ਦਸਮੇਸ਼ ਰਚਨਾ ਵਿਚ ਵਹਿਮਾਂ-ਭਰਮਾਂ ਦਾ ਖੰਡਨ
ਸ. ਇੰਦਰਜੀਤ ਸਿੰਘ ਗੋਗੋਆਣੀ
ਯੁੱਗ ਕੋਈ ਵੀ ਹੋਵੇ, ਮਨੁੱਖੀ ਮਾਨਸਿਕਤਾ ਭੈ ਤੇ ਲੋਭ ਦਾ ਹਮੇਸ਼ਾ ਸ਼ਿਕਾਰ ਰਹੀ ਹੈ। ਇਨ੍ਹਾਂ ਦੋਵਾਂ ਕਮਜ਼ੋਰੀਆਂ ਦੇ ਅੰਤਰਗਤ ਮਨੁੱਖ ਨੇ ਅਨੇਕ ਪ੍ਰਕਾਰ ਦੇ ਵਹਿਮ-ਭਰਮ ਸਿਰਜ ਲਏ ਅਤੇ ਖੁਦ ਹੀ ਇਨ੍ਹਾਂ ਦੀ ਸਿਰਜਣਾ ਕਰਕੇ ਭੈਅ-ਭੀਤ ਹੋਣਾ ਸ਼ੁਰੂ ਹੋ ਗਿਆ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੀਂ ਨਾਨਕ ਜੋਤ ਤੱਕ ਦੋ ਸੌ ਚਾਲੀ ਸਾਲਾਂ ਦਾ ਸਮਾਂ ਸਿੱਖੀ ਘਾੜਤ ਤੇ ਸੰਪੂਰਨਤਾ ਦਾ ਸਮਾਂ ਹੈ। ਗੁਰਮਤੀ ਜੀਵਨ ਦਾ ਪਹਿਲਾ ਸਬਕ ਹੀ ਇਹ ਹੈ ਕਿ ਸਿੱਖ ਕੇਵਲ ਇਕ ਅਕਾਲ ਦਾ ਪੁਜਾਰੀ ਹੈ ਤੇ ਬਹੁ-ਦੇਵਵਾਦ ਨੂੰ ਨਹੀਂ ਮੰਨਣਾ। ਇਸ ਦੇ ਵਿਪਰੀਤ ਭਾਰਤੀ ਸੰਸਕ੍ਰਿਤੀ ਵਿਚ ਅਨੇਕ ਤਰ੍ਹਾਂ ਦੀ ਪੂਜਾ ਅਰਚਨਾ ਦਾ ਵਿਧੀ-ਵਿਧਾਨ, ਵਹਿਮ-ਭਰਮ, ਅੰਧਵਿਸ਼ਵਾਸ ਤੇ ਮੰਨਤਾਂ-ਮਨਾਉਤਾਂ ਦੀ ਧਾਰਨਾ ਰਹੀ ਹੈ। ਜੰਤਰਾਂ-ਮੰਤਰਾਂ-ਤੰਤਰਾਂ ਦੇ ਵਿਸ਼ਵਾਸ, ਥਿੱਤਾਂ-ਵਾਰਾਂ-ਮਹੂਰਤਾਂ ਦੀ ਵਿਚਾਰ, ਕਬਰਾਂ-ਮੜ੍ਹੀਆਂ-ਬੁੱਤਾਂ ਦੀ ਪੂਜਾ ਤੇ ਹੋਰ ਅਨੇਕ ਤਰ੍ਹਾਂ ਦੇ ਫੋਕਟ ਭਰਮਾਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਅਨੇਕ ਖੰਡਨ-ਮੰਡਨ ਵਿਧੀ ਦੇ ਦ੍ਰਿਸ਼ਟਾਂਤ ਉਪਲਬਧ ਹਨ।
ਇਸੇ ਤਰ੍ਹਾਂ ਦਸਵੀਂ ਨਾਨਕ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਿਚ ਵੀ ਉਪਰੋਕਤ ਵਰਣਿਤ ਵਿਸ਼ਿਆਂ ਸਬੰਧੀ ਬਹੁਤ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਹੈ। ਦਸਮ ਪਿਤਾ ਜੀ ਨੇ ਲੋਕਾਈ ਦੀ ਕਮਜ਼ੋਰ ਮਾਨਸਿਕਤਾ ਨੂੰ ਭਾਂਪਦਿਆਂ ਇਕ ਸਿਧਾਂਤਕ ਬਲ ਪ੍ਰਦਾਨ ਕੀਤਾ ਹੈ, ਕਿਉਂਕਿ ਮਾਨਸਿਕ ਗੁਲਾਮੀ ਤਾਂ ਸਰੀਰਕ ਗੁਲਾਮੀ ਨਾਲੋਂ ਵਧੇਰੇ ਖਤਰਨਾਕ ਹੁੰਦੀ ਹੈ। ਭਾਰਤੀ ਸੰਸਕ੍ਰਿਤੀ ਵਿਚ ਤਿੰਨ ਇਲਮ ਬਹੁਤ ਡਰਾਉਣੇ ਰੂਪ ਵਿਚ ਪੇਸ਼ ਕੀਤੇ ਗਏ ਹਨ। ‘ਜੰਤਰ ਵਿੱਦਿਆ’ (ਕਿਸੇ ਪੱਤਰ ’ਤੇ ਕੁਝ ਲਿਖ ਕੇ ਦੇਣਾ), ‘ਮੰਤਰ ਵਿੱਦਿਆ’ (ਕਿਸੇ ਨੂੰ ਪੜ੍ਹਨ ਲਈ ਕੰਨ ਵਿਚ ਸ਼ਬਦ ਜਾਂ ਅੱਖਰ ਦੇਣਾ), ‘ਤੰਤਰ ਵਿੱਦਿਆ’ (ਟੂਣਾ-ਟਾਮਣ ਕਰਨ ਦੀ ਬਾਹਰੀ ਵਿਧੀ)। ਇਨ੍ਹਾਂ ਤਿੰਨਾਂ ਇਲਮਾਂ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਡਰਾ-ਧਮਕਾ ਕੇ ਰੱਖਿਆ ਪਰ ਦਸਮੇਸ਼ ਪਿਤਾ ਜੀ ‘ਜਾਪੁ ਸਾਹਿਬ’ ਬਾਣੀ ਵਿਚ ਦ੍ਰਿੜ੍ਹ ਕਰਵਾਉਂਦੇ ਹਨ ਕਿ ਪ੍ਰਭੂ ਦਾ ਨਾਮ ਹੀ ਇਨ੍ਹਾਂ ਜੰਤਰਾਂ-ਮੰਤਰਾਂ-ਤੰਤਰਾਂ ਤੋਂ ਸਿਰਮੌਰ ਹੈ। ਇਸ ਲਈ ਇਨ੍ਹਾਂ ਫੋਕਟ ਭਰਮਾਂ ਤੋਂ ਭੈਅ-ਭੀਤ ਹੋਣ ਦੀ ਲੋੜ ਨਹੀਂ। ਆਪ ਜੀ ਫੁਰਮਾਉਂਦੇ ਹਨ :
ਨਮੋ ਮੰਤ੍ਰ ਮੰਤ੍ਰੰ॥ ਨਮੋ ਜੰਤ੍ਰ ਜੰਤ੍ਰੰ॥
ਨਮੋ ਇਸਟ ਇਸਟੇ॥ ਨਮੋ ਤੰਤ੍ਰ ਤੰਤ੍ਰੰ॥ (ਜਾਪੁ)
ਇਸੇ ਪ੍ਰਕਰਣ ਨੂੰ ਸਪੱਸ਼ਟ ਕਰਦਾ ਇਕ ਦੋਹਰਾ ਹੈ ਕਿ ਇਹ ਸਭ ਕੁਝ ਝੂਠ ਤੇ ਪਾਖੰਡ ਕਰਮ ਹੈ, ਕਿਉਂਕਿ ਇਸ ਅਕਾਲ ਦੀ ਆਸ ਤੇ ਉਹਦੇ ਨਾਮ ਤੋਂ ਬਿਨਾਂ ਬਾਕੀ ਵਿਚਾਰਾਂ ਨਿਰਾਰਥਕ ਹਨ।
ਸਭੈ ਝੂਠ ਮਾਨੋ ਜਿਤੈ ਮੰਤ੍ਰ ਜੰਤ੍ਰੰ॥
ਸਭੈ ਫੋਕਟ ਧਰਮ ਹੈ ਭਰਮ ਤੰਤ੍ਰ॥
ਬਿਨਾ ਏਕ ਆਸੰ ਨਿਰਾਸੰ ਸਬੈ ਹੈਂ॥
ਬਿਨਾ ਏਕ ਨਾਮੰ ਕਾਮੰ ਕਬੈ ਹੈਂ॥ (ਅਕਾਲ ਉਸਤਤਿ)
ਕਮਜ਼ੋਰ ਤੇ ਵਹਿਮੀ ਮਾਨਸਿਕਤਾ ਵਾਲੇ ਲੋਕ ਭਰਮਾਂ-ਭੁਲੇਖਿਆਂ ਵਿਚ ਫਸੇ ਮੋਇਆਂ ਨੂੰ ਜਾਂ ਬੁੱਤਾਂ ਨੂੰ ਮੰਨਦੇ ਹਨ। ਦਸਮ ਪਿਤਾ ਜੀ ਨੇ ਬੁੱਤਾਂ ਤੇ ਮੋਇਆਂ ਦੀ ਪੂਜਾ ਨੂੰ ‘ਕੂਰ ਕ੍ਰਿਆ’ ਭਾਵ ਝੂਠਾ ਕਰਮ ਕਿਹਾ ਹੈ।
ਕੋਊ ਬੁਤਾਨ ਕੌ ਪੂਜਤ ਹੈ
ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗ
ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥
(ਤ੍ਵ ਪ੍ਰਸਾਦਿ ਸ੍ਵੈਯੇ)
ਇਸ ਤੋਂ ਵੀ ਅੱਗੇ ਸਾਡਾ ਸਮਾਜ ਮੁਰਦਿਆਂ ਦੀਆਂ ਕਬਰਾਂ ਤੇ ਮੜ੍ਹੀਆਂ ਦੀ ਪੂਜਾ ਕਰਨ ਲੱਗ ਪਿਆ। ਗੁਰੂ ਜੀ ਨੇ ਜੇ ਮੁਰਦੇ ਖਿਆਲਾਂ ਵਾਲਿਆਂ ਨੂੰ ਪ੍ਰਵਾਨ ਨਹੀਂ ਕੀਤਾ ਤਾਂ ਮੁਰਦੇ ਪੂਜਕਾਂ ਨੂੰ ਕਿਵੇਂ ਪ੍ਰਵਾਨ ਕਰਦੇ? ਆਪ ਜੀ ਨੇ ਸਪੱਸ਼ਟ ਸ਼ਬਦਾਂ ਵਿਚ ਲੋਕ ਮਾਨਸਿਕਤਾ ਨੂੰ ਦ੍ਰਿੜ੍ਹ ਕਰਵਾਇਆ ਕਿ ਪ੍ਰਭੂ ਦੀ ਪਹਿਚਾਣ ਕਰੋ, ਕਬਰਾਂ ਜਾਂ ਮੜ੍ਹੀਆਂ ਵਿਚ ਕੋਈ ਸ਼ਕਤੀ ਨਹੀਂ, ਇਹ ਕੇਵਲ ਭਰਮ ਹੈ :
ਜਗ ਆਪਨ ਆਪਨ ਉਰਝਾਨਾ॥
ਪਾਰਬ੍ਰਹਮ ਕਾਹੂੰ ਨ ਪਛਾਨਾ॥
ਇਕ ਮੜੀਅਨ ਕਬਰਨ ਵੈ ਜਾਂਹੀ॥
ਦੁਹੂੰਅਨ ਮਹਿ ਪਰਮੇਸ਼੍ਵਰ ਨਾਹੀ॥
(ਅਯ ਚਉਬੀਸ ਅਉਤਾਰ)
ਕਲਗੀਧਰ ਪਾਤਸ਼ਾਹ ਜੀ ਨੇ ਇਕ ਅਕਾਲ ਦੀ ਪੂਜਾ ਵਾਰ-ਵਾਰ ਦ੍ਰਿੜ੍ਹ ਕਰਵਾਈ ਹੈ। ਇਕ ਅਕਾਲ ਦਾ ਪੁਜਾਰੀ ਕਿਸੇ ਹੋਰ ਦਾ ਪੂਜਕ ਨਹੀਂ ਹੋ ਸਕਦਾ, ਕਿਉਂਕਿ ਅਕਾਲ ਨਿਰਭਉ ਹੈ ਤੇ ਉਹਦੀ ਬੰਦਗੀ ਕਰਨ ਵਾਲਾ ਡਰ ਰਹਿਤ ਹੋਵੇਗਾ। ਫੋਕਟ ਵਹਿਮਾਂ-ਭਰਮਾਂ ਵਿਚ ਉਲਝਿਆ ਸਮਾਜ ਕਦੇ ਵੀ ਮਾਨਸਿਕ ਪੱਧਰ ’ਤੇ ਉ¤ਚਾ ਨਹੀਂ ਉਠ ਸਕਦਾ ਅਤੇ ਉਸ ਦੇ ਬੌਧਿਕ ਵਿਕਾਸ ਵਿਚ ਖੜੋਤ ਆਵੇਗੀ। ਹਰ ਸਮੇਂ ਭਰਮ ਗ੍ਰਸੇ ਰਹਿਣਾ ਤੇ ਵਹਿਮ,ਮਾਨਸਿਕ ਰੋਗਾਂ ਦੇ ਜਨਮਦਾਤੇ ਹਨ। ਅਜੋਕੇ ਸਮੇਂ ਵਿਚ ਵੀ ਮਨੋਰੋਗਾਂ ਦੇ ਮਾਹਿਰ ਮੰਨਦੇ ਹਨ ਕਿ ਅਨੇਕ ਤਰ੍ਹਾਂ ਦੀ ਛਾਇਆ-ਮਾਇਆ, ਟੂਣੇ-ਟਾਮਣ ਤੇ ਭੂਤਾਂ-ਪ੍ਰੇਤਾਂ ਦੀ ਵਿਚਾਰ ਵਿਚ ਭਟਕਦੇ ਲੋਕ ਦਰਅਸਲ ਮਾਨਸਿਕ ਰੋਗੀ ਹਨ। ਇਨ੍ਹਾਂ ਲੋਕਾਂ ਨੂੰ ਉ¤ਚੇ ਮਨੋਬਲ ਦੀ ਜ਼ਰੂਰਤ ਹੈ। ਦਸਮ ਪਿਤਾ ਜੀ ਨੇ ਇਹ ਮਨੋਬਲ ਸਮੁੱਚੀ ਲੋਕਾਈ ਨੂੰ ਪ੍ਰਦਾਨ ਕਰਦਿਆਂ ਫੁਰਮਾਇਆ ਹੈ ਕਿ ਜਿਹੜਾ ਮਨੁੱਖ ਜਗਤ ਜੋਤ ਪ੍ਰਭੂ ਦਾ ਸਿਮਰਨ ਕਰੇਗਾ ਅਤੇ ਹੋਰ ਕਿਸੇ ਭਰਮ ਪਾਖੰਡ ਨੂੰ ਨਹੀਂ ਮੰਨੇਗਾ, ਉਹ ਹਮੇਸ਼ਾ ਉ¤ਚਾ-ਸੁੱਚਾ ਜੀਵਨ ਬਸਰ ਕਰੇਗਾ। ਇਹ ਸ਼ਬਦ ਅੱਜ ਵੀ ਸਾਡੇ ਕਾਫੀ ਗਿਣਤੀ ’ਚ ਭਰਮ ਗ੍ਰੱਸੇ ਸਮਾਜ ਲਈ ਪ੍ਰੇਰਨਾ ਸਰੋਤ ਹੈ :
ਜਾਗਤ ਜੋਤਿ ਜਪੈ ਨਿਸ ਬਾਸੁਰ
ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ
ਮੜੀ ਮਟ ਭੂਲ ਨ ਮਾਨੈ॥
(33 ਸਵੱਯੇ ਪਾ: 10)
Leave a Reply