ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਵ ਦ੍ਰਿਸ਼ਟੀ
ਪ੍ਰੋ. ਪਿਆਰਾ ਸਿੰਘ ਪਦਮ
ਹਰ ਸਮੇਂ, ਹਰ ਦੇਸ਼ ਵਿਚ ਧਰਮ ਕਲਾ ਤੇ ਫਿਲਾਸਫ਼ੀ ਦਾ ਇਕੋ ਇਕ ਪਵਿੱਤਰ ਮਨੋਰਥ ਰਿਹਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਦੀ ਏਕਤਾ ਦਾ ਸਬਕ ਦ੍ਰਿੜ੍ਹਾਇਆ ਜਾਵੇ ਤੇ ਇਸ ਆਸਰੇ ਮਨੁੱਖੀ ਸਮਾਜ ਵਿਚ ਇਕਸੁਰਤਾ ਪੈਦਾ ਕਰਕੇ ਸ਼ਾਂਤੀ ਅਮਨ ਵਿਚ ਰਹਿੰਦਿਆਂ ਸਭਿਆਚਾਰ ਦੀਆਂ ਉਚੇਰੀਆਂ ਸਿਖਰਾਂ ਨੂੰ ਛੂਹਿਆ ਜਾਵੇ ਤੇ ਅਗਲੇਰੀ ਪੀੜ੍ਹੀ ਲਈ ਉੱਚਾ- ਸੁੱਚਾ ਤੇ ਸਾਰਥਕ ਉਦੇਸ਼ ਪੇਸ਼ ਕੀਤਾ ਜਾਵੇ। ਸਿੱਖ ਲਹਿਰ ਦਾ ਆਦਰਸ਼ ਵੀ ਇਹੋ ਹੀ ਸੀ ਕਿ ਚੜ੍ਹਦੀ ਕਲਾ ਨਾਲ ਸਰਬੱਤ ਦੇ ਭਲੇ ਨੂੰ ਮੋਹਰੀ ਥਾਂ ਦਿੱਤੀ ਜਾਵੇ। ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਅਧਿਆਤਮਿਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਸੀ। ਦੂਜੇ ਸ਼ਬਦਾਂ ਵਿਚ ਗੁਰਤਾ, ਬੀਰਤਾ ਤੇ ਕਾਵਿਕਤਾ ਉਨ੍ਹਾਂ ਦੇ ਮੁੱਖ ਗੁਣ ਸਨ ਪਰ ਪ੍ਰਧਾਨਤਾ ਗੁਰਤਾ ਨੂੰ ਹੀ ਪ੍ਰਾਪਤ ਸੀ।
ਗੁਰਤਾ ਦਾ ਵੱਡਾ ਲੱਛਣ ਇਹ ਦੱਸਿਆ ਗਿਆ ਹੈ ਕਿ ਜਿਥੇ ਗੁਰੂ ਆਪ ਪਰਮ ਜੋਤਿ ਨਾਲ ਇਕਮਿਕ ਹੁੰਦਾ ਹੈ, ਉਥੇ ਉਹ ਬਾਕੀ ਸਭ ਨੂੰ ਵੀ ਉਸ ਦੇ ਨਾਲ ਮਿਲਾਉਂਦਾ ਹੈ। ਇਸ ਦਾ ਕਰਤਵ ਹੀ ਜ਼ਿੰਦਗੀ ਦਾ ਸੰਜੋਗ ਰਚਣਾ ਹੈ। ਜਿਵੇਂ ਕਿ ਮੌਲਾਣਾ ਰੂਮੀ ਨੇ ਲਿਖਿਆ ਹੈ ਕਿ ਤੂੰ ਭਾਈ! ਦੁਨੀਆਂ ਵਿਚ ਆਇਆ ਹੀ ਇਸ ਲਈ ਹੈਂ ਕਿ ਸਭ ਨੂੰ ਮਿਲਾਵੇਂ, ਨਾ ਕਿ ਤੋੜ-ਵਿਛੋੜਾ ਪਾਵੇਂ। ਉਸ ਦਾ ਸ਼ਿਅਰ ਹੈ-
ਤੂ ਬਰਾਇ ਵਸਲ ਕਰਦਨ ਆਮਦੀ। ਨ ਬਰਾਇ ਫਸਲ ਕਰਦਨ ਆਮਦੀ।
ਗੁਰਬਾਣੀ ਵਿਚ ਗੁਰੂ ਦਾ ਲੱਛਣ ਵੀ ਇਸੇ ਪ੍ਰਕਾਰ ਕੀਤਾ ਗਿਆ ਹੈ ਕਿ ਜੋ ਮਨੁੱਖੀ ਆਤਮਾ ਨੂੰ ਮਾਲਕ ਪਰਮਾਤਮਾ ਨਾਲ ਮਿਲਾਵੇ ਤੇ ਮਨੁੱਖ ਨੂੰ ਮਨੁੱਖ ਦੇ ਗਲ਼ ਲਾਵੇ:
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥ (ਪੰਨਾ 72)
ਗੁਰੂ ਅਰਜਨ ਸਾਹਿਬ ਦਾ ਫ਼ਰਮਾਨ ਵੀ ਇਸੇ ਭਾਵ ਦਾ ਹੈ:
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ (ਪੰਨਾ 957)
ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਨੂੰ ਰੱਬ ਨਾਲ ਮੇਲਣ ਤੇ ਮਨੁੱਖਾਂ ਨੂੰ ਪਰਸਪਰ ਮੇਲਣ ਦੇ ਬੜੇ ਸਾਰਥਕ ਉਪਰਾਲੇ ਕੀਤੇ। ਇਹ ਠੀਕ ਹੈ ਕਿ ਉਹ ਖੜਗਧਾਰੀ ਜੋਧੇ ਸਨ, ਉਨ੍ਹਾਂ ਸਿੱਖਾਂ ਨੂੰ ਇਸ ਦਾ ਯੋਗ ਪ੍ਰਯੋਗ ਵੀ ਦੱਸਿਆ, ਪਰ ਨਾਲ ਹੀ ਉਨ੍ਹਾਂ ਇਸ ਨੂੰ ਆਖਰੀ ਹਥਿਆਰ ਹੀ ਕਿਹਾ। ਸਪਸ਼ਟ ਤਾਕੀਦ ਕੀਤੀ ਕਿ ਜਦੋਂ ਕੋਈ ਸਾਧਨ ਬਾਕੀ ਨਾ ਰਹੇ ਤਾਂ ਹੀ ਤਲਵਾਰ ਦੀ ਮੁੱਠ ਉੱਤੇ ਹੱਥ ਰੱਖਣਾ ਜਾਇਜ਼ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥22॥ (ਜ਼ਫ਼ਰਨਾਮਾ)
ਜਿਥੋਂ ਤਕ ਜੀਵਨ-ਜਾਚ ਦਾ ਤੁਅੱਲਕ ਹੈ, ਸਤਿਗੁਰਾਂ ਦੋ ਵਿਸ਼ੇਸ਼ ਗੱਲਾਂ ਕਹੀਆਂ- ਪਹਿਲੀ ਇਹ ਕਿ ਪਰਮੇਸ਼ਰ ਪ੍ਰੇਮ ਸਰੂਪ ਹੈ ਤੇ ਉਹ ਅਨੁਰਾਗ (ਇਸ਼ਕ) ਬਣ ਕੇ ਹੀ ਜਗਤ ਦੇ ਬਾਗ ਵਿਚ ਟਹਿਕ-ਮਹਿਕ ਪੈਦਾ ਕਰ ਰਿਹਾ ਹੈ। ਫਿਰ ਉਸ ਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ, ਬਾਕੀ ਸਾਧਨ ਐਵੇਂ ਦੇਖ-ਦਿਖਾਵੇ ਦੇ ਹਨ:
-ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ॥ ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥80॥ (ਜਾਪੁ ਸਾਹਿਬ)
-ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ (ਤ੍ਵਪ੍ਰਸਾਦਿ ਸਵੱਯੇ)
ਧਾਰਮਕ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿਸ਼ਵਾਰਥੀ ਜਾਂ ਯੂਨੀਵਰਸਲ ਹੁੰਦੀ ਹੈ ਤੇ ਆਮ ਸੰਸਾਰੀ ਆਦਮੀ ਦੀ ਦ੍ਰਿਸ਼ਟੀ ਵਧੇਰੇ ਕਰਕੇ ਸੁਆਰਥੀ (ਸੈਲਫ ਸੈਂਟ੍ਰਿਡ) ਹੁੰਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਾਲ ਦ੍ਰਿਸ਼ਟੀ ਇਹ ਅਨੁਭਵ ਕਰਦੀ ਸੀ ਕਿ ਸਿਵਾਇ ਪ੍ਰੇਮ-ਪਿਆਰ ਦੀ ਗੁੜ੍ਹਤੀ ਦੇ ਮਨੁੱਖਤਾ ਨੂੰ ਏਕਤਾ ਦੇ ਧਾਗੇ ਵਿਚ ਨਹੀਂ ਪਰੋਇਆ ਜਾ ਸਕਦਾ। ਇਸ ਕਰਕੇ ਜਿਥੇ ਉਨ੍ਹਾਂ ਇਨਸਾਨੀ ਏਕਤਾ ਉਤੇ ਜ਼ੋਰ ਦਿੱਤਾ, ਉਥੇ ਬਾਕੀ ਧਰਮ ਕਰਮ ਦੀ ਏਕਤਾ ਨੂੰ ਪਛਾਨਣ ਦੀ ਵੀ ਤਾਕੀਦ ਕੀਤੀ। ਇਹੋ ਹੀ ਇਕ ਸਾਰਥਕ ਵਿਧੀ ਸੀ ਜਿਸ ਨਾਲ ਸਰਬੱਤ ਦੇ ਭਲੇ ਦਾ ਮਿਸ਼ਨ ਪੂਰਾ ਹੋ ਸਕਦਾ ਸੀ। ਆਪ ਲਿਖਦੇ ਹਨ:
ਕੋਊ ਭਇਓ ਮੁਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫ਼ੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ॥85॥ (ਅਕਾਲ ਉਸਤਤਿ)
ਅੱਗੇ ਕਹਿੰਦੇ ਹਨ–
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥86॥ (ਅਕਾਲ ਉਸਤਤਿ)
ਇਹ ਸਿਖਿਆ ਦੇ ਕੇ ਸਤਿਗੁਰਾਂ ਹਰ ਸਿੱਖ ਨੂੰ ਵਿਸ਼ਵਾਰਥੀ ਦ੍ਰਿਸ਼ਟੀ ਬਣਾਉਣ ਦੀ ਪ੍ਰੇਰਨਾ ਕੀਤੀ ਤਾਂ ਕਿ ਉਹ ਸਾਰੇ ਭਰਮ ਭੇਦ ਛੱਡ ਕੇ ਇਨਸਾਨੀਅਤ ਮਾਤਰ ਨੂੰ ਬਰਾਬਰ ਸਮਝੇ ਤੇ ਸਭ ਨਾਲ ਇਕੋ ਜਿਹਾ ਵਰਤਾਉ ਕਰੇ। ਫ਼ਰਮਾਨ ਹੈ:
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ॥ ਤਿਹ ਆਗੈ ਹਿੰਦੂ ਕਿਆ ਤੁਰਕਾ॥ (ਦਸਮ ਗ੍ਰੰਥ, ਬਚਿਤ੍ਰ ਨਾਟਕ, ਪੰਨਾ 157)
ਇਹ ਬ੍ਰਹਮ ਗਿਆਨੀ ਵਾਲੀ ਦ੍ਰਿਸ਼ਟੀ ਹੈ, ਜਿਸ ਨੂੰ ਬੇਗਾਨਾ ਕੋਈ ਦਿਸਦਾ ਹੀ ਨਹੀਂ। ਉਹ ਸਮਦਰਸੀ ਹੈ ਤੇ ਸਭ ਵੱਲ ਅੰਮ੍ਰਿਤ ਦ੍ਰਿਸ਼ਟੀ ਹੀ ਰੱਖਦਾ ਹੈ, ਜਿਵੇਂ ਕਿ ਭਾਈ ਘਨ੍ਹੱਈਆ ਜੀ ਨੇ ਕੀਤਾ:
ਬ੍ਰਹਮ ਗਿਆਨੀ ਸਦਾ ਸਮਦਰਸੀ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥ (ਗਉੜੀ ਸੁਖਮਨੀ ਮ: 5, ਪੰਨਾ 272)
ਗੁਰੂ ਗੋਬਿੰਦ ਸਿੰਘ ਜੀ ਦੀ ਵਿਆਪਕ ਦ੍ਰਿਸ਼ਟੀ ਬੜੀ ਦੂਰ ਦੂਰ ਤਕ ਰਸਾਈ ਰੱਖਦੀ ਸੀ। ਉਨ੍ਹਾਂ ਦੇਸ਼ ਅੰਦਰ ਪੂਜੇ ਸਤਿਕਾਰੇ ਜਾਂਦੇ ਦੇਵੀ-ਦੇਵਤਿਆਂ, ਬ੍ਰਹਮਾ, ਵਿਸ਼ਨੂੰ, ਮਹੇਸ਼ ਦੇ ਅਵਤਾਰਾਂ- ਵਿਸ਼ਨੂੰ ਦੇ 24 ਅਵਤਾਰਾਂ, ਮਹੇਸ਼ ਦੇ ਦੋ ਅਵਤਾਰਾਂ ਤੇ ਬ੍ਰਹਮਾ ਦੇ ਸੱਤ ਉਪ ਅਵਤਾਰਾਂ, ਫਿਰ ਦੁਰਗਾ ਚੰਡੀ ਦੀ ਕਥਾ ਤੇ ਮੁਸਲਮਾਨਾਂ ਦੇ ਮੀਰ ਮਹੀਉੱਦੀਨ ਸਾਹਿਬ ਦੀ ਵਾਰਤਾ ਦੀ ਮਾਲਾ ਪਰੋ ਕੇ 35 ਮਹਾਂ ਨਾਇਕਾਂ ਦਾ ਬਚਿੱਤ੍ਰ ਨਾਟਕ ਗ੍ਰੰਥ ਲਿਖਿਆ ਤਾਂ ਕਿ ਸਾਰੇ ਲੋਕ ਆਪਣੇ ਆਪਣੇ ਪੂਜ ਇਸ਼ਟ ਤੋਂ ਯੋਗ ਪ੍ਰੇਰਨਾ ਲੈ ਕੇ ਧਰਮ ਯੁੱਧ ਲਈ ਤਿਆਰ-ਬਰ-ਤਿਆਰ ਹੋ ਸਕਣ। ਇਹ ਸਤਿਗੁਰਾਂ ਦੀ ਹੀ ਕਲਾਕਾਰ ਦ੍ਰਿਸ਼ਟੀ ਸੀ ਕਿ ਉਸ ਨੇ ਪੁਰਾਣਕ ਸਮਾਜ ਵਿਚ ਨਵੀਂ ਜਾਨ ਪਾ ਕੇ ਉਸ ਨੂੰ ਇਕ ਥਾਂ ਗੁਲਦਸਤਾ ਬਣਾ ਕੇ ਪੇਸ਼ ਕੀਤਾ। ਜਦੋਂ ਉਨ੍ਹਾਂ ਭਾਰਤ ਦੇ ਧਾਰਮਕ ਜੀਵਨ ਦਾ ਵਿਸ਼ਲੇਸ਼ਣ ਕੀਤਾ ਤਾਂ ਵੀ ਉਨ੍ਹਾਂ ਸਪਸ਼ਟ ਕਿਹਾ ਸੀ ਕਿ ਮੈਂ ਦੇਸ਼ ਦੇ ਸਾਰੇ ਜੈਨੀਆਂ, ਬੋਧੀਆਂ ਤੇ ਸੰਨਿਆਸੀ ਸਾਧੂਆਂ ਅਤੇ ਜੋਗੀਆਂ ਦੇ ਆਸ਼ਰਮ ਦੇਖੇ ਹਨ, ਕੋਈ ਵੀ ਸੱਚੇ ਅਰਥਾਂ ਵਿਚ ਧਰਮੀ ਬੰਦਾ ਨਹੀਂ ਮਿਲਿਆ। ਦਰਅਸਲ ਇਹ ਸਭ ਲੋਕ, ਪ੍ਰਭੂ ਦੀ ਪ੍ਰੀਤ ਤੋਂ ਬਿਨਾਂ ਇਕ ਰੱਤੀ ਮੁੱਲ ਦੇ ਵੀ ਨਹੀਂ ਹਨ:
ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ॥ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ॥ (ਤ੍ਵਪ੍ਰਸਾਦਿ ਸਵੱਯੇ)
ਜਦੋਂ ਉਹ ਆਪਣੀ ਦਿਬ-ਦ੍ਰਿਸ਼ਟੀ ਨਾਲ ਹਿੰਦ ਭਰ ਦੇ ਤੇ ਬਾਹਰਲੇ ਲੋਕਾਂ ਨੂੰ ਵੇਖਦੇ ਹਨ ਤਾਂ ਉਹ ਅੰਤਰ ਆਤਮੇ ਮਹਿਸੂਸ ਕਰਦੇ ਹਨ ਕਿ ਆਮ ਲੋਕੀ ਥਾਂ ਥਾਂ ਉਸ ਦਾ ਜਾਪ ਕਰ ਰਹੇ ਹਨ। ਕੀ ਪੂਰਬ ਪੱਛਮ ਤੇ ਕੀ ਉੱਤਰ, ਦੱਖਣ ਸਭੇ। ਗੁਰੂ ਸਾਹਿਬ ਦੇਸ਼ ਦੇ ਕੋਨੇ ਕੋਨੇ ਤੋਂ ਵਾਕਫ਼ ਸਨ। ਆਪ ਉਹ ਗੰਗਾ ਕਿਨਾਰੇ ਪਟਨਾ ਸਾਹਿਬ ਜਨਮੇ, ਜਮਨਾ ਕਿਨਾਰੇ ਪਾਉਂਟਾ ਸਾਹਿਬ ਕਲਮ ਤੇ ਸ਼ਸਤਰਾਂ ਦੇ ਅਭਿਆਸ ਦੀ ਲੀਲ੍ਹਾ ਕਰਦੇ ਰਹੇ, ਸਤਲੁਜ ਕਿਨਾਰੇ ਆਨੰਦਪੁਰ ਆ ਕੇ ਪੰਥ ਦੀ ਸਿਰਜਣਾ ਕੀਤੀ ਅਤੇ ਗੋਦਾਵਰੀ ਕੰਢੇ ਦੱਖਣ ਜਾ ਕੇ ਜੀਵਨ ਨਾਟਕ ਨੂੰ ਸੰਪੂਰਨ ਕੀਤਾ। ਉਂਜ ਵੀ ਉਹ ਭਾਰਤ ਦੀ ਬਚਿੱਤਰ ਅਨੇਕਤਾ ਨੂੰ ਰੱਬੀ ਏਕਤਾ ਦੇ ਰੰਗ ਨਾਲ ਮਿਲਾ ਕੇ ਦੱਸਣ ਵਾਲੇ ਪਹਿਲੇ ਰਹੱਸਵਾਦੀ ਮਹਾਂਕਵੀ ਹਨ, ਜਿਨ੍ਹਾਂ ਦੇਸ਼ ਦੇ ਦਰਜਨਾਂ ਨਗਰਾਂ ਤੇ ਇਲਾਕਿਆਂ ਦਾ ਨਾਮ ਲੈ ਲੈ ਇਹ ਗੱਲ ਆਖੀ ਹੈ ਕਿ ਉਸ ਪਰਮੇਸ਼ਰ ਦੀ ਕੀਰਤੀ ਮਾਲਤੀ ਦੇ ਫੁੱਲਾਂ ਦੀ ਖੁਸ਼ਬੋ ਵਾਂਗ ਥਾਂ ਥਾਂ ਪਸਰ ਰਹੀ ਹੈ। ਜਿਵੇਂ ਕਿ ਸੱਖਰ, ਭੱਖਰ, ਤਿੱਬਤ, ਬੰਗਾਲ, ਬੁੰਦੇਲਖੰਡ, ਮਕਰਾਨ, ਕੰਧਾਰ, ਛਤ੍ਰਨੇਰ, ਹੁਸੈਨਾਬਾਦ, ਸੁਰੰਗਾਬਾਦ, ਰਾਮਪੁਰ, ਹਿੰਗਲਾਜ਼, ਪਲਾਊਗਢ, ਚਾਂਦਾਗੜ੍ਹ, ਕਮਾਊਗਢ, ਚੰਦੇਰੀਕੋਟ, ਚੰਪਾਵਦੀ, ਕੈਲਾਸ਼ਪੁਰੀ, ਕਾਸੀਪੁਰੀ, ਖੀਰ ਸਾਗਰ, ਅਰਬ, ਚੀਨ ਮਚੀਨ, ਹਿਮਾਲਾ, ਗੰਗਾ ਤੇ ਜਮੁਨਾ ਆਦਿ ਸਭ ਥਾਂ ਉਸ ਦਾ ਜਲਵਾ ਮੂਰਤੀਮਾਨ ਹੈ। ਇਹ ਕਬਿੱਤ ਧਿਆਨ ਯੋਗ ਹਨ:
ਪੂਰਬੀ ਨ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈ ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ॥
ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ, ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ॥
ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੈਸੀ ਜਾਨੈਂ, ਪਛਮ ਕੇ ਪੱਛਮੀ ਪਛਾਨੈਂ ਨਿਜ ਕਾਮ ਹੈਂ॥
ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ, ਦ੍ਰਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ॥254॥
ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ॥
ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ, ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ॥
ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ, ਤਿਬਤੀ ਧਿਆਇ ਦੋਖ ਦੇਹ ਕੋ ਦਲਤ ਹੈਂ॥
ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ॥255॥ (ਅਕਾਲ ਉਸਤਤਿ)
ਅੱਗੇ 264, 265 ਤੇ 266 ਨੰਬਰ ਕਬਿੱਤਾਂ ਵਿਚ ਵੀ ਹੋਰ ਨਾਵਾਂ ਥਾਵਾਂ ਦੇ ਵੇਰਵੇ ਦੇ ਦੇ ਕੇ ਇਹੋ ਗੱਲ ਦੁਹਰਾਈ ਹੈ ਕਿ ਥਾਂ ਥਾਂ ਤੇਰੀ ਕੀਰਤੀ ਦੀ ਕਥਾ ਚੱਲ ਰਹੀ ਹੈ।
ਅਸਾਂ ਹੁਣ ਤਕ ਇਹ ਚਰਚਾ ਕੀਤੀ ਹੈ ਕਿ ਗੁਰੂ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ ਕਿਤਨੀ ਵਿਸ਼ਾਲ ਸੀ, ਜਿਸ ਵਿਚ ਉਨ੍ਹਾਂ ਸੰਸਾਰ ਨੂੰ ਇਕ ਸਮਾਨ ਸਮਝਾਉਣ ਦਾ ਜਤਨ ਕੀਤਾ ਤੇ ਦੇਸ਼ ਭਰ ਵਿਚ ਉਸ ਧਰਮ ਜੋਤਿ ਦੀ ਵਿਆਪਕਤਾ ਦੱਸ ਕੇ ਉਸ ਦਾ ਜੱਸ ਗਾਇਆ ਤਾਂ ਕਿ ਲੋਕ ਉਸ ਵਿਸ਼ਾਲ ਮੰਡਪ ਦੀ ਛਤਰ-ਛਾਇਆ ਹੇਠ ਆ ਕੇ ਦਵੈਤ ਭਾਵ ਤਿਆਗ ਕੇ ਇਕਸੁਰਤਾ ਤੇ ਇਕ ਰਸਤੇ ਦਾ ਅਨੁਭਵ ਕਰਨ।
ਪਰ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਕਿ ਗੁਰੂ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ, ਊਣਤਾਈਆਂ ਤੇ ਕਮਜ਼ੋਰੀਆਂ ਨੂੰ ਅੱਖੋਂ ਉਹਲੇ ਕਰ ਰਹੀ ਸੀ। ਜੋ ਸਾਡੇ ਧਰਮਾਂ ਤੇ ਸਮਾਜ ਅੰਦਰ ਗ਼ਲਤ-ਫਹਿਮੀਆਂ ਪਈਆਂ ਹੋਈਆਂ ਸਨ ਜਾਂ ਕੋਈ ਗ਼ਲਤ ਰੀਤਾਂ ਪ੍ਰਚੱਲਤ ਸਨ, ਸਤਿਗੁਰਾਂ ਉਨ੍ਹਾਂ ਦਾ ਖੰਡਨ ਕਰਕੇ ਸੱਚਾਈ ਉਜਾਗਰ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਜੀਵਨ-ਉਦੇਸ਼ ਹੀ ਇਹ ਸੀ ਕਿ ਸੱਚੇ ਧਰਮ ਦਾ ਪ੍ਰਚਾਰ ਕੀਤਾ ਤੇ ਭਲੇ ਪੁਰਸ਼ਾਂ ਦਾ ਸਤਿਕਾਰ ਅਤੇ ਬੁਰਾ ਕਰਨ ਵਾਲਿਆਂ ਦਾ ਪ੍ਰਹਾਰ ਕੀਤਾ ਜਾਵੇ:
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ॥ (ਬਚਿਤ੍ਰ ਨਾਟਕ, ਅਧਿਆਏ ਛੇਵਾਂ)
ਅਜਿਹੇ ਮਿਸ਼ਨ ਦੀ ਪੂਰਤੀ ਕਰਦਿਆਂ ਉਨ੍ਹਾਂ ਕਦੀ ਸੰਕੋਚ ਨਹੀਂ ਕੀਤਾ ਤੇ ਨਾ ਹੀ ਕਿਸੇ ਤੋਂ ਭੈਭੀਤ ਹੋਏ, ਸਗੋਂ ਉਨ੍ਹਾਂ ਨਿਧੜਕ ਹੋ ਕੇ ਇਹ ਗੱਲ ਆਖੀ-
ਕਹਿਓ ਪ੍ਰਭੂ ਸੁ ਭਾਖਿ ਹੋਂ॥ ਕਿਸੂ ਨ ਕਾਨ ਰਾਖਿ ਹੋਂ॥ ਕਿਸੂ ਨ ਭੇਖ ਭੀਜ ਹੋਂ॥ ਅਲੇਖ ਬੀਜ ਬੀਜ ਹੋਂ॥ (ਬਚਿਤ੍ਰ ਨਾਟਕ)
ਇਤਨੀ ਸਪੱਸ਼ਟਤਾ ਦੇ ਬਾਵਜੂਦ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਬਾਣੀ ਦੇ ਉਦੇਸ਼ ਨੂੰ ਸਮਝਣਾ ਇਕ ਅਣਜਾਣਪੁਣੇ ਦੀ ਦੁਰਘਟਨਾ ਹੀ ਹੈ। ਉਨ੍ਹਾਂ ਬ੍ਰਹਮ ਗਿਆਨੀ ਵਾਲੀ ਵਿਸ਼ਾਲ ਦ੍ਰਿਸ਼ਟੀ ਕਾਇਮ ਰੱਖਦਿਆਂ ਵੀ ਸਮਾਜਕ ਯਥਾਰਥ ਨੂੰ ਅੱਖੋਂ-ਪਰੋਖੇ ਨਹੀਂ ਕੀਤਾ, ਸਗੋਂ ਉਸ ਦੀ ਸੁਧਾਈ ਲਈ ਸਾਫ ਅਗਵਾਈ ਦਿੱਤੀ ਹੈ। ਕੁਝ ਕੁ ਨੁਕਤੇ ਵਿਚਾਰ-ਗੋਚਰੇ ਕਰਨੇ ਜ਼ਰੂਰੀ ਹਨ:
1) ਆਸਤਿਕਤਾ ਦਾ ਅਰਥ ਕਿਸੇ ਵਿਸ਼ੇਸ਼ ਵਿਅਕਤੀ, ਦੇਵੀ-ਦੇਵਤੇ ਜਾਂ ਮੂਰਤੀ ਦੀ ਪੂਜਾ ਮਾਨਤਾ ਨਹੀਂ, ਸਗੋਂ ਵਿਆਪਕ ਜਾਗਤ ਜੋਤਿ ਦੀ ਅਰਾਧਨਾ ਹੈ। ਉਸ ਜਾਗਤ ਜੋਤਿ ਦਾ ਸੰਕਲਪ ਦਸਮ ਗ੍ਰੰਥ ਵਿਚ ਥਾਂ ਪਰ ਥਾਂ ਚਿਹਨ ਚੱਕ੍ਰ ਤੇ ਰੂਪ ਰੇਖਾ ਤੋਂ ਉੱਤੇ ਬਿਆਨ ਕੀਤਾ ਗਿਆ ਹੈ ਤਾਂ ਕਿ ਜਗਿਆਸੂ ਕਿਸੇ ਛੋਟੀ, ਕਲਪਿਤ, ਸੀਮਤ ਸ਼ਕਤੀ ਨੂੰ ਰੱਬ ਮੰਨਣ ਦਾ ਭੁਲੇਖਾ ਖਾ ਕੇ ਮਨੁੱਖੀ ਹੈਸੀਅਤ ਦਾ ਅਪਮਾਨ ਨਾ ਕਰੇ:
ਜਾਗਤਿ ਜੋਤਿ ਜਪੈ ਨਿਸੁ ਬਾਸੁਰ ਏਕ ਬਿਨਾ ਮਨੁ ਨੈਕੁ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜ੍ਹੀ ਮਟ ਭੂਲਿ ਨ ਮਾਨੈ॥(33 ਸਵੱਯੇ)
ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ॥ ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ॥166॥ (ਅਕਾਲ ਉਸਤਤਿ)
ਅਜਿਹੀ ਪਰਮ ਜੋਤਿ ਦੀ ਯਾਦ ਜ਼ਿੰਦਗੀ ਦਾ ਆਧਾਰ ਹੈ ਤੇ ਸਤਿਗੁਰਾਂ ਇਸ ਤੇ ਵੀ ਬਹੁਤ ਜ਼ੋਰ ਦਿੱਤਾ ਹੈ-
ਤਵ ਚਰਨਨ ਮਨ ਰਹੈ ਹਮਾਰਾ॥ ਅਪਨਾ ਜਾਨ ਕਰੋ ਪ੍ਰਤਿਪਾਰਾ॥ (ਬੇਨਤੀ ਚੌਪਈ)
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆ ਦਾ ਰਹਣਾ॥ (ਸ਼ਬਦ ਹਜ਼ਾਰੇ, ਖਿਆਲ ਪਾਤ: 10)
ਇਸ ਜਾਗਤ ਜੋਤਿ ਜਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਇਕੋ ਇਕ ਮਾਰਗ ਪ੍ਰੇਮ ਹੈ, ਪ੍ਰੇਮ ਸਹਿਤ ਕੀਤਾ ਸਿਮਰਨ, ਹੋਰ ਕਰਮਕਾਂਡ ਨਹੀਂ, ਜਿਨ੍ਹਾਂ ਦਾ ਅਕਾਲ ਉਸਤਤਿ ਵਿਚ ਵਿਸਥਾਰ ਨਾਲ ਖੰਡਨ ਵੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਰੱਬੀ ਏਕਤਾ ਦੇ ਵਿਸ਼ਵਾਸ ਤੋਂ ਇਲਾਵਾ ਸਮਾਜਕ ਭਲਾਈ ਦੀ ਬੁਨਿਆਦ ਮਨੁੱਖੀ ਏਕਤਾ ਵਿਚ ਅਤੁੱਟ ਵਿਸ਼ਵਾਸ ਹੈ। ਜੋ ਨਿਸ਼ਚਾ ਜਾਂ ਕਾਰ-ਵਿਹਾਰ ਇਸ ਦੇ ਵਿਰੁੱਧ ਜਾਂਦਾ ਹੈ, ਉਹ ਧਰਮ ਨਹੀਂ ਤੇ ਨਾ ਹੀ ਜ਼ਿੰਦਗੀ ਲਈ ਹਿਤਕਾਰੀ ਹੋ ਸਕਦਾ ਹੈ।
ਪੁਰਾਣੇ ਭਾਰਤੀ ਵਿਚਾਰਾਂ ਅਨੁਸਾਰ ਕੋਈ ਧਰਮ-ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ-ਅਧਿਕਾਰ ਤੋਂ। ਗੁਰੂ ਸਾਹਿਬ ਨੇ ਮਨੁੱਖੀ ਸਮਾਨਤਾ ਦਾ ਵਰਤਾਰਾ ਵਰਤਾ ਕੇ ਇਹ ਖੁੱਸੇ ਅਧਿਕਾਰ ਮੁੜ ਬਹਾਲ ਕੀਤੇ। ਸਪਸ਼ਟਤਾ ਲਈ ਦੋ ਮਿਸਾਲਾਂ ਕਾਫੀ ਹਨ। ਭਗਤ ਨਾਮਦੇਵ ਨੂੰ ਬ੍ਰਾਹਮਣ ਪਰੋਹਤਾਂ, ਧਰਮ-ਅਧਿਕਾਰੀ ਨਹੀਂ ਸਮਝਿਆ ਤੇ ਮੰਦਰ ਵਿਚੋਂ ਕੱਢਣੋਂ ਵੀ ਪ੍ਰਹੇਜ਼ ਨਹੀਂ ਕੀਤਾ। ਦੂਜਾ, ਜਦ ਸ਼ਿਵਾ ਜੀ ਮਰਹੱਟਾ 1674 ਈ. ਵਿਚ ਗੱਦੀ ਤੇ ਬੈਠਣ ਲੱਗੇ ਤਾਂ ਪ੍ਰੋਹਤ ਜਮਾਤ ਨੇ ਇਤਰਾਜ਼ ਕੀਤਾ ਕਿ ਖੱਤਰੀ ਨਾ ਹੋਣ ਕਾਰਨ ਆਪ ਦਾ ਰਾਜ-ਤਖ਼ਤ ਤੇ ਬੈਠਣ ਦਾ ਹੱਕ ਨਹੀਂ ਬਣਦਾ। ਇਹ ਹੱਕ ਮਨਵਾਉਣ ਲਈ 50 ਲੱਖ ਰੁਪਿਆ ਖਰਚ ਕਰਕੇ 11 ਹਜ਼ਾਰ ਬ੍ਰਾਹਮਣਾਂ ਨੂੰ ਚਾਰ ਮਹੀਨੇ ਲਗਾਤਾਰ ਭੋਜਨ ਖਿਲਾਇਆ ਗਿਆ ਤਾਂ ਇਹ ਪ੍ਰਵਾਨਗੀ ਮਿਲੀ। ਗੁਰੂ ਸਾਹਿਬ ਨੇ ਇਕ ਬਾਟੇ ਵਿਚ ਅੰਮ੍ਰਿਤ ਛਕਾ ਕੇ ਬਾਣੀ ਦੇ ਪ੍ਰਭਾਵ ਨਾਲ ਧਰਮ-ਅਧਿਕਾਰ ਤੇ ਰਾਜ-ਅਧਿਕਾਰ ਸਭ ਨੂੰ ਸਮਾਨ ਬਖਸ਼ੇ ਤੇ ਸਰਦਾਰ ਬਣਾਇਆ। ਭਾਰਤੀ ਸਮਾਜਕ ਦਸ਼ਾ ਦੇ ਪਿਛਵਾੜੇ ਵਿਚ ਮਨੁੱਖੀ ਏਕਤਾ ਦਾ ਇਹ ਸਿੰਘ-ਕਰਮ ਸੱਚਮੁੱਚ ਹੀ ਮਹਾਨ ਕਾਰਨਾਮਾ ਸੀ।
2) ਮਨੁੱਖੀ ਏਕਤਾ ਦਾ ਭਾਵ ਇਹ ਵੀ ਨਹੀਂ ਕਿ ਭਲੇ-ਬੁਰੇ ਦੀ ਪਛਾਣ ਨਹੀਂ ਕਰਨਾ। ਸਾਧ ਚੋਰ ਜਾਂ ਚੰਗੇ ਮੰਦੇ ਨੂੰ ਇਕ ਸਮਾਨ ਸਮਝ ਲੈਣਾ ਹੈ। ਸਗੋਂ ਗੁਰੂ ਸਾਹਿਬ ਨੇ ਆਪਣਾ ਜੀਵਨ-ਉਦੇਸ਼ ਦੱਸਦਿਆਂ ਸਾਫ ਕਿਹਾ ਹੈ ਕਿ ਮੈਂ ਕੇਵਲ ਭਲੇ ਪੁਰਸ਼ਾਂ ਦੀ ਮੱਦਦ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਆਇਆ ਹਾਂ। ਮੇਰਾ ਕੰਮ ਹਰ ਤਰ੍ਹਾਂ ਧਰਮ ਨੂੰ ਮਜ਼ਬੂਤ ਕਰਨਾ ਹੈ:
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ॥ (ਬਚਿਤ੍ਰ ਨਾਟਕ, ਅਧਿਆਏ ਛੇਵਾਂ)
ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਸਪਸ਼ਟ ਸੀ ਕਿ ਭਲੇ ਕਿਰਤੀ ਲੋਕਾਂ ਦੀ ਹਮਾਇਤ ਕਰਨਾ ਤੇ ਲੁੱਟ-ਖਸੁੱਟ ਕਰਨ ਵਾਲੀ ਸਾਮਰਾਜਵਾਦੀ ਸਵਾਰਥੀ ਸ਼੍ਰੇਣੀ ਨੂੰ ਸਮਰੱਥਾ ਹੀਣਾ ਕਰਨਾ ਹੈ। ਇਸੇ ਕਰਕੇ ਉਨ੍ਹਾਂ ਅਪਣੇ ਤਨ, ਮਨ, ਧਨ ਦੀ ਸ਼ਕਤੀ ਨੇਕ ਕਿਰਤੀ ਲੋਕਾਂ ਦੇ ਵਿਕਾਸ ਵਿਚ ਲਾਈ ਤੇ ਉਨ੍ਹਾਂ ਦਾ ਜੱਸ ਵੀ ਗਾਇਆ:
ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ॥ ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਆਗੈ ਫਲੈ ਇਨਹੀ ਕੋ ਦਯੋ, ਜਗ ਮੈ ਜਸੁ ਅਉਰ ਦਯੋ ਸਭ ਫੀਕੋ॥ ਮੋ ਗ੍ਰਹ ਮੈ ਮਨ ਤੇ ਤਨ ਤੇ, ਸਿਰ ਲਉ ਧਨ ਹੈ ਸਬ ਹੀ ਇਨਹੀ ਕੋ॥ (ਦਸਮ ਗ੍ਰੰਥ, ਪੰਨਾ 716)
3) ਇਸ ਤੋਂ ਵੀ ਅੱਗੇ ਜਾ ਕੇ ਗੁਰੂ ਸਾਹਿਬ ਨੇ ਅਜਿਹੇ ਜਾਗਤ ਜੋਤਿ ਦੇ ਪੁਜਾਰੀ ਭਲੇ ਪੁਰਸ਼ਾਂ ਵਿਚ ਪੰਚ ਪ੍ਰਤਿਨਿਧਾਂ ਨੂੰ ਗੁਰਿਆਈ ਗੱਦੀ ਦੀ ਸੌਂਪਣਾ ਕੀਤੀ ਤਾਂ ਕਿ ਮਨੁੱਖਤਾ ਕਦੀ ਅਸਮਾਨੀ ਅਵਤਾਰਾਂ ਜਾਂ ਨਬੀਆਂ, ਪੀਰਾਂ ਦੀ ਇੰਤਜ਼ਾਰ ਵਿਚ ਨਾ ਰਹੇ ਤੇ ਨਾ ਹੀ ਅਕਿਰਤੀ ਪੂੰਜੀਦਾਰਾਂ ਦੇ ਚੱਕਰ ਵਿਚ ਫਸੇ। ਵੈਸਾਖੀ ਸਮੇਂ ਗੁਰੂ ਸਾਹਿਬ ਦਾ ਪੰਥ ਖਾਲਸੇ ਤੋਂ ਆਪ ਅੰਮ੍ਰਿਤ ਪਾਨ ਕਰਨਾ, ਇਸ ਦੀ ਅਮਲੀ ਕਾਰਵਾਈ ਸੀ। ਉਹ ਕਹਿ ਰਹੇ ਸਨ:
ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੇਂ ਹਉਂ ਕਰਉਂ ਨਿਵਾਸ।…
ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਮੇਰੋ ਸੱਜਨ ਸੂਰਾ।…
(ਸਰਬਲੋਹ ਗ੍ਰੰਥ, ਪੰਨਾ 667)
ਦੂਜੇ ਸ਼ਬਦਾਂ ਵਿਚ ਇਹ ਇਕ ਬਹੁਤ ਵੱਡੀ ਇਨਕਲਾਬੀ ਗੱਲ ਸੀ ਕਿ ਧਾਰਮਕ ਪ੍ਰੋਹਤੀ ਪੰਡਤਾਂ ਮੁੱਲਾਂ ਤੋਂ ਖੋਹ ਕੇ ਤੇ ਸੰਸਾਰੀ ਚੌਧਰ, ਰਾਜੇ ਰਾਣਿਆਂ ਤੋਂ ਖੋਹ ਕੇ ਪੰਚਾਇਤ ਦੇ ਹਵਾਲੇ ਕੀਤੀ ਜਾ ਰਹੀ ਸੀ। ਇਸ ਤਰ੍ਹਾਂ ਸਤਿਗੁਰਾਂ ਨਵੀਂ ਕਿਸਮ ਦੇ ਧਰਮ-ਪਰਾਇਣ ਲੋਕਤੰਤਰਵਾਦ ਦੀ ਨੀਂਹ ਰੱਖ ਕੇ ਮਨੁੱਖ ਨੂੰ ਸਦਾ ਲਈ ਸ਼ਖ਼ਸੀ ਗੁਲਾਮੀ ਤੋਂ ਬਚਾ ਲਿਆ। ਹੋਰ ਤਾਂ ਹੋਰ ਉਨ੍ਹਾਂ ਆਪਣੇ ਬਾਰੇ ਵੀ ਇਹ ਗੱਲ ਆਖ ਦਿੱਤੀ ਕਿ ਮੇਰੇ ਵਿਅਕਤਿੱਤਵ ਨੂੰ ਕਿਤੇ ਰੱਬ ਬਣਾ ਕੇ ਨਾ ਪੂਜਣ ਬਹਿ ਜਾਣਾ:
ਜੋ ਹਮ ਕੋ ਪਰਮੇਸਰ ਉਚਰਿ ਹੈਂ॥ ਤੇ ਸਭ ਨਰਕਿ ਕੁੰਡ ਮਹਿ ਪਰਿਹੈਂ॥
ਮੋਕੌ ਦਾਸੁ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥
ਮੈ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ (ਬਚਿਤ੍ਰ ਨਾਟਕ)
ਧਰਮਾਂ ਵਿਚ ਇਹ ਭੁੱਲ ਆਮ ਹੁੰਦੀ ਰਹੀ ਹੈ ਕਿ ਪੈਰੋਕਾਰ ਧਰਮ ਦੇ ਬਾਨੀ ਨੂੰ ਹੀ ਧਰਮ ਪੂਜ ਜਾਂ ਰੱਬ ਮੰਨ ਕੇ ਸੀਮਤ ਹੁੰਦੇ ਗਏ ਹਨ। ਇਸ ਵਿਅਕਤੀ ਪੂਜਾ ਨੇ ਹਰ ਧਰਮ ਨੂੰ ਸੰਪਰਦਾਇਕ ਕੈਦ ਵਿਚ ਗ੍ਰਸ ਕੇ ਛੋਟਾ ਕੀਤਾ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਇਸ ਵੱਡੀ ਭੁੱਲ ਤੋਂ ਬਚਾ ਲਿਆ ਹੈ।
4) ਕਿਸੇ ਦੇਵੀ-ਦੇਵਤਾ ਜਾਂ ਪੀਰ-ਫ਼ਕੀਰ ਦਾ ਆਝੀ ਹੋਣਾ ਮਨੁੱਖੀ ਸੁਤੰਤਰਤਾ ਤੇ ਸਮਰੱਥਾ ਦਾ ਅਪਮਾਨ ਹੈ। ਇਸ ਲਈ ਇਨ੍ਹਾਂ ਪੰਜ ਪਿਆਰਿਆਂ ਨੂੰ ਪਾਹੁਲ ਜਾਂ ਬਪਤਿਸਮਾ ਦੇਣ ਦਾ ਅਧਿਕਾਰ ਵੀ ਦਿੱਤਾ ਗਿਆ ਤਾਂ ਕਿ ਇਹ ਖੁਦ ਨਵੇਂ ਮਾਨਵ ਸਮਾਜ ਦੇ ਸਿਰਜਣਹਾਰ ਬਣਨ। ਕੋਈ ਜੰਤਰ ਮੰਤਰ ਦੀ ਵਿਧੀ ਨਹੀਂ ਸਿਖਾਈ ਤੇ ਨਾ ਹੀ ਕੋਈ ਅਲੋਕਾਰ ਗੱਲ ਕਰਕੇ ਕਰਾਮਾਤ ਜਾਂ ਰਿਧੀ ਸਿਧੀ ਦੇ ਰਾਹ ਪਾਇਆ, ਸਗੋਂ ਸਮਝਾਇਆ ਇਹ ਗਿਆ ਕਿ ਬਾਣੀ ਗੁਰੂ ਹੈ, ਇਹ ਬਾਣੀ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾ ਸਕਦਾ ਹੈ। ਇਸ ਦਾ ਭਾਵ ਸਪੱਸ਼ਟ ਸੀ ਕਿ ਗੁਰਬਾਣੀ ਜ਼ਿੰਦਗੀ ਦਾ ਕਰਤਾ ਹੈ। ਕਿਤੇ ਵੀ ਕੋਈ ਤਿਆਰ-ਬਰ-ਤਿਆਰ ਪੰਚ ਪੁਰਸ਼ ਜੁੜ ਕੇ ਇਸ ਨੁਸਖੇ ਰਾਹੀਂ ਨਵੇਂ ਜੀਵਨ ਦੀ ਜਾਗ ਲਾ ਸਕਦੇ ਹਨ।
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥ (ਸ਼ਬਦ ਹਜ਼ਾਰੇ, ਰਾਮਕਲੀ ਪਾਤ: 10)
ਰੁਹਾਨੀ ਗਿਆਨ ਤੋਂ ਇਲਾਵਾ ਬਾਕੀ ਬੌਧਿਕ ਵਿਕਾਸ ਲਈ ਬੁੱਧਿ ਸੁ ਦੀਪਕ ਜਿਉ ਉਜੀਆਰੈ ਵਾਲਾ ਸੰਦੇਸ਼ ਅਤਿ ਮਹੱਤਵਪੂਰਨ ਹੈ। ਇਸ ਲਈ ਉਨ੍ਹਾਂ ਉਮਰ ਭਰ ਉਪਰਾਲੇ ਕੀਤੇ, ਆਨੰਦਪੁਰ ਵਿੱਦਿਆ ਦਰਬਾਰ ਰਚਾ ਕੇ, ਚੋਣਵੇਂ ਸਿੱਖ ਬਨਾਰਸ ਪੜ੍ਹਨ ਲਈ ਭੇਜ ਕੇ ਤੇ ਦਮਦਮੇ ਸਾਹਿਬ ਕਲਮਾਂ ਵਰਤਾ ਕੇ ਲਿਖਣਸਰ ਬਣਾ ਕੇ ਆਦਿ।
5) ਅਧਿਆਤਮਿਕ ਕੀਮਤਾਂ ਦੇ ਨਾਲ ਨਾਲ ਸਦਾਚਾਰਕ ਕੀਮਤਾਂ ਦੀ ਵੀ ਵਿਸ਼ੇਸ਼ ਥਾਂ ਹੈ, ਇਸ ਤੋਂ ਬਿਨਾਂ ਸਮਾਜਕ ਮਰਯਾਦਾ ਤੇ ਵਿਅਕਤੀਗਤ ਜੀਵਨ ਦਾ ਚੱਜ ਅਚਾਰ ਸੰਪੂਰਨ ਨਹੀਂ ਹੁੰਦਾ। ਇਸ ਲਈ ਬੁਰਿਆਈਆਂ ਦਾ ਤਿਆਗ ਤਾਂ ਲਾਜ਼ਮੀ ਹੀ ਹੈ। ਨਾਲ ਸੁੰਦਰ ਇਖ਼ਲਾਕੀ ਗੁਣਾਂ ਦਾ ਪ੍ਰਫੁੱਲਤ ਹੋਣਾ ਵੀ ਜ਼ਰੂਰੀ ਹੈ ਜਿਵੇਂ ਸੀਲ, ਸੰਤੋਖ, ਦਇਆ, ਖਿਮਾਂ, ਸੰਜਮ ਤੇ ਨਿਰਲੇਪਤਾ ਆਦਿ ਤਾਂ ਹੀ ਆਤਮਾ ਤੇ ਕਾਇਆ ਕੰਚਨ ਵਾਂਗ ਨਿਖਾਰ ਵਿਚ ਆ ਸਕਦੀ ਹੈ:
–ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ॥ ਸੀਲ ਸੰਤੋਖ ਸਦਾ ਨਿਰਬਾਹਿਬੋ, ਹ੍ਵੈਬੋ ਤ੍ਰਿਗੁਣ ਅਤੀਤਿ॥
ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲ੍ਯਾਵੈ॥ ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹ ਪਾਵੈ॥3॥1॥
–ਆਤਮ ਉਪਦੇਸ ਭੇਸੁ ਸੰਜਮ ਕੋ, ਜਾਪ ਸੁ ਅਜਪਾ ਜਾਪੈ॥ ਸਦਾ ਰਹੈ ਕੰਚਨ ਸੀ ਕਾਯਾ, ਕਾਲ ਨ ਕਬਹੂੰ ਬ੍ਯਾਪੈ॥3॥2॥(ਸ਼ਬਦ ਹਜ਼ਾਰੇ, ਪਾ: 10)
ਹਮੂੰ ਮਰਦ ਬਾਯਦ ਸ਼ਵਦ ਸੁਖਨਵਰ॥ ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ॥ (ਜ਼ਫ਼ਰਨਾਮਾ, 55)
6) ਰੱਬੀ ਵਿਸ਼ਵਾਸ ਤੇ ਮਨੁੱਖੀ ਏਕਤਾ ਦੇ ਨਾਲ ਗੁਰੂ ਸਾਹਿਬ ਨੇ ਆਤਮ ਵਿਸ਼ਵਾਸ ਵੀ ਦ੍ਰਿੜ੍ਹ ਕਰਾਇਆ ਤਾਂ ਕਿ ਸੰਤ ਸਿਪਾਹੀ ਜੀਵਨ ਕਰਮਯੋਗ ਤੋਂ ਥਿੜਕ ਨ ਜਾਵੇ। ਰੁਹਾਨੀ ਮਾਰਗ ਤੇ ਚੱਲਣ ਵਾਲੇ ਲੋਕ ਆਮ ਤੌਰ ਤੇ ਸਵਰਗ ਜਾਂ ਮੁਕਤੀ ਦੀ ਮੰਗ ਕਰਦੇ ਹਨ ਪਰ ਗੁਰੂ ਸਾਹਿਬ ਨੇ ਨਵੀਂ ਸੰਥਾ ਵਿਚ ਇਹ ਪੜ੍ਹਾਈ ਕਰਾਈ ਕਿ ਜ਼ਿੰਦਗੀ ਤਾਂ ਨੇਕੀ ਲਈ ਸਭ ਕੁਝ ਨਿਛਾਵਰ ਕਰ ਦੇਣ ਵਿਚ ਹੈ, ਇਹੋ ਧਰਮ ਹੈ ਤੇ ਇਹੋ ਵੱਡਾ ਪੁੰਨ ਕਰਮ ਹੈ:
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥ ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪੁਨੀ ਜੀਤ ਕਰੋਂ॥
ਸਾਡੇ ਦੇਸ਼ ਵਿਚ ਤਿਆਗ ਦਾ ਖਿਆਲ ਇਤਨੇ ਜ਼ੋਰਾਂ ਉੱਤੇ ਰਿਹਾ ਹੈ ਕਿ ਇਸ ਨੇ ਹਿੰਦੁਸਤਾਨ ਕਰਮਯੋਗ ਨੂੰ ਪਿੰਗਲਾ ਬਣਾ ਛੱਡਿਆ ਹੈ। ਗੁਰੂ ਸਾਹਿਬ ਨੇ ਸਮਝਾਇਆ ਕਿ ਜੇ ਤਿਆਗ ਜਾਂ ਨਿਰਲੇਪਤਾ ਧਾਰਨੀ ਹੈ ਤਾਂ ਮਨ ਕਰਕੇ ਮਾਇਕ ਜੰਜਾਲ ਤੋਂ ਉਤਾਂਹ ਉੱਠਣ ਦੀ ਲੋੜ ਹੈ, ਤੇ ਇਹ ਘਰ ਵਿਚ ਰਹਿ ਕੇ ਵੀ ਹੋ ਸਕਦਾ ਹੈ:
ਰੇ ਮਨ ਐਸੋ ਕਰ ਸੰਨਿਆਸਾ॥ ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ॥ (ਸ਼ਬਦ ਹਜ਼ਾਰੇ, ਪਾ: 10)
7) ਸਤਿਗੁਰਾਂ ਨੇਕੀ ਦੀ ਅੰਤਮ ਜਿੱਤ ਵਿਚ ਵਿਸ਼ਵਾਸ ਦ੍ਰਿੜ੍ਹਾਉਂਦਿਆਂ ਕਿਹਾ ਹੈ ਕਿ ਹੱਥ ਵਿਚ ਤਲਵਾਰ ਤੇ ਦਿਲ ਵਿਚ ਅਕਾਲ ਦਾ ਧਿਆਨ ਧਰਕੇ ਬੁਰਿਆਈ ਵਿਰੁੱਧ ਲੜਨਾ ਸੂਰਬੀਰਾਂ ਦਾ ਕਰਤੱਵ ਹੈ। ਘਬਰਾਉਣਾ ਨਹੀਂ, (ਦਿਲ ਨਹੀਂ ਛੱਡਣਾ ਆਖਰੀ ਫਤਹਿ ਨੇਕੀ ਦੀ ਹੋਵੇਗੀ, ਸਮਾਂ ਆਵੇਗਾ ਕਿ ਬੁਰਿਆਈ ਦਾ ਵਿਨਾਸ਼ ਤੇ ਸੱਚਾਈ ਦਾ ਵਿਕਾਸ ਹੋਵੇਗਾ, ਸਾਧੂਆਂ ਦੀ ਦੇਗ ਤੇ ਸਿਪਾਹੀਆਂ ਦੀ ਤੇਗ ਰਲ਼ ਕੇ ਚੱਲੇਗੀ ਤੇ ਕੋਈ ਕਿਸੇ ਨੂੰ ਨਹੀਂ ਦਬਾ ਸਕੇਗਾ:
ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ॥ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ॥(ਤ੍ਵਪ੍ਰਸਾਦਿ ਸਵੱਯੇ)
ਦੇਗ ਤੇਗ ਜਗ ਮਹਿ ਦੋਊ ਚਲੈ॥ ਰਾਖ ਆਪ ਮੋਹਿ ਅਵਰ ਨ ਦਲੈ॥ (ਬਚਿਤ੍ਰ ਨਾਟਕ)
ਦਸਮੇਸ਼ ਬਾਣੀ ਵਿਚ ਉੱਚੇ ਅਧਿਆਤਮਵਾਦ ਤੇ ਸਦਾਚਾਰ ਦੀ ਸੰਥਾ ਬਾਰ ਬਾਰ ਦੁਹਰਾਈ ਹੈ। ਪਰ ਇਸ ਸਾਰੀ ਰਚਨਾ ਵਿਚ ਸੁਤੰਤਰਤਾ ਦੀ ਭਾਵਨਾ ਇਤਨੀ ਤੀਬਰ ਹੋ ਕੇ ਉਭਰਦੀ ਹੈ ਕਿ ਹਰ ਪਾਠਕ ਜਾਂ ਸਰੋਤਾ ਅਜ਼ਾਦੀ ਦਾ ਦਾਅਵੇਦਾਰ ਹੋ ਜਾਂਦਾ ਹੈ। ਗੁਰੂ ਜੀ ਨਹੀਂ ਸੀ ਚਾਹੁੰਦੇ ਕਿ ਮਨੁੱਖੀ ਹਸਤੀ ਕਿਸੇ ਨਬੀ ਅਵਤਾਰ ਦੀ ਦਾਸੀ ਬਣੇ ਜਾਂ ਫਿਰ ਕਿਸੇ ਬਾਦਸ਼ਾਹ ਦੀ ਗ਼ੁਲਾਮੀ ਪਰਵਾਨ ਕਰੇ। ਉਹ ਹਰ ਥਾਂ ਮਨੁੱਖੀ ਸੁਤੰਤਰਤਾ ਦਾ ਝੰਡਾ ਬੁਲੰਦ ਕਰਦੇ ਦਿਸਦੇ ਹਨ। ਜਿਥੇ ਜਿਥੇ ਵੀ ਉਨ੍ਹਾਂ ਰੱਬੀ ਵਿਸ਼ਵਾਸ ਨੂੰ ਦੁਹਰਾਇਆ ਹੈ, ਉਥੇ ਨਾਲ ਹੀ ਇਹ ਕਿਹਾ ਹੈ ਕਿ ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਵੀ ਅੱਖ ਹੇਠ ਲਿਆਉਣਾ ਪਸੰਦ ਨਹੀਂ ਕਰਦਾ:
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ॥ (ਰਾਮਾਵਤਾਰ, ਸ੍ਵੈਯਾ)
–ਮੈ ਨ ਗਨੇਸਹਿ ਪ੍ਰਿਥਮ ਮਨਾਊਂ॥ ਕਿਸਨ ਬਿਸਨ ਕਬਹੂੰ ਨਹ ਧਿਆਊਂ॥
ਕਾਨ ਸੁਨੇ ਪਹਿਚਾਨ ਨ ਤਿਨ ਸੋ॥ ਲਿਵ ਲਾਗੀ ਮੋਰੀ ਪਗ ਇਨ ਸੋ॥ (ਦਸਮ ਗ੍ਰੰਥ, ਕ੍ਰਿਸ਼ਨਾਵਤਾਰ, ਪੰਨਾ 310)
–ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ਜੋ ਬਰ ਚਹੋਂ ਸੁ ਤੁਮ ਤੇ ਪਾਊਂ॥ (ਕਬਿਯੋਬਾਚ ਬੇਨਤੀ॥ ਚੌਪਈ॥)
ਇਹ ਸਾਰੀਆਂ ਟੂਕਾਂ ਇਹ ਜ਼ਾਹਰ ਕਰਦੀਆਂ ਹਨ ਕਿ ਗੁਰੂ ਜੀ ਸਿਵਾਏ ਅਕਾਲ ਪੁਰਖ ਦੇ ਕਿਸੇ ਦੀ ਵੀ ਅਧੀਨਗੀ ਪ੍ਰਵਾਨ ਨਹੀਂ ਕਰਦੇ। ਇਹ ਪੂਰਨ ਸੁਤੰਤਰਤਾ ਦੀ ਭਾਵਨਾ ਹੈ, ਜਿਸ ਨੇ ਸਿੰਘ ਲਹਿਰ ਨੂੰ ਹਰ ਤਰ੍ਹਾਂ ਦੀ ਗ਼ੁਲਾਮੀ ਦੇ ਬੰਧਨ ਤੋਂ ਮੁਕਤ ਕਰਾ ਕੇ ਪ੍ਰਭੂਸੱਤਾ ਦੇ ਸ਼ਾਹ ਰਾਹ ਤੇ ਪਾਇਆ:
-ਕਹਿਓ ਪ੍ਰਭੂ ਸੋ ਭਾਖਿ ਹੋਂ॥ ਕਿਸੂ ਨ ਕਾਨ ਰਾਖਿ ਹੋਂ॥ -ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿਹੋਂ॥33॥(ਬਚਿਤ੍ਰ ਨਾਟਕ)
ਬਾਵਜੂਦ ਅਜਿਹੀ ਸੁਤੰਤਰਤਾ ਦੀ ਭਾਵਨਾ ਜਗਾਉਣ ਦੇ ਗੁਰੂ ਸਾਹਿਬ ਮਨੁੱਖ ਨੂੰ ਇਹ ਦ੍ਰਿੜ੍ਹ ਕਰਾਉਂਦੇ ਹਨ ਕਿ ਇਹ ਸੰਸਾਰ ਕਰਤਾਰ ਦਾ ਸਾਕਾਰ ਰੂਪ ਹੈ:
–ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ…॥ (ਰਾਮਕਲੀ ਮ: 3 ਅਨੰਦ, ਪੰਨਾ 922)
ਜਿਵੇਂ ਅੱਗ ਦਾ ਚੰਗਿਆੜਾ ਅੱਗ ਤੋਂ ਭਿੰਨ ਨਹੀਂ ਹੁੰਦਾ, ਜਿਵੇਂ ਮਿੱਟੀ ਦਾ ਜ਼ਰ੍ਹਾ ਆਖਰ ਮਿੱਟੀ ਹੀ ਹੈ, ਜਿਵੇਂ ਪਾਣੀ ਦੀ ਬੂੰਦ ਸਾਗਰ ਤੋਂ ਵੱਖ ਨਹੀਂ, ਤਿਵੇਂ ਇਹ ਸਾਰਾ ਸੰਸਾਰ ਉਸੇ ਪਰਮੇਸ਼ਰ ਦਾ ਪਿਆਰਾ ਰੂਪ ਹੈ। ਇਸ ਕਰਕੇ ਇਸ ਨੂੰ ਪਿਆਰਨਾ ਤੇ ਸਤਿਕਾਰਨਾ ਆਪਣੇ ਮਹਿਬੂਬ ਮਾਲਕ ਨੂੰ ਹੀ ਪਿਆਰਨਾ ਹੈ। ਸਤਿਗੁਰਾਂ ਦੀ ਵਿਸ਼ਵ-ਦ੍ਰਿਸ਼ਟੀ ਕਰਤਾ ਤੇ ਕਿਰਤ ਨੂੰ ਇਕਮਿਕ ਕਰਕੇ ਇਉਂ ਪੇਸ਼ ਕਰਦੀ ਹੈ:
ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗ ਉਠੈਂ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ॥
ਜੈਸੇ ਏਕ ਧੂਰਿ ਤੇ ਅਨੇਕ ਧੂਰਿ ਪੂਰਤ ਹੈਂ ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿਂਗੇ॥
ਜੈਸੇ ਏਕ ਨਦ ਤੇ ਤਰੰਗ ਕੋਟਿ ਉਪਜਤ ਹੈ ਪਾਨਿ ਕੇ ਤਰੰਗ ਸਬੈ ਪਾਨਿ ਹੀ ਕਹਾਹਿਂਗੇ॥
ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ ਤਾ ਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ॥87॥ (ਅਕਾਲ ਉਸਤਤਿ)
Leave a Reply