ਜਾਪੁ ਸਾਹਿਬ ਕਦੋਂ ਤੇ ਕਿੱਥੇ ਉਚਾਰਿਆ ਗਿਆ? – ਪ੍ਰੋ. ਸਾਹਿਬ ਸਿੰਘ

ਪ੍ਰੋ. ਸਾਹਿਬ ਸਿੰਘ (ਡੀ. ਲਿਟ)

ਦੀ ਲਿਖੀ ਹੋਈ ਪੁਸਤਕ ‘ਜਾਪੁ ਸਾਹਿਬ ਸਟੀਕ’ ਦਾ  ਮੁਖ-ਬੰਧ 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿਚ ‘ਅੰਮ੍ਰਿਤ’ ਛਕਾ ਕੇ ‘ਖਾਲਸਾ’ ਪੰਥ ਤਿਆਰ ਕੀਤਾ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਜੋ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਇਕ ਬਾਣੀ ਜਾਪੁ ਸਹਿਬ ਹੈ। ਜੋ ਪੰਜ ਸਿੰਘ ‘ਅੰਮ੍ਰਿਤ’ ਤਿਆਰ ਕਰਦੇ ਹਨ, ਉਨ੍ਹਾਂ ਵਾਸਤੇ ਇਹ ਭੀ ਜ਼ਰੂਰੀ ਹੇ ਕਿ ਉਹ ਆਪ ਇੰਨ੍ਹਾਂ ਬਾਣੀਆਂ ਦਾ ਪਾਠ ਕਰਨ ਦੇ ਨੇਮੀ ਹੋਣ। ਸੋ, ਜਿਨ੍ਹਾਂ ਸਿੰਘਾਂ ਨੇ ‘ਖਾਲਸਾ’ ਸਜਾਣ ਵਾਲੇ ਦਿਨ ਪਹਿਲਾਂ ‘ਅੰਮ੍ਰਿਤ’ ਤਿਆਰ ਕਰਨ ਵਿਚ ਹਿੱਸਾ ਲਿਆ, ਉਹ ਜ਼ਰੂਰ ਇੰਨ੍ਹਾਂ ‘ਬਾਣੀਆਂ’ ਦੇ ਪਾਠ ਕਰਨ ਦੇ ਨੇਮੀ ਸਨ, ਅਤੇ ਉਨ੍ਹਾਂ ਨੂੰ ‘ਜਾਪੁ’ ਸਾਹਿਬ ਜ਼ੁਬਾਨੀ ਯਾਦ ਸੀ।

‘ਪੰਜ ਪਿਆਰੇ’ ਚੁਣਨ ਵੇਲੇ ਕੋਈ ਇਹ ਕਸੌਟੀ ਨਹੀਂ ਸੀ ਵਰਤੀ ਗਈ ਕਿ ਉਹੋ ਹੀ ਅੱਗੇ ਆਉਣ ਜਿੰਨ੍ਹਾਂ ਨੂੰ ‘ਜਾਪੁ’ ਸਾਹਿਬ ਜ਼ਬਾਨੀ ਯਾਦ ਹੋਵੇ। ਪਰ ਇੰਨ੍ਹਾਂ ‘ਪੰਜ ਪਿਆਰਿਆਂ’ ਦਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ‘ਅੰਮ੍ਰਿਤ’ ਤਿਆਰ ਕਰਨਾ ਹੀ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਨੂੰ ‘ਜਾਪੁ’ ਭੀ ਜ਼ਬਾਨੀ ਯਾਦ ਸੀ। ਇਹ ਸਾਬਤ ਕਰਦਾ ਹੈ ਕਿ ਉਸ ਵਕਤ ਤੱਕ ਸਿੱਖ ਕੌਮ ਵਿਚ ‘ਜਾਪੁ’ ਸਾਹਿਬ ਦਾ ਰੋਜ਼ਾਨਾ ਪਾਠ ਆਮ ਪ੍ਰਚੱਲਤ ਸੀ। ਪਹਿਲੇ ਦਿਨ ਪੰਝੀ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ, ਛਕਾਣ ਵਾਲੇ ਕਈ ਜਥੇ ਨਾਲੋ ਨਾਲ ਤਿਅਰ ਹੁੰਦੇ ਗਏ, ਉਹ ਸਾਰੇ ਹੀ ‘ਜਾਪੁ’ ਸਾਹਿਬ ਦਾ ਰੋਜ਼ਾਨਾ ਪਾਠ ਦੇ ਨੇਮੀ ਹੋਣਗੇ, ਤਾਹੀਂਏਂ ਅੰਮ੍ਰਿਤ ਤਿਆਰ ਕਰ ਸਕੇ। ਇਹ ਸਾਰੀ ਵਿਚਾਰ ਅੱਖਾਂ ਅੱਗੇ ਰੱਖਿਆਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪੁ’ ਸਾਹਿਬ ਦੇ ਰੋਜ਼ਾਨਾ ਪਾਠ ਦਾ ਤਦੋਂ ਆਮ ਰਿਵਾਜ਼ ਸੀ।

ਇਸ ਬਾਣੀ ਦੀ ‘ਬਣਤਰ’ ਵੇਖਿਆਂ ਪਤਾ ਚਲਦਾ ਹੈ, ਕਿ ਇਸ ਵਿਚ ਸੰਸਕ੍ਰਿਤ ਦੇ ਬਹੁਤ ਲਫਜ਼ ਹਨ ਅਤੇ ਹਨ ਭੀ ਕਾਫੀ ਮੁਸ਼ਕਲ। ਸੋ ਇਸ ਬਾਣੀ ਦੇ ਪ੍ਰਚਲਤ ਹੋਣ ਲਈ ਕਾਫੀ ਸਮੇਂ ਦੀ ਲੋੜ ਸੀ: ਖਾਸ ਤੌਰ ਤੇ ਉਸ ਹਾਲਤ ਵਿਚ ਜਦੋਂ ਕਿ ਆਮ ਲੋਕਾਂ ਨੂੰ, ‘ਬ੍ਰਾਹਮਣ’ ਤੋਂ ਉਰੇ ਉਰੇ ਦੇ ਗਰੀਬ ਲੋਕਾਂ ਨੂੰ, ‘ਸੰਸਕ੍ਰਿਤ’ ਤੋਂ ਖਾਸ ਤੌਰ ਤੇ ਵਾਂਝਿਆ ਰੱਖਿਆ ਜਾ ਰਿਹਾ ਸੀ।

ਇਹ ਖਿਆਲ ਭੀ, ਕਿ ਸ਼ਾਇਦ ‘ਖਾਲਸਾ’ ਸਜਾਣ ਵਾਲੇ ਦਿਨ ਸਤਿਗੁਰੂ ਜੀ ਨੇ ‘ਅੰਮ੍ਰਿਤ’ ਤਿਆਰ ਕਰਨ ਵਾਲੇ ਸਿੰਘਾਂ ਪਾਸੋਂ ਗੁਟਕਿਆਂ ਤੋਂ ਹੀ ਪਾਠ ਕਰਾ ਲਿਆ ਹੋਵੇ, ਪਰਖ ਦੀ ਕਸਵੱਟੀ ਉਤੇ ਠੀਕ ਨਹੀਂ ਉਤਰਦਾ। ‘ਜਾਪੁ’ ਸਾਹਿਬ ਦਾ ਪਾਠ ਕਰਕੇ ਵੇਖੋ’ ਨਵਾਂ ਬੰਦਾ ਜੋ ਸੰਸਕ੍ਰਿਤ ਤੇ ਫਾਰਸੀ ਦੋਹਾਂ ਤੋਂ ਅਨਜਾਣ ਭੀ ਹੋਵੇ, ਦੋ ਚਾਰ ਦਸ ਦਿਨਾਂ ਦੀ ਮਿਹਨਤ ਨਾਲ ਭੀ ਸਹੀ ਤਰੀਕੇ ਨਾਲ ਪਾਠ ਨਹੀਂ ਕਰ ਸਕਦਾ। ਤੇ ਪਹਿਲੇ ਦਿਨ ਹੀ ਗੁਟਕਿਆਂ ਤੋਂ ਪਾਠ ਕਰਕੇ ਭੀ ਪਾਠ ਕਰਨ ਵਾਲਿਆਂ ਦੇ ਅੰਦਰ ਇਸ ਬਾਣੀ ਤੋਂ ਪੈਦਾ ਹੋਣ ਵਾਲਾ ਹੁਲਾਰਾ ਤੇ ਉਤਸ਼ਾਹ ਭੀ ਪੈਦਾ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਭੀ ਉਹ ਸਾਰਾ ‘ਉਦਮ’ ਨਿਸਫਲ ਜਾਂਦਾ ਸੀ। ਸੋ, ਉਪਰ ਦੱਸੀ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ, ਕਿ ‘ਜਾਪੁ’ ਸਾਹਿਬ ਦੀ ਬਾਣੀ ਸੰਨ 1699 ਤੋਂ ਕਾਫੀ ਸਮਾਂ ਪਹਿਲਾਂ ਦੀ ਉਚਾਰੀ ਹੋਈ ਸੀ ਅਤੇ ਸਿੱਖਾਂ ਵਿਚ ਇਸਦਾ ਪਾਠ ਬਹੁਤ ਪ੍ਰਚਲਤ ਸੀ।

ਇਹ ਗੱਲ ਇਤਿਹਾਸਿਕ ਤੌਰ ਤੇ ਬਹੁਤ ਪ੍ਰਸਿੱਧ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਪਾਸ 52 ਵਿਦਵਾਨ ਕਵੀ ਰਹਿੰਦੇ ਸਨ, ਜੋ ਸਤਿਗੁਰੂ ਜੀ ਦੀ ਨਿਗਰਾਨੀ ਹੇਠ ਕਈ ਕਿਸਮ ਦੀ ਉਤਸ਼ਾਹ-ਜਨਕ ਕਵਿਤਾ ਲਿਖਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਵੇਖ ਲਿਆ ਸੀ ਕਿ ਹੁਣ ਖੰਡਾ ਖੜਕਣ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ, ਤੇ ਇਸ ਵਿਚ ਪੂਰੇ ਉਤਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ- ਲੇਵਾ ਸਿੱਖਾਂ ਵਿਚ ਬੀਰ-ਰਸ ਭੀ ਭਰਨ ਦੀ ਲੋੜ ਹੈ। ਹੋਰ ਤਰੀਕੇ ਵਰਤਣ ਦੇ ਨਾਲ ਇਹ ਭੀ ਜ਼ਰੂਰੀ ਹੈ ਕਿ ਜੋਸ਼ ਭਰੀ ਕਵਿਤਾ ਤਿਆਰ ਕੀਤੀ ਜਾਵੇ ਅਤੇ ਇਸ ਦੇ ਸੁਣਨ ਪੜ੍ਹਨ ਦਾ ਵੀ ਆਮ ਸਿੱਖਾਂ ਵਿਚ ਪਰਚਾਰ ਹੋਵੇ। ਅਜਿਹੇ ਪ੍ਰਚਾਰ ਦਾ ਸਭ ਤੋਂ ਸੌਖਾ ਤਰੀਕਾ ‘ਕਵੀ ਦਰਬਾਰ’ ਹੀ ਹੋ ਸਕਦਾ ਹੈ। ਸੋ, ਸ੍ਰੀ ਕਲਗੀਧਰ ਜੀ ਦੀ ਨਿਗਰਾਨੀ ਵਿਚ ਉਤਸ਼ਾਹ-ਜਨਕ ਕਵਿਤਾਵਾਂ ਦੇ ‘ਕਵੀ ਦਰਬਾਰ’ ਭੀ ਹੁੰਦੇ ਸਨ।

ਇਹ ‘ਕਵੀ ਦਰਬਾਰ’ ਕਦੋਂ ਤੋਂ ਸ਼ੁਰੂ ਕੀਤੇ ਗਏ? ਇਸ ਬਾਰੇ ਇਤਿਹਾਸਕ ਤੌਰ ਤੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਰਿਆਸਤ ਨਾਹਨ ਵਿਚ ਜੋ ਸ੍ਰੀ ਦਸਮ ਪਾਤਸ਼ਾਹ ਜੀ ਦੇ ਹੱਥਾਂ ਦਾ ਬਣਿਆਂ ਹੋਇਆ ਗੁਰਦਵਾਰਾ ‘ਪਉਂਟਾ ਸਾਹਿਬ’ ਹੈ, ਉਥੇ ਹਜ਼ੂਰ ‘ਕਵੀ ਦਰਬਾਰ’ ਲਾਇਆ ਕਰਦੇ ਸਨ (ਏਸੇ ਅਸਥਾਨ ਦੀ ਇਕ ਕੰਧ ਅਗਸਤ 1942 ਵਿਚ ਜਮੁਨਾ ਦਰਿਆ ਦੇ ਹੜ੍ਹ ਨਾਲ ਢੱਠੀ ਸੀ) ਸੋ ਇਥੋਂ ਦੋ ਗੱਲਾਂ ਦੀ ਖਬਰ ਮਿਲੀ-ਪਹਿਲੀ, ਜਦੋਂ ਸਤਿਗੁਰੂ ਜੀ ਰਿਆਸਤ ਨਾਹਨ ਵਿਚ ਗਏ, ਉਸ ਸਮੇਂ ਤੋਂ ਪਹਿਲਾਂ ਹੀ ਆਪਦੇ ਪਾਸ ਕਈ ਵਿਦਵਾਨ ਕਵੀ ਆ ਚੁੱਕੇ ਸਨ; ਦੂਜੇ, ਇੰਨ੍ਹਾਂ ਕਵੀਆਂ ਦੀ ਉਤਸ਼ਾਹ-ਜਨਕ ਕਵਿਤਾ ‘ਕਵੀ ਦਰਬਾਰਾਂ’ ਵਿਚ ਸਿੱਖਾਂ ਨੂੰ ਸੁਣਾਈ ਜਾਂਦੀ ਸੀ,  ਤਾਂ ਕਿ ਸਿੱਖਾਂ ਵਿਚ ‘ਬੀਰ-ਰਸ’ ਵਧੇ।

ਪਰ ਜੋ ਸਤਿਗੁਰੂ ਜੀ ਵਿਦਵਾਨ ਕਵੀਆਂ ਦੀ ਇਤਨੀ ਕਦਰ ਕਰਦੇ ਹੋਣ, ਅਤੇ ਜਿੰਨ੍ਹਾਂ ਦੀ ਆਪਣੀ ਭੀ ਉਚ ਦਰਜ਼ੇ ਦੀ ‘ਬਾਣੀ’ ਸਾਡੇ ਪਾਸ ਮੌਜੂਦ ਹੋਵੇ, ਉਨ੍ਹਾਂ ਬਾਰੇ ਇਹ ਅੰਦਾਜ਼ਾ ਗਲਤ ਨਹੀਂ ਕਿ ਰਿਆਸਤ ਨਾਹਨ ਵਿਚ ਬਣੇ ਗੁਰਦਵਾਰਾ ‘ਪਉਂਟਾ’ ਸਾਹਿਬ ਦੇ ‘ਕਵੀ ਦਰਬਾਰਾਂ’ ਵਿਚ ਹਜ਼ੂਰ ਦੀ ਆਪਣੀ ‘ਬਾਣੀ’ ਭੀ ਸੁਣਾਈ ਜਾਂਦੀ ਸੀ ਅਤੇ ਆਪ ਉਸ ਵਕਤ ਤੱਕ ਮੰਨੇ-ਪ੍ਰਮੰਨੇ ‘ਕਵੀ’ ਬਣ ਚੁੱਕੇ ਸਨ।

ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿਚ ਸੰਨ 1684 ਈ: ਵਿਚ ਗਏ, ਤੇ ਉਥੇ ਤਿੰਨ ਸਾਲ ਰਹੇ। ਉਨ੍ਹੀ ਦਿਨੀ (1684-87) ਉਸ ਰਿਆਸਤ ਵਿਚ ਜਮੁਨਾ ਨਦੀ ਦੇ ਕੰਢੇ ਦੀ ਇਕਾਂਤ ਵਿਚ ‘ਜਾਪੁ ਸਾਹਿਬ’ ‘ਸਵੈਯੇ’ ਅਤੇ ‘ਅਕਾਲ ਉਸਤਤਿ’ ਆਦਿਕ ਬਾਣੀਆਂ ਉਚਾਰੀਆਂ ਗਈਆਂ। ‘ਜਾਪੁ ਸਾਹਿਬ’ ਅਤੇ ‘ਸਵੈਯੇ’ ਰੋਜ਼ਾਨਾਂ ਪਾਠ ਵਿਚ ਸ਼ਾਮਲ ਹੋਣ ਵਾਲੀਆਂ ਬਾਣੀਆਂ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ੁਬਾਨੀ ਯਾਦ ਹੋ ਗਈਆਂ, ਅਤੇ ‘ਅੰਮ੍ਰਿਤ’ ਤਿਆਰ ਹੋਣ ਦੇ ਸਮੇਂ ਸਾਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿੰਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ।

ਜਾਪੁ ਸਾਹਿਬ ਵਿਚ ਅਰਬੀ ਤੇ ਫਾਰਸੀ

ਸੰਸਕ੍ਰਿਤ ਲਫਜ਼ਾਂ ਤੋਂ ਇਲਾਵਾ ਇਸ ਬਾਣੀ ਵਿਚ ਫਾਰਸੀ ਤੇ ਅਰਬੀ ਲਫਜ਼ ਵੀ ਹਨ। ਇਹਨਾਂ ਲਫਜ਼ਾਂ ਬਾਰੇ ਤਾਂ ਉਹੋ ਜਿਹੀ ਕੋਈ ਗੁੰਝਲ ਨਹੀਂ, ਜੋ ਸੰਸਕ੍ਰਿਤ ਲਫਜ਼ਾਂ ਵਿਚ ਵੇਖ ਆਏ ਹਾਂ; ਪਰ ਏਥੇ ਭੀ ਅਰਬੀ ਬੋਲੀ ਦੇ ਵਿਆਕਰਣ ਦੇ ਸੰਬੰਧ ਵਿਚ ਇਕ ਔਕੜ ਹੈ, ਜੋ ਠੀਕ ਤਰ੍ਹਾਂ ਸਮਝ ਲੈਣੀ ਜ਼ਰੂਰੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚ ਕਈ ਐਸੀਆਂ ਅਨੋਖੀਆਂ ਗੱਲਾਂ ਆਉਂਦੀਆਂ ਹਨ, ਜਿੰਨ੍ਹਾਂ ਨੂੰ ਸਮਝਣ ਵਾਸਤੇ ਜੇ ਉਨ੍ਹਾਂ ਦੀ ‘ਬਾਣੀ’ ਤੋਂ ਕੋਈ ਬਾਹਰਲੀ ਕਸਵੱਟੀ ਵਰਤੀ ਜਾਏ ਤਾਂ ਗਲਤੀ ਖਾ ਜਾਈਦੀ ਹੈ। ‘ਅਰਦਾਸਿ’ ਵਿਚ ਵਰਤੇ ਹੋਏ ਲਫਜ਼ ‘ਭਗੌਤੀ’ ਬਾਰੇ ਬਹੁਤ ਸੱਜਣ ਟੱਪਲਾ ਖਾ ਜਾਂਦੇ ਹਨ, ਕਈ ਤਾਂ ਇਸ ਨੂੰ ‘ਦੇਵੀ-ਵਾਚਕ’ ਸਮਝ ਕੇ ਇਸ ਨੂੰ ਬਾਣੀ ਵਿਚੋਂ ਕੱਢਣ ਦਾ ਹੀ ਜਤਨ ਕਰਨ ਲੱਗ ਪੈਂਦੇ ਹਨ, ਤੇ ਕਈ ਸੱਜਣ ਇਸ ਨੂੰ ‘ਤਲਵਾਰ’ ਦਾ ਅਰਥ ਦੇ ਕੇ ਇਹ ਕਹਿਣ ਲੱਗ ਪੈਂਦੇ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤ੍ਰ-ਪੂਜਾ ਸ਼ੁਰੂ ਕਰਾ ਦਿੱਤੀ। ‘ਬਚਿੱਤਰ ਨਾਟਕ’ ਵਿਚ ਲਫਜ਼ ‘ਕਾਲਕਾ’ ਵਰਤਿਆ ਮਿਲਦਾ ਹੈ; ਇਸ ਨੂੰ ਪੜ੍ਹ ਕੇ ਕਈ ਸੱਜਣ ਤਾਂ ਇਹ ਮੰਨ ਰਹੇ ਹਨ ਕਿ ਸਤਿਗੁਰੂ ਜੀ ਨੇ ‘ਦੁਰਗਾ’ ਦੀ ਪੂਜਾ ਕੀਤੀ ਹੈ, ਕਈ ਇਹ ਕਹਿ ਰਹੇ ਹਨ ਕਿ ਇਹ ਬਾਣੀ ਸਤਿਗੁਰੂ ਜੀ ਦੀ ਆਪਣੀ ਨਹੀਂ ਹੈ। ਭਾਈ ਗੁਰਦਾਸ ਜੀ (ਦੂਜੇ) ਦੀ ‘ਵਾਰ’ ਵਿਚ ਇਸ ਲਫਜ਼ ‘ਕਾਲਕਾ’ ਬਾਰੇ ਇਕ ਤੁਕ ਇਉਂ ਹੈ:

   ਗੁਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥

ਪਰ ਲਫਜ਼ ‘ਕਾਲਕਾ’ ਨੂੰ ਸਹੀ ਤਰੀਕੇ ਨਾਲ ਨਾ ਸਮਝਣ ਕਰਕੇ ਕਈ ਸੱਜਣ ਇਸ ਦਾ ਪਾਠ ਇਉਂ ਕਰਦੇ ਸੁਣੀਦੇ ਹਨ:

   ਗੁਰ ਸਿਮਰਿ ਮਨਾਇਓ ਕਾਲ ਕੋ ਖੰਡੇ ਕੀ ਵੇਲਾ॥

ਇੰਨ੍ਹਾਂ ਭੁਲੇਖਿਆਂ ਦਾ ਅਸਲ ਕਾਰਨ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵਰਤੇ ਹੋਏ ਇਹੋ ਜਿਹੇ ਲਫਜ਼ਾਂ ਨੂੰ ਸਮਝਣ ਵਾਸਤੇ ਅਸੀਂ ਬਾਹਰੋਂ ਕੋਈ ਹੋਰ ਕਸਵੱਟੀ ਵਰਤਦੇ ਹਾਂ। ਪਰ ਅਸਲ ਵਿਚ ਉਨ੍ਹਾਂ ਦੇ ਭਾਵਾਂ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਉਨ੍ਹਾਂ ਦੀ ਆਪਣੀ ਹੀ ਬਾਣੀ ਵਿਚ ਹੋਰ ਹੋਰ ਥਾਂ ਵਰਤੇ ਹੋਏ ਇਹਨਾਂ ਲਫਜ਼ਾਂ ਨੂੰ ਪੜ੍ਹੀਏ ਤੇ ਫਿਰ ਵੇਖੀਏ ਕਿ ਉਹ ਆਪ ਇੰਨ੍ਹਾਂ ਲਫਜ਼ਾਂ ਨੂੰ ਕਿਸ ਅਰਥ ਵਿਚ ਵਰਤਦੇ ਹਨ। ਉਚ-ਕੋਟੀ ਦੇ ਕਵੀ ਤੇ ਵਿਦਵਾਨ ਲਿਖਾਰੀ ਸਿਰਫ ਪਹਿਲੀ ਮੌਜੂਦ ‘ਬੋਲੀ’ ਨੂੰ ਹੀ ਸੁੰਦਰ ਤਰੀਕੇ ਨਾਲ ਨਹੀਂ ਵਰਤਦੇ ਸਗੋਂ ‘ਬੋਲੀ’ ਵਿਚ ਹੋਰ ਨਵੇਂ ਲਫਜ਼ ਤੇ ਖਿਆਲ ਲਿਆ ਭਰਦੇ ਹਨ, ਤੇ ਕਈ ਮਰ ਚੁੱਕੇ ਲਫਜ਼ਾਂ ਨੂੰ ਨਵੀਂ ਜਿੰਦ ਪਾ ਕੇ ਨਵੇਂ ਰੂਪ ਤੇ ਨਵੇਂ ਅਰਥ ਵਿਚ ਵਰਤਦੇ ਹਨ। …

ਨੋਟ:-ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ ਜਾਪੁ ਸਾਹਿਬ ਸਟੀਕ’ ਸਿੰਘ ਬ੍ਰਦਰਜ਼ਬਜ਼ਾਰ ਮਾਈ ਸੇਵਾਂਅੰਮ੍ਰਿਤਸਰ ਵੱਲੋਂ ਛਾਪੀ ਗਈ ਹੈਜਿਸਦਾ ਆਈ ਐਸ ਬੀ ਐਨ 81-7202-077-1 (ਪੇਪਰ ਬੈਕ) ਅਤੇ ਸਜਿਲਦ ਦਾ ਨੰ: 81-7205-146-8 ਹੈ

Leave a Reply