ਸਮਾਗਮ ਦੀ ਅਰੰਭਤਾ ਤੇ ਇਹ ਸਪਸ਼ਟ ਕੀਤਾ ਗਿਆ ਕਿ ਇਸ ਸਮਾਗਮ ਦਾ ਮੁਖ ਮੰਤਵ ਇਹ ਦ੍ਰਿੜ ਕਰਾਉਣਾ ਹੈ ਕਿ ਚੰਵਰ ਛੱਤਰ ਦੇ ਮਾਲਿਕ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਪਰ ਇਸ ਦੇ ਨਾਲ ਹੀ ਸ੍ਰੀ ਦਸਮ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਦੀ ਆਪਣੀ ਕ੍ਰਿਤ ਹੈ ਅਤੇ ਖਾਲਸਾ ਪੰਥ ਦਾ ਅਨਿਖੜਵਾਂ ਅੰਗ ਹੈ।
ਸਮਾਗਮ ਦੀ ਅਰੰਭਤਾ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਦੇ ਮੁੱਖ ਗ੍ਰੰਥੀ ਭਾਈ ਮਹਿੰਦਰ ਸਿੰਘ ਬਾਜਵਾ ਦੁਆਰਾ ਕੀਤੀ ਅਰਦਾਸ ਨਾਲ ਹੋਈ। ਉਪਰੰਤ ਭਾਈ ਹਰਬੰਸ ਸਿੰਘ ਬਿਲਗਾ ਦੇ ਢਾਡੀ ਜਥੇ ਨੇ ਵਾਰਾ ਨਾਲ ਹਾਜ਼ਰੀ ਲੁਆਈ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤ੍ਰ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਕਿ ਇਹ ਗੁਰਦੁਆਰਾ ਸਾਹਿਬ ਪੂਰੀ ਤਰਾਂ ਸਿੱਖ ਰਹਿਤ ਮਰਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪ੍ਰਤੀ ਪੂਰੀ ਸ਼ਰਧਾ ਅਤੇ ਸਤਿਕਾਰ ਰਖਦਾ ਹੈ।
ਸਮਾਗਮ ਦੀ ਸਾਰੀ ਕਾਰਵਾਈ ਅਤੇ ਵਿਦਵਾਨਾਂ ਦੇ ਵਿਚਾਰਾਂ ਨੂੰ ਜਿਸ ਸ਼ਰਧਾ ਅਤੇ ਸਤਿਕਾਰ ਦੇ ਮਾਹੌਲ ਵਿਚ ਸੰਗਤਾਂ ਨੇ ਸੁਣਿਆ ਉਹ ਦਰਸਾਉਂਦਾ ਸਿ ਕਿ ਉਹਨਾਂ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਜਾਣਨ ਅਤੇ ਸਮਝਣ ਦੀ ਕਿੰਨੀ ਚਾਹਤ ਹੈ।
ਸਮਾਗਮ ਦੀ ਸਫ਼ਲਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਫ਼ੋਨ ਤੇ ਸੰਗਤਾਂ ਨੂੰ ਮੁਖਾਤਬ ਕਰੇ ਆਪਣਾ ਸੰਦੇਸ਼ ਪੜਿ•ਆ ਜਿਸ ਵਿਚ ਉਹਨਾਂ ਨੇ ਇਹ ਯਾਦ ਕਰਵਾਇਆ ਕਿਸ ਤਰਾਂ ਗੁਰਬਾਣੀ ਅਤੇ ਵਿਸ਼ੇਸ਼ ਕਰਕੇ ਦਸਮ ਦੀ ਬਾਣੀ ਬਾਰੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੁਚਾਲਾਂ ਤੋਂ ਪੰਥ ਨੂੰ ਸੁਚੇਤ ਅਤੇ ਸਾਵਧਾਨ ਹੋਣ ਦੀ ਲੋੜ ਹੈ।
ਪੰਜਾਬੀ ਯੂਨਿਵਰਸਿਟੀ ਦੇ ਡਾ. ਹਰਭਜਨ ਸਿੰਘ ਜੀ ਜੋ ਸ੍ਰੀ ਦਸਮ ਗ੍ਰੰਥ ਦੀ ਬਾਣੀ ਤੇ ਉੱਘੇ ਵਿਆਖਿਆਕਾਰ ਹਨ ਉਹਨਾਂ ਨੇ ਆਪਣੇ ਵਿਦਵਤਾ ਭਰੇ ਵਖਿਆਨ ਰਾਹੀਂ ਸ੍ਰੋਤਿਆਂ ਨੂੰ ਸ੍ਰੀ ਦਸਮ ਗ੍ਰੰਥ ਦੀ ਬਾਣੀ ਅਤੇ ਇਸਦੇ ਮਨੋਰਥ ਬਾਰੇ ਕਮਾਲ ਦੀ ਵਿਆਖਿਆ ਕੀਤੀ ਜਿਸ ਨੇ ਸ੍ਰੋਤਿਆਂ ਨੂੰ ਮੰਤ੍ਰ ਮੁਗਧ ਕਰੀ ਰਖਿਆ। ਡਾ. ਸਾਹਿਬ ਨੇ ਸ੍ਰੀ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ‘ਚੋਂ ਹਵਾਲੇ ਦੇ ਦੇਕੇ ਦਸਿੱਆ ਕਿ ਕਿਸ ਤਰਾਂ• ਦਸਮ ਗ੍ਰੰਥ ਦੀ ਸਾਰੀ ਦੀ ਸਾਰੀ ਬਾਣੀ ਆਪਸ ਵਿਚ ਇਕ ਮਿਕ ਹੈ ਅਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਾਰੀ ਦੀ ਸਾਰੀ ਬਾਣੀ ਦਾ ਕਰਤਾ ਇਕ ਹੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਾਲ ਅਤੇ ਅਕਾਲ ਦੇ ਸੰਕਲਪ ਨੂੰ ਵੀ ਵਿਸਥਰ ਸਹਿਤ ਦਰਸਾਇਆ। ਉਹਨਾਂ ਨੇ ਬੜੀ ਹੀ ਬੇਬਾਕੀ ਨਾਲ ਚਰਿਤ੍ਰੋਪਾਖਯਾਨ ਦੇ ਹਵਾਲੇ ਅਤੇ ਵਿਸਥਾਰ ਦਿੱਤਾ।
ਲੰਡਨ ਤੋਂ ਆਏ ਇਕ ਹੋਰ ਵਿਦਵਾਨ ਗੁਰਿੰਦਰ ਸਿੰਘ ਮਾਨ ਜਿਹਨਾਂ ਦਾ ਦਸਮ ਗ੍ਰੰਥ ਸਾਹਿਬ ਦੀਆਂ ਵੱਖ ਵੱਖ ਬੀੜਾਂ ਅਤੇ ਸ੍ਰੋਤਾਂ ਤੇ ਗਹਿਨ ਅਧਿਅਨ ਹੈ ਉਹਨਾਂ ਨੇ ਪਾਵਰ ਪਾਂਇਟ ਨਾਲ ਵੱਖ ਵੱਖ ਸਰੂਪਾਂ ਤੋਂ ਸ੍ਰੋਤਿਆਂ ਨੂੰ ਜਾਣੂ ਕਰਵਾਇਆ।
ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਆਏ ਗਿਆਨੀ ਸ਼ੇਰ ਸਿੰਘ ਜੀ ਨਿਹੰਗ ਦਸਮ ਗ੍ਰੰਥ ਵਿਚੋਂ ਹਵਾਲੇ ਦੇਕੇ ਇਸ ਬਾਣੀ ਦੀ ਮਹੱਤਤਾ ਨੂੰ ਦ੍ਰਿੜ ਕਰਵਾਇਆ। ਉਹਨਾਂ ਇਹ ਵੀ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖਾਲਸੇ ਵਿਚ ਇਲਾਹੀ ਗੁਣ ਭਰਨਾ ਇਸ ਗ੍ਰੰਥ ਦਾ ਮਨੋਰਥ ਸੀ।
ਸੰਗਤਾਂ ਨੂੰ ਮੁਖਾਤਬ ਹੁੰਦਿਆਂ ਡਾ. ਸੁਖਮੰਦਰ ਸਿੰਘ ਨੇ ਭਾਵੁਕ ਹੁੰਦਿਆਂ ਹੋਇਆਂ ਕਿ ਨੌਜਵਾਨਾਂ ਨਾਲ ਹੋਰ ਜ਼ਿਆਦਾ ਤਾਲ-ਮੇਲ ਦੀ ਲੋੜ ਹੈ ਅਤੇ ਸੇਵਾ ਦੇ ਸੰਕਲਪ ਨੂੰ ਹੋਰ ਦ੍ਰਿੜ ਕਰਣ ਦੀ ਲੋੜ ਹੈ।
ਪੰਜਾਬੀ ਯੁਨਿਵਰਸਿਟੀ ਦੇ ਸਿੱਖ ਵਿਸ਼ਵ ਕੋਸ਼ ਵਿਭਾਗ ਦੇ ਮੁਖੀ ਡਾ. ਜੋਧ ਸਿੰਘ ਜੀ ਦਸਮ ਗ੍ਰੰਥ ਦੇ ਬਿਉਰੇ ਦੇ ਕੇ ਇਸ ਦੇ ਮਨੋਰਥ ਅਤੇ ਸਮਾਜ ਤੇ ਪ੍ਰਭਾਵ ਨੂੰ ਉਜਾਗਰ ਕੀਤਾ।
ਇਕ ਹੋਰ ਬੁਲਾਰੇ ਸਰਦਾਰ ਪ੍ਰਭਸ਼ਰਨਦੀਪ ਸਿੰਘ ਨੇ ਪੰਥ ਵਿਚ ਚਲ ਰਹੀਆਂ ਉਹਨਾਂ ਧਾਰਾਵਾਂ ਦਾ ਜ਼ਿਕਰ ਕੀਤਾ ਜੋ ਪੰਥ ਦੇ ਰਸਤੇ ਵਿਚ ਰੁਕਾਵਟ ਪੈਦਾ ਕਰਣ ਦੇ ਨਾਲ ਨਾਲ ਧੜੇ ਬੰਦੀ ਵਿਚ ਵੰਡਣ ਦੀ ਕੋਸ਼ਿਸ਼ ਵਿਚ ਯਤਨਸ਼ੀਲ ਹਨ। ਇਹ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਇਸਨੂੰ ਗੰਭੀਰਤਾ ਨਾਲ ਸਮਝਣ ਦੀ ਅਤੇ ਕਾਰਵਾਈ ਕਰਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਪੰਜਾਬ ਤੇ ਕਬਜ਼ਾ ਕਰਣ ਉਪਰੰਤ ਵਿਦਿਆ ਪ੍ਰਣਾਲੀ ਵਿਚ ਕੀਤੀ ਤਬਦੀਲੀ ਨਾਲ ਰੂਹਾਨੀਅਤ ਦੇ ਸੰਕਲਪ ਨੂੰ ਸਮਾਪਤ ਕੀਤਾ ਗਿਆ। ਉਹਨਾਂ ਮੁਤਾਬਕ ਇਸ ਦਾ ਮਕਸਦ ਪੰਥ ਵਿ ਤ੍ਰੇੜਾਂ ਪੈਦਾ ਕਰਨੀਆਂ ਜਾਪਦਾ ਹੈ।
ਗੁਰਚਰਨਜੀਤ ਸਿੰਘ ਲਾਂਬਾ ਨੇ ਵੀ ਦਸਮ ਗ੍ਰੰਥ ਦੀ ਮਹੱਤਾ ਅਤੇ ਪ੍ਰਭਾਵ ਬਾਰੇ ਆਪਣੇ ਵਿਚਾਰ ਰਖੇ।
ਇਸ ਸਾਰੀ ਕਾਰਵਾਈ ਦਾ ਸੰਚਾਲਨ ਡਾ. ਗੁਰਤੇਜ ਸਿੰਘ ਨੇ ਬਾਖੂਬੀ ਨਿਬਾਹਿਆ। ਉਹਨਾਂ ਨੇ ਬੜੇ ਹੀ ਭਾਵ ਪੂਰਤ ਲਹਿਜੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਰੇ ਰੱਖੇ ਗਏ ਸੈਮੀਨਾਰ ‘ਖਾਲਸੇ ਦਾ ਵਿਰਸਾ – ਅੰਮ੍ਰਿਤ ਬਾਣੀ’ ਬਾਰੇ ਕਿਹਾ ਕਿ ਹੁਣ ਇਹ ਪੰਥਕ ਵਿਦਵਾਨਾਂ ਦਾ ਕੰਮ ਹੈ ਸ੍ਰੀ ਦਸਮ ਗ੍ਰੰਥ ਸੰਬਧੀ ਪਾਏ ਭਰਮ ਭੁਲੇਖਿਆਂ ਨੂੰ ਦੂਰ ਕਰਨ। ਸਮਾਗਮ ਦਾ ਇਹ ਦ੍ਰਿੜ ਵਿਚਾਰ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧੁਰ ਕੀ ਬਾਣੀ ਹੈ ਅਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਮਾਨ ਹੈ ਉਹ ਗੁਰੂ ਗੋਬਿੰਦ ਜੀ ਵਲੋਂ ਸੰਪਾਦਤ ਦਮਦਮੀ ਸਰੂਪ ਹੈ ਨਿਰਵਿਵਾਦਤ ਰੂਪ ਵਿਚ ਸਹੀ ਹੈ। ਸਮਾਗਮ ਦਾ ਦੂਸਰਾ ਮਕਸਦ ਖੰਡੇ ਕੀ ਪਾਹੁਲ , ਅਰਦਾਸ ਅਤੇ ਨਿਤਨੇਮ ਦੀਆਂ ਬਾਣਆਂ ਪ੍ਰਤੀ ਸ਼ਰਧਾ ਦ੍ਰਿੜ ਕਰਵਾਣਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚੋਂ ਹਨ।
ਸਮਾਗਮ ਨੇ ਆਪਣੇ ਮਕਸਦ ਨੂੰ ਕਾਮਯਾਬੀ ਨਾਲ ਹਾਸਲ ਕੀਤਾ ਜਦੋ ਸ੍ਰੋਤਿਆਂ ਨੇ ਕਿਹ ਕਿ ਉਹਨਾਂ ਦੇ ਮਨਾਂ ਵਿਚ ਹੁਣ ਕੋਈ ਭਰਮ ਭੁਲੇਖਾ ਨਹੀਂ ਰਿਹਾ। ਉਹਨਾਂ ਨੇ ਇਹ ਵੀ ਵਿਚਾਰ ਜ਼ਾਹਿਰ ਕੀਤਾ ਕਿ ਕੁਝ ਅਖੌਤੀ ਵਿਦਵਾਨਾਂ ਨੇ ਜਿਹੜੇ ਸ਼ੱਕ ਬਾਣੀ ਪ੍ਰਤੀ ਪੈਦਾ ਕਰਣ ਦੀ ਕੋਸ਼ਿਸ਼ ਕੀਤੀ ਸੀ ਹੁਣ ਉਹ ਵਿਦਵਾਨਾਂ ਦੇ ਵਿਚਾਰ ਸੁਣਨ ਨਾਲ ਅਤੇ ਗੁਰੂ ਕਿਰਪਾ ਨਾਲ ਦੂਰ ਹੋ ਗਏ ਹਨ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਾਣੀ ਵਿਚ ਸ਼ਰਧਾ ਅਤੇ ਵਿਸ਼ਵਾਸ ਤਾਂ ਸੀ ਪਰ ਇਸ ਦੇ ਮਨੋਰਥ ਅਤੇ ਜਾਣਕਾਰੀ ਬਾਰੇ ਵੇਰਵਾ ਨਹੀਂ ਸੀ ਪਤਾ ਪਰ ਹੁਣ ਮਹਿਸੂਸ ਕਰ ਸਕਦੇ ਹਨ ਗੁਰੂ ਜੀ ਨੇ ਇਸ ਮਹਾਨ ਰਚਨਾ ਤੇ ਇਤਨਾਂ ਸਮਾਂ ਰੂਹਾਨੀ ਸ਼ਕਤੀ ਕਿਉਂ ਵਰਤੀ।
ਇਸ ਸਾਰੇ ਸਮਾਗਮ ਦੀ ਵਿਡਿਉ ਰਿਕਾਰਡਿੰਗ Patshahi10.org ਅਤੇ KhalsaVirsa.com ਤੇ ਛੇਤੀ ਹੀ ਪਾ ਦਿੱਤੀ ਜਾਏਗੀ। ਪ੍ਰਬੰਧਕਾਂ ਦਾ ਇਹ ਵੀ ਕਹਿਣਾ ਸੀ ਕਿ ਜੇ ਕਰ ਸੰਗਤ ਜਾਂ ਗੁਰਦੁਆਰਾ ਸਾਹਿਬ ਇਸ ਤਰਾਂ ਦੇ ਸਮਾਗਮ ਕਰਵਾਣਾ ਚਾਹੁਣ ਤਾਂ ਉਹ KhalsaVirsa.com ਜਾਂ gurtej.singh@khalsa.com ਨਾਲ ਸੰਪਰਕ ਕਰ ਸਕਦੇ ਹਨ।
Leave a Reply