਿ ‘ਕਾਲ ਪੁਰਖ’ ਸਰਗੁਣ ਪ੍ਰਕ੍ਰਿਤੀ ਵਿਚ ਲਿਪਤ ਪਰਮੇਸ਼ਰ ਹੈ।  ਉਸ ਦਾ ਇਹ ਰੂਪ ਪਰਮ ਸ਼ੁਧਤਾ ਵਾਲਾ ਨਹੀਂ ਹੈ।  ਅਕਾਲ ਰੂਪ ਕੇਂਦਰੀ, ਪ੍ਰਧਾਨ, ਸ਼੍ਰੇਸ਼ਠ ਅਤੇ ਮਾਇਆ ਦੀ ਉਪਾਧੀ ਰਹਿਤ ਹੈ, ਜਦੋਂ ਕਿ ਕਾਲ ਰੂਪ ਮਾਇਆ-ਲਿਪਤ ਹੈ।  ਜਦੋਂ ਉਹ ਮਾਇਆ ਵਿਚ ਬਹੁਤ ਲਿਪਤ ਹੋ ਕੇ ਸੰਸਾਰ ਦੇ ਹਰ ਕਾਲਿਖਮਈ ਕਰਮ ਨੂੰ ਵੀ ਗ੍ਰਹਿਣ ਕਰ ਲੈਂਦਾ ਹੈ, ਤਾਂ ਉਹ ਮਹਾਕਾਲ ਹੋ ਜਾਂਦਾ ਹੈ।  ਮਹਾਕਾਲ ਦਾ ਭਾਵ ਹੈ ਮਾਇਆ ਦੀ ਕਾਲਿਖ ਵਿਚ ਪੂਰੀ ਤਰ੍ਹਾਂ ਲਿਪਤ ਪਰਮੇਸ਼ਰ।  ਦੈਵੀ-ਸੱਤਾ ਦਾ ਇਹ ਰੂਪ ਸਰਬੋਤਮ ਨਹੀਂ, ਬਲਕਿ ਸਭ ਤੋਂ ਤੁਛ ਰੂਪ ਹੈ।  ਇਸੇ ਕਾਰਨ ਦਸਮ ਗ੍ਰੰਥ ਵਿਚ ਮਹਾਕਾਲ ਦੇ ਸੀਮਿਤ ਉਲੇਖ ਸਮੇਂ ਉਸ ਨਾਲ ਕੁਝ ਅਜਿਹੇ ਕਰਮ ਸੰਬੰਧਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਇਸ ਗ੍ਰੰਥ ਦਾ ਵਿਰੋਧ ਕਰਨ ਵਾਲੇ ਵਿਦਵਾਨ ਅਨੁਚਿਤ ਮੰਨਦੇ ਹਨ।

ਦਸਮ ਗ੍ਰੰਥ ਦਾ ਵਿਰੋਧੀ ਪੱਖ ‘ਕਾਲ ਪੁਰਖ’ ਅਤੇ ‘ਮਹਾਕਾਲ’ ਨੂੰ ਤਾਂਤ੍ਰਿਕ ਮੱਤਾਂ ਦਾ ਇਸ਼ਟ ਦਰਸਾ ਕੇ ਦਸਮ ਗ੍ਰੰਥ ਦੇ ਕਰਤ੍ਰਿਤ੍ਵ ਨੂੰ ਸੰਦਿਗਧ ਮੰਨਦਾ ਹੈ।  ਇਸ ਆਧਾਰ ਤੇ ਇਹ ਪੱਖ ‘ਜਾਪੁ’ ਅਤੇ ‘ਅਕਾਲ ਉਸਤਤਿ’ ਜਿਹੀਆਂ ਕੁਝ ਬਾਣੀਆਂ ਤੋਂ ਇਲਾਵਾ ਹੋਰ ਸਾਰੀਆਂ ਬਾਣੀਆਂ ਨੂੰ ਸ਼ਾਕਤ-ਪੰਥੀ ਕਵੀਆਂ ਦੀਆਂ ਰਚਨਾਵਾਂ ਮੰਨਦਾ ਹੈ।  ਬਹੁ ਪ੍ਰਚਲਿਤ ‘ਬਚਿਤ੍ਰ ਨਾਟਕ’ ਰਚਨਾ ਦਾ ‘ਕਾਲ ਪੁਰਖ’ ਵੀ ਉਨ੍ਹਾਂ ਦੇ ਵਿਵੇਕ ਨੂੰ ਪ੍ਰਵਾਨ ਨਹੀਂ ਹੈ।  ਮੇਰਾ ਮੱਤ ਹੈ ਕਿ ਇਹ ਵਿਚਾਰ ਭ੍ਰਾਂਤੀ-ਯੁਕਤ ਹੈ।  ਦਸਮ ਗ੍ਰੰਥ ਦਾ ਉਚਿਤ ਬੌਧਿਕ ਵਿਵੇਚਨ ਇਸ ਨਿਸ਼ਚਿਤ ਨਤੀਜੇ ਤੇ ਪਹੁੰਚਾ ਦੇਂਦਾ ਹੈ, ਕਿ ਇਸ ਦੀਆਂ ਸਾਰੀਆਂ ਰਚਨਾਵਾਂ ਦਾ ਕਰਤਾ ਇਕੋ ਹੈ।  ਅਸਲ ਵਿਚ ‘ਜਾਪੁ’ ਸਾਹਿਬ ਦਾ ‘ਅਨਾਮ’ ਪਰਮੇਸ਼ਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮਧਾਰੀ ਪਰਮੇਸ਼ਰ ਨਾਲੋਂ ਕੁਝ ਵਿਲੱਖਣ ਸੁਭਾਅ ਰਖਦਾ ਹੈ।  ਮਸਲਨ ਗੁਰੂ ਗ੍ਰੰਥ ਸਾਹਿਬ ਵਿਚ ‘ਅਨਾਮ’ ਸ਼ਬਦ ਦੀ ਵਰਤੋਂ ਹੀ ਨਹੀਂ ਮਿਲਦੀ, ਜਦੋਂ ਕਿ ਜਾਪੁ’ ਸਾਹਿਬ ਵਿਚ ‘ਅਨਾਮ’ ਸ਼ਬਦ ਦੀ ਦਸ ਵਾਰ ਵਰਤੋਂ ਕੀਤੀ ਗਈ ਹੈ।  ਗੁਰੂ ਗ੍ਰੰਥ ਸਾਹਿਬ ਵਿਚ ‘ਕਾਲ’ ਸ਼ਬਦ ਇਕ ਵਾਰੀ ਵੀ ਪਰਮੇਸ਼ਰ ਵਾਸਤੇ ਨਹੀਂ ਆਇਆ, ਕੇਵਲ ਮੌਤ, ਯਮ ਜਾਂ ਸਮੇਂ ਲਈ ਹੀ ਵਰਤਿਆ ਗਿਆ ਹੈ, ਜਦੋਂ ਕਿ ‘ਜਾਪੁ’ ਬਾਣੀ ਵਿਚ ਪਰਮੇਸ਼ਰ ਦਾ ‘ਕਾਲ’ ਸਰੂਪ ਬਹੁਤ ਪ੍ਰਚੰਡ ਰੂਪ ਵਿਚ ਸਾਹਮਣੇ ਆਉਂਦਾ ਹੈ।  ਵਾਸਤਵ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘ਅਕਾਲ ਪੁਰਖ’ ਨੂੰ ਅਤਿ ਵਿਵੇਕ ਸਹਿਤ ਅਤੇ ਸਹਿਜ ਨਾਲ ‘ਕਾਲ ਰੂਪ’ ਵਿਚ ਪਰਿਵਰਤਿਤ ਕੀਤਾ ਹੈ।  ‘ਜਾਪੁ’ ਬਾਣੀ ਵਿਚ ਉਹ ‘ਅਕਾਲ ਪੁਰਖ’ ਨੂੰ ਬਹੁਤ ਸੂਖਮ ਤਰੀਕੇ ਨਾਲ ਅੰਧੇਰਿਆਂ ਦਾ ਮਾਲਿਕ ਅਤੇ ਕ੍ਰੂਰ ਕਰਮਾਂ ਦਾ ਉਤਪਾਦਕ ਦਰਸਾ ਕੇ ‘ਕਾਲ’ ਪਰਮੇਸ਼ਰ ਦੀਆਂ ਰੁਚੀਆਂ ਵਲ ਮੋੜ ਦੇਂਦੇ ਹਨ।  ਅਗਲੀ ਬਾਣੀ ‘ਅਕਾਲ ਉਸਤਤਿ’ ਵਿਚ ਪਰਮੇਸ਼ਰ ਦਾ ਰੂਪ ਹੋਰ ਸਥੂਲ ਹੋ ਜਾਂਦਾ ਹੈ ਅਤੇ ਮਹਾਕਾਲ ਦੇ ਬਹੁਤੇ ਲੱਛਣ ਇਸ ਬਾਣੀ ਵਿਚ ਪ੍ਰਗਟ ਹੋ ਜਾਂਦੇ ਹਨ।  ਕਿਉਂਕਿ ਉਨ੍ਹਾਂ ਦੁਆਰਾ ਸੰਪਾਦਿਤ ਸਿਖ ਧਰਮ ਰੱਬ ਦੇ ਕਾਲ-ਅਕਾਲ ਦੋਹਾਂ ਸਰੂਪਾਂ ਦਾ ਵਿਸ਼ਵਾਸੀ ਹੈ, ਇਸ ਕਾਰਨ ‘ਅਕਾਲ ਉਸਤਤਿ‘ ਤੋਂ ਬਾਅਦ ਆਈ ਬਾਣੀ ‘ਬਚਿਤ੍ਰ ਨਾਟਕ’ ਦਾ ਆਰੰਭ ਉਨ੍ਹਾਂ ਨੇ ਇਸ ਦੇ ਸਭ ਤੋਂ ਲੰਬੇ ਅਧਿਆਇ ‘ਸ੍ਰੀ ਕਾਲ ਜੀ ਕੀ ਉਸਤਤਿ’ ਤੋਂ ਕੀਤਾ ਹੈ।  ਇਕ ਵਿਚਿਤ੍ਰ ਗੱਲ ਧਿਆਨ ਨਾਲ ਸਮਝਣ ਵਾਲੀ ਹੈ ਕਿ ‘ਅਕਾਲ ਉਸਤਤਿ’ ਦਾ ਪਰਮੇਸ਼ਰ ‘ਕਾਲ ਪੁਰਖ’ ਦੀਆਂ ਬਹੁਤ ਸਾਰੀਆਂ ਸਥੂਲ ਵਿਸ਼ੇਸ਼ਤਾਵਾਂ ਨਾਲ ਸੁਸੱਜਿਤ ਕੀਤਾ ਗਿਆ ਹੈ ਅਤੇ ‘ਬਚਿਤ੍ਰ ਨਾਟਕ’ ਦਾ ‘ਕਾਲ ਪੁਰਖ’ ਨਿਰਗੁਣ ਅਕਾਲ ਦੇ ਗੁਣਾਂ ਨਾਲ ਚੰਗੀ ਤਰ੍ਹਾਂ ਸੰਬੰਧਿਤ ਕੀਤਾ ਗਿਆ ਹੈ।  ਉਨ੍ਹਾਂ ਦੇ ਇਨ੍ਹਾਂ ਜ਼ਾਹਿਰਾ ਤੌਰ ‘ਤੇ  ਉਚੇਚੇ ਪ੍ਰਤੀਤ ਹੁੰਦੇ ਯਤਨਾਂ ਦਾ ਮੂਲ ਕਾਰਨ ਇਹ ਸੀ ਕਿ ਉਨ੍ਹਾਂ ਨੇ ਅਜਿਹਾ ਪ੍ਰਬੰਧ ਕੀਤਾ ਕਿ ਪਰਮੇਸ਼ਰ ਦੇ ਦੋਹਾਂ ਸਰੂਪਾਂ ਵਿਚ ਭਿੰਨਤਾ ਨਜ਼ਰ ਨਾ ਆਵੇ ਅਤੇ ਦੋਹਾਂ ਸਰੂਪਾਂ ਨੂੰ ਇਕੋ ਹੋਂਦ-ਹਸਤੀ ਵਿਚ ਵਿਲੀਨ ਕੀਤਾ ਜਾ ਸਕੇ।  ਇਸ ਵਿਚਾਰ ਨੂੰ ਪ੍ਰਮਾਣਿਤ ਕਰਨ ਵਾਸਤੇ ਇਨ੍ਹਾਂ ਬਾਣੀਆਂ ਦੇ ਆਧਾਰ ਤੇ ‘ਕਾਲ ਪੁਰਖ’ ਦੀ ਸੰਖਿਪਿਤ ਵਿਆਖਿਆ ਕਰਨੀ ਲਾਭਦਾਇਕ ਰਹੇਗੀ।

‘ਬਚਿਤ੍ਰ ਨਾਟਕ’ ਵਿਚ ‘ਕਾਲ ਪੁਰਖ’ ਦਾ ਸਰੂਪ ਇਸ ਤਰ੍ਹਾਂ ਦਸਿਆ ਹੈ- ਉਹ ਸਦੀਵੀ ਜੋਤਿ ਵਾਲਾ, ਅਜਨਮਾ, ਸ਼ਿਵ ਦਾ ਸਵਾਮੀ, ਮਹਾਨ ਸ਼ਾਸਕ, ਨਿਰਾਕਾਰ, ਨਿੱਤ, ਅਰੂਪ, ਤ੍ਰਿਸ਼ਨਾ-ਮੁਕਤ, ਸ਼ਕਤੀ-ਮੂਲ, ਖੜਗਧਾਰੀ, ਨਿਰਵਿਕਾਰ, ਨਿਰਲੇਪ, ਰੰਗ-ਰਹਿਤ, ਰਾਗ-ਰਹਿਤ, ਅਪਾਰ, ਅਭੇਖ, ਅਨਾਮ, ਅਠਾਮ, ਪਰਮ-ਜੋਤਿ, ਦ੍ਵੇਸ਼-ਮੁਕਤ, ਭੇਖ-ਰਹਿਤ, ਮਹਾ ਜੋਗੀ, ਪਰਮ ਪਵਿੱਤਰ, ਅਜੈ, ਅਭੈ, ਪ੍ਰਬਲ ਇਛਾ-ਸ਼ਕਤੀ ਵਾਲਾ, ਅਲੇਖ, ਅਨੀਲ, ਅਨਾਦਿ, ਅਪਰੰਪਰ, ਵਿਵਾਦ-ਰਹਿਤ, ਸਭ ਦਾ ਆਦਿ, ਅਨੰਤ, ਮਹਾਨ, ਛਲ-ਰਹਿਤ, ਮੋਹ-ਰਹਿਤ, ਕਾਮ-ਰਹਿਤ, ਕ੍ਰੋਧ-ਰਹਿਤ, ਅਦ੍ਰਿਸ਼, ਪੁਨੀਤ, ਪੁਰਾਤਨ, ਸਰਬ ਕਾਲੀ, ਸਦਾ ਨਵੀਨ, ਪਰਮ ਸਹਾਇਕ, ਨਿਪੁੰਨ, ਦੇਵਾਨ-ਦੇਵ, ਰਾਜਾਨ-ਰਾਜ, ਆਧਾਰ-ਰਹਿਤ, ਤਿੰਨਾਂ ਗੁਣਾਂ ਵਿਚ ਵਿਆਪਕ, ਨਰ-ਨਾਰੀ ਵਿਚ ਵਿਦਮਾਨ, ਦੇਵ ਅਤੇ ਦੈਤ ਵਿਚ ਇਕਸਮਾਨ ਵਿਦਮਾਨ, ਅਨੇਕ ਰੂਪਧਾਰੀ, ਮਾਤਾ ਪਿਤਾ ਪੁਤਰ ਪੋਤਰੇ ਮਿਤਰਾਂ ਅਤੇ ਸਨਬੰਧੀਆਂ ਦੇ ਮੋਹ ਤੋਂ ਨਿਰਲੇਪ, ਅਭੇਦ, ਅਛੇਦ, ਮਹਾਨਾਥ, ਨਾ ਬੁਢਾ, ਨਾ ਜਵਾਨ, ਨਾ ਬੱਚਾ, ਨਾ ਰੰਕ, ਨਾ ਰਾਜਾ ਹੈ।  ਇਸੇ ‘ਕਾਲ ਪੁਰਖ’ ਦਾ ਇਕ ਯੁਧਮਈ ਸਰੂਪ ਵੀ ਹੈ।  ਇਸ ਸਰੂਪ ਵਿਚ ਉਹ ਮੰਤ੍ਰਾਂ ਵਿਚ ਮਹਾ-ਮੰਤ੍ਰ, ਕਾਲਾਂ ਦਾ ਮਹਾਕਾਲ, ਧਨੁਖਧਾਰੀ, ਭਿਆਨਕ ਤਲਵਾਰ ਨਾਲ ਸੁਸਜਿਤ, ਮਹਾ ਤੇਜੱਸਵੀ, ਮਹਾਦਾੜ੍ਹ, ਹਜ਼ਾਰਾਂ ਨੂੰ ਚਬਣ (ਭਾਵ ਨਸ਼ਟ ਕਰਨ) ਵਾਲਾ ਹੈ।  ਧਰਮ-ਵਿਰੋਧੀ ਸ਼ਕਤੀਆਂ ਨੂੰ ਚੇਤਾਵਨੀ ਦੇਣ ਅਤੇ ਧਾਰਮਿਕ ਸ਼ਕਤੀਆਂ ਨੂੰ ਅਧਰਮੀਆਂ ਵਿਰੁਧ ਸੰਘਰਸ਼ ਦੀ ਪ੍ਰੇਰਨਾ ਦੇਣ ਵਾਸਤੇ ਉਸ ਦਾ ਡਮਰੂ ਡਮ-ਡਮ ਵਜਦਾ ਹੈ।  ਉਸ ਦੇ ਸਿਰ ਤੇ ਕਾਲੇ ਅਤੇ ਚਿੱਟੇ ਰੰਗ ਦਾ ਛਤਰ ਹੈ।  ਇਹ ਕਾਲਾ ਅਤੇ ਚਿੱਟਾ ਰੰਗ ਤਾਂਤ੍ਰਿਕ ਪੰਥਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ, ਸਗੋਂ ਹਿੰਸਾ ਅਤੇ ਅਹਿੰਸਾ ਦੇ ਸੁਮੇਲ ਨੂੰ ਦਰਸਾਉਂਦਾ ਹੈ।  ਇਸੇ ਦਾ ਪ੍ਰਤੀਪਾਦਨ ਜਦੋਂ ਕਿਸੇ ਸਿਖ ਦੇ ਸਫ਼ੈਦ ਵਸਤ੍ਰਾਂ ਅਤੇ ਕਾਲੀ ਦਸਤਾਰ ਵਿਚ ਹੁੰਦਾ ਹੈ, ਤਾਂ ਲੋਕ ਸਤਿਕਾਰ ਨਾਲ ਉਸ ਨੂੰ ਸੰਤ-ਸਿਪਾਹੀ ਰੂਪ ਅਕਾਲੀ ਸਿਖ ਹੋਣ ਦਾ ਗੌਰਵ ਦੇਂਦੇ ਹਨ।  ਯੁਧ ਵਿਚ ਮਹਾਕਾਲ ਹਾ-ਹਾ ਹੂ-ਹੂ ਕਰ ਕੇ ਹੱਸਦਾ ਹੈ।  ਮਹਾਕਾਲ ਦਾ ਇਹ ਹਾਸਾ ਅਸਲ ਵਿਚ ਧਰਮ ਯੁਧ ਨੂੰ ਚਾਅ-ਸਹਿਤ ਵੇਖਣ ਦੀ ਪ੍ਰੇਰਨਾ ਹੈ।  ਸੂਰਬੀਰ ਲੋਕ ਧਰਮ-ਯੁਧ ਨੂੰ ਆਨੰਦਦਾਇਕ ਮੰਨਦੇ ਹਨ ਅਤੇ ਯੁਧ ਸਮੇਂ ਵੀ ਕ੍ਰੋਧ ਤੋਂ ਆਪਣੇ ਚਿਤ ਨੂੰ ਨਿਰਲੇਪ ਰਖਦੇ ਹਨ।  ਮਹਾਕਾਲ ਦੇ ਅਸਤ੍ਰ ਚਮਕਦੇ ਹਨ।  ਉਚੀ ਆਵਾਜ਼ ਵਿਚ ਉਸ ਦੇ ਸੰਖ ਵਜ ਰਹੇ ਹਨ।  ਜ਼ੋਰਦਾਰ ਘੰਟੇ ਵਜਦੇ ਹਨ।  ਉਹ ਮਹਾਨਾਦ ਕਰਦਾ ਹੈ।  ਉਸ ਦੇ ਸਿਰ ਤੇ ਮਾਲਾ ਹੈ।  ਉਹ ਸੁੰਦਰ ਅਤੇ ਪਵਿੱਤਰ ਰੂਪ ਵਾਲਾ ਹੈ।  ਉਸ ਦੀ ਗਰਜ ਮਹਾਨ ਹੈ।  ਉਸ ਨੇ ਤਿੰਨ ਖਾਣੀਆਂ, ਦਸ ਦਿਸ਼ਾਵਾਂ, ਚਾਰ ਵੇਦ, ਪੁਰਾਣ ਅਤੇ ਕੁਰਾਨ, ਦਿਨ ਅਤੇ ਰਾਤ, ਸੂਰਜ ਅਤੇ ਚੰਦ੍ਰਮਾ, ਦੇਵਤੇ ਅਤੇ ਦੈਤ, ਰਾਮ ਅਤੇ ਕ੍ਰਿਸ਼ਨ ਸਿਰਜੇ ਹਨ।  ਉਹੋ ਸਭ ਨੂੰ ਨਸ਼ਟ ਕਰਦਾ ਹੈ।  ‘ਕਾਲ’ ਦੇ ਇਸ ਚਿਤ੍ਰਣ ਰਾਹੀਂ ਗੁਰੂ ਜੀ ਨੇ ਧਾਰਮਿਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਪੂਰਨ ਦੈਵੀ ਸੁਰਖਿਆ ਦਾ ਭਰੋਸਾ ਦਿਵਾਇਆ ਹੈ, ਜਦੋਂ ਕਿ ਅਧਾਰਮਿਕ ਲੋਕਾਂ ਨੂੰ ਪਰਮੇਸ਼ਰ ਦੇ ਕੋਪ ਤੋਂ ਉਪਜਣ ਵਾਲੇ ਮਹਾ-ਵਿਨਾਸ਼ ਦੀ ਚੇਤਾਵਨੀ ਦਿੱਤੀ ਹੈ।  ਉਨ੍ਹਾਂ ਦਾ ਇਹ ਬਚਨ ਸਥਿਤੀ ਨੂੰ ਸਪਸ਼ਟ ਕਰਨ ਲਈ ਸਹਾਇਕ ਹੈ-

ਸਰਬ ਕਾਲ ਸਭ ਸਾਧ ਉਬਾਰੇ।  ਦੁਖ ਦੈ ਕੈ ਦੋਖੀ ਸਭ ਮਾਰੇ।  (ਬਚਿਤਰ ਨਾਟਕ 14/1) 

‘ਬਚਿਤ੍ਰ ਨਾਟਕ’ ਵਿਚ ਆਇਆ ‘ਮਹਾਕਾਲ’ ਦਾ ਉਪਰੋਕਤ ਸਰੂਪ ‘ਦਸਮ ਗ੍ਰੰਥ’ ਦੇ ਵਿਰੋਧੀਆਂ ਨੂੰ ਪ੍ਰਵਾਨ ਨਹੀਂ ਹੈ।  ਅਸਲ ਵਿਚ ਪਰਮੇਸ਼ਰ ਦਾ ਇਹ ਸਰੂਪ ‘ਜਾਪੁ’ ਬਾਣੀ ਵਿਚ ਕੁਝ ਸੂਖਮ ਰੂਪ ਵਿਚ ਅਤੇ ‘ਅਕਾਲ ਉਸਤਤਿ’ ਵਿਚ ਪੂਰੀ ਸਥੂਲਤਾ ਸਹਿਤ ਵਿਦਮਾਨ ਹੈ।  ਇਨ੍ਹਾਂ ਸਰਬ-ਸੰਮਤ ਬਾਣੀਆਂ ਵਿਚੋਂ ‘ਕਾਲ ਪੁਰਖ’ ਦੀ ਸੰਖਿਪਿਤ ਸਮੀਖਿਆ ਕਰਨ ਤੋਂ ਇਹ ਗਲ ਬਹੁਤ ਸਪਸ਼ਟ ਹੋ ਜਾਵੇਗੀ।

1. ਜਾਪ ਸਾਹਿਬ ਵਿਚ ਵਰਣਿਤ ਪਰਮੇਸ਼ਰ ‘ਕਾਲ ਪੁਰਖ’ ਹੀ ਹੈ।  ਇਸੇ ਕਾਰਨ ਉਸ ਨੂੰ ਵਾਰ-ਵਾਰ ਪਰਮ ਕਾਲ, ਸਰਬ ਕਾਲ, ਕਾਲਾਨ ਕਾਲ, ਕਾਲ ਕਾਲੇ ਆਦਿ ਕਿਹਾ ਗਿਆ ਹੈ।  ਕਾਲਾਨ ਕਾਲ ਨੂੰ ਹੀ ਮਹਾਕਾਲ ਕਿਹਾ ਗਿਆ ਹੈ।  ਦੋਹਾਂ ਵਿਚ ਅੰਤਰ ਨਹੀਂ ਕੀਤਾ ਜਾ ਸਕਦਾ।

2. ਜਾਪੁ ਸਾਹਿਬ ਦਾ ਪਰਮੇਸ਼ਰ ਮਹਾਕਾਲ ਵਾਂਗ ਪ੍ਰਲੈਅਕਾਰੀ ਹੈ।  ਉਸ ਨੂੰ ਸਰਬ ਸੋਖੰ, ਸਰਬ ਖਾਪੇ, ਸਰਬ ਘਾਲਕ, ਸਰਬ ਕੋ ਪੁਨਿ ਕਾਲ, ਦੁਸ਼ਟ ਭੰਜਨ, ਸਰਬ ਭੰਜਨ, ਸਰਬੰ ਕਲੀ, ਸਰਬੰ ਦਲੀ, ਸਰਬਤ੍ਰ ਹੰਤਾ, ਸਰਬੰ ਹਰਤਾ, ਸਰਬ ਨਾਸਿਯ, ਹਰਤਾ ਹਰਿ, ਸਮਸਤੁਲ ਪ੍ਰਣਾਸੇ ਕਿਹਾ ਗਿਆ ਹੈ।

3. ਉਹ ਮਹਾਕਾਲ ਵੈਰੀਆਂ ਅਤੇ ਪਾਪੀਆਂ ਨੂੰ ਨਸ਼ਟ ਕਰਨ ਵਾਲਾ ਹੈ।  ਉਸ ਨੂੰ ਗਨੀਮੁਲ ਸ਼ਿਕਸਤੈ, ਹਰੀਫੁਲ ਸ਼ਿਕੰਨ,  ਕਲੰਕੰ ਪ੍ਰਣਾਸ, ਖਲਖੰਡ ਖਿਆਲ, ਅਰਿ ਘਾਲਯ, ਖਲ ਖੰਡਨ, ਖਲ ਘਾਇਕ, ਅਰਿ ਗੰਜਨ, ਰਿਪੁ ਤਾਪਨ, ਕੁਕਰਮੰ ਪ੍ਰਣਾਸੀ, ਸਤ੍ਰੰ ਪ੍ਰਣਾਸੀ, ਗਜਾਇਬ ਗਨੀਮੇ, ਦੁਕਾਲੰ ਪ੍ਰਣਾਸੀ ਕਿਹਾ ਗਿਆ ਹੈ।

4. ਸੰਸਾਰ ਵਿਚ ਵਿਆਪਤ ਅਸ਼ਾਂਤੀ ਦਾ ਮੂਲ ਪਰਮੇਸ਼ਰ ਨੂੰ ਦਸਣ ਵਾਸਤੇ ਉਸ ਨੂੰ ‘ਕਲਿ ਕਾਰਣ’ ਅਤੇ ‘ਕਲਹ ਕਰਤਾ’ ਕਿਹਾ ਗਿਆ ਹੈ।  ‘ਵਾਰ ਦੁਰਗਾ ਕੀ’ ਦੀ ਦੂਜੀ ਪਉੜੀ ਵਿਚ ਆਇਆ ‘ਸਿਰਜੇ ਦਾਨੋਂ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ’ ਇਸੇ ਭਾਵਨਾ ਦੀ ਵਿਆਖਿਆ ਹੈ।

5. ‘ਦਸਮ ਗ੍ਰੰਥ’ ਦੇ ਵਿਰੋਧੀਆਂ ਨੂੰ ਅਸਤ੍ਰ-ਸ਼ਸਤ੍ਰਾਂ ਨਾਲ ਸੁਸਜਿਤ ਪਰਮੇਸ਼ਰ ਵਿਚੋਂ ਸ਼ਾਕਤਾਂ ਦੇ ਪਰਮ ਦੇਵ ਦੀ ਭਿਆਨਕ ਸੂਰਤ ਦਾ ਆਭਾਸ ਹੁੰਦਾ ਹੈ, ਪਰ ਗੁਰੂ ਜੀ ਦੀ ਸਰਬ-ਮਾਨਯ ‘ਜਾਪੁ’ ਬਾਣੀ ਵਿਚ ਉਸ ਦੇ ਸ਼ਸਤ੍ਰਧਾਰੀ ਰੂਪ ਨੂੰ ਨਮਸਕਾਰ ਕਰਦਿਆਂ ਕਿਹਾ ਹੈ- ਨਮੋ ਸਸਤ੍ਰ ਪਾਣੇ।  ਨਮੋ ਅਸਤ੍ਰ ਮਾਣੇ।

6. ‘ਦਸਮ ਗ੍ਰੰਥ’ ਦੇ ਵਿਰੋਧੀਆਂ ਨੂੰ ਇਸ ਵਿਚ ਆਏ ਜਗ ਮਾਤਾ, ਮਾਇ ਆਦਿ ਸ਼ਬਦਾਂ ਵਿਚੋਂ ਦੇਵੀ-ਪੂਜਾ ਦੀ ਗੰਧ ਆਉਂਦੀ ਹੈ, ਪਰ ਜਾਪੁ’ ਸਾਹਿਬ ਵਿਚ ਵੀ ਉਸ ਦੇ ਮਾਤ੍ਰੀ ਰੂਪ ਨੂੰ ਪ੍ਰਣਾਮ ਕਰਦਿਆਂ ‘ਨਮੋ ਲੋਕ ਮਾਤਾ’ ਕਿਹਾ ਗਿਆ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦੇ ਅਨੁਰੂਪ ਮੰਨਣ ਸੰਬੰਧੀ ਕੋਈ ਦੁਵਿਧਾ ਨਹੀਂ ਹੋ ਸਕਦੀ।  ਵਾਸਤਵ ਵਿਚ ‘ਅਕਾਲ ਪੁਰਖ’ ਦਾ ਕਾਲਿਕ ਸਰੂਪ ਪ੍ਰਕ੍ਰਿਤੀ ਹੈ।  ਪੁਰੁਸ਼ ਤਤ ਅਕਾਲ ਹੈ, ਜਦੋਂ ਕਿ ਪ੍ਰਕ੍ਰਿਤੀ ਕਾਲ-ਅਧੀਨ ਹੈ।  ਧਰਮ-ਸ਼ਾਸਤ੍ਰ ਦੇ ਗਿਆਤਾ ਇਹ ਵੀ ਜਾਣਦੇ ਹਨ ਕਿ ਤਾਂਤ੍ਰਿਕ ਸ਼ਾਸਤ੍ਰਾਂ ਵਿਚ ਵੀ ਦੇਵੀ, ਜਾਂ ਮਾਤ੍ਰੀ-ਸ਼ਕਤੀ       ਪ੍ਰਕ੍ਰਿਤੀ ਹੀ ਹੈ।  ਅਦ੍ਵੈਤਵਾਦੀ ਚਿੰਤਨ ਵਿਚ ਪ੍ਰਕ੍ਰਿਤੀ ਪੁਰੁਸ਼ ਤੋਂ ਭਿੰਨ ਅਸਤਿਤ੍ਵ ਵਾਲੀ ਨਹੀਂ ਮੰਨੀ ਜਾ ਸਕਦੀ।  ਸੋ ਕਾਲ-ਅਧੀਨ ਪ੍ਰਕ੍ਰਿਤੀ ਜੋ ਪੁਰੁਸ਼ ਦਾ ਹੀ ਦ੍ਰਿਸ਼ਟਮਾਨ ਸਰੂਪ ਹੈ, ਉਸ ਨੂੰ ਮਾਤਾ ਕਹਿਣਾ ਨਾ ਕੋਈ ਅਨਰਥ ਹੈ, ਨਾ ਗੁਰਮਤਿ-ਵਿਰੋਧੀ ਕਰਮ, ਕਿਉਂਕਿ ਇਹ ਸਰਗੁਣ ਪ੍ਰਕ੍ਰਿਤੀ ਮਾਤਾ ਵਾਂਗ ਜੀਵਨ ਨੂੰ ਆਧਾਰ ਦੇਂਦੀ ਹੈ।

7. ਵਿਰੋਧੀ ਪੱਖ ਨੂੰ ‘ਦਸਮ ਗ੍ਰੰਥ’ ਦਾ ‘ਕਾਲ ਪੁਰਖ’ ਪ੍ਰੇਤ-ਆਤਮਾਵਾਂ ਦਾ ਦੇਵ ਨਜ਼ਰ ਆਉਂਦਾ ਹੈ।  ‘ਜਾਪੁ’ ਸਾਹਿਬ ਵਿਚ ਵੀ ਸਰਬ-ਵਿਆਪਕ ਪ੍ਰਭੂ ਨੂੰ ਪ੍ਰੇਤ, ਅਪ੍ਰੇਤ ਆਦਿ ਦਾ ਦੇਵ ਕਹਿ ਕੇ ਨਮਸਕਾਰ ਕੀਤੀ ਹੈ- ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।

8. ‘ਜਾਪੁ’ ਸਾਹਿਬ ਦਾ ਪਰਮੇਸ਼ਰ ਜੰਤ੍ਰ, ਮੰਤ੍ਰ ਅਤੇ ਤੰਤ੍ਰ ਵਿਚ ਵੀ ਵਿਆਪਕ ਹੈ।  ਉਸ ਦੇ ਇਸ ਸਰੂਪ ਨੂੰ ਨਮਸਕਾਰ ਕੀਤੀ ਗਈ ਹੈ- ਨਮੋ ਜੰਤ੍ਰ ਜੰਤ੍ਰੰ।  ਨਮੋ ਤੰਤ੍ਰ ਤੰਤ੍ਰੰ।… ਨਮੋ ਸਰਬ ਜੰਤ੍ਰੰ।  ਨਮੋ ਸਰਬ ਮੰਤ੍ਰੰ।

9. ‘ਦਸਮ ਗ੍ਰੰਥ’ ਦੇ ਵਿਰੋਧੀ ਇਸ ਗ੍ਰੰਥ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਮਿਆਰਾਂ ਤੇ ਪਰਖਦੇ ਹਨ।  ਗੁਰੂ ਗ੍ਰੰਥ ਸਾਹਿਬ ਦਾ ਪਰਮੇਸ਼ਰ ਸਿਰਫ਼ ਦੈਵੀ-ਚੰਗਿਆਈਆਂ ਦਾ ਮੂਲ ਹੈ।  ਪਰ ਧਰਮ ਸ਼ਾਸਤ੍ਰ ਦਾ ਇਹ ਗੰਭੀਰ ਸੰਕਟ ਹੈ ਕਿ ਬੁਰਾਈ ਕਿਸ ਤੋਂ ਪ੍ਰਵਾਹਿਤ ਹੈ ? ਸਾਮੀ ਧਰਮਾਂ ਨੇ ਬੁਰਾਈ ਦਾ ਮੂਲ ‘ਸ਼ੈਤਾਨ’ ਨੂੰ ਮੰਨ ਲਿਆ ਹੈ।  ਸਿਖ ਚਿੰਤਨ ਅਨੁਸਾਰ ਕਰਨ-ਕਾਰਨ ਇਕੋ ਪ੍ਰਭੂ ਹੈ।  ਇਸ ਦਾ ਭਾਵ ਹੈ ਕਿ ਭਾਸਦੀ ਬੁਰਾਈ ਵੀ ਪਰਮ-ਸੱਤ ਤੋਂ ਹੀ ਪ੍ਰਵਾਹਿਤ ਹੈ।  ਗੁਰੂ ਗ੍ਰੰਥ ਸਾਹਿਬ ਦਾ ਕਰਮ-ਨਿਰਲੇਪ ਅਪਰੰਪਰ ਪਰਮੇਸ਼ਰ ‘ਨਮੋ ਜੀਵ ਜੀਵੇ’ ਵਾਲੀ ਕੁਦਰਤ-ਨੇੜਤਾ ਤੋਂ ਭਿੰਨ ਹੈ, ਇਸ ਕਾਰਨ ਉਹ ਬਦੀ ਤੋਂ ਨਿਰਲੇਪ ਹੈ।  ‘ਦਸਮ ਗ੍ਰੰਥ’ ਦਾ ਪਰਮੇਸ਼ਰ ਜੀਵਨ ਦੇ ਅਤਿ ਨਿਕਟ ਹੈ।  ਇਸ ਗ੍ਰੰਥ ਵਿਚ ਉਸ ਦੀ ਹਰ ਕਰਮ ਅੰਦਰ ਵਿਦਮਾਨਤਾ ਨੂੰ ਪ੍ਰਧਾਨ ਸੁਰ ਵਿਚ ਦਰਸਾਇਆ ਹੈ।  ਉਹ ਜੀਵਨ ਦੀ ਹਰ ਉਚਾਈ ਅਤੇ ਅਤਿਅੰਤ ਨਿਚਾਈ ਵਿਚ ਇਕ-ਸਮਾਨ ਲੀਨ ਹੋਇਆ ਹੈ।  ਉਸ ਦੀ ਹਰ ਕਰਮ ਵਿਚ ਲੀਨਤਾ ਵਿਰੋਧੀ ਧਿਰ ਨੂੰ ਪ੍ਰਵਾਣ ਨਹੀਂ ਹੈ।  ਇਸ ਧਿਰ ਦਾ ਦ੍ਵੈਤ ਅਤੇ ਦ੍ਵੇਸ਼-ਭਰਪੂਰ ਚਿੰਤਨ ‘ਦਸਮ ਗ੍ਰੰਥ’ ਦੀ ਅਦ੍ਵੈਤ ਨੂੰ ਸਮਝਣ ਦੇ ਬਿਲਕਲੁ ਅਸਮਰਥ ਹੈ।  ਇਸ ਕਾਰਨ ਕਰਮ ਦੀ ਥੋੜ੍ਹੀ ਜਿਤਨੀ ਨਿਚਾਈ ਵੀ ਉਨ੍ਹਾਂ ਨੂੰ ਪਰਮੇਸ਼ਰ ਤੋਂ ਸੁਤੰਤਰ ਨਜ਼ਰ ਆਉਂਦੀ ਹੈ।  ਦ੍ਵੈਤ-ਪ੍ਰਰਿਤ ਵਿਦਵਾਨਾਂ ਦਾ ਪਰਮੇਸ਼ਰ ਚਾਨਣ ਵਿਚ ਹੈ, ਅੰਧੇਰੇ ਵਿਚ ਨਹੀਂ।  ਨਾਮ ਵਿਚ ਹੈ, ਪਰ ਕਾਮ ਵਿਚ ਨਹੀਂ।  ਉਨ੍ਹਾਂ ਦੇ ਇਹ ਵਿਚਾਰ ਤਾਂ ਯੁਕਤੀ-ਸੰਗਤ ਹੋ ਸਕਦੇ ਹਨ, ਜੇ ਉਹ ਸਾਮੀ ਧਰਮਾਂ ਵਾਂਗ ਪਰਮੇਸ਼ਰ ਦੇ ਸਮਾਨਾਂਤਰ ‘ਸ਼ੈਤਾਨ’ ਵਰਗੀ ਸੁਤੰਤਰ ਸ਼ਕਤੀ ਦੀ ਸਥਾਪਨਾ ਕਰ ਲੈਣ।  ‘ਜਾਪੁ’ ਸਾਹਿਬ ਵਿਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ‘ਦਸਮ ਗ੍ਰੰਥ’ ਦਾ ਅਦ੍ਵੈ ਪਰਮੇਸ਼ਰ ਹਨੇਰੇ ਅਤੇ ਚਾਨਣ, ਕਰਮ ਅਤੇ ਕੁਕਰਮ ਵਿਚ ਇਕ-ਸਮਾਨ ਵਸਿਆ ਹੋਇਆ ਹੈ- ਨਮੋ ਅੰਧਕਾਰੇ ਨਮੋ ਤੇਜ ਤੇਜੇ।….ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ।  ਅੰਤਿਮ ਪਦ ਵਿਚ ਉਸ ਨੂੰ ਕ੍ਰੂਰ ਕਰਮ ਵਿਚ ਵਿਦਮਾਨ ਹੀ ਨਹੀਂ  ਕਿਹਾ, ਬਲਕਿ ਇਸ ਤੋਂ ਵੀ ਅਗੇ ਵਧ ਕੇ ਉਸ ਨੂੰ ਕ੍ਰੂਰ ਕਰਮ ਦਾ ਨਿਰਮਾਤਾ ਸਵੀਕਾਰ ਕੀਤਾ ਗਿਆ ਹੈ।

10. ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ਼ਰ ਦੇ ‘ਨਿਰਵੈਰ’ ਸਰੂਪ ਦੀ ਪ੍ਰਧਾਨਤਾ ਹੈ।  ਇਸੇ ਨੂੰ ਧਿਆਨ ਵਿਚ ਰਖਦਿਆਂ ਕੁਝ ਸਿਖ ਚਿੰਤਕ ਇਹ ਦਲੀਲ ਦੇਂਦਾ ਹੈ ਕਿ ‘ਦਸਮ ਗ੍ਰੰਥ’ ਦਾ ਵੈਰ-ਵਿਰੋਧ ਵਾਲਾ ਪਰਮੇਸ਼ਰ ਗੁਰੂ ਗ੍ਰੰਥ ਦੇ ਪਰਮੇਸ਼ਰ ਤੋਂ ਭਿੰਨ ਹੈ।  ਜੇ ਇਹ ਵਿਚਾਰ ਸਤ ਮੰਨ ਲਿਆ ਜਾਵੇ, ਤਾਂ ‘ਜਾਪੁ’ ਬਾਣੀ ਨੂੰ ਵੀ ਗੁਰਬਾਣੀ ਕਹਿਣ ਤੋਂ ਇਨਕਾਰੀ ਹੋਣਾ ਪਵੇਗਾ, ਕਿਉਂਕਿ ਇਸ ਬਾਣੀ ਵਿਚ ਵੀ ਪਰਮੇਸ਼ਰ ਨੂੰ ਅਧਾਰਮਿਕ ਲੋਕਾਂ ਦਾ ਨਸ਼ਟ ਕਰਨ ਵਾਲਾ ਉਨ੍ਹਾਂ ਦਾ ਵੈਰੀ ਕਿਹਾ  ਗਿਆ ਹੈ।  ‘ਕਾਲ ਪੁਰਖ’ ਗਜਾਇਬ ਗਨੀਮੇ (ਵੈਰੀਆਂ ਤੇ ਕਹਿਰ ਢਾਹੁਣ ਵਾਲਾ), ਰਿਪੁਤਾਪਨ (ਵੈਰੀਆਂ ਨੂੰ ਦੁਖ ਦੇਣ ਵਾਲਾ), ਅਰਿਘਾਲਯ (ਵੈਰੀਆਂ ਨੂੰ ਨਸ਼ਟ ਕਰਨ ਵਾਲਾ) ਅਤੇ ਹਰੀਫੁਲ ਸ਼ਿਕੰਨ (ਵੈਰੀਆਂ ਨੂੰ ਨਸ਼ਟ ਕਰਨ ਵਾਲਾ) ਹੈ।  ‘ਗਨੀਮੁਲ ਖਿਰਾਜ’ ਹੋਣ ਕਰ ਕੇ ਉਹ ਦੁਸ਼ਮਣਾਂ ਤੋਂ ਟੈਕਸ ਵਸੂਲ ਕਰਨ ਵਾਲਾ ਹੈ।  ‘ਅਗੰਜੁਲ ਗਨੀਮ’ ਹੋਣ ਕਰ ਕੇ ਉਹ ਦੁਸ਼ਮਣਾਂ ਤੋਂ ਮਹਿਫ਼ੂਜ਼ ਹੈ।

11. ਗੁਰੂ ਗ੍ਰੰਥ ਸਾਹਿਬ ਵਿਚ ‘ਅਕਾਲ ਪੁਰਖ’  ਨੂੰ ਰੋਗ-ਵਿਨਾਸ਼ਕ ਆਖਿਆ ਗਿਆ ਹੈ।  ‘ਜਾਪੁ’ ਸਾਹਿਬ ਵਿਚ ਉਹ ਰੋਗ ਰੂਪ ਵੀ ਹੈ।  ਉਸ ਨੂੰ ਬਹੁਤ ਸਤਿਕਾਰ ਸਹਿਤ ‘ਰੋਗ ਰੂਪੇ’ ਅਤੇ ‘ਸਰਬ ਰੋਗੇ’ ਕਿਹਾ ਗਿਆ ਹੈ।  ਦਸਮ ਗ੍ਰੰਥ ਦੀ ਦੂਜੀ ਬਾਣੀ ਦੇ ਅਕਾਲ ਉਸਤਤਿ’ ਨਾਮ ਤੋਂ ਇਹ ਆਭਾਸ ਹੁੰਦਾ ਹੈ ਕਿ ਇਸ ਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਸਰਣ ਕਰਦਿਆਂ ਨਿਰਾਕਾਰ ਪਰਮੇਸ਼ਰ ਦੀ ਮਹਿਮਾ ਕੀਤੀ ਗਈ ਹੈ।  ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਿਰਗੁਣ ਪਰਮੇਸ਼ਰ ਦੀ ਸੂਖਮਤਾ ਨੇ ‘ਜਾਪੁ’ ਬਾਣੀ ਵਿਚ ਜੋ ਸਰਗੁਣ-ਸਥੂਲਤਾ ਗ੍ਰਹਿਣ ਕੀਤੀ ਸੀ, ਉਹ ‘ਅਕਾਲ ਉਸਤਤਿ’ ਵਿਚ ਹੋਰ ਸਥੂਲ ਹੋ ਗਈ ਹੈ।  ਅਪਰੰਪਰ ਪਰਮੇਸ਼ਰ ਜੋ ‘ਜਾਪੁ’ ਬਾਣੀ ਵਿਚ ਕੁਦਰਤ ਅਤੇ ਜੀਵਨ ਦੇ ਨਜ਼ਦੀਕ ਆਉਂਦਾ ਨਜ਼ਰ ਆਇਆ ਸੀ, ਉਹ ਜੀਵਨ ਦੇ ਹੋਰ ਨੇੜੇ ਆ ਕੇ ਕੁਦਰਤ ਦੀ ਸਥੂਲਤਾ ਦੇ ਹਰ ਅੰਗ ਵਿਚ ਵਿਦਮਾਨ ਦ੍ਰਿਸ਼ਟਮਾਨ ਹੋਣ ਲਗ ਪੈਂਦਾ ਹੈ।  ਪਹਿਲੇ ਹੀ ਪਦ ਵਿਚ ਉਹ ਅਕਾਲ ਸਰੂਪ ਨਾ ਕੇਵਲ ਕੁਦਰਤ ਵਿਚ ‘ਕਾਲ ਪੁਰਖ’ ਦੀ ਉਤਮਤਾ ਦਾ ਇਹਸਾਸ ਕਰਵਾਉਣ ਲਗ ਪੈਂਦਾ ਹੈ, ਸਗੋਂ ਉਹ ‘ਸਰਬ ਲੋਹ’ ਦੀ ਸਥੂਲਤਾ ਵਿਚ ਵਿਦਮਾਨ ਹੋ ਕੇ ‘ਮਹਾਕਾਲ’ ਦੀ ਭਿਆਨਕਤਾ ਨੂੰ ਅੰਗੀਕਾਰ ਕਰਨ ਵਾਸਤੇ ਕਾਹਲਾ ਪਿਆ ਦਿੱਸ ਆਉਂਦਾ ਹੈ-

ਅਕਾਲ ਪੁਰਖ ਕੀ ਰਛਾ ਹਮਨੈ।  ਸਰਬ ਲੋਹ ਦੀ ਰਛਿਆ ਹਮਨੈ

ਸਰਬ ਕਾਲ ਜੀ ਦੀ ਰਛਿਆ ਹਮਨੈ।  ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ। 

ਇਸ ਬਾਣੀ ਵਿਚ, ਜਿਸ ਦੇ 201 ਤੋਂ 230 ਤਕ (30 ਕੁ) ਪਦਾਂ ਨੂੰ ਛਡ ਕੇ ਬਾਕੀ ਬਾਣੀ ਸਾਰੇ ਵਿਦਵਾਨ ਦਸਮੇਸ਼-ਕ੍ਰਿਤ ਮੰਨਦੇ ਹਨ, ਦੀ ਪਹਿਲੀ ਚੌਪਈ ਵਿਚ ਉਸ ਦੇ ਨਿਰਾਕਾਰ ਸਰੂਪ ਦਾ ਬਿਆਨ ਕਰ ਕੇ, ਉਸ ਨੂੰ ਪ੍ਰਲੈਅਕਾਰੀ ਸਰੂਪ ਨਾਲ ਅਭੇਦ ਕੀਤਾ ਗਿਆ ਹੈ।  ਇਸੇ ਚੌਪਈ ਦੇ ਅੰਤ ਤਕ ਪੁਜਦਿਆਂ ਅਕਾਲ ਪਰਮੇਸ਼ਰ ਕਾਲ ਸਰੂਪ ਨੂੰ ਧਾਰਨ ਕਰ ਲੈਂਦਾ ਹੈ-

ਸਭ ਕੋ ਕਾਲ ਸਭਨ ਕੋ ਕਰਤਾ।  ਰੋਗ ਸੋਗ ਦੋਖਨ ਕੋ ਹਰਤਾ

ਏਕ ਚਿਤ ਜਿਹ ਇਕ ਛਿਨ ਧਿਆਇਓ ਕਾਲ ਫਾਸਿ ਕੇ ਬੀਚ ਨ ਆਇਓ।  10

ਅਗਲੇ ਸਵਈਆਂ ਵਿਚ ਉਹ ਨਿਰਗੁਣ ਅਕਾਲ ਨਾਲੋਂ ਸਰਗੁਣ ‘ਕਾਲ ਪੁਰਖ’ ਵਧੀਕ ਨਜ਼ਰ ਆਉਂਦਾ ਹੈ- 

ਕਹੂੰ ਜਛ ਗੰਧ੍ਰਬ ਉਰਗ ਕਹੂੰ ਬਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ

ਕਹੂੰ ਹੋਇ ਕੈ ਹਿੰਦੂਆਂ ਗਾਇਤ੍ਰੀ ਕੋ ਗੁਪਤ ਜਪਿੳ ਕਹੂੰ ਹੋਇ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ

ਕਹੂੰ ਕੋਕ ਕਾਬਿ ਹੁਇ ਕੈ ਪੁਰਾਨ ਕੋ ਪੜਤ ਮਤਿ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ2/12

ਉਸ ਦਾ ਕਾਲ ਰੂਪ ਆਪਣੀਆਂ ਦਾੜ੍ਹਾਂ ਨਾਲ ਸਭ ਨੂੰ ਚਬਾ ਜਾਂਦਾ ਹੈ- 

ਕਾਲ ਕੇ ਬਨਾਇ ਸਭੈ ਕਾਲ ਹੀ ਚਬਾਹਿਂਗੇ

ਉਹ ਦੁਸਟਾਂ ਨੂੰ ਨਸ਼ਟ ਕਰਨ ਵਾਲਾ ‘ਮਹਾਕਾਲ’ ਹੈ, ਜੋ ਪਾਪੀਆਂ ਨੂੰ ਆਪ ਨਸ਼ਟ ਕਰਦਾ ਹੈ-

ਅਘਉ ਡੰਡਣ ਦੁਸਟ ਖੰਡਣ ਕਾਲ ਹੂੰ ਕੇ ਕਾਲ

ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ

ਉਹ ਬਿਨਾ ਭੇਦ-ਭਾਵ ਸਾਰਿਆਂ ਨੂੰ ਨਸ਼ਟ ਕਰਦਾ ਹੈ ਅਤੇ ਸਭ ਲਈ ਦੰਡ ਨਿਰਧਾਰਿਤ ਕਰਦਾ ਹੈ-

ਸਰਬ ਖੰਡਣ ਸਰਬ ਦੰਡਣ ਸਰਬ ਕੇ ਨਿਜ ਭਾਮ

ਜਦੋਂ ਉਹ ਮਹਾਬਲੀ ਬਣ ਕੇ ਬਾਗ਼ੀ ਲੋਕਾਂ ਨੂੰ ਮਾਰਦਾ ਹੈ, ਤਾਂ ਉਹ ਬਾਣੀ-ਕਰਤਾ ਨੂੰ ਇਸ ਗ੍ਰੰਥ ਦੇ ਆਲੋਚਕਾਂ ਦੀ ਘ੍ਰਿਣਾ ਦੇ ਪਰਮ-ਪਾਤਰ ਮਹਾਦੇਵ ਵਰਗਾ ਹੀ ਨਜ਼ਰ ਆਉਂਦਾ ਹੈ-

ਕਹੂੰ ਮਹਾਸੂਰ ਹੁਇ ਕੈ ਮਾਰਤ ਮਵਾਸਨ ਕੌ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ

ਉਸ ਦੇ ਵਿਕਰਾਲ ਰੂਪ ਤੋਂ ਭੈਅ-ਭੀਤ ਹੋਈ ਧਰਤੀ, ਪਰਬਤ ਅਤੇ ਪਾਤਾਲ ਥਰ-ਥਪ ਕੰਬਦੇ ਹਨ- 

ਜੈ ਜੰਪਹਿ ਜੁਗਣ ਜੂਹ ਜੁਅੰ।  ਭੈ ਕੰਪਹਿ ਮੇਰੁ ਪਯਾਲ ਭੂਅੰ

‘ਅਕਾਲ ਉਸਤਤਿ’ ਦਾ ਕਾਲ ਸਰੂਪ ਪਰਮੇਸ਼ਰ ਉਤਮ ਅਤੇ ਤੁਛ ਦੋਵੇਂ ਤਰ੍ਹਾਂ ਦੇ ਸਰੂਪਾਂ ਨੂੰ ਆਪ ਹੀ ਧਾਰਨ ਕਰਦਾ ਹੈ।  ਉਹ ਦੇਵਬਾਣੀ ਵੀ ਆਪ ਹੈ ਅਤੇ  ਘਟੀਆ ਕਿਸਮ ਦਾ ਸ਼ਬਦ ਵੀ ਆਪ ਹੈ-

ਕਹੂੰ ਦੇਵ ਬਿਦਯਾ ਕਹੂੰ ਦੈਤ ਬਾਨੀ।  ਕਹੂੰ ਜਛ ਗੰਧ੍ਰਬ ਕਿੰਨਰ ਕਹਾਨੀ

(ਅਰਥਾਤ ਕਿਤੇ ਤੁਸੀਂ ਦੇਵਤਿਆਂ ਦੀ ਵਿਦਿਆ ਹੋ ਅਤੇ ਕਿਤੇ ਦੈਤਾਂ ਦੇ ਬੋਲ ਹੋ

ਕਿਤੇ ਤੁਸ਼ੀਂ ਯਕਸ਼ {ਤੁਛ ਦੇਵਤਾ}, ਗੰਧਰਬਕਿੰਨਰ ਆਦਿ ਦੀਆਂ ਕਥਾਵਾਂ ਹੋ।) 

ਕਹੂੰ ਮਦ੍ਰ ਬਾਨੀ ਕਹੂੰ ਛੁਦ੍ਰ ਸਰੂਪੰ

(ਅਰਥਾਤ ਕਿਤੇ ਮੰਗਲਮਈ ਬੋਲ ਹੋ ਅਤੇ ਕਿਤੇ ਘਟੀਆ ਕਿਸਮ ਦੇ ਸ਼ਬਦ ਹੋ।)

‘ਚਰਿਤਰੋਪਾਖਿਆਨ’ ਦੀਆਂ ਸਿਖਿਆਦਾਇਕ ਕਾਮੁਕ ਕਹਾਣੀਆਂ ਨੂੰ ਵੇਖ ਕੇ ਕੁਝ ਸਿਖ ਵਿਦਵਾਨ ਇਸ ਗ੍ਰੰਥ ਦੀ ਸਖ਼ਤ ਆਲੋਚਨਾ ਕਰਦੇ ਹਨ।  ‘ਅਕਾਲ ਉਸਤਤਿ’ ਵਿਚ ਪਰਮੇਸ਼ਰ ਆਪ ਹੀ ਕਾਮੁਕ ਕਹਾਣੀ ਬਣ ਜਾਂਦਾ ਹੈ-

ਕਹੂੰ ਬੇਦ ਬਿਦਯਾ ਕਹੂੰ ਬਿਓਮ ਬਾਨੀ।  ਕਹੂੰ ਕੋਕ ਕੀ ਕਾਬਿ ਕਥੈ ਕਹਾਨੀ। 

ਪਰਮੇਸ਼ਰ ਕੇਵਲ ਸਦ-ਵਿਚਾਰ ਦਾ ਉਤਪਾਦਕ ਹੀ ਨਹੀਂ, ਦੁਰ-ਵਿਚਾਰ ਦਾ ਮੂਲ ਭੀ ਉਹ ਆਪ ਹੈ-

ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ

‘ਅਕਾਲ ਉਸਤਤਿ’ ਦਾ ਕਾਲ ਰੂਪ ਪਰਮੇਸ਼ਰ ਸੁੰਦਰ-ਯੌਵਨ ਦਾ ਜਾਲ ਵੀ ਆਪ ਹੀ ਹੈ-

ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ

ਜੇ ਉਹ ਪਰਮੇਸ਼ਰ ਪਰਮ-ਪਵਿੱਤਰਤਾ ਦਾ ਕੇਂਦਰ ਹੈ, ਤਾਂ ਉਹ ਆਪ ਹੀ ਬਹੁਤ ਸੁੰਦਰ ਨੌਜਵਾਨ (ਛੈਲਾ ਭਾਰੀ) ਹੋ ਕੇ ਇਸਤ੍ਰੀ ਨਾਲ (ਸੋਹਣੇ ਸਜੇ) ਪਲੰਘ ਉਤੇ ਬਿਰਾਜਮਾਨ ਹੈ-

ਕਹੂੰ ਅਕਲੰਕ ਕਹੂੰ ਮਾਰੁਤ ਮਯੰਕਕਹੂੰ ਪੂਰਨ ਪ੍ਰਯੰਕ ਕਹੂੰ ਸੁਧਤਾ ਕੀ ਸਾਰ ਹੋ

‘ਅਕਾਲ ਉਸਤਤਿ’ ਨੇ ਪਰਮੇਸ਼ਰ ਨੂੰ ਆਪ ਹੀ ਇਸਤ੍ਰੀ-ਸੰਜੋਗ ਦੀ ਮੌਜ ਵਿਚ ਵਿਖਾਇਆ ਹੈ-

ਕਹੂੰ ਅੰਗ ਕੇ ਰੰਗ ਕੇ ਸੰਗਿ ਦੇਖੇ।  ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ। 

ਨਿਜ ਨਾਰੀ ਦਾ ਸੰਜੋਗ ਹੋਵੇ ਜਾਂ ਪਰ-ਨਾਰੀ ਦਾ ਸੰਗ, ਦੋਹਾਂ ਸਥਿਤੀਆਂ ਵਿਚ ਪਰਮੇਸ਼ਰ ਆਪ ਵਿਦਮਾਨ ਹੈ- 

ਕਹੂੰ ਨਿਜ ਨਾਰਿ ਪਰਨਾਰਿ ਕੇ ਨਿਕੇਤ ਹੋ

ਉਹ ਸਤਿ-ਸਰੂਪ, ਨਿਹਕਲੰਕ, ਪਵਿੱਤਰਤਾ-ਮੂਲ ਪਾਰਬ੍ਰਹਮ ਸਤਿਵਾਦੀ ਕਰਮਾਂ ਤੋਂ ਇਲਾਵਾ ਦੁਸ਼-ਕਰਮਾਂ ਵਿਚ ਵੀ ਮੌਜੂਦ ਰਹਿੰਦਾ ਹੈ- 

ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਕਰਮਕਹੂੰ ਕੁਤਸਤਿ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ

ਜੋਗ ਅਤੇ ਬ੍ਰਹਮਚਰਯ ਦਾ ਬਹੁਤ ਘਨਿਸ਼ਠ ਸੰਬੰਧ ਹੈ।  ‘ਕਾਲ ਪੁਰਖ’ ਸ੍ਰੀ ਕ੍ਰਿਸ਼ਨ ਆਦਿ ਅਵਤਾਰੀ ਰੂਪਾਂ ਵਿਚ ਗੋਪੀਆਂ ਆਦਿ ਤੇ ਲੁਭਾਇਮਾਨ ਹੋ ਕੇ ਜੋਗੀ ਪਦ ਤੋਂ ਵੰਚਿਤ ਵੀ ਹੋ ਜਾਂਦਾ ਹੈ- 

ਤਾਪ ਕੇ ਅਤਾਪ ਕਹੂੰ ਜੋਗ ਤੇ ਡਿਗਤ ਹੋ

ਉਹ ਨੀਤੀ ਵੀ ਆਪ ਹੈ ਅਤੇ ਅਨੀਤੀ ਵੀ ਆਪ- 

ਕਹੂੰ ਨੀਤੀ ਅਉ ਅਨੀਤਿ ਕਹੂੰ ਜ੍ਵਾਲਾ ਸੀ ਜਗਤ ਹੋ। 

ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ਼ਰ ਸਾਰੀਆਂ ਸ਼ਕਤੀਆਂ ਦਾ ਮਾਲਿਕ ਹੈ, ਪਰ ‘ਅਕਾਲ ਉਸਤਤਿ’ ਵਿਚ ਉਹ ਕਈ ਵਾਰੀ ਬਹੁਤ ਨਿਰਬਲ ਹੀ ਨਹੀਂ, ਛਲ-ਰੂਪ ਵੀ ਹੋ ਜਾਂਦਾ ਹੈ-

ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ

‘ਅਕਾਲ ਉਸਤਤਿ’ ਦਾ ਅਦ੍ਵੈਤ ਪਰਮੇਸ਼ਰ ਅਮ੍ਰਿਤ, ਸ਼ਹਿਦ, ਗੰਨੇ ਦੇ ਰਸ ਨਾਲ ਹੀ ਮਦਿਰਾਪਾਨ ਵਿਚ ਵੀ ਲਿਪਤ ਹੋਇਆ ਹੈ- 

ਕਤਹੂੰ ਪਯੂਖ ਹੁਇ ਕੈ ਪੀਵਤ ਪਿਵਾਵਤ ਹੋ ਕਤਹੂੰ ਮਯੂਖ ਊਖ ਕਹੂੰ ਮਦਿ ਪਾਨ ਹੋ

‘ਕ੍ਰਿਸ਼ਨਾਵਤਾਰ’ ਵਿਚ ਆਏ ਪਦ ‘ਛਤ੍ਰੀ ਕੋ ਪੂਤ ਹੌਂ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੌਂ’ ਦੀ ਵਿਰੋਧੀ ਪੱਖ ਭਰਪੂਰ ਨਿੰਦਾ ਕਰਦਾ ਹੈ।  ਉਸ ਨੂੰ ਇਸ ਵਿਚੋਂ ਜਾਤੀਵਾਦ ਦੇ ਮਨਮਤੀ ਝਲਕਾਰੇ ਪੈਂਦੇ ਹਨ।  ਪਰ ‘ਅਕਾਲ ਉਸਤਤਿ’ ਦਾ ਪਰਮੇਸ਼ਰ ਆਪ ਹੀ ਅਜਿਹਾ ਜੁਝਾਰੂ ਛਤ੍ਰੀ ਬਣ ਜਾਂਦਾ ਹੈ, ਜੋ ਨਾ ਕੇਵਲ ਵੈਰੀਆਂ ਦਾ ਸੰਹਾਰ ਕਰਦਾ ਹੈ, ਬਲਕਿ ਆਪ ਭੀ ਜੂਝ ਕੇ ਮਰ ਜਾਂਦਾ ਹੈ।  ਵਿਰੋਧੀ ਪੱਖ ਨੂੰ ਸ਼ਾਇਦ ਕਦੇ ਇਹ ਸੁਝਿਆ ਨਹੀਂ ਹੈ ਕਿ ‘ਦਸਮ ਗ੍ਰੰਥ’ ਦਾ ‘ਕਾਲ ਪੁਰਖ’ ਕਾਲਿਕ ਹੋਣ ਕਰ ਕੇ ‘ਗੁਰੂ ਗ੍ਰੰਥ’ ਸਾਹਿਬ ਦੇ ‘ਅਕਾਲ’ ਪਰਮੇਸ਼ਰ ਨਾਲੋਂ ਸਿਧਾਂਤਿਕ ਰੂਪ ਵਿਚ ਭਿੰਨ ਹੈ।  ਇਸ ਸੰਬੰਧੀ ਹੇਠਾਂ ਦਿੱਤਾ ਪਦ ਧਿਆਨ ਦੇਣ ਯੋਗ ਹੈ- 

ਕਤਹੂੰ  ਸਿਪਾਹੀ ਹੁਇ ਕੈ ਸਾਧਤ ਸਿਲਾਹਨ ਕੌਕਹੂੰ ਛਤ੍ਰੀ ਹੁਇ ਕੈ ਅਰਿ ਮਾਰਤ ਮਰਤ ਹੋ

‘ਕਾਲ ਪੁਰਖ’ ਵਿਦਿਆਧਰ ਵੀ ਹੈ ਅਤੇ ਯਕਸ਼, ਗੰਧਰਬ, ਸੱਪ, ਕਿੰਨਰ, ਪਿਸ਼ਾਚ, ਭੂਤ-ਪ੍ਰੇਤ ਵੀ ਆਪ ਹੈ- 

ਕਹੂੰ ਜਛ ਗੰਧ੍ਰਬ ਉਰਗ ਕਹੂੰ ਬਿਦਿਆਧਰਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ

ਦਸਮ ਗ੍ਰੰਥ ਦਾ ਆਲੋਚਕ ਪੱਖ ਇਸ ਵਿਚ ਆਏ ਦੇਵੀ-ਪ੍ਰਸੰਗਾਂ ਦੀ ਅਤਿ ਕਰੜੀ ਆਲੋਚਨਾ ਕਰਦਾ ਹੈ।  ਪਰ ‘ਅਕਾਲ ਉਸਤਤਿ’ ਵਿਚ ਉਸ ਪਰਮੇਸ਼ਰ ਨੂੰ ਦੇਵੀ ਦੇ ਸਰਸਵਤੀ, ਪਾਰਬਤੀ, ਦੁਰਗਾ, ਸ਼ਿਵਾ ਆਦਿ ਨਾਵਾਂ ਨਾਲ ਯਾਦ ਕਰ ਕੇ ਉਸ ਨੂੰ ਕਾਲੇ ਅਤੇ ਸਫ਼ੈਦ ਦੋਹਾਂ ਵਰਣਾਂ ਨਾਲ ਸੰਬੰਧਿਤ ਕੀਤਾ ਗਿਆ ਹੈ- 

ਕਹੂੰ ਦੇਵਬਾਨੀ ਕਹੂੰ ਸਾਰਦਾ ਭਵਾਨੀਕਹੂੰ ਮੰਗਲਾ ਮ੍ਰਿੜਾਨੀ ਕਹੂੰ ਸਿਆਮ ਕਹੂੰ ਸੇਤ ਹੋ

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ‘ਅਕਾਲ ਪੁਰਖ’ ਜਦੋਂ ਸੁੰਨ-ਸਮਾਧੀ ਵਾਲੀ ਸਥਿਤੀ ਤੋਂ ਕ੍ਰਿਆਸ਼ੀਲ ਸਥਿਤੀ ਵਿਚ ਆ ਕੇ ਰਚਨਾ ਦਾ ਸੰਕਲਪ ਕਰਦਾ ਹੈ, ਤਾਂ ਉਹ ‘ਕਾਲ ਪੁਰਖ’ ਹੋ ਜਾਂਦਾ ਹੈ।  ਉਹ ‘ਕਾਲ ਪੁਰਖ’ ਆਪ ਸਾਰੀਆਂ ਅਵਤਾਰੀ ਸ਼ਕਤੀਆਂ ਨੂੰ ਸੰਸਾਰ ਵਿਚ ਭੇਜਦਾ ਹੈ, ਤਾਂ ਕਿ ਵਿਵਸਥਾ ਬਣੀ ਰਹੇ।  ਸਾਰੇ ਅਵਤਾਰ ਉਸ ਦੀ ਆਗਿਆ ਪਾ ਕੇ ਜਗਤ ਵਿਚ ਆਉਂਦੇ ਹਨ, ਉਸੇ ਦਾ ਧਿਆਨ ਧਰਦੇ ਹਨ ਅਤੇ ਉਸੇ ਦੁਆਰਾ ਨਸ਼ਟ ਹੋ ਕੇ ਉਸ ਵਿਚ ਲੀਨ ਹੋ ਜਾਂਦੇ ਹਨ।  ਉਹ ‘ਕਾਲ ਪੁਰਖ’ ਸ਼ੁਧ ਨਿਰਾਕਾਰੀ ਦਿਵਯਤਾ ਤੋਂ ਲੈ ਕੇ ਜਾਗਤਿਕ ਨੇਕੀ ਅਤੇ ਬਦੀ ਦੇ ਹਰ ਅੰਗ ਵਿਚ ਆਪ ਵਿਦਮਾਨ ਹੈ।  ਸਥੂਲ ਪਸਾਰੇ ਦੇ ਨਿਰਾਕਾਰ ਪਰਮੇਸ਼ਰ ਵਿਚ ਲੀਨ ਹੋ ਜਾਣ ਦੀ ਸਥਿਤੀ ਵਿਚ ਉਹ ਅਕਾਲ ਰੂਪ ਵਿਚ ਇਕਮਿਕ ਹੋ ਜਾਂਦਾ ਹੈ।  ਹੈ ਤਾਂ ਉਹ ਅਦ੍ਵੈ ਪਰਮੇਸ਼ਰ, ਪਰ ਜਗਤ ਦੀ ਭਾਸਦੀ ਦ੍ਵੈਤ ਵਿਚ ਉਹ ਪੱਖਪਾਤੀ ਪ੍ਰਤੀਤ ਹੁੰਦਾ ਹੈ, ਕਿਉਂਕਿ ਉਹ ਸੰਤਾਂ ਦਾ ਸਹਾਇਕ ਅਤੇ ਅਸੁਰਾਂ ਦਾ ਸੰਹਾਰ ਕਰਤਾ ਹੈ।  ਉਸ ਦੇ ਸ਼ਸਤ੍ਰਧਾਰੀ ਅਤੇ ਸਰਬਲੋਹ ਸਰੂਪ ਦਾ ਚਿੰਤਨ ਗੁਰਮੁਖ ਲੋਕਾਂ ਦੇ ਜੀਵਨ ਵਿਚ ਅਜਿਹੀ ਕ੍ਰਿਆਸ਼ੀਲਤਾ ਜਾਗ੍ਰਿਤ ਕਰਦਾ ਹੈ ਕਿ ਉਹ ‘ਅਤਿ ਹੀ ਰਨ ਮੈ ਤਬ ਜੂਝ ਮਰੋਂ’ ਦੇ ਆਦਰਸ਼ਵਾਦ ਨੂੰ ਪ੍ਰਾਪਤ ਕਰਨ ਦੀ ਪ੍ਰਾਰਥਨਾ ਵਿਚ ਸਦਾ ਲੀਨ ਰਹਿਣਾ ਆਪਣਾ ਪਰਮ ਧਰਮ ਮੰਨਦੇ ਹਨ।

_______

1. ਅਕਾਲ ਪੁਰਖ ਕੀ ਰਛਾ ਹਮਨੈ।  ਸਰਬ ਲੋਹ ਦੀ ਰਛਿਆ ਹਮਨੈ।  ਸਰਬ ਕਾਲ ਜੀ ਦੀ ਰਛਿਆ ਹਮਨੈ।  ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ।

2. ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥  ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥  ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥  ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥  ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥  ਸ੍ਰੀ ਗੁਰੁ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥  7 ॥

3. ‘ਦੇਬਿ ਕਾਲਿਕਾ’ ਦਾ ਭਾਵ ਕਿਸੇ ਸਥੂਲ ਦੇਵੀ ਤੋਂ ਨਹੀਂ ਹੈ।  ‘ਦੇਵੀ’ ਕਰਤਾਰ ਦੀ ਕੁਦਰਤ ਵਿਚ ਵਿਆਪਕ ਸ਼ਕਤੀ ਨੂੰ ਕਿਹਾ ਹੈ।  ਜਿਸ ਨੂੰ ਦੂਜੇ ਸ਼ਬਦਾਂ ਵਿਚ ‘ਪ੍ਰਕ੍ਰਿਤੀ’ ਕਿਹਾ ਜਾ ਸਕਦਾ ਹੈ।  ‘ਚੌਬੀਸ ਅਵਤਾਰ’ ਵਿਚ ਸਥੂਲ ਜਗਤ ਦੇ ਵਿਸਤਾਰ ਵਿਚ ਦੋ ਵਖ-ਵਖ ਤੱਤਾਂ ਦਾ ਉਲੇਖ ਕੀਤਾ ਗਿਆ ਹੈ।  ਇਕ ਤੱਤ ਪੁਰਖ ਹੈ ਅਤੇ ਦੂਜਾ ਪ੍ਰਕ੍ਰਿਤੀ ਹੈ- ਤਾ ਤੇ ਜਗਤ ਭਯੋ ਬਿਸਥਾਰਾ।  ਪੁਰਖ ਪ੍ਰਕ੍ਰਿਤਿ ਜਬ ਦੁਹੂ ਬਿਚਾਰਾ। । (ਚੌਬੀਸ ਅਵਤਾਰ 30)

* ਲੈਕਚਰਰ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਯੂਨੀਵਰਸਿਟੀ।

Leave a Reply