ਦਸਮੇਸ਼ ਰਚਨਾ ਵਿਚ ਤਨ-ਮਨ ਦੀ ਅਰੋਗਤਾ ਦਾ ਸੰਦੇਸ਼
ਪ੍ਰੋ: ਇੰਦਰਜੀਤ ਸਿੰਘ ਗੋਗੋਆਣੀ
ਧਾਰਮਿਕ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀ ਸੰਪੂਰਨ ਘਾੜਤ ਘੜਦਿਆਂ ਜਿਥੇ ਉਸ ਨੂੰ ਸੰਤ-ਸਿਪਾਹੀ ਸਿਰਜਿਆ, ਬਾਣੀ-ਬਾਣੇ ਦੀ ਬਖਸ਼ਿਸ਼ ਕੀਤੀ, ਨਿਆਰੀ ਹੋਂਦ, ਮਰਿਆਦਾ ਤੇ ਪੰਰਪਰਾਵਾਂ ਪ੍ਰਪੱਕ ਕੀਤੀਆਂ, ਰਹਿਤ ਦ੍ਰਿੜ ਕਰਵਾਈ, ਉਥੇ ਤਨ ਤੇ ਮਨ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਲੀਆਂ ਅਲਾਮਤਾਂ ਤੋਂ ਵੀ ਸੁਚੇਤ ਕੀਤਾ। ਜ਼ਿਆਦਾਤਰ ਸਰੀਰਕ ਰੋਗ ਸਾਡੇ ਖਾਣ, ਪੀਣ, ਪਹਿਨਣ, ਆਲਸ ਤੇ ਵਿਕਾਰੀ ਸੋਚਾਂ ਦੀ ਦੇਣ ਹਨ। ਇਸੇ ਤਰ੍ਹਾਂ ਅਨੇਕਾਂ ਮਾਨਸਿਕ ਰੋਗ ਡਰੂ ਬਿਰਤੀ ਤੇ ਨਾਕਾਰਾਤਮਿਕ ਖਿਆਲਾਂ ਦੀ ਉਪਜ ਹਨ। ਮਾਨਸਿਕ ਰੋਗੀ ਕਦੇ ਵੀ ਸਰੀਰਕ ਤੌਰ ’ਤੇ ਤੰਦਰੁਸਤੀ ਦਾ ਆਨੰਦ ਨਹੀਂ ਮਾਣ ਸਕਦਾ ਅਤੇ ਸਰੀਰਕ ਰੋਗੀ ਤੰਦਰੁਸਤ ਮਨ ਦੇ ਹੁੰਦਿਆਂ ਵੀ ਜ਼ਿੰਦਗੀ ਦੇ ਉਮਾਹ ਤੇ ਉਤਸ਼ਾਹ ਤੋਂ ਵਿਰਵਾ ਰਹਿੰਦਾ ਹੈ। ‘ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ’ ਵਰਗੇ ਅਮੋਲਕ ਬਚਨ ਦਾਨਸ਼ਵਰਾਂ ਦਾ ਜੀਵਨ ਦੀ ਕਸਵੱਟੀ ’ਤੇ ਪਰਖਿਆ ਤੱਤ-ਗਿਆਨ ਹੈ।
ਜੇਕਰ ਦਸਮੇਸ਼ ਪਿਤਾ ਜੀ ਵੱਲੋਂ ਤਨ, ਮਨ ਦੀ ਅਰੋਗਤਾ ਸਬੰਧੀ ਬਖਸ਼ਿਸ਼ ਕੀਤੇ ਅਮੋਲਕ ਬਚਨਾਂ ਦੀ ਵਿਚਾਰ ਕਰੀਏ ਤਾਂ ਗੁਰੂ ਜੀ ਇਕ ਪ੍ਰਕਰਣ ਵਿਚ ਸੰਨਿਆਸ ਕਿਹੋ ਜਿਹਾ ਹੋਵੇ, ਦੀ ਪਰਤ ਫਰੋਲਦੇ ਹੋਏ ਚੰਗੇਰੀ ਜੀਵਨ-ਜਾਚ ਦੀ ਸਿੱਖਿਆ ਇਉਂ ਦਿੰਦੇ ਹਨ :
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ॥
ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ॥
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸੋ ਲਯਾਵੈ॥
ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ॥
(ਰਾਗ ਰਾਮਕਲੀ ਪਾਤਸ਼ਾਹੀ 10)
ਭਾਵ ਥੋੜਾ ਖਾਣਾ, ਥੋੜਾ ਜਿਹਾ ਸੌਣਾ, ਕੇਵਲ ਲੋੜ ਅਨੁਸਾਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਧਾਰਨ ਕਰੋ। ਇਸੇ ਤਰ੍ਹਾਂ ਸੀਲ ਸੰਤੋਖ, ਸ਼ਿਸ਼ਟਾਚਾਰ ਤੇ ਸੰਤੋਖੀ ਜੀਵਨ ਵਿਚ ਨਿਰਬਾਹ ਕਰੋ ਅਤੇ ਤ੍ਰਿਗੁਣ ਰਜੋ-ਤਮੋ-ਸਤੋ ਆਦਿ ਤੋਂ ਅਤੀਤ ਹੋ ਕੇ ਰਹੋ। ਸਰੀਰ ਨੂੰ ਵਿਨਾਸ਼ ਕਰ ਦੇਣ ਵਾਲੇ ਔਗੁਣ ਕਾਮ, ਕ੍ਰੋਧ, ਹੰਕਾਰ, ਲੋਭ, ਹਠ ਤੇ ਬੇਲੋੜੇ ਮੋਹ ਨੂੰ ਮਨ ਵਿਚ ਨਾ ਲਿਆਵੋ ਤਾਂ ਕਿ ਜ਼ਿੰਦਗੀ ਇਨ੍ਹਾਂ ਦੀ ਗੁਲਾਮ ਹੋ ਕੇ ਨਾ ਰਹਿ ਜਾਵੇ। ਇਸ ਤਰ੍ਹਾਂ ਆਤਮ-ਤੱਤ ਭਾਵ ਆਪਣੇ-ਆਪ ਦੀ ਅਸਲੀਅਤ ਵੇਖ ਸਕੋਗੇ ਤੇ ਪਰਮ ਪੁਰਖ ਨੂੰ ਪਾਇਆ ਜਾ ਸਕਦਾ ਹੈ, ਕਿਉਂਕਿ ਬਹੁਤਾ ਖਾਣ ਤੇ ਬਹੁਤਾ ਸੌਣ, ਬੇਰਹਿਮ ਤੇ ਕ੍ਰੋਧੀ ਸੁਭਾਅ ਵਾਲਾ ਮਾਨਵ ਜਦ ਸੀਲ ਸੰਤੋਖ ਨੂੰ ਤਿਆਗ ਦਿੰਦਾ ਹੈ ਤਾਂ ਕਾਮੀ, ਕ੍ਰੋਧੀ, ਹੰਕਾਰੀ, ਲੋਭੀ, ਹਠ ਤੇ ਲਾਲਚ ਫਾਥਾ ਆਪਣੇ ਲਈ ਤਾਂ ਘਾਤੀ ਹੁੰਦਾ ਹੀ ਹੈ, ਸਗੋਂ ਮਾਨਵਤਾ ਲਈ ਵੀ ਕ¦ਕਿਤ ਹੁੰਦਾ ਹੈ।
ਇਸੇ ਤਰ੍ਹਾਂ ਇਕ ਹੋਰ ਪ੍ਰਕਰਣ ਵਿਚ ਜੋਗ ਕਮਾਉਣ ਸਬੰਧੀ ਉਪਦੇਸ਼ ਦਿੰਦਿਆਂ ਸਮਝਾਇਆ ਹੈ ਕਿ ਲੰਬੀ ਉਮਰ ਤੇ ਕੰਚਨ ਭਾਵ ਸੋਨੇ ਵਰਗੀ ਦੇਹੀ ਕਿਵੇਂ ਰਹਿ ਸਕਦੀ ਹੈ। ਇਸ ਦਾ ਰਾਜ਼ ਇਉਂ ਵਰਨਣ ਕੀਤਾ ਹੈ :
ਓੁਘਟੈ ਤਾਨ ਤਰੰਗ ਰੰਗਿ ਅਤਿ ਗਯਾਨ ਗੀਤ ਬੰਧਾਨੰ॥
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬਯੋਮ ਬਿਵਾਨੰ॥
ਆਤਮ ਉਪਦੇਸ਼ ਬੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੇ॥
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬਯਾਪੇ॥
ਭਾਵ ਪ੍ਰੇਮੀ ਹੋਣਾ ਹੀ ਤਾਨ ਤਰੰਗ ਦਾ ਪੈਦਾ ਹੋਣਾ ਹੈ ਤੇ ਗਿਆਨ ਦੀ ਪ੍ਰਾਪਤੀ ਮਰਿਆਦਾ ਦਾ ਬੰਧਾਨ ਹੈ। ਅਜਿਹੀ ਅਵਸਥਾ ਨੂੰ ਤਾਂ ਦੇਵਤੇ, ਦੈਂਤ ਤੇ ਮੁਨੀ ਦੇਖ ਕੇ ਹੈਰਾਨ ਹੋ ਰਹੇ ਹਨ ਜੋ ਸ਼ੋਭਾ ਵਾਲੇ ਵਿਮਾਨਾਂ ਵਿਚ ਸੁਭਾਇਮਾਨ ਹਨ। ਆਪਣੀ ਆਤਮਾ ਨੂੰ ਆਪ ਉਪਦੇਸ਼ ਕਰੋ ਤੇ ਸੰਜਮ ਦਾ ਭੇਸ ਹੋਵੇ ਕੇਵਲ ਬਾਹਰੀ ਵਿਖਾਵਾ ਨਹੀਂ। ਪ੍ਰਭੂ ਦੀ ਰਜ਼ਾ ਵਿਚ ਅਜਪਾ ਜਾਪ ਸਿਮਰਨ ਹੋਵੇ ਤਾਂ ਸੋਨੇ ਵਰਗੀ ਦੇਹੀ ਰਹੇਗੀ ਤੇ ਜੀਵਨ ਮੁਕਤੀ ਪ੍ਰਾਪਤ ਹੋਵੇਗੀ।
ਅਜੋਕੇ ਸਮੇਂ ਵਿਚ ਸਾਡੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਮੱਸਿਆਵਾਂ ਦਾ ਹੱਲ ਤਦ ਹੋਵੇਗਾ ਜੇਕਰ ਆਪਣੀ ਆਤਮਾ ਨੂੰ ਆਪ ਉਪਦੇਸ਼ ਦੇਵਾਂਗੇ ਤੇ ਸੰਜਮ ਦਾ ਭੇਸ ਹੋਵੇਗਾ। ਫਿਰ ਪ੍ਰਭੂ ਦੀ ਬੰਦਗੀ ਵਾਲਾ ‘ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭ ਪਾਇਓ’ ਦੇ ਅਸੂਲਾਂ ਉ¤ਪਰ ਚੱਲ ਸਕੇਗਾ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ’ ਦੇ ਉਪਦੇਸ਼ ਉ¤ਪਰ ਅਮਲ ਕਰਦਾ ਹੋਇਆ ਵੈਰ-ਵਿਰੋਧ, ਈਰਖਾ ਤੇ ਨਫਰਤ ਦਾ ਵੀ ਤਿਆਗ ਕਰੇਗਾ।
ਸਾਡੇ ਸਮਾਜ ਦੀ ਇਕ ਹੋਰ ਵੱਡੀ ਸਮੱਸਿਆ ਹੈ ਜੋ ਮਾਨਸਿਕ ਭੈ ਨਾਲ ਜੁੜੀ ਹੋਈ ਹੈ। ਕਈ ਵਾਰ ਸਰੀਰ ਤੰਦਰੁਸਤ ਹਨ ਪਰ ਮਨ ਰੋਗੀ ਹਨ। ਗੁਰੂ ਜੀ ਨੇ ਸਮਾਜ ਦੀ ਨਬਜ਼ ਪਹਿਚਾਣਦਿਆਂ ਮਨ ਦੀ ਅਰੋਗਤਾ ਲਈ ਵੀ ਨੁਕਤੇ ਦਿੱਤੇ ਹਨ। ਭਾਰਤੀ ਸੰਸਕ੍ਰਿਤੀ ਵਿਚ ਅਨੇਕ ਪ੍ਰਕਾਰ ਦੇ ਫੋਕਟ ਕਰਮਕਾਂਡ ਹਨ, ਜਿਵੇਂ ਜੰਤਰਾਂ-ਮੰਤਰਾਂ-ਤੰਤਰਾਂ ਦੇ ਭਰਮ, ਕਬਰਾਂ, ਮੜ•ੀਆਂ ਦੀ ਪੂਜਾ, ਧਾਗੇ-ਤਵੀਤਾਂ, ਭੂਤ-ਪ੍ਰੇਤਾਂ ਦਾ ਡਰ, ਦਿਨਾਂ-ਤਿਉਹਾਰਾਂ ਦੇ ਭਰਮਾਂ ਤੋਂ ਲੈ ਕੇ ਅਨੇਕ ਤਰ੍ਹਾਂ ਦੇ ਡਰ ਮਨ ਨੂੰ ਰੋਗੀ ਬਣਾ ਰਹੇ ਹਨ। ਗੱਲ ਕੀ, ਇਸ ਪਾਖੰਡਵਾਦ ਦੇ ਭਰਮ ਨਾਲ ਇੱਕੀਵੀਂ ਸਦੀ ਵਿਚ ਵੀ ਬਹੁਤ ਵੱਡਾ ਵਪਾਰ ਚੱਲ ਰਿਹਾ ਹੈ। ਗੁਰੂ ਜੀ ਨੇ ਮਨ ਦੀ ਅਰੋਗਤਾ ਲਈ ਫ਼ਰਮਾਇਆ ਕਿ ਜਾਗਤ ਜੋਤਿ ਭਾਵ ਪ੍ਰਮਾਤਮਾ ਤੋਂ ਸਿਵਾਏ ਹੋਰ ਕਿਸੇ ਕਬਰ, ਮੜ੍ਹੀ, ਮੱਠ ਨੂੰ ਨਹੀਂ ਮੰਨਣਾ।
ਜਾਗਤਿ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥
(33 ਸਵੱਯੇ ਪਾ: 10, ਸ੍ਰੀ ਦਸਮ ਗ੍ਰੰਥ, ਪੰਨਾ 712)
ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਜੰਤਰਾਂ, ਮੰਤਰਾਂ, ਤੰਤਰਾਂ ਤੋਂ ਸ਼ਕਤੀਸ਼ਾਲੀ ਹੈ। ਜੇਕਰ ਮਨੁੱਖ ਨਿਰਭਉ ਦਾ ਨਾਮ ਜਪੇਗਾ ਤਾਂ ਭੈਮੁਕਤ ਹੋਵੇਗਾ। ਗੁਰਉਪਦੇਸ਼ ਹੈ :
ਨਮੋ ਮੰਤ੍ਰ ਮੰਤ੍ਰੰ॥ ਨਮੋ ਜੰਤ੍ਰ ਜੰਤ੍ਰੰ॥
ਨਮੋ ਇਸਟ ਇਸਟੇ॥ ਨਮੋ ਤੰਤ੍ਰ ਤੰਤ੍ਰੰ॥
(ਜਾਪੁ ਸਾਹਿਬ, ਸ੍ਰੀ ਦਸਮ ਗ੍ਰੰਥ, ਪੰਨਾ 3)
ਹੁਣ ਇਹਨਾਂ ਵਿਚਾਰਾਂ ਨੂੰ ਧਾਰਨ ਕਿਵੇਂ ਕੀਤਾ ਜਾਵੇ ਕਿ ਤਨ ਤੇ ਮਨ ਅਰੋਗ ਰਹਿਣ। ਗੁਰੂ ਜੀ ਫ਼ਰਮਾਉਂਦੇ ਹਨ ਕਿ ਧੀਰਜ ਭਾਵ ਸਹਿਜ ਦਾ ਘਰ ਇਸ ਤਨ ਨੂੰ ਬਣਾ ਅਤੇ ਇਸ ਵਿਚ ਜਿਸ ਦੀਪਕ ਦਾ ਚਾਨਣ ਕਰਨਾ ਹੈ, ਉਹ ਬੁੱਧ ਰੂਪੀ ਦੀਵਾ ਹੋਵੇ। ਮਨ ਰੂਪੀ ਹੱਥ ਦੇ ਵਿਚ ਗਿਆਨ ਦੀ ਬਢਨੀ (ਝਾੜੂ, ਬੁਹਾਰੀ) ਪਕੜ ਤੇ ਕਾਇਰਤਾ ਰੂਪੀ ਵਿਚਾਰਾਂ ਦੇ ਕੂੜੇ ਨੂੰ ਹੂੰਝ ਕੇ ਬਾਹਰ ਸੁੱਟ ਦੇ ਅਤੇ ਇਹੀ ਤਨ ਤੇ ਮਨ ਦੀ ਅਰੋਗਤਾ ਤੇ ਚੰਗੀ ਜੀਵਨ-ਜਾਚ ਦਾ ਰਾਜ਼ ਹੈ। ਗੁਰ ਫ਼ਰਮਾਨ ਹੈ :
ਧੀਰਜ ਧਾਮ ਬਨਾਇ ਇਹੈ ਤਨ,
ਬੁੱਧਿ ਸੁ ਦੀਪਕ ਜਿਉ ਉਜੀਆਰੈ॥
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ,
ਕਾਤਰਤਾ ਕੁਤਵਾਰ ਬੁਹਾਰੈ॥
(ਸਵੈਯਾ, ਪਾ: 10, ਸ੍ਰੀ ਦਸਮ ਗ੍ਰੰਥ, ਪੰਨਾ 570)
Leave a Reply